ਹੈ ਪਨਪਦਾ ਗੈਂਗਵਾਰ ਜਿਥੇ।
ਤੇ ਮਿਲਦਾ ਨਾ ਰੁਜ਼ਗਾਰ ਜਿਥੇ।
ਵੀਰੋ ਅਧੂਰੇ ਰਹੇ ਖ਼ਵਾਬ ਜਿਥੇ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਮਹਿੰਗਾਈ ਚੜ੍ਹੀ ਅਸਮਾਨ ਜਿਥੇ।
ਨਾਲੇ ਵੰਡੇ ਗਏ ਸਮਸ਼ਾਨ ਜਿਥੇ।
ਜਰਵਾਣੇ ਹੱਕ ਨੂੰ ਖਾਣ ਜਿਥੇ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਬਿਨਾਂ ਕਸੂਰੋਂ ਜੇਲ੍ਹਾਂ ਭਰੀਆਂ ਨੇ।
ਗੱਲਾਂ ਸੋਲਾਂ ਆਨੇ ਖਰੀਆਂ ਨੇ।
ਬਿਨ ਦਾਜ ਦੇ ਧੀਆਂ ਸੜੀਆਂ ਨੇ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਸੱਭ ਮਹਿਕਮੇ ਧਰਨੇ ਲਾਉਣ ਜਿਥੇ।
ਆਮ ਲੋਕਾਂ ਨੂੰ ਤੜਪਾਉਣ ਜਿਥੇ।
ਪੁੱਠੇ ਕੰਮੀਂ ਨਾਂ ਚਮਕਾਉਣ ਜਿਥੇ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਬਿੱਲ ਕਈਆਂ ਦੇ ਹੋਏ ਮੁਆਫ਼ ਜਿਥੇ।
ਪਰ ਵਧ ਗਏ ਨੇ ਅਪਰਾਧ ਜਿਥੇ।
ਨਹੀਂ ਨਸ਼ਿਆਂ ਦਾ ਇਲਾਜ ਜਿਥੇ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਨਹੀਂ ਪਾਰਟੀ ਬਦਲਣਾ ਬੈਨ ਜਿਥੇ।
ਮਰਜੀ ਮਾਰ ਟਪੂਸੀ ਬਹਿਣ ਜਿਥੇ।
ਸੱਭ ਇੱਕ ਦੂਜੇ ਨਾਲ ਖਹਿਣ ਜਿਥੇ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਪੰਜਾਬ ਖਾਲੀ ਹੁੰਦਾ ਜਾਏ ਜਿਥੇ।
ਜਵਾਨੀ ਬਾਹਰ ਨੂੰ ਭੱਜੀ ਜਾਏ ਜਿਥੇ।
ਹਰ ਕੋਈ ਕਰਦਾ ਹਾਏ ਹਾਏ ਜਿਥੇ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਕੁੜੀ ਜੰਮਣ ਤੋਂ ਪੈਂਦਾ ਯੱਬ੍ਹ ਜਿਥੇ।
ਮੁੰਡਿਆਂ ਦੀ ਗਿਣਤੀ ਵੱਧ ਜਿਥੇ।
ਹਾਲੇ ਇਲਾਜ ਦਾ ਨਹੀਂ ਸਬੱਬ ਜਿਥੇ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਭ੍ਰਿਸ਼ਟਾਚਾਰ ਦਾ ਨਹੀਂ ਇਲਾਜ ਹੋਇਆ।
ਹਰ ਬੰਦਾ ਹੀ ਲਾਚਾਰ ਹੋਇਆ।
ਸਰਕਾਰ ਨੇ ਹੈ ਇਤਬਾਰ ਖੋਇ੍ਹਆ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਇਥੇ ਤੰਦ ਨਹੀਂ ਉਲਝੀ ਤਾਣੀ ਹੈ।
ਦੱਸੋ ਕਲ਼ਮ ਕੀ ਲਿਖੇ ਨਿਮਾਣੀ ਹੈ।
ਇਹ ਪੰਜਾਬ ਦੀ ਅਸਲ ਕਹਾਣੀ ਹੈ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼
ਦੱਦਾਹੂਰੀਆ ਇਹੇ ਸਾਮਰਾਜ ਜਿਥੇ।
ਕਤਲ ਡਕੈਤੀਆਂ ਵਾਲਾ ਰਾਜ ਜਿਥੇ।
ਭੈੜਿਆਂ ਕੰਮਾਂ ਦਾ ਸਿਰ ਤਾਜ ਜਿਥੇ।
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ
ਮੈਂ ਓਸ ਦੇਸ਼ ਦਾ-ਵਾਸੀ ਹਾਂ --ਮੈਂ ਓਸ ਦੇਸ਼