ਵਿਪਸਾ ਵਲੋਂ ਸਫ਼ਲ ਸਾਹਿਤਕ ਮਿਲਣੀ
(ਖ਼ਬਰਸਾਰ)
ਹੇਵਰਡ: ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾ) ਦੀ ਮਾਸਿਕ ਮਿਲਣੀ ਕਿਡੇਂਗੋ ਈ ਵਾਈ ਸੀ ਹੇਵਰਡ ਵਿਖੇ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮਿਲਣੀ ਵਿੱਚ ਪੱਤਰਕਾਰ ਦਲਜੀਤ ਸਰਾਂ ਉਚੇਚੇ ਤੌਰ ’ਤੇ ਸ਼ਾਮਲ ਹੋਏ। ਵਿਚਾਰ ਵਟਾਂਦਰਾ ਸੈਸ਼ਨ ਵਿੱਚ ਇਹ ਨਿਰਣਾ ਕੀਤਾ ਗਿਆ ਕਿ ਡਾ. ਗੁਰੂਮੇਲ ਸਿੱਧੂ ਯਾਦਗਾਰੀ ਸਮਾਗਮ ‘ਪੰਜਬੀ ਕਲਚਰਲ ਸੈਂਟਰ’ ਫਰਿਜ਼ਨੋ ਵਿਖੇ ਹੋਵੇਗਾ। ਇਹ ਸਮਾਗਮ ‘ਇੰਡੋ ਕਲਚਰਲ ਸੋਸਾਇਟੀ’, ‘ਪੰਜਾਬੀ ਰੇਡੀਓ ਯੂ ਐਸ ਏ’ ਅਤੇ ‘ਵਿਪਸਾ’ ਵਲੋਂ ਸਮੂਹਿਕ ਰੂਪ ਵਿੱਚ ਕੀਤਾ ਜਾਵੇਗਾ। ਵਿਪਸਾ ਦੇ ਨਵੇਂ ਪ੍ਰਧਾਨ ਦੀ ਚੋਣ ਮਾਰਚ ਦੀ ਸਾਹਿਤਕ ਮਿਲਣੀ ਵਿੱਚ ਕਰਵਾਈ ਜਾਵੇਗੀ। ਚਰਨਜੀਤ ਪੰਨੂ ਚੋਣ ਕਮਿਸ਼ਨਰ ਹੋਣਗੇ। ਇਸ ਉਪਰੰਤ ਕਾਵਿਕ ਮਹਿਫ਼ਲ ਵਿੱਚ ਸੁਖਦੇਵ ਸਾਹਿਲ, ਚਰਨਜੀਤ ਸਿੰਘ ਪੰਨੂ, ਤਾਰਾ ਸਾਗਰ, ਵਿਜੇ ਸਿੰਘ, ਜਗਜੀਤ ਨੌਸ਼ਿਹਰਵੀ, ਗੁਲਸ਼ਨ ਦਿਆਲ, ਲਾਜ ਨੀਲਮ ਸੈਣੀ, ਡਾ. ਸੁਖਵਿੰਦਰ ਕੰਬੋਜ ਅਤੇ ਕੁਲਵਿੰਦਰ ਨੇ ਭਾਗ ਲਿਆ। ਪਿ੍ਰੰਸੀਪਲ ਦਰਸ਼ਨ ਸਿੰਘ ਨੱਤ ਨੇ ‘ਹਵਾਵਾਂ ਵਿੱਚ ਘੁਲੀ ਖ਼ੁਸ਼ਬੋ’ ਸ਼ਬਦ ਚਿੱਤਰ ਪੇਸ਼ ਕੀਤਾ। ਦਲਜੀਤ ਸਰਾਂ ਨੇ ਮਿਲਣੀ ਦਾ ਮੁਲਾਂਕਣ ਕਰਦੇ ਹੋਏ, ਵਿਪਸਾ ਨੂੰ ਅਮਰੀਕਾ ਵਿੱਚ ਮਿਆਰੀ ਸਾਹਿਤਕ ਗਤੀਵਿਧੀਆਂ ਦੀ ਲਗਾਤਰਤਾ ਬਣਾਈ ਰੱਖਣ ਲਈ ਵਧਾਈ ਦਿੱਤੀ। ਇਸ ਮਿਲਣੀ ਵਿੱਚ ਹੋਰਾਂ ਤੋਂ ਇਲਾਵਾ ਗੁਰਸ਼ਾਨ ਪੰਨੂ, ਮਨਜੀਤ ਪਲੇਹੀ ਅਤੇ ਰਮੇਸ਼ ਬੰਗੜ ਨੇ ਹਿੱਸਾ ਲਿਆ।