ਜ਼ਿਲ੍ਹਾ ਬਰਨਾਲਾ ਦੇ ਕਸਬਾ ਤਪਾ ਰਹਿੰਦਾ ਸੀ. ਮਾਰਕੰਡਾ, ਆਮ ਲੋਕਾਂ ਵਿਚ ਇਕ ਪੱਤਰਕਾਰ ਦੇ ਤੌਰ ਤੇ ਮਕਬੂਲ ਹੈ। ਪਰ ਉਸਦੇ ਨੇੜਲੇ ਲੇਖਕ ਜਾਣਦੇ ਹਨ ਕਿ ਉਹ ਸ਼ਾਇਰ ਪਹਿਲਾਂ ਤੇ ਪੱਤਰਕਾਰ ਬਾਅਦ ਵਿਚ ਹੈ। ਉਹ ਜਦੋਂ ਵੀ ਲੇਖਕਾਂ ਦੀ ਢਾਣੀ ਵਿਚ ਬੈਠਾ ਹੁੰਦਾ ਹੈ ਤਾਂ ਸ਼ਾਇਰੀ ਉਸਦੇ ਅੰਦਰੋਂ ਇਕ ਆਬਸ਼ਾਰ ਦੀ ਤਰ੍ਹਾਂ ਫੁੱਟ ਪੈਂਦੀ ਹੈ।
ਖ਼ੁਸ਼ੀ ਦੀ ਗੱਲ ਹੈ ਕਿ ਪੱਤਰਕਾਰਤਾ ਦੇ ਖੇਤਰ ਵਿਚ ਵਿਚਰਦਿਆਂ, ਉਸਨੇ ਆਪਣੇ ਅੰਦਰਲੇ ਲੇਖਕ ਨੂੰ ਜੀਵਿਤ ਰੱਖਿਆ ਹੋਇਆ ਹੈ। ਇਹੀ ਕਾਰਨ ਹੈ ਕਿ ਸਾਹਿਤ ਦੀ ਕਿਸੇ ਨਾ ਕਿਸੇ ਵਿਧਾ ਵਿਚ, ਉਸਦੀ ਪੁਸਤਕ ਪ੍ਰਕਾਸ਼ਿਤ ਹੁੰਦੀ ਰਹਿੰਦੀ ਹੈ। ਉਹ ਹੁਣ ਤੱਕ ਛੇ ਕਾਵਿ ਸੰਗ੍ਰਹਿ ; ਸੂਰਜ ਦਾ ਜਨਮ, ਮੈਂ ਦੱਸਾਂਗਾ, ਇੰਝ ਵੀ ਹੋਣਾ ਸੀ, ਅੱਜ ਕੱਲ੍ਹ, ਤ੍ਰੈ- ਕਾਲ ਅਤੇ ਤਲੀ ਦੀ ਅੱਗ ਦੀ ਸਿਰਜਣਾ ਕਰ ਚੁੱਕਿਆ ਹੈ। ਇਹਨਾ ਤੋਂ ਬਿਨਾ ਸਫ਼ਰਨਾਮਾ, ਸ਼ਬਦ- ਚਿੱਤਰ, ਆਲੋਚਨਾ, ਅਨੁਵਾਦ ਅਤੇ ਸੰਪਾਦਨਾ ਦੀਆਂ ਪੁਸਤਕਾਂ ਵੀ ਪਾਠਕਾਂ ਦੀ ਨਜ਼ਰ ਕਰ ਚੁੱਕਿਆ ਹੈ।
ਹੱਥਲੇ ਕਾਵਿ- ਸੰਗ੍ਰਹਿ ਵਿਚ, ਉਸ ਦੁਆਰਾ ਸਮੇਂ ਸਮੇਂ ਲਿਖੀ ਕਵਿਤਾ ਦੀਆਂ ਵੱਖ- ਵੱਖ ਵੰਨਗੀਆਂ ਪਾਠਕਾਂ ਨੂੰ ਪੜ੍ਹਨ ਲਈ ਮਿਲਣਗੀਆਂ।
ਸੀ. ਮਾਰਕੰਡਾ ਲੋਕ ਪੱਖੀ ਧਾਰਨਾ ਦਾ ਮੁਦੱਈ ਰਿਹਾ ਹੈ। ਇਸ ਸੰਗ੍ਰਹਿ ਵਿਚ ਵੀ ਜ਼ਿਆਦਾਤਰ, ਇਸੇ ਵਿਚਾਰਧਾਰਾ ਨੂੰ ਵਿਅਕਤ ਕਰਦੀਆਂ ਕਵਿਤਾਵਾਂ ਸ਼ਾਮਲ ਹਨ ।
ਭਾਰਤੀ ਸਮਾਜ ਵਿਚ, ਪਤਨੀ ਵੱਲੋਂ ਗ੍ਰਿਸਤੀ ਜੀਵਨ ਵਿਚ ਨਿਭਾਏ ਕਰਤੱਵ ਨੂੰ ਪਤੀ ਅਕਸਰ ਅਣਦੇਖਿਆ ਕਰ ਜਾਂਦੇ ਹਨ। ਪਤਨੀ ਦੇ ਮਹੱਤਵ ਨੂੰ ਸਮਝਣ ਲਈ, ਪਤੀ ਨੂੰ ਸਹਿਜ ਅਵਸਥਾ ਵਿਚ ਆ ਕੇ ਮੰਥਨ ਕਰਨਾ ਪੈਂਦਾ ਹੈ। ਇਸ ਅਵਸਥਾ ਵਿਚ ਵਿਚਰਦਿਆਂ ਸੀ.ਮਾਰਕੰਡਾ ਨੂੰ ਆਪਣੀਆਂ ਪ੍ਰਾਪਤੀਆਂ ਦਾ ਆਧਾਰ, ਆਪਣੀ ਪਤਨੀ ਲੱਗਦੀ ਹੈ। ਇਸ ਪੁਸਤਕ ਦਾ ਆਗ਼ਾਜ਼, ਉਹ ਆਪਣੀ ਅਰਧਾਂਗਣੀ ਨੂੰ ਸੰਬੋਧਨ ਹੋ ਕੇ ਲਿਖੀਆਂ ਕਵਿਤਾਵਾਂ ਤੋਂ ਕਰਦਾ ਹੈ:
ਹੇ ਲੀਲਾ !
ਮੈਂ ਐਵੇਂ ਮਿੱਚੀ ਨੀ ਕਹਿੰਦਾ
ਤੇਰੀ ਮੁਹੱਬਤ ਮੋਹ ਭਰੀ
ਅਪਣੱਤ ਸਾਹਵੇਂ
ਇਹ ਨਾਸ਼ੁਕਰਾ
ਨਤਮਸਤਕ ਹੋ ਬਹਿੰਦਾ
ਲੀਲਾ ਜੇ ਤੂੰ
ਮੇਰੇ ਲੜ ਨਾ ਲੱਗਦੀ
ਤਾਂ ਸੱਚ ਜਾਣੀਂ
ਮੇਰੀ ਕਵਿਤਾ ਤੇ ਸ਼ੁਹਰਤ
ਰਤਾ ਵੀ ਨਾ ਫਬਦੀ।
ਸ਼ਾਇਰ ਦੀ ਨਜ਼ਰ ਘਰ ਦੀਆਂ ਵਲਗਣਾ ਤੋਂ ਪਾਰ ਜਾਂਦੀ ਹੈ। ਉਸ ਨੂੰ ਅਜੋਕੀ ਮੁਟਿਆਰ ਦੀ ਚੇਤਨਾ ਹਲੂਣਦੀ ਹੈ...ਉਹ ਆਪਣੇ 'ਤੇ ਹੁੰਦੇ ਤਸ਼ੱਦਦ ਨੂੰ ਬਰਦਾਸ਼ਿਤ ਨਹੀਂ ਕਰਦੀ... ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ...ਉਹ ਲੜਨਾ ਜਾਣਦੀ ਹੈ ਤੇ ਜਰਵਾਣਿਆਂ ਲਈ ਚੁਣੌਤੀ ਬਣਦੀ ਹੈ। ਕਵਿਤਾ 'ਕੁੜੀ' ਵਿਚ ਉਹ ਲਿਖਦਾ ਹੈ :
ਬੇਸ਼ੱਕ ਮੇਰੀ ਆਕ੍ਰਿਤੀ
ਕੁੜੀਆਂ ਵਰਗੀ ਹੀ ਹੈ
ਜੋ ਮਾਸ ਦੇ ਦਰਿਆ ਵੱਲ
ਜਾਣੋਂ ਡਰਦੀ ਹੈ,
ਪਰ ਮੈਂ ਉਹ ਕੁੜੀ ਹਾਂ
ਜਿਸਦੀ ਦ੍ਰਿੜਤਾ
ਮਲਾਲਾ ਵਰਗੀ ਹੈ
ਜੋ ਕਿਰਨਜੀਤ ਦਿਆਂ
ਪੂਰਨਿਆਂ ਦਾ ਅਨੁਸਰਨ ਕਰਦੀ ਹੈ।
ਪੰਜਾਬੀਆਂ ਬਾਰੇ ਧਾਰਨਾ ਹੈ ਕਿ ਉਹ ਆਪਣੇ ਆਪ ਤੇ ਹੱਸ ਸਕਦੇ ਹਨ, ਆਪਣੇ ਆਪ ਨੂੰ ਮਖੌਲ ਕਰ ਸਕਦੇ ਹਨ। ਸਾਡਾ ਸ਼ਾਇਰ ਸੀ. ਮਾਰਕੰਡਾ ਇਸ ਤੋਂ ਵੀ ਅਗਾਂਹ ਕਦਮ ਭਰਦਾ ਲੱਗਦਾ ਹੈ। ਕਵਿਤਾ 'ਗੁਰੂਦੇਵ' ਦੇ ਮਾਧਿਅਮ ਰਾਹੀਂ, ਉਹ ਕਲਮਕਾਰਾਂ ਨੂੰ ਆਪਣਾ ਮੰਥਨ ਆਪ ਕਰਨ ਲਈ ਕਹਿੰਦਾ ਹੈ। ਅਜੋਕੇ ਦੌਰ ਦੀ ਸੱਚਾਈ ਕਬੂਲ ਕਰਦਿਆਂ, ਉਹ ਲੇਖਕਾਂ ਦੇ ਮਾਇਆ ਜਾਲ ਵਿਚ ਉਲਝਣ ਅਤੇ ਥਿੜਕਣ ਦੀ ਹਕੀਕਤ ਕਵਿਤਾ ' ਗੁਰੂਦੇਵ' ਵਿਚ ਸਹਿਜੇ ਹੀ ਬਿਆਨ ਕਰ ਜਾਂਦਾ ਹੈ :
ਹੇ ਗੁਰੂਦੇਵ !
ਨੜਿਨਵੇਂ ਦੇ ਗੇੜ ਵਿਚ ਫਾਥਾ
ਮੈਂ ਲਿਖਾਰੀ ਤੋਂ ਵਪਾਰੀ ਬਣ ਗਿਆ
ਕੂੜ ਦੇ ਵਣਜ ਦਾ ਸੌਦਾ ਕਰਦਿਆਂ
ਭਿਖਾਰੀ ਬਣ ਜਾਣ ਦਾ
ਤਾਣਾ ਤਣ ਲਿਆ
ਜਿਸਨੂੰ ਮੇਰੇ ਭਾਈਵਾਲ
ਸੱਚਾ ਸੌਦਾ ਆਖ ਰਹੇ ਹਨ ।
ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ, ਪਿਛਲੇ ਇਕ ਸਾਲ ਤੋਂ ਦੇਸ਼ ਦੇ ਕਿਸਾਨਾਂ ਨੇ ਦਿੱਲੀ ਦੇ ਬਾਰਡਰ ਤੇ ਡੇਰੇ ਜਮਾਏ ਹੋਏ ਹਨ। ਇਸ ਸੰਘਰਸ਼ ਵਿਚ ਕਿੰਨੇ ਹੀ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ। ਇਸ ਸੰਘਰਸ਼ ਨੂੰ ਆਧਾਰ ਬਣਾਕੇ ਕੀਤੀ ਸਾਹਿਤਕ ਸਿਰਜਣਾ ਵਿਚ ਕਵਿਤਾ ਦਾ ਪਲੜਾ ਭਾਰੀ ਰਿਹਾ ਹੈ। ਲੋਕ ਪੱਖੀ ਸੋਚ ਦਾ ਧਾਰਨੀ ਸੀ. ਮਾਰਕੰਡਾ, ਭਲਾਂ ਕਿਵੇਂ ਚੁੱਪ ਰਹਿ ਸਕਦਾ ਸੀ। ਕਵਿਤਾ 'ਅੰਨ ਦਾਤਾ' ਵਿਚ ਉਹ ਲਿਖਦਾ ਹੈ :
ਮੈਂ ਹਾਂ ਅੰਨ ਦਾਤਾ ਜਗਤ ਦਾ
ਖੇਤੀਂ ਹਲ ਵਾਹਵਾਂ
ਕਠਿਨ ਮਿਹਨਤਾਂ ਨਾਲ ਮੈਂ
ਪਿਆ ਫ਼ਸਲ ਪਕਾਵਾਂ
ਵੱਢ, ਛੰਡ ਤੇ ਗਾਹ ਕੇ
ਜਦ ਘਰ ਲੈ ਆਵਾਂ
ਲਾਗਤਾਂ ਹੋਣ ਨਾ ਪੂਰੀਆਂ
ਕਿੱਧਰ ਨੂੰ ਜਾਵਾਂ
ਮਹਿੰਗਾਈ ਨੇ ਲੱਕ ਤੋੜਤਾ
ਦਿਲ ਕਿਵੇਂ ਟਿਕਾਵਾਂ
ਕੂਚ ਕਰਾਂ ਵੱਲ ਦਿੱਲੀ ਦੇ
ਗੀਦੀ ਨਾ ਕਹਾਵਾਂ।
ਸੀ. ਮਾਰਕੰਡਾ ਇਹ ਕਵਿਤਾਵਾਂ ਆਪਣੇ ਮਨ ਦੀ ਤ੍ਰਿਪਤੀ ਲਈ ਨਹੀਂ ਲਿਖਦਾ। ਇਹਨਾ ਦਾ ਪ੍ਰਯੋਜਨ ਲੋਕਾਂ ਦੀ ਸੋਚ ਨੂੰ ਹਲੂਣਾ ਦੇਣਾ ਹੈ। ਉਹ ਜਾਣਦਾ ਹੈ ਕਿ ਸੰਘਰਸ਼ ਕੋਈ ਇਕੱਲਾ ਇਕਹਿਰਾ ਆਦਮੀ ਨਹੀਂ ਲੜ ਸਕਦਾ ਤਦੇ ਹੀ, ਕਵਿਤਾ 'ਊਂਘਦੇ ਪੰਜਾਬ ਜਾਗ' ਵਿਚ ਲੋਕਾਂ ਨੂੰ ਇਕਜੁੱਟ ਹੋਣ ਲਈ ਆਖਦਾ ਨਜ਼ਰ ਆਉਂਦਾ ਹੈ :
ਪਰ ਕਵਿਤਾ ਕਹਿਣ ਤੋਂ
ਪਹਿਲਾਂ ਹੀ
ਮੇਰੇ ਜ਼ਿਹਨ 'ਚ
ਉੱਤਰ ਆਈ ਹੈ
ਜਾਗੋ ਪੰਜਾਬ ਯਾਤਰਾ
ਜੋ ਹੱਕ ਅਤੇ ਸੱਚ ਦੀ
ਬਾਤ ਪਾਉਂਦੀ ਹੈ
ਤੇ ਹਰ ਜਾਣੇ ਦਾ
ਸਾਥ ਚਾਹੁੰਦੀ ਹੈ।
ਸ਼ਾਇਰ ਜਾਣਦਾ ਹੈ ਕਿ ਸਾਡੇ ਰਾਜਨੀਤੀਵਾਨਾਂ ਨੇ ਹੁਣ ਤੱਕ ਆਪਣੀਆਂ ਤਕਰੀਰਾਂ ਨਾਲ ਹੀ ਲੋਕਾਂ ਦੇ ਢਿੱਡ ਭਰਨ ਦਾ ਯਤਨ ਕੀਤਾ ਹੈ। ਇਹਨਾ ਲੀਡਰਾਂ ਵੱਲੋਂ ਆਮ ਲੋਕਾਂ ਨੂੰ ਭਰਮਾਉਣ ਲਈ ਆਪਣੇ ਜਾਂਦੇ ਭਰਮਜਾਲ ਤੋਂ ਸੁਚੇਤ ਕਰਦਾ ਉਹ ਇਕ ਥਾਂ ਲਿਖਦਾ ਹੈ :
ਜੇ ਤਕਰੀਰਾਂ
ਤਕਦੀਰਾਂ ਬਦਲਣ ਦੀ
ਸਮਰੱਥਾ ਰੱਖਦੀਆਂ
ਤਾਂ ਤਦਬੀਰਾਂ ਦੀ
ਲੋੜ ਨਾ ਭਾਸਦੀ
ਤੇ ਮੇਰੀ ਕਵਿਤਾ
ਤੁਹਾਨੂੰ ਨਵੇਂ ਯੁੱਧ ਲਈ
ਤਿਆਰ ਰਹਾਣ ਲਈ ਨਾ ਆਖਦੀ।
ਇਹਨਾ ਤੋਂ ਬਿਨਾਂ,ਇਸ ਪੁਸਤਕ ਵਿਚ ਗੀਤ, ਗ਼ਜ਼ਲ ਅਤੇ ਲੋਕ-ਬੋਲੀਆਂ ਆਦਿ ਦੇ ਰੂਪ ਵਿਚ ਵੀ ਕਵਿਤਾਵਾਂ ਪੜ੍ਹਨ ਨੂੰ ਮਿਲਣਗੀਆਂ। ਇਹਨਾ ਕਵਿਤਾਵਾਂ ਨੂੰ ਪੁਸਤਕ ਦੇ ਰੂਪ ਵਿਚ ਸੰਭਾਲਕੇ ਸੀ. ਮਾਰਕੰਡਾ ਨੇ ਇਕ ਸਲਾਹੁਣਯੋਗ ਕਾਰਜ ਕੀਤਾ ਹੈ।
ਇਸ ਪੁਸਤਕ ਨੂੰ ਮੈਂ ਖ਼ੁਸ਼ਆਮਦੀਦ ਆਖਦਾ ਹਾਂ।