ਇਤਿਹਾਸ ਤੇ ਸਮਕਾਲੀ ਸਰੋਕਾਰਾਂ ਦੀ ਵਾਰਤਕ ਪੁਸਤਕ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੇਂ ਮੁਨਕਰ ਹਾਂ (ਲੇਖ ਸੰਗ੍ਰਹਿ )
ਲੇਖਿਕਾ ---- ਡਾ ਜਸਬੀਰ ਕੇਸਰ
ਪ੍ਰਕਾਸ਼ਕ ---ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ

ਪੰਨੇ ----124  ਮੁੱਲ ----230 ਰੁਪਏ

ਵਾਰਤਕ ਪੁਸਤਕ ਬਾਰੇ ਲੇਖਿਕਾ ਦਾ ਕਥਨ ਹੈ –ਪਿਛਲੇ ਦੋ ਤਿੰਨ ਸਾਲਾਂ ਵਿਚ ਪੰਜਾਬੀ ਟਿਬਿਊਨ ਵਿਚ ਛਪੇ ਲੇਖਾਂ ਨੂੰ ਪੁਸਤਕ ਰੂਪ ਦਿਤਾ ਗਿਆ ਹੈ ।ਲੇਖਾਂ ਵਿਚ ਪ੍ਰਚਲਿਤ ਨਿਜ਼ਾਮ ਵਿਰੁਧ ਨਾਬਰੀ ਦੀ ਭਾਂਵਨਾ ਹੈ । ਪੁਸਤਕ ਵਿਚ 19 ਲੇਖ ਹਨ । ਲੇਖਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ । ਪਹਿਲੇ ਭਾਂਗ ਵਿਚ 7  ਸਾਹਿਤਕ ਲੇਖ ਹਨ । ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਵਰ੍ਹੇ ਤੇ ਲੇਖ ਹੈ-- ਨਾਨਕ ਸਾਇਰ  ਏਵ ਕਹਤੁ ਹੈ – ਜਿਸ ਵਿਚ ਗੁਰੂ ਨਾਨਕ ਬਾਣੀ ਦੇ ਅਧਾਰ ਤੇ ਕੁਝ ਵਿਸਮਾਦੀ ਵਿਸ਼ਿਆਂ ਤੇ ਚਰਚਾ ਕੀਤੀ ਗਈ ਹੈ। ਗੁਰੂ ਸ਼ਾਹਿਬ ਦੇ ਗੁਰਮਤਿ ਸਿਧਾਂਤਾਂ ਨੂੰ ਸਪਸ਼ਟ ਕੀਤਾ ਹੈ । ਗੁਰੂ ਨਾਨਕ ਸਾਹਿਬ ਦੀ ਧਨਾਸਰੀ ਰਾਗ ਵਿਚ ਉਚਾਰੀ  ਆਰਤੀ ਦੀ ਵਿਆਖਿਆ ਹੈ । ਗਗਨ ਮੇ ਥਾਲਿ --- ਦੀ ਵਿਸਤਰਿਤ ਚਰਚਾ ਕਰਦੇ ਹੋਏ ਲੇਖਿਕਾ ਨੇ ਕੁਦਰਤ ਦੀ ਆਰਤੀ ,ਬ੍ਰਹਿਮੰਡ ਦੀ ਰਚਨਾ ,ਮਨੁਖ ਦੀ ਧਰਤੀ ਤੇ ਹੋਂਦ ,ਸ਼ਬਦ ‘ਆਦਮੀ’ ਦੀ ਗੁਰਬਾਣੀ ਅਧਾਰਿਤ ਵਿਆਖਿਆ ,ਬਾਬਰਵਾਣੀ ਦੇ ਸ਼ਬਦਾਂ ਦਾ ਪ੍ਰਸੰਗ ,ਤੇ ਗੁਰਮਤਿ ਦੀ ਭਰਵੀਂ ਵਿਆਖਿਆ ਹੈ । ਗੁਰੂ ਸ਼ਾਂਹਿਬ ਦੇ  ਸਮੇਂ ਦਾ ਸਮਕਾਲੀ ਸ਼ਮਾਜ ,ਦੀ ਝ਼ਲਕ ਹੈ ।। ਲੇਖਿਕਾ ਨੇ ਇਸ ਗਲ ਦੀ ਚਿੰਤਾ ਵਿਅਕਤ ਕੀਤੀ ਹੈ ਕਿ ਜਿਸ ਕਿਸਮ ਦੇ ਸਮਾਜ ਦੀ ਗੱਲ  ਗੁਰੂ ਜੀ ਨੇ ਕੀਤੀ ਸੀ। ਉਹ ਪੰਜ ਸਦੀਆਂ ਵਿਚ ਨਹੀ ਬਣ ਸਕਿਆ । ਸਗੋਂ ਨਿਘਾਰ ਐਂਨਾ ਜ਼ਿਆਦਾ ਹੋ ਗਿਆ ਹੈ ਕਿ ਸਾਡੇ ਵਿਚੋਂ ਨੈਤਿਕਤਾ ਅਲੋਪ ਹੋ ਗਈ ਹੈ । ਮਨੁਖੀ ਕਦਰਾਂ ਕੀਮਤਾਂ ਦਾ ਘਾਣ ਹੋ ਗਿਆ ਹੈ। ਲੇਖ ਪੜ੍ਹ ਕੇ ਨਿਘਰਦੇ  ਸਮਾਜ ਦੇ ਕਾਰਨ ਜਾਨਣ ਦੀ ਜਗਿਆਸਾ ਪੈਦਾ  ਹੁੰਦੀ ਹੈ ।‘ਪੰਜਾਬੀ ਕਵਿਤਾ ਵਿਚ ਕਿਸਾਨੀ’  ਲੇਖ ਵਿਚ ਭਾਈ ਕਾਨ੍ਹ ਸਿੰਘ ਨਾਭਾ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਿਸਾਨੀ ਦਾ ਮੁਖ ਪਾਤਰ ਜੱਟ ਸ਼ਬਦ ਰਾਜਪੂਤਾਂ ਦੀ ਇਕ ਜਾਤੀ ਹੈ । ਜੱਟ ਤੇ ਕਿਸਾਨੀ ਨੂੰ ਸਮਾਨਅਰਥੀ ਕਿਹਾ ਹੈ । ਲੇਖਿਕਾ ਨੇ ਇਸ ਪ੍ਰਸੰਗ ਵਿਚ ਕਿੱਸਾ ਦੁੱਲਾ ਭੱਟੀ ,ਹੀਰ ਰਾਂਝਾ ,ਪ੍ਰੋ ਪੂਰਨ ਸਿੰਘ. ਲੋਕ ਮੁਹਾਵਰਿਆਂ ਵਿਚ ਜੱਟ ,ਪੰਜਾਬੀ ਕਿੱਸਿਆਂ ਵਿਚ ਕਿਸਾਨੀ ਦਾ ਜ਼ਿਕਰ, ,ਖੇਤੀ ਧੰਦਾ ,ਅਜੋਕੀ ਕਿਸਾਨੀ ਦੀ ਦਸ਼ਾ ਤੇ ਦਿਸ਼ਾ ,ਗਦਰ ਲਹਿਰ ਦੀ ਕਵਿਤਾ ,ਕਿਸਾਨ ਦਾ ਆਰਥਿਕ ਸੰਕਟ ਇਸ ਦੇ ਕਾਰਨ, ਜੁਝਾਰੂ ਲਹਿਰ ,ਪੰਜਾਬ ਤੋਂ ਹੋ ਰਹੇ ਪਰਵਾਸ ਦੇ ਕਾਰਨ ,ਵਿਸ਼ਿਆਂ ਬਾਰੇ ਸਾਰਥਿਕ ਚਰਚਾ ਕੀਤੀ  ਹੈ । ਪੰਜਾਬੀ ਕਵਿਤਾ ਵਿਚ ਦਿਹਾਤੀ ਔਰਤ ,ਲੇਖ ਵਿਚ ਦਿਹਾਤੀ ਔਰਤ ਦੇ ਮਸਲੇ ,ਕਵੀ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿਚ ਪੇਂਡੂ ਔਰਤ ਦੇ ਹਵਾਲੇ ,ਪੇਂਡੂ ਔਰਤ ਦੀ ਮਾਨਸਿਕਤਾ, ,ਚਿੜੀਆ ਦੇ ਚੰਬੇ ਦੀ ਵਿਆਖਿਆ ,ਸਮੇਤ ਪੇਂਡੂ ਔਰਤ ਦਾ ਆਪਣੇ ਖੇਤਾਂ ਨਾਲ ਪਿਆਰ ,ਆਦਿ ਸਮਾਜਿਕ ਵਿਸ਼ਿਆਂ ਤੇ ਨਾਮਵਰ ਪੰਜਾਬੀ ਕਵੀਆਂ ਦੇ ਹਵਾਲਿਆਂ ਨਾਲ ਵਿਸ਼ਲੇਸ਼ਣ ਕੀਤਾ ਹੈ ।,ਪੁਸਤਕ ਦੇ ਇਸ ਪਹਿਲੇ ਭਾਗ ਵਿਚ ਪ੍ਰਸਿਧ ਆਲੋਚਕ ਕਿਸ਼ਨ ਸਿੰਘ ਦੇ  ਦਿਲੀ ਤੋਂ ਛਪਦੇ’ਸੇਧ’ ਮੈਗਜ਼ੀਨ (ਸੰਪਾਦਕ ਗੁਰਵੇਲ ਸਿੰਘ ਪੰਨੂੰ )ਵਿਚ ਔਰਤ ਦੀ ਆਜ਼ਾਦੀ ਬਾਰੇ ਛਪੇ ਲੇਖਾਂ  (1972-1983)ਦਾ ਆਲੋਚਨਾਤਮਕ ਵਿਸ਼ਲੇਸ਼ਣ ਹੈ । ਔਰਤ ਮਰਦ ਦੀ ਆਜ਼ਾਦੀ ਬਾਰੇ ਸਾਰਥਿਕ ਚਰਚਾ ਹੈ । ਡਾ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿਚ ਔਰਤ ਦੀ ਸਥਿਤੀ ਬਾਰੇ ਪ੍ਰੋ ਕਿਸ਼ਨ ਸਿੰਘ ਦੇ ਵਿਰੋਧੀ ਵਿਚਾਰ ਹਨ । ਇਕ ਸਾਹਿਤਕ ਲੇਖ  ਡਾ ਅਤਰ ਸਿੰਘ ਦੀ ਕਵਿਤਾ ਬਾਰੇ ਹੈ। ਡਾ ਅਤਰ ਸਿੰਘ ਦੇ ਕੇਸਰ ਸਿੰਘ ਕੇਸਰ ਨਾਲ ਨਿਘੇ ਸੰਬੰਧ ਸਨ । ਡਾ ਅਤਰ ਸਿੰਘ ਦੀਆਂ ਕੁਝ ਅਣਛਪੀਆ ਕਵਿਤਾਵਾਂ ਲਭ ਕੇ ਪੁਸਤਕ ਵਿਚ ਛਾਪੀਆਂ ਹਨ ।ਡਾ ਅਤਰ ਸਿੰਘ ਪੰਜਾਬੀ ਦੇ ਉਘੇ ਆਲੋਚਕ ਸਨ । ਇਕ ਲੇਖ (ਪੁਸਤਕ ਸਿਰਲੇਖ )ਮੈਂ ਮੁਨਕਰ ਹਾਂ ਇਨਕਲਾਬੀ ਕਵੀ ਲਾਲ ਸਿੰਘ ਦਿਲ ਦੀ ਕਵਿਤਾ ਬਾਰੇ ਹੈ ।ਕੇਸਰ ਸਿੰਘ ਕੇਸਰ ਨਾਲ ਲਾਲ ਸਿੰਘ ਦਿਲ ਦੀ ਦਿਲਚਸਪ ਮੁਲਾਕਾਤ ਹੈ । ਇਹ ਮੁਲਾਕਾਤ ਕੇਸਰ ਸਿੰਘ ਕੇਸਰ (ਲੇਖਿਕਾ ਦੇ ਪਤੀ ) ਨਾਲ ਚੰਡੀਗੜ੍ਹ ਉਨ੍ਹਾਂ ਦੇ ਘਰ ਦੀ ਹੈ । ਲੇਖਿਕਾ ਨੇ ਹੋਰ ਇਨਕਲਾਬੀ ਕਵੀਆਂ ਦੀ ਕਵਿਤਾ ਦੇ ਹਵਾਲੇ ਦਿਤੇ ਹਨ । ਪਾਸ਼ ,ਸੰਤ ਸੰਧੂ , ਦਰਸ਼ਨ ਖਟਕੜ ਦੀ ਜੁਝਾਰੂ ਕਵਿਤਾ ਦਾ ਜ਼ਿਕਰ ਹੈ । ਲਾਲ ਸਿੰਘ ਦਿਲ ਮੁੱਖ ਤੌਰ ਤੇ ਦਲਿਤ ਵਰਗ ਦਾ ਸ਼ਾਇਰ ਸੀ । ਤੇ ਆਪਣੀ ਉਮਰ ਵਿਚ ਉਸਨੇ ਬਹੁਤ ਗਰੀਬੀ ਦੇ ਦਿਨ ਵੇਖੇ ਸਨ । ‘ਦਾਸਤਾਨ’(1998) ਉਸਦੀ ਸੁਹਜਮਈ ਸਵੈਜੀਵਨੀ ਹੈ। ਪੁਸਤਕ ਲੇਖਿਕਾ ਨੇ ਲਾਲ ਸਿੰਘ ਦਿਲ ਦੇ ਔਰਤ ਬਾਰੇ ਵਿਚਾਰਾਂ ਨੂੰ ਬਹੁਤ ਸ਼ਿਦਤ ਨਾਲ ਲਿਖਿਆ ਹੈ । ਇਕ ਲੇਖ ਸਾਡੇ ਮਹਿਬੂਬ ਕਹਾਣੀਕਾਰ ਸੰਤੋਖ ਸਿੰਘ ਧੀਰ ਦਾ ਪੁਸਤਕ ਦੀ ਲੇਖਿਕਾ ਜਸਬੀਰ ਕੇਸਰ ਨਾਲ ਗੁੱਸੇ ਹੋਣ ਬਾਰੇ ਹੈ ।ਉਂਨ੍ਹਾ ਦਿਨਾਂ  ਵਿਚ ਸੰਤੋਖ ਸਿੰਘ ਧੀਰ ਕੇਂਦਰੀ ਪੰਜਾਬੀ ਲੇਖਕ ਸਭਾਂ ਦੇ ਪ੍ਰਧਾਨ ਸਨ । ਤਤਕਾਲੀ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਲੇਖਕ ਭਵਨ ਦੀ ਮੰਗ ਕੀਤੀ ਤਾਂ ਬਾਦਲ ਸਾਹਿਬ ਨੇ ਲੇਖਕਾਂ ਨੂੰ ਕਿਹਾ,” ਤੁਸੀਂ ਸਾਡੇ ਨਾਲ ਠੇਕਾ ਕਰ ਲਓ । ਭਵਨ ਜਿੰਨੇ  ਮਰਜ਼ੀ ਲਈ ਜਾਓ” ਭਾਵ( ਸਾਡੇ ਹਕ ਵਿਚ ਲਿਖੋਂ) ਇਸ ਬਾਰੇ ਜਸਬੀਰ ਕੇਸਰ ਨੇ ਲੇਖ ਲਿਖਿਆ ।ਕਿਸੇ ਬੰਦੇ ਨੇ ਉਹ ਲੇਖ ਸੰਤੋਖ ਸਿੰਘ ਧੀਰ ਨੂੰ ਵਿਖਾ ਦਿਤਾ ।ਲੇਖ ਪੜ੍ਹ ਕੇ ਜੋ ਗੁਸਾ ਧੀਰ ਸਾਹਿਬ ਨੇ ਵਖਾਂਇਆ ।ਉਹ ਪੁਸਤਕ ਵਿਚ 77 ਪੰਨੇ ਤੇ ਜਿਉਂ ਦਾ ਤਿਉਂ ਹੈ ।ਇਹ ਸਾਹਿਤਕ ਯਾਂਦ ਪੜ੍ਹਨ ਵਾਲੀ ਹੈ । 
ਪੁਸਤਕ ਦਾ ਦੂਜਾ ਭਾਗ ਸਿਆਸੀ ਟਿਪਣੀਆਂ ਸਮਾਜਿਕ ਮਸਲਿਆਂ ,ਫਿਰਕੂ ਦੰਗੇ ,ਕਿਸਾਨੀ ਮਸਲੇ, ਕੋਰੋਨਾ ਸਮੇਂ ਵਿਚ ਸਿੱਖਿਆ ਦੀ ਬਦਲੀ ਧਾਰਾ (ਗਲਿਚ ਅਗੇਨ ),ਪਾਣੀ ਪ੍ਰਦੂਸ਼ਨ, ਪਾਣੀ ਦਾ ਘਟਦਾ ਪਧਰ ),(ਪਾਨੀ ਰੇ ਪਾਨੀ ) ਧੀ ਪੁਤਰ ਸਮਾਨਤਾ  ਬਾਰੇ ਹਨ । ਹਰੇਕ ਰਚਨਾ  ਦਾ ਸਿਰਲੇਖ ਹੈ । ਸਿਰਲੇਖ ਵੀ ਪ੍ਰਭਾਵਸ਼ਾਂਲੀ ਹਨ ।
 ਪਿਛਲੇ ਕੁਝ ਸਮੇ ਤੋਂ ਕੁਝ ਧਿਰਾਂ ਵਲੋਂ ਮਹਿਸੂਸ ਕੀਤਾ ਜਾ ਰਿਹਾ ਕੀ ਸਾਡੇ ਰਹਿਬਰ ਹਿੰਦੂ ਰਾਸ਼ਟਰ ਦਾ ਪ੍ਰਚਾਰ ਵਧੇਰੇ ਕਰ ਰਹੇ ਹਨ । ਘਟ ਗਿਣਤੀ ਕੌਂਮਾਂ ਵਿਚ ਚਿੰਤਾ ਦਾ ਮਾਹੌਲ   ਹੈ । ਲੇਖਿਕਾ ਨੇ ‘ਇਤਿਹਾਸ ਦਾ ਪਹੀਆ ਪਿਛ਼ਲਖੁਰੀ’ ਲੇਖ ਵਿਚ ਆਪਣੇ ਤਿੱਖੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ।1942 ਸਮੇਂ ਦਾ ਭਾਂਰਤ ਤੇ 2019 ਦੀਆਂ ਕੁਝ ਘਟਨਾਵਾਂ ਦੀ ਇਕਸੁਰਤਾ ਦਾ ਜ਼ਿਕਰ ਹੈ। ਕੁਝ ਗੱਲਾਂ ਸ਼ਾਂਡੇ ਲੀਡਰਾਂ ਵਲੋਂ ਭਾਂਵੇਂ ਸਹਿਵਨ ਹੀ ਮੂੰਹੋ ਨਿਕਲ ਜਾਣ ਪਰ ਸੁਚੇਤ ਲੇਖਕ ਤੇ ਸੰਵੇਦਨਸੀਲ  ਲੋਕਾਂ ਦੀ ਮਾਨਸਿਕਤਾ ਨੂੰ  ਟੁੰਭ ਜਾਂਦੇ ਹਨ । ਲੇਖਿਕਾ ਨੇ ਇਸ ਵਰਤਾਰੇ ਨੂੰ ਪੁਸਤਕ ਦੇ ਕਈ ਲੇਖਾਂ ਵਿਚ ਸੰਜੀਦਗੀ ਨਾਲ  ਲਿਆ ਹੈ। ਇਸ ਨਜ਼ਰ ਤੋਂ ਰਚਨਾਵਾਂ ਦਾ ਪਧਰ ਅਖਬਾਰੀ ਟਿਪਣੀਆ ਵਰਗਾ ਹੋ ਗਿਆ ਹੈ ।ਪਰ ਵਾਰਤਕ ਦੀ  ਇਹ ਕੋਈ ਕਮੀ ਨਹੀ ਸਗੋਂ ਇਸ ਸਾਹਿਤਕਾਰਾ ਡਾ ਕੇਸਰ  ਦਾ ਨਜ਼ਰੀਆ ਹੈ । ਇਸ ਨਾਲ ਵਾਰਤਕ ਸ਼ੈਲੀ ਵਿਚ ਲੋਕ ਰੰਗ ਪੈਦਾ ਹੋ ਗਿਆ ਹੈ । ਕਿਉਂ ਕਿ ਸਾਹਿਤ ਕਦੇ ਵੀ ਸਿਆਸਤ ਦੇ ਆਰ ਪਾਰ ਵੇਖਣ ਦੀ ਖੁਲ੍ਹ ਰਖਦਾ ਹੈ ।  ਪੰਜਾਬੀ ਸ਼ਾਹਿਤ ਵਿਚ ਬਹੁਤ ਮਿਸਾਲਾਂ ਹਨ । ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਅਜਿਹੇ ਸਿਆਸੀ ਵਰਤਾਰਿਆਂ ਦੀ ਪੁਣਛਾਂਣ ਆਮ ਕੀਤੀ ਸੀ ।  ਕੇਂਦਰ ਸਰਕਾਰ ਦੀਆਂ  ਆਰਥਿਕ ਨੀਤੀਆਂ  ਨੇ ਲੋਕਾਂ ਦਾ ਜੀਵਨ ਇਕ ਸਮੇਂ ਦੁਭਰ  ਕਰ ਦਿਤਾ ਸੀ। ਮੇਰੇ ਵਰਗੇ ਹਜ਼ਾਰਾਂ  ਲੋਕ ਬੈਂਕਾਂ  ਅਗੇ ਕਤਾਰਾਂ ਵਿਚ ਰੁਲਦੇ ਰਹੇ ।  ਨੋਟਬੰਦੀ ਦਾ ਭੂਚਾਲ ਪੂਰੇ ਦੇਸ਼ ਵਿਚ ਆ ਗਿਆ ਸੀ । ਪੁਸਤਕ ਲੇਖਿਕਾ ਨੇ ਇਸ ਬਾਰੇ ਸਚੋ ਸਚ ਲਿਖ ਕੇ ਪੁਸਤਕ ਨੂੰ ਇਤਿਹਾਸਕ ਰੂਪ ਦਿੱਤਾ ਹੈ । ਵਡੀ ਗਲ ਇਹ ਹੈ ਜੋ ਮੈਂ ਮਹਸੂਸ ਕੀਤੀ ਹੈ ਕਿ ਲੇਖਿਕਾ ਨੂ ਦੇਸ਼ ਵਿਚ ਵਧ ਰਹੀ ਅਰਾਜਕਤਾ ,,ਆਰਥਿਕ ਸੰਕਟ, ਵਧ ਰਿਹਾ ਅਮੀਰੀ ਗਰੀਬੀ ਪਾੜਾ ,ਨੌਜਵਾਨੀ ਵਿਚ ਪਰਵਾਸ ਦਾ ਰੁਝਾਂਨ ,ਸਿਖਿਆ ਸੰਕਟ ,ਫਿਰਕੂ ਦੰਗੇ ,(ਆਓ ਵੋਟਾਂ ਗਿਣੀਏ ) ਕਿਸਾਨੀ ਮਸਲੇ (ਖੁਦਕਸੀਆਂ ਦੀ ਫਸਲ ) ਮਾਰੂ ਹਥਿਆਰਾਂ ਦਾ ਦੇਸ਼ ਵਿਚ ਲਿਆਂਦਾ ਜਾਣਾ (ਪੰਛੀ ਉਤਰ ਆਏ )ਪੰਜਾਬੀ ਕਹਾਣੀ ਵਿਚ ਫੌਜੀ ਜੀਵਨ ਤੇ ਆਰਥਿਕਤਾ ਦਾ ਮਸਲਾ, ਕੁਝ ਚਰਚਿਤ ਕਹਾਣੀਆਂ ਦੇ  ਹਵਾਲਿਆਂ ਨਾਲ (ਸੰਤ ਸੇਖੋਂ ਦੀ ਮੀਂਹ ਜਾਵੇ ਹਨੇਰੀ ਜਾਵੇ ,ਜੰਗੀ ਕੈਦੀ ਨਾਵਲ ਕੇਸਰ ਸਿੰਘ )ਰੂਪਮਾਨ ਕੀਤਾ ਹੈ ।‘ ਮੁੜ ਆ ਲਾਮਾਂ ਤੋਂ ‘ਕੋਈ ਚਾਰਾ ਕਰੋ ,ਹੰਸ ਨਾ ਕੋਧ੍ਰਾ ਖਾਇ, ਜਦੋਂ  ਘਰ ਜੰਮ ਪਈ ਧੀ ਵੇ  ਆਦਿ ਲੇਖਾਂ ਵਿਚਲੀ ਗਲ ਪਾਠਕਾ ਨੂੰ ਟੁੰਭਦੀ ਹੈ । ਪੁਸਤਕ ਵਿਚ  ਸਿਸਟਮ ਦੀਆਂ ਕਮੀਆਂ ਬਾਰੇ ਸਟੀਕ ਵਿਚਾਰ ਹਨ । ਲੇਖਿਕਾ ਬੇਬਾਕੀ ਨਾਲ ਸਵਾਲ ਕਰਦੀ ਹੈ –ਪਰਵਾਸ ਦੇ ਮਸਲੇ ਦਾ ਕੀ ਹਲ ਹੈ ?ਕੋਣ ਰੋਕੇਗਾ ਪਰਵਾਸ ? ਸਾਰਾ ਪੰਜਾਬ ਤਾਂ ਪਰਵਾਸ ਕਰ ਨਹੀ ਸਕਦਾ । ਪਰਵਾਸ ਕਰਨਾ ਕੋਈ ਸਥਾਂਈ ਹ਼ਲ ਨਹੀ ਹੈ ।( ਪੰਨਾ 111) ਖੁਦਕਸੀਆਂ  ਦੀ ਫਸਲ ) ਪੁਸਤਕ ਸੰਜੀਦਾ ਪਾਠਕਾਂ ਦੇ ਪੜ੍ਹਂਨ ਵਾਲੀ ਹੈ । ਅੰਦਰ ਤਕ ਧੂਹ ਪਾਉਂਦੇ ਲੇਖ ਪਾਠਕ ਨੂੰ ਹਲੂਣਾ ਦੇਣ ਵਾਲੇ ਹਨ । ਭਰਪੂਰ ਸਵਾਗਤ ਹੈ
।,