ਚੜਕੇ ਕੋਠੇ ਉੱਤੇ ਯਾਰੋ।
ਗਰਮੀ-ਸਰਦੀ ਰੁੱਤੇ ਯਾਰੋ।
ਚੋਗ ਚੁਗਾਵਾਂ ਚਿੜੀਆਂ ਨੂੰ।
ਫੁੱਲਾਂ ਵਾਂਗੂ ਖਿੜੀਆਂ ਨੂੰ।
ਕਈ ਕਬੂਤਰ ਵੀ ਆ ਜਾਂਦੇ।
ਉਹ ਵੀ ਦਾਣੇ ਚੁਣ ਚੁਣ ਖਾਂਦੇ।
ਮੈਂ ਪਾਣੀ ਕੂੰਡੀ ਵਿੱਚ ਧਰ ਦਿਆਂ।
ਸੁਬਹ ਸਵੇਰੇ ਇਹ ਕੰਮ ਕਰ ਦਿਆਂ।
ਪਾਣੀ ਪੀਂਦੇ ਜਦੋਂ ਜਨੌਰ।
ਮੇਰੀ ਵੀ ਬਣ ਜਾਂਦੀ ਟੌਹਰ।
ਦੇਣ ਅਸੀਸਾਂ ਰੋਜ ਪਰਿੰਦੇ।
ਚੀਂ ਚੀਂ ਕਰਕੇ ਇਹੀ ਕਹਿੰਦੇ-
"ਸ਼ਾਬਾਸ਼ੇ ਬਈ ਮੁੰਡਿਆ ਤੇਰੇ!
ਖੁਸ਼ੀਆਂ ਬਰਸਣ ਤੇਰੇ ਵਿਹੜੇ।
ਇੱਕ ਕੰਮ ਕਰ ਲੈ ਹੋਰ ਚੰਗੇਰਾ।
ਲੱਗੂ ਤੈਨੂੰ ਪੁੰਨ ਬਥੇਰਾ।
ਧਰਤੀ 'ਤੇ ਤੂੰ ਰੁੱਖ ਲਗਾ।
ਸਭ ਤੋਂ ਵੱਡਾ ਪੁੰਨ ਕਮਾ।
ਅਸੀਂ ਵੀ ਰੁੱਖਾਂ ਉੱਤੇ ਰਹੀਏ।
ਚਿੱਤੋਂ ਢੇਰ ਅਸੀਸਾਂ ਦੇਈਏ।
ਆਹਲਣਿਆਂ ਲਈ ਰੁੱਖ ਜ਼ਰੂਰੀ।
ਸਾਡੀ ਇੱਛਾ ਕਰ ਦਿਓ ਪੂਰੀ।
ਬਣ ਗਈਆਂ ਨੇ ਜ਼ਹਿਰ ਹਵਾਵਾਂ।
ਰੁੱਖਾਂ ਬਾਝੋਂ ਕਿੱਥੇ ਛਾਵਾਂ !
ਟਾਵਰ ਛੱਡਣ ਘਾਤਕ ਕਿਰਨਾ।
ਮੁਸ਼ਕਲ ਹੋਇਆ ਉੱਡਦੇ ਫਿਰਨਾ।
ਬਿਜਲੀ ਖੰਭੇ ਕਹਿਰ ਕਮਾਉਂਦੇ।
ਜੇ ਬੈਠੀਏ ਮਾਰ ਮੁਕਾਉਂਦੇ।
ਜਾਈਏ ਤਾਂ ਅਸੀਂ ਕਿੱਧਰ ਜਾਈਏ।
ਚੀਂ ਚੀਂ ਕਰ ਫਰੀਆਦਾਂ ਲਾਈਏ।
ਰੁੱਖ ਲਗਾ ਕੇ ਪੁੰਨ ਕਮਾਵੋ।
ਸਾਡੇ ਸੰਗ ਮਨੁੱਖ ਬਚਾਵੋ।
ਸ਼ੁੱਧ ਹਵਾ ਦਾ ਤੋਹਫਾ ਪਾਵੋ।
ਕੁਦਰਤ ਤੋਂ ਬਲ ਹਾਰੇ ਜਾਵੋ।
ਰੱਖੋ ਚਾਰ ਚੁਫੇਰਾ ਸਾਫ।
ਬਾਕੀ ਸਾਰੀਆਂ ਗੱਲਾਂ ਮਾਫ।"