ਸਭ ਰੰਗ

  •    ਚੱਲਣਾ ਹੀ ਜ਼ਿੰਦਗੀ ਹੈ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਜ਼ਿੰਦਗੀ ਦੇ ਸੰਘਰਸ਼ਾਂ ਵਲ ਸੇਧਿਤ ਨਾਵਲ -- ਪ੍ਰੀਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਵਾਸ -ਪਰਵਾਸ ਨਾਲ ਜੁੜੀਆਂ ਮਨੋ- ਸਮਾਜਿਕ ਸਮੱਸਿਆਵਾਂ ਦਾ ਹੱਲ ਤਲਾਸ਼ਦੀਆਂ ਕਹਾਣੀਆਂ - ਹੁੰਗਾਰਾ ਕੌਣ ਭਰੇ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਮਾਂ-ਬੋਲੀ ਨੂੰ ਸਭ ਤਂ ਵੱਡਾ ਖਤਰਾ ਮਾਪਿਆਂ ਤੋਂ ਹੀ ਹੈ / ਸੰਜੀਵ ਝਾਂਜੀ (ਲੇਖ )
  •    ਪੇਂਡੂ ਅਤੇ ਸ਼ਹਿਰੀ ਬਿਮਾਰੀਆਂ ਨੇ ਕਿੰਝ ਮਨਾਇਆ ' ਐਪਰਲ ਫੂਲ ' / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਸੰਘਰਸ਼ ਦੀ ਗਾਥਾ ਹੈ - ‘ਹਨੇਰੇ ਰਾਹ’ / ਭੁਪਿੰਦਰ ਸਿੰਘ ਬਰਗਾੜੀ (ਪੁਸਤਕ ਪੜਚੋਲ )
  • ਨਾਨਕੇ ਜਾਣ ਦਾ ਚਾਅ (ਪਿਛਲ ਝਾਤ )

    ਸਤਿੰਦਰ ਸਿੰਘ ਓਠੀ   

    Email: satinders137@gmail.com
    Cell: +91 99882-21227
    Address: ਦਿੱਲੀ ਪਬਲਿਕ ਸਕੂਲ,
    ਅੰਮ੍ਰਿਤਸਰ India
    ਸਤਿੰਦਰ ਸਿੰਘ ਓਠੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਿਦਿਆਰਥੀਆਂ ਨੂੰ ਕਿੱਥੇ ਜਾਣ ਬਾਰੇ ਪੁੱਛਿਆ ਤਾਂ ਹਰ ਇੱਕ ਬੱਚੇ ਨੇ ਆਪੋ-ਆਪਣੀ ਪਸੰਦ ਦੀ ਜਗ੍ਹਾ 'ਤੇ ਜਾਣ ਬਾਰੇ ਦੱਸਿਆ। ਮੈਨੂੰ ਹੈਰਾਨੀ ਤਾਂ ਇਸ ਗੱਲ ਦੀ ਹੋਈ ਕਿ ਨਾਨਕੇ ਜਾਣ ਵਾਲੇ ਬੱਚੇ ਬਹੁਤ ਘੱਟ ਸਨ ਪਰ ਘੱਟ ਬੱਚਿਆਂ ਦੇ ਵੀ ਨਾਨਕੇ ਜਾਣ ਦੇ ਉਤਸ਼ਾਹ ਅਤੇ ਜੋਸ਼ ਨੂੰ ਦੇਖ ਕੇ ਮੈਨੂੰ ਵੀ ਬਚਪਨ ਵਿੱਚ ਆਪਣੇ ਨਾਨਕੇ ਪਿੰਡ ਗੁਜ਼ਾਰੀਆਂ ਛੁੱਟੀਆਂ ਯਾਦ ਆ ਗਈਆਂ। ਗਰਮੀਆਂ, ਸਰਦੀਆਂ ਜਾਂ ਵਾਢੀਆਂ ਦੀਆਂ ਛੁੱਟੀਆਂ ਹੋਣ 'ਤੇ ਮੈਨੂੰ ਵੀ ਸਾਰੇ ਬੱਚਿਆਂ ਵਾਂਗ ਨਾਨਕੇ ਪਿੰਡ ਜਾਣ ਦਾ ਚਾਅ ਚੜ੍ਹ ਜਾਂਦਾ ਸੀ। ਘਰ ਤੋਂ ਨਾਨਕਾ ਪਿੰਡ ਸੱਤ-ਅੱਠ ਮੀਲ ਹੀ ਦੂਰ ਹੋਣ ਕਰਕੇ ਮੈਂ ਅਕਸਰ ਸਾਈਕਲ 'ਤੇ ਖ਼ੁਸ਼ੀ-ਖ਼ੁਸ਼ੀ ਤੇ ਚਾਵਾਂ ਨਾਲ ਭਰਿਆ ਤੁਰ ਪੈਂਦਾ। ਇਸ ਸਮੇਂ ਅਜੀਬ ਜਿਹੀ ਖੁਸ਼ੀ ਮਿਲਦੀ।
    ਰਸਤੇ ਵਿਚਲੀ ਹਰ ਚੀਜ਼ ਪਤਾ ਨਹੀਂ ਕਿਉਂ ਪਿਆਰੀ-ਪਿਆਰੀ ਲੱਗਦੀ। ਸਾਈਕਲ ਚਲਾਉਂਦਿਆਂ ਨਾਨਕੇ ਘਰ ਦਾ ਨਕਸ਼ਾ ਅੱਖਾਂ ਸਾਹਵੇਂ ਆ ਜਾਂਦਾ ਕਿ ਕਿਵੇਂ ਹਰ ਮੈਂਬਰ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੈ, ਕਿਵੇਂ ਵੱਡਿਆਂ ਨੂੰ ਮੱਥਾ ਟੇਕਣਾ ਹੈ ਅਤੇ ਫਿਰ ਕੀ ਕੁਝ ਖਾਣਾ ਪੀਣਾ ਹੈ ਆਦਿ। ਨਾਨਾ - ਨਾਨੀ ਅਤੇ ਮਾਮੇ - ਮਾਮੀਆਂ ਦੇ ਲਾਡ ਪਿਆਰ ਨੂੰ ਯਾਦ ਕਰਦਿਆਂ- ਕਰਦਿਆਂ ਮੈਂ ਨਾਨਕੇ ਪਿੰਡ ਜਾ ਪਹੁੰਚਦਾ। ਪਿੰਡ ਵਿਚ ਮਿਲਦਾ ਹਰ ਸ਼ਖ਼ਸ ਨਾਨਕੇ ਪਰਿਵਾਰ ਦਾ ਹੀ ਜੀਅ ਪ੍ਰਤੀਤ ਹੁੰਦਾ। ਓਥੇ ਪਹੁੰਚ ਕੇ ਜੋ ਅਗੰਮੀ ਖ਼ੁਸ਼ੀ ਮਿਲਦੀ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦੀ। ਨਾਨੀ ਦੁਆਰਾ ਲਿਆ ਮਮਤਾ ਨਾਲ ਭਿੱਜਾ ਚੁੰਮਣ ਕਿਸੇ ਭਾਰੀ ਤਪੱਸਿਆ ਦੇ ਇਵਜ਼ਾਨੇ ਵਜੋਂ ਮਿਲੇ ਫ਼ਲ ਵਾਂਗ ਲੱਗਦਾ।
    ਇਸ ਲਾਡ -ਪਿਆਰ ਨਾਲ ਸਾਰੇ ਸਫ਼ਰ ਦਾ ਥਕੇਵਾਂ ਲਹਿ ਜਾਂਦਾ। ਫਿਰ ਸ਼ੁਰੂ ਹੋ ਜਾਂਦੀ ਦੋਹਤਰੇ ਦੀ ਸੇਵਾ। ਇੱਕ ਤੋਂ ਬਾਅਦ ਇੱਕ ਖਾਣ - ਪੀਣ ਵਾਲੀਆਂ ਚੀਜ਼ਾਂ ਡਿੱਕ ਚਾੜ੍ਹੀ ਰੱਖਦੀਆਂ। ਦੁੱਧ ,ਦਹੀਂ, ਲੱਸੀ, ਮੱਖਣ, ਗੰਨੇ ਦਾ ਰਸ, ਪਕੌੜੇ ਤੇ ਅੰਬੀਆਂ ਆਦਿ ਖਾਣ ਦੇ ਦ੍ਰਿਸ਼ ਨੂੰ ਯਾਦ ਕਰ ਕੇ ਇਸ ਵਕਤ ਨਾਨਕ ਸਿੰਘ ਦੀ ਕਹਾਣੀ 'ਭੂਆ' ਯਾਦ ਆਉਂਦੀ ਹੈ, ਜਿਸ ਵਿੱਚ ਲੇਖਕ ਆਪਣੀ ਭੂਆ ਦੇ ਘਰ ਜਾਂਦਾ ਹੈ ਅਤੇ ਭੂਆ ਦੁਆਰਾ ਆਪਣੇ ਭਤੀਜੇ ਦੀ ਹੱਦੋਂ ਵੱਧ ਖਾਣ-ਪੀਣ ਦੀਆਂ ਚੀਜ਼ਾਂ ਨਾਲ ਟਹਿਲ - ਸੇਵਾ ਕਰਨ ਬਾਰੇ ਬੜਾ ਤਲਖ਼ ਤਜ਼ਰਬਾ ਬਿਆਨ ਕੀਤਾ ਹੈ। ਲੇਖਕ ਦੀ ਭੂਆ ਆਪਣੇ ਭਤੀਜੇ ਨੂੰ ਨਾਂਹ ਕਰਨ ਦੇ ਬਾਵਜੂਦ ਵੀ ਦੁੱਧ -ਘਿਓ, ਪਰੌਂਠੇ, ਮੱਖਣ ਅਤੇ ਸੇਵੀਆਂ ਆਦਿ ਨਾਲ ਏਨਾ ਰਜਾ ਦੇਂਦੀ ਹੈ ਕਿ ਉਸ ਨੂੰ ਇਨ੍ਹਾਂ ਸਭ ਚੀਜ਼ਾਂ ਤੋਂ ਫਿਰ ਵੀ ਖਲਾਸੀ ਨਹੀਂ ਮਿਲਦੀ। ਭੂਆ ਇੰਨਾ ਕੁਝ ਖੁਆ - ਪਿਆ ਕੇ ਵੀ ਕਹਿੰਦੀ ਹੈ ਕਿ ਉਸ ਕੋਲੋਂ ਆਪਣੇ ਭਤੀਜੇ ਦੀ ਸੇਵਾ ਵਿੱਚ ਕਮੀ ਰਹਿ ਗਈ ਹੈ। ਕੁਝ ਇਹੋ ਜਿਹਾ ਹੀ ਮੇਰੇ ਨਾਲ ਵਾਪਰਦਾ। ਚਾਰੇ ਮਾਮੇ ਘਰੋਂ ਅੱਡ ਹੋਣ ਕਰਕੇ ਜਦੋਂ ਹਰੇਕ ਦੇ ਘਰ ਜਾਂਦਾ ਤਾਂ ਬਹੁਤ ਕੁਝ ਖੁਆ ਪਿਆ ਕੇ ਵੀ ਉਨ੍ਹਾਂ ਨੂੰ ਆਪਣੇ ਭਾਣਜੇ ਦੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਮਹਿਸੂਸ ਹੁੰਦੀ। 
    ਮੈਨੂੰ ਯਾਦ ਹੈ ਇੱਕ ਵਾਰ ਮੇਰੇ ਮਸੇਰੇ ਭੈਣ - ਭਰਾ ਵੀ ਨਾਨਕੇ ਸਰਦੀਆਂ ਦੀਆਂ ਛੁੱਟੀਆਂ ਵਿੱਚ ਆਏ ਹੋਏ ਸਨ। ਸਿਆਲਾਂ ਦਾ ਮੌਸਮ ਹੋਣ ਕਰਕੇ ਠੰਢ ਪੂਰੇ ਜ਼ੋਰਾਂ 'ਤੇ ਸੀ। ਨਾਲ ਹੀ ਬਰਸਾਤ ਵੀ ਸ਼ੁਰੂ ਹੋ ਗਈ। ਗੜੇ ਵੀ ਬਹੁਤ ਪਏ। ਵਿਹੜੇ ਵਿਚ ਗਿੱਟਿਆਂ ਤੱਕ ਗੜੇ ਚੜ੍ਹੇ ਹੋਏ ਸਨ। ਅਸੀਂ ਇਨ੍ਹਾਂ ਗੜਿਆਂ ਨਾਲ ਖੇਡ ਕੇ ਖ਼ੁਸ਼ੀ ਮਨਾਉਣੀ ਚਾਹੁੰਦੇ ਸਾਂ ਪਰ ਸਾਡੀ ਨਾਨੀ ਨੇ ਠੰਡ ਦੇ ਡਰੋਂ ਸਾਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਤਾਕੀਦ ਕੀਤੀ ਕਿ ਗੜਿਆਂ ਦੀ ਠੰਢ ਬਹੁਤ ਭੈੜੀ ਹੁੰਦੀ ਹੈ। ਸਾਡੇ ਲੱਖ ਤਰਲੇ ਕੱਢਣ 'ਤੇ ਵੀ ਨਾਨੀ ਨੇ ਕੁੰਡਾ ਨਾ ਖੋਲ੍ਹਿਆ। ਸਾਨੂੰ ਰਜਾਈ ਵਿੱਚ ਬੈਠਿਆਂ ਗਰਮ - ਗਰਮ ਚਾਹ ਪੀਣ ਦੀ ਹਦਾਇਤ ਕੀਤੀ। ਉਹ ਦਿਨ ਅੱਜ ਤੱਕ ਨਹੀਂ ਭੁੱਲਦਾ। ਬਚਪਨ ਵਿੱਚ ਨਾਨੀ ਦੁਆਰਾ ਕੀਤੀ ਮੇਰੀ ਪਿਟਾਈ ਮੈਨੂੰ ਅੱਜ ਵੀ ਯਾਦ ਏ। 
    ਨਾਨਕਿਆਂ ਦੇ ਘਰ ਦੇ ਪਿਛਾੜੀ ਅੰਬਾਂ ਦੇ ਬੂਟੇ ਸਨ ਜੋ ਅੱਜ ਵੀ ਹਨ। ਇੱਕ ਦਿਨ ਮੈਂ ਸਿਖਰ ਦੁਪਹਿਰੇ ਨਾਨੀ ਦੁਆਰਾ ਮਨ੍ਹਾਂ ਕੀਤੇ ਜਾਣ ਦੇ ਬਾਵਜੂਦ ਵੀ ਟਪੂਸੀ ਮਾਰ ਕੇ ਅੰਬ ਦੇ ਬੂਟੇ 'ਤੇ ਜਾ ਚੜ੍ਹਿਆ। ਇਸ ਉਮਰੇ ਰੁੱਖਾਂ ਤੇ ਧਿਆਨ ਨਾਲ ਚੜ੍ਹਨ ਦੀਆਂ ਤਾਕੀਦਾਂ ਨੂੰ ਕੌਣ ਮੰਨਦਾ ਏ। ਇਕ ਟਹਿਣੀ ਦੇ ਧੁਰ ਉੱਪਰ ਇੱਕ ਪੱਕਾ ਹੋਇਆ ਅੰਬ ਸੀ, ਜਿਸ ਨੂੰ ਤੋੜਨ ਲਈ ਮੈਂ ਪਤਲੀਆਂ - ਪਤਲੀਆਂ ਟਹਿਣੀਆਂ 'ਤੇ ਟਪੂਸੀਆਂ ਮਾਰਦਾ ਚੜ੍ਹ ਗਿਆ ਅਤੇ ਅਚਾਨਕ ਇੱਕ ਪਤਲੀ ਟਾਹਣੀ ਮੇਰੇ ਪੈਰਾਂ ਹੇਠੋਂ ਟੁੱਟ ਗਈ। ਮੈਂ ਧੜੰਮ ਕਰਦਾ ਹੇਠਾਂ ਜ਼ਮੀਨ 'ਤੇ ਡਿੱਗ ਪਿਆ। ਜਦੋਂ ਨਾਨੀ ਨੂੰ ਪਤਾ ਲੱਗਾ ਤਾਂ ਉਹ ਦੌੜ ਕੇ ਮੇਰੇ ਕੋਲ ਆਈ। ਉਸ ਨੇ ਪਹਿਲਾਂ ਮੈਨੂੰ ਪਾਣੀ ਪਿਲਾਇਆ ਅਤੇ ਜਦੋਂ ਉਸ ਨੇ ਵੇਖਿਆ ਕਿ ਮੈਂ ਠੀਕ - ਠਾਕ ਹਾਂ ਤਾਂ ਫਿਰ ਜੂੜਿਓਂ ਫੜ੍ਹ ਕੇ ਮੇਰੀ ਖ਼ੂਬ ਸੇਵਾ ਕੀਤੀ ਅਤੇ ਕਹਿਣਾ ਨਾ ਮੰਨਣ ਬਾਰੇ ਪੁੱਛਿਆ।
    ਇਸੇ ਤਰ੍ਹਾਂ ਮਾਮੇ ਦੇ ਮੋਢੇ 'ਤੇ ਚੜ੍ਹ ਕੇ ਨਾਨਕ ਚੱਕ ਦਾ ਮੇਲਾ ਦੇਖਣ ਜਾਣਾ, ਬੰਬੀ ਦੇ ਚੁਬੱਚੇ ਤੇ ਆਡ ਵਿੱਚ ਨਹਾਉਣਾ, ਵੇਲਣੇ ਦੀ ਗਾੜ੍ਹੀ ਗੇੜ੍ਹ ਕੇ ਗੰਨੇ ਦਾ ਰਸ ਕੱਢਣਾ ਆਦਿ ਘਟਨਾਵਾਂ ਮੇਰੀ ਯਾਦਾਂ ਦੀ ਪੱਟੀ ’ਤੇ ਉੱਕਰੀਆਂ ਹੋਈਆਂ ਹਨ । ਬੱਚਿਆਂ ਦੇ ਮਨਾਂ ਵਿੱਚ ਮਾਮੇ ਪਿੰਡ ਜਾਂ ਨਾਨਕੇ ਪਿੰਡ ਜਾਣ ਦੇ ਮੋਹ ਨੂੰ ਦੇਖ ਕੇ ਆਪਣੇ ਅਤੀਤ ਨੂੰ ਯਾਦ ਕਰਕੇ ਮਹਿਸੂਸ ਹੁੰਦਾ ਹੈ ਕਿ ਨਾਨਕੇ ਪਿੰਡ ਨਾਲ ਅਟੁੱਟ ਮੋਹ ਹੁੰਦਾ ਹੈ ਕਿਉਂਕਿ ਘਰ ਦੀਆਂ ਬੰਦਸ਼ਾਂ ਤੋਂ ਮਨ ਅਜ਼ਾਦ ਹੋ ਕੇ ਖੁੱਲ੍ਹਾਂ ਮਾਣਨਾ ਲੋਚਦਾ ਹੈ ਅਤੇ ਨਾਨਕਿਆਂ ਦੇ ਘਰ ਹਰ ਗੱਲ ਗੁੱਸੇ ਦੀ ਬਜਾਏ ਪਿਆਰ ਨਾਲ ਸਮਝਾਈ ਜਾਂਦੀ ਹੈ। ਇਸ ਲਈ ਬੱਚੇ ਛੁੱਟੀਆਂ ਵਿੱਚ ਘਰ ਦੇ ਕੰਟਰੋਲ ਤੋਂ ਕੁਝ ਨਿਜ਼ਾਤ ਪਾਉਣ ਲਈ ਨਾਨਕੇ ਜਾਣ ਦੇ ਉਤਸੁਕ ਹੁੰਦੇ ਹਨ। ਹੁਣ ਜਦਕਿ ਨਾਨੀ ਵੀ ਰੱਬ ਨੂੰ ਪਿਆਰੀ ਹੋ ਗਈ ਏ, ਨਾਨਕੇ ਘਰ ਦੀਆਂ ਯਾਦਾਂ ਹੋਰ ਤੜਪਾਉਂਦੀਆਂ ਹਨ।