ਪਿੱਛੇ ਜਿਹੇ ਕਿਸੇ ਪੁਸਤਕ ਮੇਲੇ ਤੋਂ ‘ਹਰਪ੍ਰੀਤ ਸੇਖਾ’ ਦਾ ਨਾਵਲ ‘ਹਨੇਰੇ ਰਾਹ’ ਚੁੱਕ ਲਿਆਇਆ ਇਸ ਮਨਸ਼ੇ ਨਾਲ ਕਿ ਕਾਫੀ ਦੇਰ ਤੋਂ ਟਰੱਕ ਸਾਹਿਤ ਨਾਲ ਸਬੰਧਿਤ ਲਿਖਤ ਨਹੀਂ ਪੜ੍ਹੀ ਸੀ ।ਹਰਪ੍ਰੀਤ ਸੇਖਾ ਨਵੀਂ ਪੀੜ੍ਹੀ ਦਾ ਗਲਪਕਾਰ ਹੈ ਜਿਸ ਦੁਆਰਾ ਲਿਖੀ ਪੁਸਤਕ ‘ਟੈਕਸੀਨਾਮਾ’ ਦੇ ਕੁਝ ਅੰਸ਼ ਪਹਿਲਾਂ ਵੀ ਕਿਤੇ ਪੜ੍ਹੇ ਸਨ ਪਰ ਹੋਰ ਕੋਈ ਲਿਖਤ ਨਹੀਂ ਸੀ ਪੜ੍ਹੀ ।
ਹਥਲਾ ਨਾਵਲ ਹਨੇਰੇ ਰਾਹ ਚਰਚਿਤ ਮੁਲਕ ‘ਕੈਨੇਡਾ’ ਵਿੱਚ ਵਸਣ ਦੀ ਇੱਛਾ ਨਾਲ ਪਹੁੰਚੇ ਦੋ ਨੌਜਵਾਨਾਂ ਦੇ ਸੰਘਰਸ਼ ਦੀ ਗਾਥਾ ਹੈ ਜਿਨ੍ਹਾਂ ਦੀ ਕਹਾਣੀ ਅਲੱਗ ਅਲੱਗ ਤੁਰਦੀ ਹੈ ਅਤੇ ਨਾਵਲ ਦੇ ਅਖੀਰਲੇ ਕਾਂਡ ਵਿੱਚ ਜਾ ਕੇ ਮਿਲ ਜਾਂਦੀ ਹੈ । ਪਰ ਨਾਵਲ ਪੜ੍ਹਦਿਆਂ ਜਾਪਦਾ ਹੈ ਕਿ ਇਹ ਦੋ ਨਹੀਂ ਬਲਕਿ ਉਸ ਮੁਲਕ ਵਿੱਚ ਪਹੁੰਚੇ ਬਹੁਤੇ ਨੌਜਵਾਨਾਂ ਦੀ ਤਲਖ ਹਕੀਕਤ ਹੈ । ਟਰੱਕ ਸਨਅਤ ਅਤੇ ਰੇਸਤਰਾਂ ਦੇ ਕਾਰੋਬਾਰ ਦੇ ਸੋਸ਼ਣ ਕਰਨ ਵਾਲੇ ਤੌਰ ਤਰੀਕਿਆਂ ਨਾਲ ਵਾਬਸਤਾ ਹੁੰਦੀ ਹੋਈ ਕਹਾਣੀ ਐਲ.ਐਮ.ਆਈ.ਏ (ਲੇਬਰ ਮਾਰਕੀਟਿੰਗ ਇੰਪੈਕਟ ਅਸੈਸਮੈਂਟ) ਜਿਸ ਨੂੰ ਪੰਜਾਬੀ ਵਿੱਚ ਲਮਈਆਂ ਕਿਹਾ ਜਾਂਦਾ ਹੈ ਤੱਕ ਪਹੁੰਚਦੀ ਹੈ ਅਤੇ ਟਰੱਕ ਚਲਾਓਣ ਲਈ ਲਏ ਜਾਂਦੇ ਲਾਇਸੰਸ ਤੋਂ ਲੈ ਕੇ ਪੀ.ਆਰ ਭਾਵ ਪੱਕੇ ਹੋਣ ਤੱਕ ਆਪਣਿਆਂ ਹੱਥੋਂ ਹੁੰਦੀ ਲੁੱਟ ਖਸੁੱਟ ਦੀ ਹਿਰਦੇਵੇਧਕ ਕਹਾਣੀ ਹੈ । ਜਿਸ ਨੂੰ ਬੁਣਦਿਆਂ ਨਾਵਲਕਾਰ ਨੇ ਬਹੁਤ ਬਰੀਕੀ ਨਾਲ ਹਰੇਕ ਪੱਖ ਨੂੰ ਕਿਸੇ ਨਾ ਕਿਸੇ ਤਰੀਕੇ ਕਲਮਬੱਧ ਕਰਨ ਦੀ ਕੋਸ਼ਿਸ਼ ਕੀਤੀ ਹੈ । ਹੋ ਸਕਦਾ ਕਿ ਇਸ ਕਿੱਤੇ ਵਿੱਚ ਬਹੁਤ ਚੰਗੇ ਬੰਦੇ ਵੀ ਹੋਣ ਪਰ ਇੱਕ ਦੂਜੇ ਨੂੰ ਲਤਾੜ ਕੇ ਅੱਗੇ ਵਧਣ ਦੀ ਚਾਹਨਾ ਨਾਲ ਅਜਿਹੇ ਬੰਦਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੀ ਹੋਵੇਗੀ ।
ਇਸ ਨਾਵਲ ਨੂੰ ਪੜ੍ਹਨ ਉਪਰੰਤ ਮਹਿਸੂਸ ਹੁੰਦਾ ਹੈ ਕਿ ਕੋਈ ਵੀ ਮੁਲਕ ਕਿਸੇ ਲਈ ਮਾੜਾ ਨਹੀਂ ਹੁੰਦਾ ਅਤੇ ਨਾ ਹੀ ਸਿਸਟਮ ਹੀ ਮਾੜਾ ਹੁੰਦਾ ਪਰ ਅਜਿਹਾ ਕੋਝਾ ਤਰੀਕਾ ਉੱਥੋਂ ਦੇ ਬਸ਼ਿੰਦਿਆਂ ਦਾ ਚਿਹਰਾ ਮੋਹਰਾ ਘੜਨ ਵਿੱਚ ਬਹੁਤ ਸਾਰਾ ਯੋਗਦਾਨ ਪਾਓਂਦਾ ਹੈ । ਜਿਸ ਤਰੀਕੇ ਨਾਲ ਨਾਵਲਕਾਰ ਲਿਖਦਾ ਹੈ ਕਿ ਕਿਵੇਂ ਨਵੇਂ ਇੰਮੀਗਰਾਂਟਸ ਦਾ ਕੰਮ ਤੇ ਸੋਸ਼ਣ ਕਰਨਾ, ਮਜਬੂਰੀ ਵੱਸ ਪਏ ਲੋਕਾਂ ਤੋਂ ਅੱਧ ਰੇਟ ਤੇ ਕੰਮ ਕਰਵਾਓਣਾ, ਮੱਕੜਜਾਲ ਵਿੱਚ ਫਸਾ ਕੇ ਰੱਖਣ ਦੇ ਤਰੀਕਿਆਂ ਕਰਕੇ ਸਾਡੇ ਕੁਝ ਕੁ ਲੋਕਾਂ ਦੇ ਘਟੀਆ ਰਵੱਈਏ ਦੀ ਬਦੌਲਤ ਸਾਰੇ ਲੋਕਾਂ ਦਾ ਅਕਸ ਹੀ ਮਾੜਾ ਬਣ ਜਾਵੇ ਤਾਂ ਚਿੰਤਾ ਦਾ ਵਿਸ਼ਾ ਮਹਿਸੂਸ ਹੁੰਦਾ ਹੈ ।
ਬਹੁਤਾ ਕੁਝ ਨਾ ਲਿਖਦਾ ਹੋਇਆ ਮੈਂ ਨਵੀਂ ਪੀੜ੍ਹੀ ਨੂੰ ਇਹ ਸਲਾਹ ਦਿੰਦਾ ਹਾਂ ਕਿ ਜੇਕਰ ਤੁਸੀਂ ਵਿਦੇਸ਼ ਵਿੱਚ ਪੜ੍ਹਨ/ਪੱਕੇ ਹੋਣ ਲਈ ਜਾ ਰਹੇ ਹੋ ਤਾਂ ਇਹ ਨਾਵਲ ਪੜ੍ਹ ਕੇ ਜਰੂਰ ਜਾਓ ਤਾਂ ਜੋ ਤੁਹਾਨੂੰ ਓਥੋਂ ਦੇ ਮਾਹੌਲ ਅਤੇ ਕੰਮ ਦੇ ਸੱਭਿਆਚਾਰ ਬਾਰੇ ਜਰੂਰ ਪਤਾ ਹੋਵੇ ।