ਹਿੱਕ ‘ਚ ਬਰੂਦ ਬੰਨ੍ਹ, ਤੁਰਦੇ ਜੋ ਮੰਜ਼ਲਾਂ ਨੂੰ
ਡਰਦੇ ਨਾ ਸਮਿਆਂ ਤੋਂ , ਨਾਮ ਚਮਕਾਉਂਦੇ ਨੇ
ਵੈਰੀ ਸਿਰ ਚੜ੍ਹ ਆ ਜੇ,ਕਰਦੇ ਨਾ ਗੱਲ ਫਿਰ
ਹਿੱਕ ਪਾੜ ਸੂਰੇ ਵਾਰ ਚੰਡੀ ਦੀ ਹੀ ਗਾਉਂਦੇ ਨੇ
ਭੈਣ ਦੀ ਇੱਜ਼ਤ ਤੇ ਜੋ, ਰੱਖਦੇ ਨੇ ਅੱਖ ਮਾੜੀ
ਇਹੋ ਜਿਹੇ ਯਾਰ ਸਦਾ,ਦਗਾ ਹੀ ਕਮਾਉਂਦੇ ਨੇ
ਰੱਬ ਨੂੰ ਜੋ ਟੱਬ ਦੱਸ, ਕਰਦੇ ਕਲੋਲਾਂ ਸਦਾ
ਔਖੇ ਸਮਿਆਂ ‘ਚ ਉਹੋ ਰੱਬ ਨੂੰ ਧਿਆਉਂਦੇ ਨੇ
ਸੱਥ ਵਿੱਚ ਖੜ੍ਹ ਗੱਲ, ਚੱਕਮੀ ਹੀ ਕਰੇ ਸਦਾ
ਇਹੋ ਜਿਹੇ ਬੰਦੇ ਰੋਭ, ਮਾੜੇ ਤੇ ਹੀ ਪਾਉਂਦੇ ਨੇ
ਲਾਰਿਆਂ ‘ਚ ਲਾਈ ਰੱਖੇ,ਹਰ ਕੁੜੀ ਵੱਲ ਤੱਕੇ
ਇਹੋ ਜਿਹੇ ਆਸ਼ਕ ਵੀ, ਟੈਮ ਹੀ ਟਪਾਉਂਦੇ ਨੇ
ਅਕਲ ਤੂੰ ਦੇਵੀ ਰੱਬਾ,ਇਹੋ ਜਿਹੇ ਬਾਣਿਆਂ ਨੂੰ
ਜੋ ਚਿੱਟੇ ਪਾਕੇ ਧੰਦਾ , ਕਾਲੇ ਦਾ ਚਲਾਉਂਦੇ ਨੇ
ਕਰਾ ਅਰਦਾਸ ਖੁਸ਼, ਰੱਖੀ ਉਨ੍ਹਾਂ ਸਾਰਿਆਂ ਨੂੰ
ਔਖੇ ਸਮਿਆਂ ‘ਚ ਨਾਲ, ਕੰਗ ਦੇ ਖਲੋਦੇ ਨੇ।