ਪੈਸਾ ਹੀ ਹੈ ਘਰ ਘਰ ਅੰਦਰ ਜੋ ਪਉਂਦਾ ਹੈ ਪਾੜੇ।
ਕੱਢ ਪਿਆਰ ਦਿਲਾਂ ਚੋ ਪੈਸਾ ਭਰ ਦਿੰਦਾ ਹੈ ਸਾੜੇ।
ਮੋਹ ਮੁਹੱਬਤ ਅਪਣਾਪਣ ਤੇ ਭੁਲ ਖੂਨ ਦੇ ਰਿਸ਼ਤੇ,
ਭੈਣ ਭਰਾ ਜਦ ਲੋਭ ਚ ਆਵਣ ਪੈਣ ਦਿਲਾਂ ਵਿਚ ਪਾੜੇ।
ਮਿੱਟੀ ਬਣ ਜਾਂਦੀ ਹੈ ਸੋਨਾ ਜਦ ਦਿਨ ਹੋਵਣ ਚੰਗੇ,
ਰੱਸੀਆਂ ਦੇ ਸੱਪ ਬਣ ਡਰਾਵਣ ਜਦ ਦਿਨ ਆਵਣ ਮਾੜੇ।
ਤਾਪ ਚੜੇ ਤੋਂ ਹੁਣ ਬੰਦਾ ਡਾਕਟਰਾਂ ਕੋਲੇ ਜਾਵੇ,
ਇਸ ਤੋਂ ਪਹਿਲਾ ਘਰ ਅੰਦਰ ਸੀ ਦਿੱਤੇ ਜਾਂਦੇ ਕਾਹੜੇ।
ਹੁਣ ਦੀਆਂ ਸਰਕਾਰਾਂ ਪਾਲਣ ਅਪਣਾ ਭਾਈਚਾਰਾ,
ਤਾਂ ਹੀ ਇਕ ਦੇ ਪੈਰਾਂ ਥੱਲੇ ਦੂਜੇ ਜਾਣ ਲਿਤਾੜੇ।
ਵੋਟਾਂ ਪਾ ਦਿਉ ਨੇਤਾ ਆਖਣ ਸੱਭ ਮਿਲੇਗਾ ਖੁੱਲ੍ਹਾ,
ਜਿੱਤਣ ਮਗਰੋਂ ਲੀਡਰ ਦੇ ਦਰ ਵੋਟਰ ਕੱਢੇ ਹਾੜੇ।
ਰੀਤਾਂ ਬਦਲੀਆ ਉਲਝ ਗਿਆ ਸਾਰਾ ਤਾਣਾ ਬਾਣਾ,
ਪਹਿਲਾਂ ਬਣਦਾ ਸੀ ਮੁੰਡਾ ਹੁਣ ਬਣਨ ਕੁੜੀਆਂ ਲਾੜੇ।
ਭੁਲਗੇ, ਢੱਡ, ਸਰੰਗੀ, ਬੈਂਜੋ, ਤੂੰਬਾ ਤੇ ਅਲਗੋਜੇ,
ਸਿੱਧੂ ਸੱਥ ਚ ਕਿਉਂ ਨੀ ਲਗਦੇ ਢਾਡੀਆਂ ਦੇ ਅਖਾੜੇ।