ਭਾਈਚਾਰਕ ਸਾਂਝ ਤੇ ਜਿਹੜਾ ਮਾਰੇ ਸੱਟ,
ਉਸ ਨੂੰ ਧੌਣੋਂ ਫੜ ਕੇ ਉਸ ਦੇ ਕੱਢ ਦਿਉ ਵੱਟ।
ਬਹੁਤਾ ਬੋਲਣ ਵਾਲੇ ਦਾ ਘਟੀ ਜਾਵੇ ਮਾਣ,
ਮਾਣ ਉਦ੍ਹਾ ਵੱਧ ਜਾਵੇ ਜਿਹੜਾ ਬੋਲੇ ਘੱਟ।
ਉਸ ਦੀ ਬਾਂਹ ਫੜਨ ਲਈ ਯਾਰੋ, ਅੱਗੇ ਆਉ,
ਜਿਹੜਾ ਆਪਣੇ ਦਿਨ ਔਖਾ ਹੋ ਕੇ ਰਿਹੈ ਕੱਟ।
ਉਸ ਨੂੰ ਸਾਰੇ ਦਿਉ ਯਾਰੋ ਬਣਦਾ ਸਤਿਕਾਰ,
ਭੁੱਖੇ ਮਰ ਜਾਉਗੇ, ਜੇ ਫਸਲ ਨਾ ਬੀਜੀ ਜੱਟ।
ਚਿੱਟੇ ਨਾਲ ਮਰੇ ਨਾ ਕਿਸੇ ਵੀ ਮਾਂ ਦਾ ਪੁੱਤ,
ਝੱਲ ਨਾ ਹੋਣੀ ਉਸ ਕੋਲੋਂ ਇਹ ਭਾਰੀ ਸੱਟ।
ਰੁੱਖਾਂ ਦੀ ਠੰਢੀ ਛਾਂ ਚੇਤੇ ਆਣੀ ਫੇਰ,
ਜਦ ਲੱਗੇ ਬਿਜਲੀ ਦੇ ਲੰਬੇ, ਲੰਬੇ ਕੱਟ।
ਸੋਚ ਸਮਝ ਕੇ ਮੂੰਹ ਚੋਂ ਯਾਰੋ, ਬੋਲੋ ਬੋਲ,
ਠੀਕ ਨਾ ਹੋਣ ਛੇਤੀ ਕੌੜੇ ਬੋਲਾਂ ਦੇ ਫੱਟ।