ਸਭ ਰੰਗ

  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਜ਼ਿੰਦਗੀ ਦੇ ਸੰਘਰਸ਼ਾਂ ਵਲ ਸੇਧਿਤ ਨਾਵਲ -- ਪ੍ਰੀਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵਾਸ -ਪਰਵਾਸ ਨਾਲ ਜੁੜੀਆਂ ਮਨੋ- ਸਮਾਜਿਕ ਸਮੱਸਿਆਵਾਂ ਦਾ ਹੱਲ ਤਲਾਸ਼ਦੀਆਂ ਕਹਾਣੀਆਂ - ਹੁੰਗਾਰਾ ਕੌਣ ਭਰੇ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਮਾਂ-ਬੋਲੀ ਨੂੰ ਸਭ ਤਂ ਵੱਡਾ ਖਤਰਾ ਮਾਪਿਆਂ ਤੋਂ ਹੀ ਹੈ / ਸੰਜੀਵ ਝਾਂਜੀ (ਲੇਖ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੰਘਰਸ਼ ਦੀ ਗਾਥਾ ਹੈ - ‘ਹਨੇਰੇ ਰਾਹ’ / ਭੁਪਿੰਦਰ ਸਿੰਘ ਬਰਗਾੜੀ (ਪੁਸਤਕ ਪੜਚੋਲ )
  • ਵਾਸ -ਪਰਵਾਸ ਨਾਲ ਜੁੜੀਆਂ ਮਨੋ- ਸਮਾਜਿਕ ਸਮੱਸਿਆਵਾਂ ਦਾ ਹੱਲ ਤਲਾਸ਼ਦੀਆਂ ਕਹਾਣੀਆਂ - ਹੁੰਗਾਰਾ ਕੌਣ ਭਰੇ (ਪੁਸਤਕ ਪੜਚੋਲ )

    ਨਿਰੰਜਨ ਬੋਹਾ    

    Email: niranjanboha@yahoo.com
    Cell: +91 89682 82700
    Address: ਪਿੰਡ ਤੇ ਡਾਕ- ਬੋਹਾ
    ਮਾਨਸਾ India
    ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


     ਹੁੰਗਾਰਾ ਕੌਣ ਭਰੇ (ਕਹਾਣੀ ਸੰਗ੍ਰਹਿ)

    ਸੰਪਾਦਕ –ਰਵਿੰਦਰ ਸਿੰਘ ਸੋਢੀ


                  ਪਰਵਾਸੀ  ਕਵੀ, ਕਹਾਣੀਕਾਰ ਤੇ ਸਾਹਿਤ ਸਮੀਖਿਅਕ ਰਵਿੰਦਰ ਸਿੰਘ ਸੋਢੀ ਵੱਲੋਂ ਸੱਤ  ਪਰਵਾਸੀ ਕਹਾਣੀਕਾਰਾਂ  ਦੀਆਂ 33 ਕਹਾਣੀਆਂ ਤੇ ਅਧਾਰਿਤ  ਸੰਪਾਦਿਤ ਪੁਸਤਕ ‘ਹੁੰਗਾਰਾ ਕੌਣ ਭਰੇ’ ਆਪਣੇ ਪਾਠਕਾਂ ਕੋਲੋਂ ਆਪਣੇ ਲਈ   ਹਾਂ ਪੱਖੀ  ਹੁੰਗਾਰਾ  ਵੀ ਭਰਵਾਉਂਦੀ ਹੈ ਤੇ ਆਪਣੀ  ਚਰਚਾ ਨੂੰ ਵੀ ਅੱਗੇ ਤੋਰਣ ਵਿੱਚ  ਵੀ ਸਫਲ ਵਿਖਾਈ ਦਿੰਦੀ  ਹੈ। । ਸੰਗ੍ਰਹਿ ਵਿਚ ਸ਼ਾਮਿਲ  ਕਹਾਣੀਆਂ  ਪਰਵਾਸੀ ਭਾਰਤੀਆਂ   ਵੱਲੋਂ   ਨਵੀਂ ਧਰਤੀ  ਵਿੱਚ  ਆਪਣੀਆਂ ਸਮਾਜਿਕ ਤੇ ਆਰਥਿਕ ਜੜ੍ਹਾਂ ਲਾਉਣ  ਨਾਲ ਜੁੜੀਆਂ ਮਨੋ -ਸਮਾਜਿਕ ਸਮੱਸਿਆਵਾਂ  ਨੂੰ ਉਚੇਚੇ ਤੌਰ ‘ਤੇ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਦੀਆਂ  ਹਨ।   ਇੱਥੇ ਜਨਮੀਂ ਨਵੀਂ ਪੀੜ੍ਹੀ  ਨਾ ਤਾਂ ਆਪਣੇ ਪੁਰਖਿਆਂ ਦੇ ਮੁਲਕ ਨਾਲ ਕੋਈ ਮਾਨਸਿਕ ਲਗਾਓ  ਰੱਖਦੀ  ਹੈ ਤੇ ਨਾਂ ਹੀ ਉਹ  ਉਹਨਾਂ    ਵੱਲੋਂ ਸਿਰਜੀਆਂ   ਸਮਾਜਿਕ ਕੀਮਤਾਂ ਨੂੰ ਸਵੀਕਾਰਦੀ ਹੈ।  ਦੂਸਰੇ ਪਾਸੇ ਪੁਰਾਣੀ ਪੀੜ੍ਹੀ ਅਜੇ ਵੀ   ਆਪਣੀਆਂ ਪੂਰਵਜੀ  ਮਾਨਤਾਵਾਂ ਤੇ ਸੰਸਕਾਰਾਂ ਤੋਂ ਮੁਕਤ ਹੋਣ ਲਈ ਤਿਆਰ ਨਹੀਂ ਹੋਈ । ਸੰਗ੍ਰਹਿ ਦੀਆਂ  ਕਹਾਣੀਆਂ ਇੱਕ ਜਾਂ ਦੂਜੀ ਪੀੜ੍ਹੀ ਦਾ ਪੱਖ ਪੂਰਨ ਦੀ ਬਜਾਏ   ਇਸ ਸਮੱਸਿਆ  ਦਾ ਕੋਈ  ਮਨੋਵਿਗਿਆਨਕ ਹੱਲ ਤਲਾਸ਼ ਕਰਨ  ਦੀ ਕੋਸ਼ਿਸ਼ ਕਰਦੀਆਂ ਵਿਖਾਈ ਦਿੰਦੀਆਂ ਹਨ।  ਇਸ ਤਰ੍ਹਾਂ ਵਾਸ ਤੇ ਪਰਵਾਸ ਨਾਲ ਜੁੜੇ  ਬਹੁਤ ਸਾਰੇ ਸਮਾਜਿਕ  ਮਸਲੇ ਇਹਨਾਂ ਕਹਾਣੀਆਂ ਰਾਹੀਂ  ਉਭਰ ਕੇ ਸਾਹਮਣੇ ਆਉਂਦੇ ਹਨ । 

                  ਮਰਹੂਮ ਲੇਖਕ ਐਸ. ਸਾਕੀ ਦੀਆਂ ਕਹਾਣੀਆਂ ਵਿੱਚਲੇ ਸਮਾਜਿਕ ਸਰੋਕਾਰ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਦੀ ਹੰਢਣਸਾਰਤਾ ਨੂੰ ਵਧਾਉਣ ਵਾਲੇ ਹਨ । ਉਸਦੀ ਕਹਾਣੀ  ‘ਸਨ ਹੈਲਪ ਮੀ’ ਬਜ਼ੁਰਗ ਮਾਪਿਆਂ ਪ੍ਰਤੀ ਆਪਣੇ ਫਰਜ਼ਾਂ ਨੂੰ ਭੁਲਦੀ ਜਾ ਰਹੀ ਨਵੀਂ ਪੀੜ੍ਹੀ ਨੂੰ ਮਾਪਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਤੀਬਰ  ਅਹਿਸਾਸ ਕਰਾਂਉਦੀ ਹੈ ।  ਕਹਾਣੀ ‘ਮੰਗਤੇ’  ਵਿਚਲੇ  ਮੁਸਲਮਾਨ ਆਫ਼ਤਾਬ  ਮੰਗਤੇ ਦਾ ਦੀਨ ਇਸ ਗੱਲ ਦੀ ਆਗਿਆ  ਨਹੀਂ ਦਿੰਦਾ ਕਿ ਉਹ ‘ਹੇ ਰਾਮ’  ਬੋਲ ਕੇ ਹਿੰਦੂ ਸ਼ਰਧਾਲੂਆਂ ਤੋਂ ਭੀਖ ਮੰਗੇ ਤਾਂ ਉਸਦਾ ਹਿੰਦੂ  ਦੋਸਤ ਕਸ਼ਮੀਰਾ  ਇਸ ਸਮੱਸਿਆ ਦਾ ਹੱਲ ਤਲਾਸ਼ਦਿਆਂ ਸੁਝਾਅ ਦਿੰਦਾ  ਹੈ ਕਿ ਉਹ ਇੱਕ ਵਾਰ ਉੱਚੀ ਸਾਰੀ ‘ਹੇ ਰਾਮ’ ਬੋਲ ਕੇ ਆਪਣੇ ਮਨ ਵਿਚ ‘ਅੱਲਾ ਹੂ ਅਕਬਰ’ ਕਹਿ ਲਿਆ ਕਰੇ । ਉਸਦੀ ਕਹਾਣੀ ‘ਨੰਗੀਆਂ ਲੱਤਾ ਵਾਲਾ ਮੁੰਡਾ’  ਵੀ  ਦੂਜਿਆਂ ਦਾ ਦੁੱਖ ਦਰਦ ਮਹਿਸੂਸ ਕਰਨ ਵਾਲੀਆਂ ਮਾਨਵੀ ਸੰਵੇਦਨਾਂ ਨੂੰ ਜਾਗ ਲਾਉਣ ਵਾਲੀ   ਹੈ। 

                   ਸ੍ਰੀਮਤੀ ਆਸ਼ਾ ਸਾਕੀ ਦੀਆਂ ਕਹਾਣੀਆਂ ਵਿਚਲੀ ਮਨੋਵਿਗਿਆਨਕ ਅਪੀਲ ਪਾਠਕਾਂ ਦੀਆਂ ਸੋਚਣ ਬਿਰਤੀਆਂ ਨੂੰ  ਹੋਰ ਗੰਭੀਰ ਲਿਆਉਣ  ਵਾਲੀ ਹੈ ।ਉਸਦੀ  ਕਲਾਸਿਕ ਕਹਾਣੀ ‘ਇੱਕ ਕਿੱਸੀ ਲੈ ਲਵਾਂ’  ਇਸ ਮਨੋਵਿਗਿਆਨਕ  ਧਾਰਨਾ ਦੀ ਪੁਸ਼ਟੀ  ਕਰਦੀ ਹੈ ਕਿ  ਬੱਚਿਆਂ ਨੂੰ ਆਪਣੇਪਣ ਦਾ ਅਹਿਸਾਸ ਕਰਵਾਕੇ ਹੀ ਉਹਨਾਂ ਨੂੰ  ਆਪਣੇ ਬਣਾਇਆ ਜਾ ਸਕਦਾ ਹੈ। ਕਹਾਣੀ ‘ਕਛੂਏ’ ਮਾਪਿਆਂ  ਨੂੰ ਸਲਾਹ ਦਿੰਦੀ ਹੈ ਕਿ ਉਹ  ਆਪਣੀ ਧੀ ਲਈ ਵਰ ਘਰ ਤਲਾਸ਼ ਕਰਨ  ਵੇਲੇ ਉਸ ‘ਤੇ ਆਪਣੀ ਮਰਜ਼ੀ ਨਾ ਥੋਪਣ ਸਗੋਂ    ਉਸਦੇ  ਮਨ ਦੀਆਂ ਭਾਵਨਾਵਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨ  । ਕਹਾਣੀ ‘ਪੰਜ ਫੁੱਟ ਪੰਜ ਇੰਚ ਦਾ ਬੌਣਾ ਕੱਦ’ ਇਸ ਸਮਾਜਿਕ ਧਾਰਨਾ ਦੀ ਸਥਾਪਨਾ  ਕਰਨ ਲਈ ਨਿਵੇਕਲੀਆਂ ਕਲਾ ਜੁਗਤਾਂ  ਵਰਤਦੀ ਹੈ ਕਿ ਹਰ  ਮਤਰੇਈ  ਮਾਂ  ਬੱਚਿਆ ਦੀ ਦੁਸ਼ਮਣ ਨਹੀਂ ਹੁੰਦੀ ਸਗੋਂ ਉਹ ਵੀ ਆਪਣੇ ਪਤੀ ਦੇ ਪਹਿਲੇ ਵਿਆਹ ਦੇ  ਬੱਚਿਆ ਨੂੰ ਆਪਣੇ ਢਿੱਡੋਂ ਜਨਮੇ ਬੱਚਿਆਂ ਵਾਂਗ ਹੀ ਪਿਆਰ ਕਰ ਸਕਦੀ ਹੈ।

                 ਜਸਬੀਰ ਆਹਲੂਵਾਲੀਆਂ ਦੀਆਂ ਕਹਾਣੀਆਂ  ਜ਼ਿੰਦਗੀ ਦੇ  ਗੁਆਚੇ  ਸਹਿਜ  ਸੁਹਜ ਤੇ  ਸਕੂਨ  ਦੀ ਤਲਾਸ਼ ਵਿਚ ਹਨ।  ਉਸਦੀ ਕਹਾਣੀ ‘ਦੋ ਕੱਪ ਚਾਹ’  ਰੂਹ ਦੇ ਹਾਣੀ ਦੇ ਸਾਥ ਤੋਂ  ਬਿਨਾਂ ਲੰਘ ਰਹੀ ਜ਼ਿੰਦਗੀ ਦੀ ਤੁਲਣਾ ਘਸੀਟ ਕੇ ਲਿਜਾਣ ਵਾਲੇ  ਇੱਕ ਪਹੀਆ ਸੂਟਕੇਸ ਨਾਲ ਕਰਦੀ ਹੈ । ਕਹਾਣੀ ‘ਇਹ ਕਿਹੀ ਅੱਗ’ ਦੇ ਪਾਤਰ ਦੇਸ਼ ਵਿਚ ਬਲ ਰਹੀ ਫਿਰਕੂ ਤੇ  ਨਫਰਤੀ ਅੱਗ ਦੇ ਸੇਕ ਤੋਂ ਬਚਣ ਦੀ ਕੋਸ਼ਿਸ਼ ਕਰਦੇ ਵਿਖਾਈ ਦਿੰਦੇ  ਹਨ। ਕਹਾਣੀ ‘ਕੈਫੇ ਵਾਲੀ ਜੈਸਿਕਾ’ ਦੀ ਮੁੱਖ ਪਾਤਰ ਜੈਸਿਕਾ     ਸੁਰਜੀਤ ਵੱਲੋਂ ਪਿਓ ਵਾਂਗ ਉਸਦੇ ਸਿਰ ‘ਤੇ ਹੱਥ ਰੱਖੇ ਜਾਣ ਤੇ ਵਿਸ਼ੇਸ਼  ਰੂਪ ਵਿਚ ਰਾਹਤ ਮਹਿਸੂਸ ਕਰਦੀ  ਹੈ। ਕਹਾਣੀ ‘ਰਿਸਦੇ ਜ਼ਖਮ’  ਮਾਨਸਿਕ ਪੀੜਾਂ ਤੇ ਰਿਸਦੇ ਜ਼ਖਮਾਂ ਤੋਂ ਨਿਜਾਤ ਪਾਉਣ ਦਾ ਰਾਹ ਦੱਸਦਿਆਂ ਆਖਦੀ ਹੈ ਕਿ ਜ਼ਖਮ ਦੇਣ ਵਾਲਿਆਂ ਨੂੰ ਦਿੱਲੋਂ  ਮੁਆਫ ਕਰ ਦਿੱਤਾ ਜਾਵੇ । 

              ਚਰਨਜੀਤ ਸਿੰਘ ਮਿਨਹਾਸ  ਚੁਸਤ ਤੇ ਕਟਾਖਸੀ ਭਾਸ਼ਾ ਕਹਾਣੀਆਂ  ਲਿਖਣ  ਵਾਲਾ ਮਨੋਵਿਗਿਆਨਕ  ਕਹਾਣੀਕਾਰ ਹੈ। ਉਹ  ਬਦਲਦੇ ਸਮੇਂ  ਤੇ ਸਥਿਤੀਆਂ ਅਨੁਸਾਰ ਆਪਣੇ ਪਾਤਰਾਂ ਦੀ ਬਦਲਦੀ ਮਨੋ ਅਵਸਥਾ ਤੇ  ਅੰਤਰਦਵੰਦਾ ਨੂੰ ਮਹੀਨ ਕਲਮੀ ਛੋਹਾਂ ਰਾਹੀਂ ਰੂਪਮਾਨ ਕਰਨ ਵਿੱਚ ਵਿਸ਼ੇਸ਼  ਮੁਹਾਰਤ  ਰੱਖਦਾ  ਹੈ। ਕਹਾਣੀ  ’ਪਤਾ ਨਹੀਂ ਕਿਥੇ ਜਾਊਗਾ’ ਦੇ ਪਾਤਰ  ਬਿਲੂ  ਤੇ  ਕਹਾਣੀ ‘ਸ਼ਨਾਖਤ ਕਰਨੀ ਹੈ’ ਦੇ ਪਾਤਰ ਕਰਨ  ਨੂੰ ਜਦੋਂ ਜੀਵਨ ਦੀਆਂ   ਅਣ- ਕਿਆਸੀਆਂ   ਸਥਿਤੀਆਂ  ਦਾ ਸਾਹਮਣਾ ਕਰਨਾ ਪੈਂਦਾ ਹੈ  ਉਹਨਾਂ ਦੀ  ਮਾਨਸਿਕਤਾ ਸਿਰਫ਼ ਉਤੇਜਿਤ ਹੀ ਨਹੀਂ ਹੁੰਦੀ  ਸਗੋਂ ਪ੍ਰਤੀਕਿਰਿਆ ਵਾਦੀ ਵੀ ਬਣ ਜਾਂਦੀ ਹੈ। ਕਹਾਣੀ  ‘ਇਹ ਮੇਰੇ ਨਾਲ ਹੀ ਕਿਉਂ’ ਦਾ ਪਾਤਰ ਰਾਹੁਲ ਜਦੋਂ ਫਿਰਕੂ ਦੰਗਿਆਂ ਦੌਰਾਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸਦੀ ਵਿਧਵਾ ਭਰਜਾਈ  ਉਸ ਨਾਲ ਰਿਸ਼ਤੇ ਨੂੰ ਲੈ ਕੇ ਨਵੇਂ  ਦਵੰਦ ਦੀ ਸ਼ਿਕਾਰ ਹੋ ਜਾਂਦੀ ਹੈ। ਇਸ ਸਮੇ ਉਸਨੂੰ ਸਮਝ ਨਹੀ ਆਉਂਦਾ  ਕਿ ਉਹ ਰਾਹੁਲ ਦੀ ਸਲਾਮਤੀ ਲਈ ਪ੍ਰਾਰਥਨਾ ਆਪਣੇ ਹਿੱਤ ਲਈ ਕਰ ਰਹੀ ਹੈ ਜਾ ਉਸਦੀ ਪ੍ਰੇਮਿਕਾ ਰੋਜ਼ੀ ਦੇ ਹਿੱਤ  ਲਈ।                 

                       ਭਾਵੇਂ  ਡਾ. ਕੰਵਲ ਸਿੱਧੂ ਦੀਆਂ ਕਹਾਣੀਆਂ ਦੀਆਂ ਸੰਗਠਾਨਤਮਕ ਜੁਗਤਾਂ ਯਥਾਰਥਕ ਧਰਾਤਲ ‘ਤੇ ਘੱਟ ਤੇ  ਮੌਕਾ ਮੇਲ ਤੇ ਵੱਧ ਆਸ਼ਰਿਤ ਵਿਖਾਈ ਦਿੰਦੀਆਂ ਹਨ ਪਰ ਇਹ ਮੌਕਾ ਮੇਲ ਮਨੁੱਖਤਾ ਦਾ ਪੱਖ ਪੂਰਨ ਵਾਲਾ ਹੈ ।  ਕਹਾਣੀ ‘ਇਕ ਹੋਰ ਸੰਯੋਗ’ ਵਿੱਚ  ਬਿਰਤਾਂਤਕਾਰ ਪਾਤਰ ਤੇ ਫੋਟੋਗ੍ਰਾਫਰ ਕੁੜੀ ਦੇ ਵਿਆਹ ਦੀ ਗੱਲ ਤਾਂ ਚਲਦੀ ਹੈ ਪਰ ਇਹ  ਸਿਰੇ ਨਹੀਂ ਚੜ੍ਹਦੀ। ਜਦੋ ਦੋਵੇਂ ਤਲਾਕਸ਼ੁਦਾ ਜੀਵਨ ਜਿਉਂ ਰਹੇ ਹੁੰਦੇ ਹਨ ਤਾਂ ਕਹਾਣੀ  ਫਿਰ ਤੋਂ ਉਨ੍ਹਾਂ ਦੇ  ਇੱਕਠੇ ਹੋਣ ਦਾ ਸੰਯੋਗ ਬਣਾਉਣ ਦੀ ਜੁਗਤ ਸਿਰਜ ਲੈਂਦੀ ਹੈ। । ਕਹਾਣੀ ‘ਘਰ ਦੀਆਂ ਚਾਬੀਆਂ’ ਵਿਚਲੇ ਦੋਸਤਾਂ ਜਗਜੀਤ ਸਿੰਘ ਤੇ ਅਲੀਬਖਸ਼  ਭਰਾਵਾਂ ਵਰਗੀ ਦੋਸਤ ਹਨ । ਜਦੋਂ   ਭਾਰਤ ਪਾਕਿ ਦੀ ਵੰਡ ਉਹਨਾਂ ਨੂੰ  ਆਪਸ ਵਿਚ ਵਿਛੋੜ ਦਿੰਦੀ ਹੈ ਤਾਂ  ਵਿਦੇਸ਼ੀ ਮੁਲਕ ਅਮਰੀਕਾ ਦੀ ਧਰਤੀ  ਇਕ ਵਾਰ ਫਿਰ ਦੋਵਾਂ ਪਰਿਵਾਰਾਂ ਨੂੰ  ਇੱਕਠੇ  ਕਰ ਦਿੰਦੀ ਹੈ।  ਕਹਾਣੀ ‘ਮੁਕਾਬਲਾ’ ਵਿਚ ਪੈਦਾ ਹੋਇਆ ਕੁਦਰਤੀ ਮੌਕਾ ਮੇਲ    ਮਾਸਟਰ ਸੁਰਜੀਤ ਸਿੰਘ ਲਈ ਅਜਿਹੀ ਸਥਿਤੀ ਦੀ ਸਿਰਜਣਾ ਕਰਦਾ ਹੈ ਕਿ ਉਹ ਆਪਣੇ ਭਰਾ  ਗੁਰਪ੍ਰੀਤ ਦੇ ਕਾਤਲ ਛਿੰਦੇ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦਿਆਂ ਵੇਖ ਸਕੇ। 

                              ਸੰਨੀ ਧਾਲੀਵਾਲ ਦੀਆਂ ਕਹਾਣੀਆਂ ਦਾ ਫੋਕਸ ਇਸ ਗੱਲ ਤੇ ਬਣਦਾ  ਹੈ ਕਿ ਮਨੁੱਖ  ਅਵਚੇਤਨ ਵਿਚ ਪਏ ਪਿਛੋਕੜੀ  ਸੰਸਕਾਰ ਉਸਦੇ ਵਰਤਮਾਨ ਨੂੰ ਵੀ ਲਾਜ਼ਮੀ ਤੌਰ ‘ਤੇ  ਪ੍ਰਭਾਵਿਤ ਕਰਦੇ ਹਨ।ਉਸਦੀ   ਕਹਾਣੀ ‘ਰਤਨਾ ਨੰਬਰਦਾਰ ’ ਅਨੁਸਾਰ ਇਹ   ਸੰਸਕਾਰ  ਸਾਨੂੰ ਆਪਣੇ  ਘਰ  ਵਿਚ ਦੂਜੀ ਜਾਤ  ਨਾਲ ਸਬੰਧਤ  ਨੂੰਹ ਲਿਆਉਣ ਦੀ ਇਜ਼ਾਜਤ ਤਾਂ  ਹਨ ਪਰ ਆਪਣੀ ਧੀ ਭੈਣ  ਦਾ ਰਿਸ਼ਤਾ ਕਿਸੇ ਦੂਜੀ  ਜਾਤ ਦੇ ਮੁੰਡੇ ਨਾਲ ਕਰਨ ਦੇ ਮਾਮਲੇ ਵਿੱਚ ਅਸੀਂ  ਅਜੇ ਵੀ  ਬਹੁਤ ਰੂੜ੍ਹੀਵਾਦੀ  ਹਾਂ ।  ਕਹਾਣੀ ‘ਮੌਮ ਆਈ ਐਂ ਸਾਰੀ’ ਮੁਤਾਬਿਕ   ਸਮਲਿੰਗੀ ਰਿਸ਼ਤਿਆਂ ਨੇ ਭਾਵੇ  ਕਾਨੂੰਨੀ ਮਾਨਤਾ ਪ੍ਰਾਪਤ ਕਰ ਲਈ ਹੈ ਪਰ ਸਾਡੀਆਂ ਸਮਾਜਿਕ ਸੰਸਥਾਵਾਂ  ਇਸ ਰਿਸ਼ਤੇ ਨੂੰ ਆਪਣੀ ਮਾਨਸਿਕ ਸਵਕ੍ਰਿਤੀ ਦੇਣ ਲਈ ਤਿਆਰ  ਨਹੀਂ। ਕਹਾਣੀ ‘ਵਕਤ ਦੇ ਰੰਗ’ ਵਿੱਚਲਾ ਬਹਾਦਰ ਇੱਕ ਪੜ੍ਹਿਆ ਲਿਖਿਆ ਤੇ  ਹੋਣਹਾਰ ਨੌਜਵਾਨ ਹੈ ਪਰ ਵਕਤ ਦੇ ਰੰਗ ਉਸਨੂੰ ਬਦਲਾਖੋਰੀ ਦੇ ਰਾਹ ‘ਤੇ ਤੋਰਦਿਆਂ  ਉਸਦੀ ਪਛਾਣ ਇਕ ਖਾੜਕੂ ਜਾ ਦਹਿਸ਼ਤਪਸੰਦ ਨੌਜਵਾਨ ਵਜੋਂ ਬਣਾ ਦਿੰਦੇ ਹਨ।   

                   ਰਵਿੰਦਰ ਸਿੰਘ ਸੋਢੀ ਦੀਆਂ  ਕਹਾਣੀਆਂ  ਮਨੁੱਖ ਮਨੁੱਖਤਾ ਤੇ ਮਨੁੱਖੀ ਕਦਰਾਂ ਦੇ ਵਿਕਾਸ ਵਿਚ ਬਾਧਕ  ਬਣਦੀਆਂ ਸਮਾਜਿਕ  ਕਦਰਾਂ ਕੀਮਤਾਂ ਨੂੰ ਕਈ ਤਰ੍ਹਾਂ ਦੇ ਸੁਆਲਾਂ ਦੇ ਘੇਰੇ ਵਿਚ ਲਿਆਉਂਦੀਆਂ ਹਨ। ਕਹਾਣੀ ‘ਹਾਏ ਵਿਚਾਰੇ ਬਾਬਾ ਜੀ’  ਬਾਬਾਗਿਰੀ ਦੇ ਕਿੱਤੇ  ‘ਤੇ ਨਿਸ਼ਾਨਾ  ਸਾਧਦਿਆਂ  ਇਸਦੀਆਂ ਕਾਰਪੋਰਟ ਜਗਤ ਨਾਲ ਜੁੜਦੀਆਂ ਤਾਰਾਂ ਨੂੰ  ਵੀ ਆਪਣੀ ਕਟਾਖਸ਼ ਦਾ ਨਿਸ਼ਾਨਾ ਬਣਾਉਂਦੀ ਹੈ ।ਕਹਾਣੀ ‘ਮੁਰਦਾ ਖਰਾਬ ਨਾ ਕਰੋਂ’  ਪੁਲਿਸ ਮੁਕਾਬਲਿਆਂ  ਨੂੰ ਗੈਂਗਸ਼ਟਰਾਂ  ਦੇ ਖਾਤੇ ਵਿਚ ਪਾਉਣ  ਵਾਲੀਆਂ ਪੁਲਸੀਆਂ   ਚੁਸਤ  ਚਲਾਕੀਆਂ ਦਾ ਪਰਦਾਫਾਸ ਕਰਦੀ ਹੈ। ਕਹਾਣੀ ‘ਤੂੰ ਆਪਣੇ  ਵੱਲ ਵੇਖ’ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ ਬਿਨਾਂ  ਦੂਜਿਆਂ ਦੀ ਛੋਟੀ ਜਿਹੀ ਗਲਤੀ ਦੀ ਵੱਡੀ ਸਜ਼ਾ ਦੇਣ ਵਾਲੀ ਮਨੁੱਖੀ  ਪ੍ਰਵਿਰਤੀ ਤੇ ਵਿਅੰਗ ਕਰਦੀ ਹੈ ।  ਕਹਾਣੀ ‘ਉਹ ਕਿਉ ਆਈ ਸੀ’ ਇਸ ਸਵਾਲ ਦਾ ਜੁਆਬ ਤਲਾਸ਼ਦੀ  ਹੈ ਕਿ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਲੋਕ  ਇਸ ਬਰਬਾਦੀ ਤੇ ਅਫਸੋਸ ਕਿਹੜੇ ਮੂੰਹ ਨਾਲ ਕਰਦੇ ਹਨ? 

                  ਇਸ ਪੁਸਤਕ ਵਿਚ  ਨਵੇਂ ਤੇ ਪੁਰਾਣੇ ਦੋਵਾਂ  ਵਰਗਾਂ ਦੇ ਕਹਾਣੀਕਾਰਾਂ ਦੀਆਂ ਕਹਾਣੀਆਂ  ਸ਼ਾਮਿਲ ਹਨ। ਕਹਾਣੀਆਂ ਦੀ ਚੋਣ ਕਰਨ ਵੇਲੇ ਕਹਾਣੀਕਾਰ ਦੇ ਨਾਂ ਨਾਲੋਂ ਉਸਦੀਆਂ  ਕਹਾਣੀਆਂ ਦੀ  ਗੁਣਵੱਤਾ ਵੱਲ ਵਧੇਰੇ ਧਿਆਨ ਦਿੱਤਾ ਹੈ।  ਇਹਨਾਂ ਕਹਾਣੀਆਂ ਰਾਹੀਂ ਪਰਵਾਸੀ  ਪੰਜਾਬੀ  ਕਹਾਣੀ  ਬਾਰੇ ਬਣਦਾ ਸਮੁੱਚਾ ਪ੍ਰਭਾਵ  ਵੱਡੀ ਮਾਨਸਿਕ ਰਾਹਤ ਦੇਣ ਵਾਲਾ ਹੈ ਕਿ ਪਰਾਈ ਧਰਤੀ  ਤੇ ਬੈਠੇ ਕਹਾਣੀਕਾਰ ਪੰਜਾਬੀ  ਕਹਾਣੀ ਦੀ ਅਮੀਰੀ ਵਿੱਚ ਵਾਧਾ ਕਰਨ ਲਈ ਪੂਰੀ ਤਨਦੇਹੀ ਨਾਲ ਆਪਣਾ ਯੋਗਦਾਨ ਪਾ ਰਹੇ ਹਨ।  ਭਾਵੇਂ ਕੁਝ ਕਹਾਣੀਆਂ ਦੀਆਂ ਸੰਗਠਾਤਮਕ ਤੇ ਕਲਾਤਮਿਕ  ਜੁਗਤਾਂ ਨਵੀ ਪੰਜਾਬੀ ਕਹਾਣੀ ਨਾਲ ਵਰ ਨਹੀਂ ਮੇਚਦੀਆਂ ਪਰ ਕੁਲ ਮਿਲਾ ਕੇ  ਇਹ ਸੰਗ੍ਰਹਿ ਪਰਵਾਸੀ ਪੰਜਾਬੀ ਕਹਾਣੀ ਬਾਰੇ  ਬਾਰੇ ਪਾਠਕੀ ਮਾਨਸਿਕਤਾ ਤੇ ਬੱਝਵਾਂ ਤੇ ਸਕਾਰਤਮਕ  ਪ੍ਰਭਾਵ ਪਾਉਣ ਵਾਲਾ ਹੈ।