ਯੁੱਗ ਪੁਰਸ਼ ਡਾਕਟਰ ਅੰਬੇਦਕਰ ਅਤੇ ਭਾਰਤੀ ਸੰਵਿਧਾਨ (ਲੇਖ )

ਮਨਜੀਤ ਤਿਆਗੀ   

Email: englishcollege@rocketmail.com
Cell: +91 98140 96108
Address:
ਮਲੇਰਕੋਟਲਾ India
ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੰਵਿਧਾਨ ਕਿਸੇ ਵੀ ਦੇਸ਼ ਦਾ ਸਰਵ ਉੱਚ ਦਸਤਾਵੇਜ ਹੁੰਦਾ ਹੈ। ਇਸ ਵਿਚ ਉਹ ਸਾਰੇ ਸਿਧਾਂਤ ਅਸੂਲ, ਨੀਤੀਆਂ ਅਤੇ ਨਿਰਦੇਸ਼ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ਤੇ ਦੇਸ਼ ਦੀ ਸਰਕਾਰ ਤੇ ਚੱਲਣਾ ਹੁੰਦਾ ਹੈ ਤਾਂ ਜੋ ਕਿ ਦੇਸ਼ ਦੇ ਲੋਕ ਹਰ ਪਹਿਲੂ ਤੇ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਪ੍ਰਾਪਤ ਕਰਕੇ ਸੱੁਖ-ਸ਼ਾਂਤੀ ਦਾ ਜੀਵਨ ਮਾਣ ਸਕਣ। ਭਾਰਤ ਦਾ ਸੰਵਿਧਾਨ 1935 ਦੇ ਗੋਰਮਿੰਟ ਆਫ਼ ਇੰਡੀਆ ਐਕਟ ’ਤੇ ਅਧਾਰਿਤ ਹੈ, ਪਰ ਇਸ ਨੂੰ ਸੰਪੂਰਨ ਕਰਨ ਲਈ ਡਾਕਟਰ ਅੰਬੇਦਕਰ ਦਾ ਯੋਗਦਾਨ ਬਹੁਤ ਮੱਤਵਪੂਰਣ ਹੈ। ਸੰਸਾਰ ਦੇ ਸਾਰੇ ਲੋਕਰਾਜੀ ਪ੍ਰਬੰਧ ਵਾਲੇ ਦੇਸ਼ਾਂ ਵਿੱਚ ਭਾਰਤ ਦਾ ਸੰਵਿਧਾਨ ਇਕੱਲਾ ਹੈ ਜਿਸਦੇ ਨਿਰਮਾਤਾ, ਪਿਤਾਮਾ ਜਾਂ ਲੇਖਕ ਦੇ ਰੂਪ ਵਿੱਚ ਡਾ. ਅੰਬੇਦਕਰ ਵਰਗੇ ਇੱਕ ਵਿਅਕਤੀ ਦਾ ਨਾਂ ਜੁੜਿਆ ਹੋਇਆ ਹੈ। ਬਾਕੀ ਹੋਰ ਸੰੰਵਿਧਾਨ ਜਾਂ ਤਾਂ ਇੱਕ ਲੰਬੀ ਪ੍ਰਕ੍ਰਿਆ ਵਿੱਚ ਵਿਕਸਿਤ ਹੋਏ ਹਨ ਜਾਂ ਕਾਨੂੰਨ ਦਾਨਾਂ ਦੇ ਸਮੂਹਾਂ ਨੇ ਬਣਾਏ ਹਨ। ਭਾਰਤੀ ਸੰਵਿਧਾਨ ਵਿਚ ਡਾਕਟਰ ਅੰਬੇਦਕਰ ਦੇ ਯੋਗਦਾਨ ਨੂੰ ਸਮਝਣ ਲਈ ਪ੍ਰਾਚੀਨ ਭਾਰਤ ਦੀ ਸਮਾਜਿਕ ਵਿਵਸਥਾਂ ਅਤੇ ਇਤਿਹਾਸ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਭਾਰਤ ਦਾ ਸਮਾਜਿਕ ਢਾਂਚਾ ਜਾਤ ਅਧਾਰਤ ਹੋਣ ਕਰਕੇ ਸ਼ੁਰੂ ਤੋਂ ਹੀ ਇਤਿਹਾਸਕ ਭੁੱਲਾਂ ਹੁੰਦੀਆਂ ਰਹੀਆਂ ਹਨ। ਜਿਵੇਂ ਕਿ ਜਾਤੀ ਵਿਵਸਥਾ ਨੂੰ ਸਮਾਜਿਕ ਢਾਂਚਾ ਮੰਨ ਕੇ ਸਿਰਫ਼ ਉਸ ਦੀਆਂ ਸਮਾਜਿਕ ਸਮੱਸਿਆਵਾ ਤੇ ਧਿਆਨ ਕੇਂਦਰਤ ਕਰਨਾ ਜਦੋ ਕਿ ਜਾਤੀ ਵਿਵਸਥਾ ਸਮਾਜਿਕ ਆਰਥਿਕ ਢਾਂਚਿਆਂ ਦੇ ਆਧਾਰ ਤੇ ਹੋਂਦ ਵਿੱਚ ਆਈ ਹੈ ਭਾਵ ਭਾਰਤ ਦੀ ਜਾਤੀ ਵਿਵਸਥਾ ਦੀ ਪੈਦਾਇਸ਼ ਦਾ ਮੁੱਢਲਾ ਸੋਮਾਂ ਉਸਦੇ ਸਮਾਜਿਕ-ਆਰਥਿਕ ਢਾਂਚੇ ਵਿੱਚ ਮੌਜੂਦ ਹੈ। ਉਹ ਸਿਰਫ਼ ਸਮਾਜਿਕ ਢਾਂਚਾ ਹੀ ਨਹੀਂ ਹੈ, ਆਰਥਿਕ ਢਾਂਚਾ ਵੀ ਹੈ। ਇਸ ਤੋਂ ਇਲਾਵਾ ਭਾਰਤ ਵਿਚ ਪ੍ਰਯੋਗ ਅਤੇ ਪ੍ਰੈਕਟੀਕਲ ਨੂੰ ਇਕੱਠਾ ਨਹੀਂ ਹੋਣ ਦਿੱਤਾ ਗਿਆ। ਜਿਹੜੇ ਲੋਕਾਂ ਕੋਲ ਪ੍ਰਯੋਗ ਸੀ ਉਨ੍ਹਾਂ ਕੋਲ ਪ੍ਰੈਕਟੀਕਲ ਨਹੀਂ ਸੀ ਤੇ ਜਿਨ੍ਹਾਂ ਕੋਲ ਪ੍ਰੈਕਟੀਕਲ ਸੀ ਉਨ੍ਹਾਂ ਕੋਲ ਪ੍ਰਯੋਗ ਨਹੀਂ ਸੀ। ਜਿਨ੍ਹਾਂ ਕੋਲ ਹਥਿਆਰ ਸੀ ਉਹ ਲੜ ਨਹੀਂ ਸੀ ਸਕਦੇ ਤੇ ਜਿਹੜੇ ਲੜ ਸਕਦੇ ਸਨ ਉਨ੍ਹਾਂ ਨੂੰ ਹਥਿਆਰਾਂ ਚਲਾਉਣਾ ਤਾਂ ਦੂਰ, ਹਥਿਆਰ ਰੱਖਣ ਦੀ ਵੀ ਮਨ੍ਹਾਹੀ ਸੀ। ਦੇਸ਼ ਵਿਚ ਗੁਲਾਮੀ, ਅਸਮਾਨਤਾ, ਭੇਦ-ਭਾਵ ਅਤੇ ਅਨਿਆ ਦਾ ਬੋਲਬਾਲਾ ਸੀ। ਸਮਾਜ ਦੇ ਮੱੁਠੀ ਭਰ ਲੋਕ ਸੱਤਾ ਸੰਪਤੀ ਦਾ ਸੁੱਖ ਭੋਗ ਰਹੇ ਸਨ। ਇਹ ਅਜਿਹੀ ਸਮਾਜਿਕ ਵਿਵਸਥਾ ਸੀ ਜੋ ਮਨੁੱਖਾਂ ਦੇ ਦਿਲ ਵਿਚ ਪ੍ਰੇਮ ਪੈਦਾ ਕਰਕੇ ਦੂਜੇ ਮਨੁੱਖਾਂ ਨਾਲ ਜੋੜਦੀ ਨਹੀਂ, ਸਗੋਂ ਮਨੁੱਖਾਂ ਵਿਚ ਨਫ਼ਰਤ ਪੈਦਾ ਕਰਕੇ ਸਮਾਜ ਨਾਲੋਂ ਤੋੜਦੀ ਸੀ। ਇਹ ਹਕੀਕਤ ਹੈ ਕਿ ਇਸ ਕਰੋੜਾਂ ਦੇ ਸਮੂਹ ਨੂੰ ਨਾ ਕੇਵਲ ਸਮਾਜਿਕ ਅਤੇ ਆਰਥਿਕ ਪੱਧਰ ਤੇ ਨਜ਼ਰ ਅੰਦਾਜ ਕੀਤਾ ਗਿਆ ਬਲਕਿ ਉਨ੍ਹਾਂ ਨੂੰ ਅਛੂਤ, ਚੰਡਾਲ, ਜਿਹੇ ਘ੍ਰਿਿਣਤ ਨਾਮ ਦੇ ਕੇ ਕੁੱਤਿਆਂ ਬਿੱਲਿਆਂ ਤੋਂ ਵੀ ਭੈੜਾ ਜੀਵਨ ਜਿਉਣ ਲਈ ਮਜ਼ਬੂਰ ਕਰ ਦਿੱਤਾ ਗਿਆ ਅਤੇ ਇਹ ਸਿਲਸਿਲਾ ਕੁਝ ਸਾਲਾਂ ਤੋਂ ਨਹੀਂ ਸਗੋਂ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਸੀ। ਬੇਆਸ ਅਤੇ ਲਾਚਾਰ ਲੋਕਾਂ ਨੂੰ ਕਿਸੇ ਮਸੀਹਾ ਕਿਸੇ ਜਾਂ ਨਵੀਂ ਲਹਿਰ ਦੀ ਤਾਂਘ ਸੀ ਜੋ ਗੁਲਾਮੀ ਦੀਆਂ ਜੰਜ਼ੀਰਾਂ ਕੱਟ ਕੇ ਉਹਨਾਂ ਨੂੰ ਅਜ਼ਾਦ ਕਰਵਾ ਦੇਵੇ। ਦੇਸ਼ ਨੂੰ ਸਮੱੁਚੇ ਤੌਰ ਤੇ ਸਦੀਆਂ ਤੱਕ ਬਦੇਸ਼ੀ ਧਾੜਵੀਆਂ ਦਾ ਗੁਲਾਮ ਬਣਾਉਣ ਦਾ ਵੱਡਾ ਕਾਰਨ ਵੀ ਇਹੀ ਅਮਾਨਵੀ ਵਿਵਸਥਾ ਬਣੀ। ਇਸ ਦਾ ਨਤੀਜ਼ਾ ਬਹੁਤ ਭਿਆਨਕ ਨਿਕਲਿਆ ਕਿਉਂਕਿ  326 ਈ. ਪੂ. ਵਿੱਚ ਸਿੰਕਦਰ, 712 ਈ. ਵਿਚ ਮੁਹੰਮਦ ਬਿਨ ਕਾਸਮ, 1026ਈ. ਵਿਚ ਮਹਿਮੂਦ ਗਜ਼ਨਵੀ, 1181ਈ. ਵਿੱਚ ਮੁਹੰਮਦ ਗੌਰੀ, 1526 ਈ. ਵਿਚ ਬਾਬਰ ਵਰਗੇ ਬਦੇਸ਼ੀ ਹਮਲਾਵਰਾਂ ਨੇ ਜਦ ਭਾਰਤ ਦੇ ਬੜੇ ਬੜੇ ਸ਼ਹਿਰਾਂ, ਕਿਿਲ੍ਹਆਂ ਅਤੇ ਮੰਦਰਾਂ ਤੇ ਹਮਲੇ ਕਰਕੇ ਕਤਲੇਆਮ ਅਤੇ ਲੁੱਟਮਾਰ ਕੀਤੀ। ਉਸ ਸਮੇਂ ਇਥੋਂ ਦਾ ਕੋਈ ਵੀ ਸੂਰਮਾ, ਉਨ੍ਹਾਂ ਨੂੰ ਪਿੱਛੇ ਭਾਜਣਾ ਤਾਂ ਇਕ ਪਾਸੇ, ਮੁਕਾਬਲੇ ਵਿਚ ਲੋਹਾ ਹੀ ਨਹੀਂ ਲੈ ਸਕਿਆ। ਜੋ ਕੁਝ ਇਨ੍ਹਾਂ ਬਾਹਰੀ ਹਮਲਾਵਾਰਾਂ ਨੇ ਦੇਸ਼ ਅਤੇ  ਦੇਸ਼ ਵਾਸੀਆਂ ਨਾਲ ਕੀਤਾ ਉਹ ਇਕ ਲਗਾਤਾਰ ਹਾਰਾਂ, ਪਤਨ ਅਤੇ ਗੁਲਾਮੀ ਦੀ ਸ਼ਰਮਨਾਕ ਦਾਸਤਾਨ ਹੈ।
    ਸੰਵਿਧਾਨ ਘਾੜੇ ਵੀ ਉਪਰੋਕਤ ਅਸਮਾਨਤਾ ਤੇ ਅਧਾਰਿਤ ਗ਼ੈਰ ਅਮਾਨਵੀ ਇਸ ਦੱੁਖਮਈ ਵਿਵਸਥਾ ਤੋਂ ਚਿੰਤਤ ਸਨ ਇਸ ਲਈ ਇਸ ਵਿਵਸਥਾ ਨੂੰ ਬਦਲ ਕੇ ਨਵੀਂ ਵਿਕਾਸ਼ਵਾਦੀ ਤੇ ਆਦਰਸ਼ ਸਮਾਜਿਕ ਵਿਵਸਥਾ ਲਈ 1946 ਵਿਚ ਸੰਵਿਧਾਨ ਸਭਾ ਦੀ ਚੋਣ ਹੋਈ। ਸੰਵਿਧਾਨ ਖਰੜਾ ਕਮੇਟੀ ਦੇ ਸੱਤ ਮੈਂਬਰ ਸਨ। 1. ਬੀ. ਐਲ. ਮਿੱਤਰ, 2. ਕੇ. ਐਮ. ਮੁਨਸ਼ੀ, 3. ਡੀ. ਪੀ. ਖੇਤਾਨ, 4. ਅਲਾਦੀ ਕ੍ਰਿਸ਼ਨਾ ਸਵਾਮੀ ਆਇਰ 5. ਸੱਯਦ ਮੁਹੰਮਦ ਸਾਦਦੁੱਲਾ 6. ਐਨ. ਗੋਪਾਲਾ ਸਵਾਮੀ ਆਇੰਗਰ 7. ਡਾਕਟਰ ਬੀ. ਆਰ. ਅੰਬੇਦਕਰ (ਚੇਅਰਮੈਨ)। ਇਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਡਾਕਟਰ ਅੰਬੇਦਕਰ ਨੂੰ ਸੰਵਿਧਾਨ ਖਰੜਾ ਕਮੇਟੀ ਦਾ ਚੇਅਰਮੈਨ ਬਣਨ ਤੱਕ ਕਿਨਾ ਸੰਘਰਸ਼ ਕਰਨਾ ਪਿਆ। ਉਸ ਸਮੇਂ ਕਾਂਗਰਸ ਨੇ ਪੂਰਾ ਜ਼ੋਰ ਲਾਇਆ ਕਿ ਡਾ. ਅੰਬੇਦਕਰ ਸੰਵਿਧਾਨ ਅਸੈਂਬਲੀ ਵਿਚ ਚੁਣ ਕੇ ਨਾ ਆ ਸਕੇ ਤਾਂ ਡਾਕਟਰ ਅੰਬੇਦਕਰ ਨੂੰ ਭਾਰਤ ਦੀ ਸੀਮਾ ਵਾਲੇ ਜੈਸੋਰ ਅਤੇ ਖੁਲਨਾ ਇਲਾਕਾ ਜਿਹੜਾ ਅੱਜ ਬੰਗਲਾ ਦੇਸ਼ ਵਿੱਚ ਹੈ ਵੱਲੋਂ ਸੰਵਿਧਾਨ ਸਭਾ ਵਿੱਚ ਚੁਣ ਕੇ ਗਏ। ਸਰਕਾਰ ਦੁਆਰਾ ਡਾਕਟਰ ਅੰਬੇਦਕਰ ਨੂੰ ਜਿਤਾਉਣ ਵਾਲਾ ਸਾਰਾ ਇਲਾਕਾ ਬੰਗਲਾਦੇਸ਼ ਨੂੰ ਸੌਂਪ ਦੇਣ ਉਪਰੰਤ ਵੀ ਉਹ ਡਾ. ਅੰਬੇਦਕਰ ਨੂੰ ਪਾਕਿਸਤਾਨੀ ਨਹੀਂ ਬਣਾ ਸਕੇ ਸਨ। ਸਗੋਂ ਡਾ. ਅੰਬੇਦਕਰ ਨੂੰ ਜਿੱਤਾ ਕੇ ਮੁੜ ਸੰਵਿਧਾਨ ਅਸੈਂਬਲੀ ਵਿੱਚ ਲਿਆਉਣ ਅਤੇ ਸੰਵਿਧਾਨ ਘੜਨੀ ਕਮੇਟੀ ਦਾ ਚੈਅਰਮੈਨ ਬਣਾਉਣਾ ਪਿਆ ਸੀ। ਇਸ ਲਈ ਕਿ ਦਲਿਤ ਭਾਰਤ ਦਾ ਮੁੱਦਾ ਨਾ ਖੜ੍ਹਾ ਹੋ ਜਾਵੇ। ਸੋਹਣ ਲਾਲ ਸ਼ਾਸ਼ਤਰੀ ਜਿਨ੍ਹਾਂ ਦੇ ਜੀਵਨ ਦਾ ਵੱਡਾ ਹਿੱਸਾ ਬਾਬਾ ਸਾਹਿਬ ਦੇ ਨਿੱਜੀ ਸਕੱਤਰ ਵਜੋਂ ਗੁਜਰਿਆ ਲਿਖਦੇ ਹਨ ਕਿ ਜਦੋਂ ਬਾਬਾ ਸਾਹਿਬ, ਸੰਵਿਧਾਨ ਅਸੈਂਬਲੀ ਵਿਚ ਪਹੁੰਚ ਗਏ ਅਤੇ ਅਨੇਕ ਮੁਸੀਬਤਾਂ ਨੂੰ ਦਰੜ ਕੇ ਸੰਵਿਧਾਨ ਘੜਨੀ ਕਮੇਟੀ ਦੇ ਚੇਅਰਮੈਨ ਬਣ ਗਏ ਤਾਂ ਉਹਨਾਂ ਨੇ ਕੁਝ ਵਿਅਕਤੀਆਂ ਨੂੰ ਸੰਬੋਧਨ ਕਰਕੇ ਕਿਹਾ ਸੀ, “ਜਾ ਕੇ ਆਪਣੇ ਸਰਦਾਰ ਪਟੇਲ ਨੂੰ ਕਹਿ ਦਿਉ ਕਿ ਡਾ. ਅੰਬੇਦਕਰ ਨੂੰ ਅੰਦਰ ਆਉਣ ਤੋਂ ਰੋਕਣ ਲਈ ਜੋ ਜਿੰਦਰੇ ਉਸ ਨੇ ਲਾਏ ਸਨ। ਉਹਨਾਂ ਨੂੰ ਠੁੱਡਿਆਂ ਨਾਲ ਤੋੜ ਕੇ, ਉਹ ਸੰਵਿਧਾਨ ਅਸੈਂਬਲੀ ਵਿਚ ਪਹੁੰਚ ਕੇ, ਸੰਵਿਧਾਨ ਕਮੇਟੀ ਦਾ ਮੁਖੀ ਬਣ ਗਿਆ ਹੈ”। ਡਾ. ਅੰਬੇਦਕਰ ਪਹਿਲੇ ਭਾਰਤੀ ਸਨ ਜਿਨ੍ਹਾਂ ਨੇ ਕਿਸੇ ਵਿਦੇਸ਼ੀ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਦੀ ਡਿਗਰੀ ਪ੍ਰਾਪਤ ਹੋਈ ਸੀ। ਅੰਬੇਦਕਰ ਕਾਨੂੰਨ ਦੇ ਸਰਬ ਉੱਤਮ ਜਾਣਕਾਰ ਸਨ। ਸਮਾਜਿਕ ਇਨਕਲਾਬੀ ਤਾਂ ਉਹ ਸਨ ਹੀ, ਉਹ ਚੋਟੀ ਦੇ ਪ੍ਰਸ਼ਾਸਕ ਅਤੇ ਦਾਰਸ਼ਨਿਕ ਵੀ ਸਨ।(ਕੋਲੰਬੀਆ ਯੂਨੀਵਰਸਿਟੀ ਨੇ 2004 ਵਿੱਚ 250 ਸਾਲ ਪੂਰੇ ਹੋਣ ’ਤੇ ਆਪਣੇ 100 ਹੋਣਹਾਰ ਵਿਿਦਆਰਥੀਆਂ ਦੀ ਸੂਚੀ ਜਾਰੀ ਕੀਤੀ।ਇਸ ਸੂਚੀ ਵਿੱਚ ਡਾਕਟਰ ਭੀਮ ਰਾਓ ਦਾ ਨਾਂ ਵੀ ਸੀ।ਸੂਚੀ ਵਿੱਚ 6 ਵੱਖ-ਵੱਖ ਦੇਸ਼ਾਂ ਦੇ ਪੂਰਵ ਰਾਸ਼ਟਰਪਤੀ, 3 ਅਮਰੀਕੀ ਰਾਸ਼ਟਰਪਤੀ ਅਤੇ ਨੋਬੇਲ ਪੁਰਸਕਾਰ ਵਿਜੇਤਾ ਦਾ ਨਾਂ ਵੀ ਸ਼ਾਮਿਲ ਸੀ) 
ਡਾਇਬੀਟੀਜ਼ ਤੋਂ ਪੀੜਤ ਹੋਣ ਕਾਰਨ ਕਮਜ਼ੋਰ ਸਿਹਤ ਦੇ ਬਾਵਜੂਦ ਡਾਕਟਰ ਅੰਬੇਦਕਰ ਦਿਨ-ਰਾਤ, ਦਿਲ ਤੇ ਦਿਮਾਗ ਨਾਲ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਜੁੱਟੇ ਰਹੇ। ਸੰਵਿਧਾਨ ਦਾ ਖਰੜਾ ਮੁਕੰਮਲ ਹੋਣ ਤੋਂ ਬਾਂਅਦ ਡਾ. ਅੰਬੇਦਕਰ ਦਿੱਲੀ ਦੇ ਅਲੀਪੁਰ ਰੋਡ ਵਿਖੇ ਆਪਣੇ ਬੰਗਲੇ ’ਚ ਆ ਗਏ ਤੇ ਆਪਣੀ ਆਰਾਮ ਕੁਰਸੀ ’ਤੇ ਬੈਠ ਗਏ। ਉਨ੍ਹਾਂ ਅੱਖਾਂ ਬੰਦ ਕਰ ਲਈਆਂ ਤੇ ਅੱਖਾਂ ’ਚੋਂ ਹੰਝੂ ਵਹਿਣ ਲੱਗੇ ਉਨ੍ਹਾਂ ਦੇ ਨੇੜੇ ਉਨ੍ਹਾਂ ਦੇ ਨਿੱਜੀ ਸਹਾਇਕ ਸਾਸ਼ਤਰੀ ਜੀ ਖੜੇ ਸਨ। ਸਾਸ਼ਤਰੀ ਜੀ ਨੇ ਅੰਬੇਦਕਰ ਦੇ ਪੈਰ ਦਬਾਉਦੇਂ ਹੋਏ ਪੁੱਛਿਆ ਕਿ ਤੁਸੀਂ ਤਾਂ ਦੇਸ਼ ਨੂੰ ਸੰਵਿਧਾਨ ਦੇ ਕੇ ਆਏ ਹੋ, ਇੱਕ ਬੇਹਤਰੀਨ ਵਿਵਸਥਾ ਦੇ ਕੇ ਆਏ ਹੋਂ ਫਿਰ ਦੁੱਖੀ ਕਿਉਂ ਹੋ? ਡਾ. ਅੰਬੇਦਕਰ ਨੇ ਅੱਖਾਂ ਖੋਲੀਆਂ ਤੇ ਸਾਸਤਰੀ ਵੱਲ ਨਜ਼ਰ ਘੁਮਾਉਂਦੇ ਬੋਲੇ, “ਮੇਰੀ ਜ਼ਿੰਦਗੀ ਦੇ ਸਫ਼ਰ ਨੂੰ ਯਾਦ ਕਰਦਿਆ ਅੱਜ ਮੈਨੂੰ ਮੇਰੇ ਬੇਟੇ ਰਾਜਰਤਨ ਦੀ ਯਾਦ ਆ ਗਈ, ਮੇਰਾ ਸਭ ਤੋਂ ਪਿਆਰਾ ਬੇਟਾ ਰਾਜਰਤਨ, ਉਸ ਨੂੰ ਢਾਈ ਸਾਲ ਦੀ ਉਮਰ ਵਿੱਚ ਨਿਮੋਨੀਆ ਹੋ ਗਿਆ ਸੀ, ਮੇਰੀ ਆਰਥਿਕ ਹਾਲਤ ਚੰਗੀ ਨਹੀਂ ਸੀ। ਬੇਟੇ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ। ਰਮਾਬਾਈ ਨੇ ਮੈਨੂੰ ਤੁਰੰਤ ਘਰ ਆੳਣ ਲਈ ਸੁਨੇਹਾ ਭੇਜਿਆ। ਉਸ ਸਮੇਂ ਮੈਂ ਬੰਬਈ ਦੀ ਹਾਈਕੋਰਟ ’ਚ ਕਿਸੇ ਕੰਮ ’ਚ ਰੁੱਝਿਆ ਹੋਇਆ ਸੀ। ਸੰਦੇਸ਼ਾ ਮਿਿਲਦਆ ਹੀ ਮੈਂ ਟਾਂਗਾ ਲੈ ਕੇ ਘਰ ਪਹੁਚਿਆ, ਬੇਟੇ ਨੂੰ ਗੋਦ ’ਚ ਉਠਾਇਆ ਤੇ ਗੋਦ ’ਚ ਹੀ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਵਿਛੋੜੇ ਦੇ ਦੁੱਖ ਕਾਰਨ ਮੈਂ ਫੁਟ-ਫੁਟ ਕੇ ਰੋਇਆ। ਆਸੇ ਪਾਸੇ ਦੇ ਲੋਕ ਵੀ ਮੇਰਾ ਦੇ ਦੁੱਖ ਸਮਝ ਰਹੇ ਸਨ ਤੇ ਹੌਸਲਾ ਦੇ ਕੇ ਚੁੱਪ ਕਰਾਉਣਾ ਚਾਹੁੰਦੇ ਸਨ। ਸਥਿਤੀ ਨੂੰ ਸਭਾਲਣ ਲਈ ਮੇਰੇ ਬਚਪਨ ਦਾ ਦੋਸਤ ਮਾਲੂ ਨੇ ਹੌਸਲਾ ਦੇ ਕੇ ਮੈਨੂੰ ਸਾਂਤ ਕੀਤਾ। ਥੋੜੀ ਦੇਰ ਬਾਅਦ ਜਦੋਂ ਅੰਤਮ ਰਸਮਾਂ ਲਈ, ਕਫਨ ਤੇ ਕੱਪੜਿਆਂ ਲਈ ਕਿਹਾ ਤਾਂ ਨੇੜੇ ਬੈਠੀ ਰਮਾਬਾਈ ਨੂੰ ਪਤਾ ਸੀ ਕਿ ਕੱਪੜਿਆਂ ਲਈ ਤਾਂ ਕੀ ਮੇਰੇ ਕੋਲ ਤਾਂ ਕਫਨ ਲਈ ਵੀ ਪੈਸੇ ਨਹੀਂ ਸਨ। ਰਮਾਬਾਈ ਨੇ ਆਪਣੀ ਸਾੜੀ ਫਾੜੀ ਤੇ ਬੱਚੇ ਦੇ ਸਰੀਰ ਉੱਤੇ ਕਫ਼ਨ ਦੀ ਤਰ੍ਹਾਂ ਪਾ ਦਿੱਤਾ। ਸਾਸਤਰੀ, ਇੱਕ ਵਕਤ ਸੀ ਜਦੋਂ ਮੇਰਾ ਬੱਚਾ ਬਿਨਾਂ ਕਫ਼ਨ ਤੋਂ ਇਸ ਸੰਸਾਰ ਤੋਂ ਗਿਆ ਪਰ ਅੱਜ ਮੈਂ ਸੰਵਿਧਾਨ ਨਿਰਮਾਣ ਕਰ ਦਿੱਤਾ ਹੈ ਤੇ ਦੇਸ਼ ਨੂੰ ਅਜਿਹੀ ਵਿਵਸਥਾ ਦੇ ਦਿੱਤੀ ਹੈ ਕਿ ਹੁਣ ਆਉਣ ਵਾਲਾ ਹਰ ਰਾਜਰਤਨ ਸੂਟ-ਬੂਟ ’ਚ ਰਹੇਗਾ, ਚਾਹੇ ਉਹ ਹਿੰਦੂ ਹੋ, ਬੋਧ ਹੋ, ਮੁਸਲਿਮ ਹੋ, ਈਸਾਈ ਹੋ, ਜਾ ਜੈਨ ਹੋ। ਇਸ ਦੇਸ਼ ’ਚ ਪੈਦਾ ਹੋਣ ਵਾਲਾ ਹਰ ਰਾਜਰਤਨ ਸੂਟ-ਬੂਟ, ਟਾਈ ਤੇ ਕੋਟ ’ਚ ਰਹੇਗਾ, ਇਸ ਤਰ੍ਹਾਂ ਦੀ ਮੈਂ ਵਿਵਸਥਾ ਬਣਾ ਦਿੱਤੀ ਹੈ”। (ਬਿਨਾਂ ਸ਼ੱਕ, ਸੰਵਿਧਾਨ ਹਰ ਇਨਸਾਨ ਨੂੰ ਤਰੱਕੀ ਕਰਨ ਲਈ ਸਹੂਲਤ ਦਾ ਹੱਕ ਦਿੰਦਾ ਹੈ) ਸੰਵਿਧਾਨ ਕਮੇਟੀ ਵੱਲੋਂ 26 ਨਵੰਬਰ 1949 ਨੂੰ ਸੰਵਿਧਾਨ ਸਭਾ ਨੂੰ ਸੰਵਿਧਾਨ ਦਾ ਖਰੜਾ ਸੋਂਪਿਆਂ ਗਿਆ ਤੇ ਇਸ ਸੰਵਿਧਾਨ ਨੂੰ 26 ਜਨਵਰੀ 1950 ਨੂੰ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ਤੇ ਭਾਰਤ ਇਕ ਸੰਪੂਰਨ ਦੇਸ਼ ਬਣ ਗਿਆ। ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ 2015 ਤੋਂ 26 ਨਵੰਬਰ ਨੂੰ ਹਰ ਸਾਲ ‘ਸੰਵਿਧਾਨ ਦਿਵਸ’  ਵਜੋਂ ਮਨਾਇਆਂ ਜਾਂਦਾ ਹੈ। ਹੁਣ ਸਵਾਲ ਉਠਦਾ ਹੈ ਕਿ ਸਵਿਧਾਨ ਸਭਾ ਦੀਆਂ ਜ਼ਿਆਦਾਤਰ ਬੈਠਕਾਂ ਵਿਚ ਲਗਭਗ 300 ਮੈਂਬਰ ਮੌਜੂਦ ਰਹੇ। ਸੰਵਿਧਾਨ ਦੀ ਰਚਨਾ ਲਈ ਇਨ੍ਹਾਂ ਸਾਰਿਆਂ ਨੂੰ ਹੀ ਬਰਾਬਰ ਦਾ ਅਧਿਕਾਰ ਸੀ ਪਰ ਫਿਰ ਵੀ ਡਾਕਟਰ ਅੰਬੇਦਕਰ ਨੂੰ ਹੀ ਕਿਉਂ ਸੰਵਿਧਾਨ ਦਾ ਨਿਰਮਾਤਾ ਜਾ ਸ਼ਿਲਪਕਾਰ ਕਿਹਾ ਜਾਂਦਾ ਹੈ। ਇਹ ਸਿਰਫ ਡਾਕਟਰ ਅੰਬੇਦਕਰ ਦੇ ਸਮਰਥਕ ਹੀ ਨਹੀਂ ਕਹਿੰਦੇ ਸਗੋਂ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਵੀ ਇਸ ਨੂੰ ਸਵਿਕਾਰ ਕੀਤਾ ਅਤੇ ਵੱਖ-ਵੱਖ ਵਿਦਵਾਨਾਂ ਨੇ ਵੀ ਇਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਾਨਤਾ ਦਿੱਤੀ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਦੀ ਜੀਵਨੀ ਦੇ ਲੇਖਕ ਮਾਈਕਲ ਬ੍ਰੇਚਰ ਨੇ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਮੁੱਖ ਸ਼ਿਲਪਕਾਰ ਦੱਸਿਆ ਅਤੇ ਸੰਵਿਧਾਨ ਬਣਾਉਣ ਵਿਚ ਉਨ੍ਹਾਂ ਦੀ ਭੂਮੀਕਾ ਨੂੰ ਫੀਲਡ ਜਨਰਲ ਵਜੋਂ ਅੰਕਿਤ ਕੀਤਾ। ਸੰਵਿਧਾਨ ਸਭਾ ਵਿਚ ਅੰਬੇਦਕਰ ਦੀ ਭੂਮੀਕਾ ਨੂੰ ਘੱਟ ਸਮਝਣ ਵਾਲੇ ਲੋਕਾਂ ਲਈ ਵਿਦਵਾਨ ਕ੍ਰਿਸਟੋਫ਼ ਜੇਫਰਲੋਟ ਲਿਖਦਾ ਹੈ, “ਸਾਨੂੰ ਡਰਾਫਟ ਕਮੇਟੀ ਦੀ ਭੂਮੀਕਾ ਦਾ ਵੀ ਇਕ ਵਾਰ ਫਿਰ ਤੋਂ ਮੁਲਾਂਕਣ ਕਰਨਾ ਚਾਹੀਦਾ ਹੈ। ਕਮੇਟੀ ਨੂੰ ਨਾ ਸਿਰਫ਼ ਸੰਵਿਧਾਨ ਦੇ ਮੁਢਲੇ ਪੰਨੇ ਲਿਖਣ ਦੀ ਜ਼ਿਮੇਵਾਰੀ ਸੌਂਪੀ ਗਈ ਸੀ, ਸਗੋਂ ਇਸ ਨੂੰ ਵੱਖ-ਵੱਖ ਕਮੇਟੀਆਂ ਦੁਆਰਾ ਭੇਜੇ ਗਏ ਲੇਖਾਂ ਦੇ ਆਂਧਾਰ ’ਤੇ ਸੰਵਿਧਾਨ ਦਾ ਲਿਖਤੀ ਖਰੜਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਸ ਨੂੰ ਫਿਰ ਸੰਵਿਧਾਨ-ਸਭਾ ਅੱਗੇ ਪੇਸ਼ ਕੀਤਾ ਜਾਣਾ ਸੀ। ਸਦਨ ਦੇ ਸਾਹਮਣੇ ਕਈ ਡਰਾਫ਼ਟ ਪੜ੍ਹੇ ਗਏ ਅਤੇ ਹਰ ਵਾਰ ਡਰਾਫ਼ਟ ਕਮੇਟੀ ਦੇ ਮੈਂਬਰਾਂ ਨੇ ਚਰਚਾ ਕੀਤੀ ਅਤੇ ਅਗਵਾਈ ਕੀਤੀ। ਬਹੁਤੀ ਵਾਰ ਇਹ ਜ਼ਿੰਮੇਵਾਰੀ ਅੰਬੇਦਕਰ ਨੇ ਨਿਭਾਈ”। ਇਸ ਤੱਥ ਦੀ ਪ੍ਰੋੜਿਤਾ ਕਰਦੇ ਹੋਏ ਉੱਘੀ ਸਮਾਜ-ਵਿਿਗਆਨੀ ਪ੍ਰੋਫ਼ੈਸਰ ਗੇਲ ਓਮਵੇਡਟ ਲਿਖਦੀ ਹੈ, “ਸੰਵਿਧਾਨ ਦਾ ਖਰੜਾ ਤਿਆਰ ਕਰਨ ਸਮੇਂ ਬਹੁਤ ਸਾਰੇ ਵਿਵਾਦਪੂਰਨ ਮੁੱਦਿਆਂ ’ਤੇ ਅਕਸਰ ਗਰਮਾ-ਗਰਮ ਬਹਿਸ ਹੁੰਦੀ ਸੀ। ਅੰਬੇਦਕਰ ਨੇ ਇਨ੍ਹਾਂ ਸਾਰੇ ਮਾਮਲਿਆਂ ਦੇ ਸਬੰਧ ਵਿਚ ਵਿਚਾਰ-ਵਟਾਂਦਰੇ ਲਈ ਦਿਸ਼ਾ ਨਿਰਦੇਸ਼ ਦਿੱਤੇ ਤੇ ਆਪਣੇ ਵਿਚਾਰ ਪੇਸ਼ ਕਰਕੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ। ਡਾਕਟਰ ਅੰਬੇਦਕਰ ਇੱਕੋ ਸਮੇਂ ਕਈ ਵਿਿਸ਼ਆਂ ਦੇ ਵਿਦਵਾਨ ਸਨ। ਅੰਬੇਦਕਰ ਉਨ੍ਹਾਂ ਕੱੁਝ ਸ਼ਖ਼ਸੀਅਤਾਂ ਵਿਚੋਂ ਇਕ ਸਨ ਜੋ ਡਰਾਫਟ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ ਬਾਕੀ ਕਮੇਟੀਆਂ ਵਿਚ ਇਕ ਤੋਂ ਵੱਧ ਕਮੇਟੀਆਂ ਦੇ ਮੈਂਬਰ ਸਨ। ਸੰਵਿਧਾਨ ਸਭਾ ਦੁਆਰਾ ਡਰਾਫਟ ਕਮੇਟੀ ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਚੋਣ ਉਨ੍ਹਾਂ ਦੀ ਰਾਜਨਿਿਤਕ ਯੋਗਤਾ ਅਤੇ ਕਾਨੂੰਨੀ ਮੁਹਾਰਤ ਕਾਰਨ ਹੋਈ ਸੀ। ਸੰਵਿਧਾਨ ਲਿਖਣ ਲਈ, ਵੱਖ-ਵੱਖ ਧਾਰਾਵਾਂ ਦੇ ਸੰਦਰਭ ਵਿਚ ਸੰਵਿਧਾਨ ਸਭਾ ਵਿਚ ਉੱਠਣ ਵਾਲੇ ਸਵਾਲਾਂ ਦੇ ਜਵਾਬ ਦੇਣ ਲਈ, ਅਤੇ ਕਈ ਵਾਰ ਵਿਰੋਧੀ ਵਿਵਸਥਾਵਾਂ ਵਿਚਕਾਰ ਸੰਤੁਲਨ ਕਾਇਮ ਕਰਨ ਲਈ ਅਤੇ ਸੰਵਿਧਾਨ ਨੂੰ ਭਾਰਤੀ ਸਮਾਜ ਲਈ ਇਕ ਮਾਰਗਦਰਸ਼ਕ ਦਸਤਾਵੇਜ਼ ਵਜੋਂ ਪੇਸ਼ ਕਰਨ ਲਈ ਡਾਕਟਰ ਅੰਬੇਦਕਰ ਨੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਫ਼ੈਸਲਾਕੁੰਨ ਭੂਮਿਕਾ ਨਿਭਾਈ”। ਆਜ਼ਾਦੀ, ਸਮਾਨਤਾ, ਭਾਈਚਾਰਾ, ਨਿਆਂ, ਕਾਨੂੰਨ ਦਾ ਰਾਜ, ਕਾਨੂੰਨ ਦੇ ਸਾਹਮਣੇ ਬਰਾਬਰੀ, ਲੋਕਤੰਤਰੀ ਪ੍ਰਕਿਿਰਆ ਅਤੇ ਸਾਰੇ ਨਾਗਰਿਕਾਂ ਲਈ ਧਰਮ, ਜਾਤ, ਲੰਿਗ ਅਤੇ ਹੋਰ ਕਿਸੇ ਵੀ ਭੇਦਭਾਵ ਤੋਂ ਬਿਨਾਂ ਸਨਮਾਨਜਨਕ ਜੀਵਨ ਆਦਿ ਸ਼ਬਦਾਂ ਦੇ ਅਰਥਾਂ ਨੂੰ ਭਾਰਤੀ ਸਮਾਜ ਵਿਚ ਵਿਵਹਾਰਿਕ ਰੂਪ ਵਿਚ ਲਾਗੂ ਕਰਨ ਲਈ ਡਾਕਟਰ ਅੰਬੇਦਕਰ ਨੇ ਸਾਰੀ ਉਮਰ ਸੰਘਰਸ਼ ਕੀਤਾ। ਇਸ ਦੀ ਛਾਪ ਭਾਰਤੀ ਸੰਵਿਧਾਨ ਵਿਚ ਦੇਖੀ ਜਾ ਸਕਦੀ ਹੈ। ਇਸ ਸਬੰਧ ਵਿੱਚ 5 ਨਵੰਬਰ 1948 ਨੂੰ ਸੰਵਿਧਾਨ ਸਭਾ ਵਿੱਚ ਡ੍ਰਾਫ਼ਟਿੰਗ ਕਮੇਟੀ ਦੇ ਮੈਂਬਰ ਸ੍ਰੀ ਟੀ.ਟੀ. ਕ੍ਰਿਸ਼ਨਾਮਚਾਰੀ (ਡੀ.ਪੀ. ਖੇਤਾਨ ਦੇ ਦੇਹਾਂਤ ਤੋਂ ਬਾਅਦ ਸ੍ਰੀ ਟੀ.ਟੀ. ਕ੍ਰਿਸ਼ਨਾਮਚਾਰੀ ਜੀ ਨੂੰ ਸੰਵਿਧਾਨ ਕਮੇਟੀ ਦਾ ਮੈਂਬਰ ਚੁਣਿਆ ਗਿਆ ਸੀ )  ਨੇ ਸੰਵਿਧਾਨ ਪੂਰਾ ਹੋ ਜਾਣ ਤੇ ਸੰਵਿਧਾਨ ਸਭਾ ਨੂੰ ਸੰਬੋਧਤ ਕਰਦੇ ਹੋਏ ਕਿਹਾ ਸੀ, “ਇਹ ਸਦਨ ਸੰਭਵ ਤੌਰ ਤੇ ਇਸ ਗੱਲ ਤੋਂ ਜਾਣੂ ਹੋਵੇਗਾ ਕਿ ਜਿਨ੍ਹਾਂ ਸੱਤ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਉਨ੍ਹਾਂ ਵਿਚੋਂ ਇੱਕ ਮੈਂਬਰ ਨੇ ਅਸਤੀਫ਼ਾ ਦੇ ਦਿੱਤਾ ਸੀ। ਉਸਦੀ ਥਾਂ ਤੇ ਹੋਰ ਮੈਂਬਰ ਰੱਖਿਆ ਗਿਆ। ਇੱਕ ਦੀ ਮੌਤ ਹੋ ਗਈ ਸੀ, ਉਸ ਦੀ ਥਾਂ ਤੇ ਕੋਈ ਨਹੀਂ ਰੱਖਿਆ ਗਿਆ। ਇੱਕ ਮੈਂਬਰ ਅਮਰੀਕਾ ਚੱਲਿਆ ਗਿਆ, ਉਸਦੀ ਥਾਂ ਵੀ ਨਹੀਂ ਭਰੀ ਗਈ।ਇੱਕ ਹੋਰ ਮੈਂਬਰ ਰਾਜ ਦੇ ਮਾਮਲਿਆਂ ਨੂੰ ਦੇਖ ਰਿਹਾ ਸੀ ਅਤੇ ਉਹ ਉਸ ਹੱਦ ਤੱਕ ਨਹੀਂ ਪਹੁੰਚ ਸਕਦਾ ਸੀ। ਇੱਕ-ਦੋ ਮੈਂਬਰ ਦਿੱਲੀ  ਤੋਂ ਦੂਰ ਰਹਿੰਦੇ ਸਨ, ਕਿਉਂਕਿ ਉਨ੍ਹਾਂ ਦੀ ਸਿਹਤ ਉਨ੍ਹਾਂ ਨੂੰ ਦਿੱਲੀ ਵਿੱਚ ਰਹਿਣ ਦੀ ਇਜ਼ਾਜ਼ਤ ਨਹੀਂ ਦੇ ਰਹੀ ਸੀ ਇਸ ਲਈ ਉਹ ਕਮੇਟੀ ਦੀਆਂ ਕਾਰਵਾਈਆਂ ’ਚ ਭਾਗ ਨਹੀਂ ਲੈ ਸਕੇ। ਹੁਣ ਸਿਰਫ਼ ਇਕੱਲੇ ਡਾ. ਅੰਬੇਦਕਰ ਹੀ ਅਜਿਹੇ ਮੈਂਬਰ ਬਚੇ ਸਨ ਜਿਨ੍ਹਾਂ ਦੇ ਮੋਢਿਆਂ ਤੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਕੰਮ ਆ ਪਿਆ ਸੀ। ਮੈਨੂੰ ਇਸ ਵਿਚ ਕੋਈ ਸੰਕੋਚ ਨਹੀ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਸਾਰੇ ਕੰਮ ਨੂੰ ਪੂਰੀ ਜ਼ਿਮੇਵਾਰੀ ਤੇ ਪ੍ਰਸ਼ੰਸਾਯੋਗ ਤਰੀਕੇ ਨਾਲ ਪੂਰਾ ਕੀਤਾ”। (ਸੰਵਿਧਾਨ ਸਭਾ ਦੀ ਬਹਿਸ, ਭਾਗ-7 ਪੰਨਾ 231)। ਡਾਕਟਰ ਅੰਬੇਦਕਰ ਨੇ ਆਪਣੇ ਪਹਿਲੇ ਦਿਨ ਦੇ ਭਾਸ਼ਣ ’ਚ ਕਮੇਟੀ ਰਾਹੀਂ ਅੰਤਿਮ ਰੂਪ ਦਿੱਤੇ ਗਏ ਸੰਵਿਧਾਨ ਦੇ ਖਰੜੇ ਨੂੰ ਇਕ ‘ਅਜਿੱਤ ਦਸਤਾਵੇਜ਼’ ਦਾ ਨਾਂ ਦੇ ਕੇ ਇਸ ਦੀ ਪ੍ਰਸ਼ੰਸਾ ਕੀਤੀ। ਪਰ ਡਾ. ਅੰਬੇਦਕਰ ਨੇ ਸੰਵਿਧਾਨ ਦੀ ਕਾਮਯਾਬੀ ਦੀ ਸਾਰੀ ਨਿਰਭਰਤਾ ਸੰਵਿਧਾਨ ਤੇ ਨਹੀਂ ਦੱਸੀ। ਉਹਨਾਂ ਕਿਹਾ, “ਮੈਂ ਸਮਝਦਾ ਹਾਂ ਇਸ ਸੰਵਿਧਾਨ ਨਾਲ ਕੰਮ ਚਲ ਸਕਦਾ ਹੈ। ਇਹ ਲਚਕਦਾਰ ਹੈ। ਇਹ ਦੇਸ਼ ਨੂੰ ਸ਼ਾਂਤੀ ਅਤੇ ਯੁੱਧ ਦੋਹਾਂ ਹਾਲਤਾਂ ਵਿੱਚ ਇਕਮੁੱਠ ਰੱਖਣ ਦੇ ਯੋਗ ਹੈ। ਜੇ ਮੈਂ ਕਹਾਂ ਕਿ ਇਸ ਨਵੇਂ ਸੰਵਿਧਾਨ ਦੇ ਅਧੀਨ ਜੇ ਹਾਲਾਤ ਵਿਗੜੇ ਤਾਂ ਉਸਦਾ ਕਾਰਣ ਇਹ ਨਹੀਂ ਹੋਵੇਗਾ ਕਿ ਸੰਵਿਧਾਨ ਮਾੜਾ ਸੀ ਸਗੋਂ ਇਹ ਕਹਿਣਾ ਪਵੇਗਾ ਕਿ ਇਸਨੂੰ ਲਾਗੂ ਕਰਨ ਵਾਲੇ ਹੀ ਨਿਕੰਮੇ ਅਤੇ ਦੁਸਟ ਸਨ।’ (ਸੰਵਿਧਾਨ ਸਭਾ ਕਾਰਵਾਈ ਭਾਗ 7, 44)। ਵੱਡੀ ਚਿਤਾਵਨੀ ਦਿੰਦਿਆਂ ਅੰਬੇਦਕਰ ਨੇ ਕਿਹਾ ਕਿ 20 ਜਨਵਰੀ, 1950 ਨੂੰ ਅਸੀਂ ਵਿਰੋਧ ਭਰੇ ਜੀਵਨ ਵਿਚ ਪ੍ਰਵੇਸ਼ ਕਰ ਰਹੇ ਹਾਂ। ਰਾਜਸੀ ਖੇਤਰ ਵਿਚ ਤਾਂ ਅਸੀਂ ਬਰਾਬਰ ਹੋਵਾਂਗੇ ਪਰ ਸਮਾਜਿਕ ਅਤੇ ਆਰਥਿਕ ਖੇਤਰ ਵਿਚ ਨਾਬਰਾਬਰੀ ਹੋਵੇਗੀ। ਇਸ ਵਿਰੋਧ ਨੂੰ ਛੇਤੀ ਤੋਂ ਛੇਤੀ ਦੂਰ ਕਰਨਾ ਚਾਹੀਦਾ ਹੈ ਨਹੀਂ ਤਾਂ ਨਾਬਰਾਬਰੀ ਤੋਂ ਪੀੜਤ ਲੋਕ ਰਾਜਸੀ ਲੋਕਤੰਤਰ ਨੂੰ ਉਡਾ ਕੇ ਰੱਖ ਦੇਣਗੇ ਜਿਸ ਨੂੰ ਕਿ ਅਸੈਂਬਲੀ ਨੇ ਬੜੇ ਕਸ਼ਟਾਂ ਨਾਲ ਖੜਾ ਕੀਤਾ ਹੈ। ਅੰਤ ਵਿਚ ਉਸ ਨੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜਕ ਅਤੇ ਮਾਨਸਿਕ ਪੱਖ ਤੋਂ ਇਕ ਕੌਮ ਬਣਨ ਅਤੇ ਜਾਤਪਾਤ ਦਾ ਤਿਆਗ ਕਰਨ ਕਿਉਂਕਿ ਇਸੇ ਨੇ ਹੀ ਸਮਾਜਕ ਜੀਵਨ ਨੂੰ ਢਾਹ ਲਾਈ ਹੈ ਅਤੇ ਵੱਖ-ਵੱਖ ਜਾਤਾਂ ਵਿਚਕਾਰ ਸਾੜਾ ਅਤੇ ਦੁਸ਼ਮਣੀ ਪੈਦਾ ਕੀਤੀ ਹੈ। ਹਾਊਸ ਨੇ ਚੁੱਪ ਚਾਪ ਉਸ ਦਾ ਪੌਣੇ ਘੰਟੇ ਦਾ ਸਪਸ਼ਟ ਭਾਸ਼ਣ ਸੁਣਿਆ ਅਤੇ ਵਿੱਚ-ਵਿੱਚ ਦਾਦ ਵੀ ਦਿੱਤੀ। ਪਿਛੋਂ ਮੈਂਬਰਾਂ ਨੇ ਇਸ ਭਾਸ਼ਣ ਨੂੰ ਭਾਰਤੀ ਰਾਜਨੀਤੀ ਅਤੇ ਸਮਾਜਕ ਸਥਿਤੀ ਦਾ ਪੂਰਾ-ਪੂਰਾ ਨਕਸ਼ਾ ਦੱਸਿਆ। ਅਗਲੇ ਦਿਨ ਅਖ਼ਬਾਰਾਂ ਨੇ ਬੜੇ ਮਾਣ ਅਤੇ ਖੁਸ਼ੀ ਨਾਲ ਉਸ ਦਾ ਭਾਸ਼ਣ ਪ੍ਰਕਾਸ਼ਤ ਕੀਤਾ। ਉਨ੍ਹਾਂ ਨੇ ਉਸ ਦੇ ਸਿਆਣੇ ਅਤੇ ਚੇਤਾਵਨੀ ਭਰੇ ਸ਼ਬਦਾਂ ਦਾ ਜ਼ਿਕਰ ਵੀ ਕੀਤਾ।
ਸੰਵਿਧਾਨ ਦਾ ਖਰੜਾ 6 ਮਹੀਨਿਆਂ ਤੱਕ ਲੋਕਾਂ ਸਾਹਮਣੇ ਰਿਹਾ ਤਾਂ ਜੋ ਉਹ ਆਪਣਾ ਕੋਈ ਸੁਝਾਅ ਦੇ ਸਕਣ। ਅਸੈਂਬਲੀ ਦੋ ਸਾਲ ਗਿਆਰਾਂ ਮਹੀਨੇ ਅਤੇ ਅਠਾਰਾਂ ਦਿਨ ਮਿਹਨਤ ਨਾਲ ਕੰਮ ਕਰਦੀ ਰਹੀ। ਖਰੜੇ ਵਿਚ ਲਗਭਗ 7635 ਸੰਸ਼ੋਧਨ ਰੱਖੇ ਗਏ ਪਰ ਇਨ੍ਹਾਂ ਵਿਚੋਂ ਕੇਵਲ 2473 ਸੰਸ਼ੋਧਨ ਹੀ ਪੇਸ਼ ਕੀਤੇ ਗਏ। 26 ਨਵੰਬਰ, 1949 ਨੂੰ ਸੰਵਿਧਾਨਕ ਅਸੈਂਬਲੀ ਨੇ ਇਸ ਸੰਵਿਧਾਨ ਨੂੰ 395 ਧਾਰਾਵਾਂ ਅਤੇ 9 ਅਨੁਸੂਚੀਆਂ ਨਾਲ ਅਪਣਾ ਲਿਆ। ਅਸੈਂਬਲੀ ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਸਾਦ ਨੇ ਆਪਣੇ ਭਾਸ਼ਣ ਵਿਚ ਕਿਹਾ, “ਰੋਜ਼ ਦੀਆਂ ਗਤੀਵਿਧੀਆਂ ਵੇਖਣ ਤੇ ਮੈਂ ਇਸ ਸਿੱਟੇ ਤੇ ਪੁੱਜਾ ਹਾਂ ਕਿ ਕੋਈ ਵੀ ਹੋਰ ਬੰਦਾ ਇੰਜ ਸੰਵਿਧਾਨ ਦੀ ਤਿਆਰੀ ਨਹੀਂ ਸੀ ਕਰ ਸਕਦਾ ਜਿਸ ਤਰ੍ਹਾਂ ਕਿ ਖ਼ਰਾਬ ਸਿਹਤ ਦੇ ਹੁੰਦਿਆਂ ਵੀ ਖਰੜਾ ਕਮੇਟੀ ਦੇ ਮੁਖੀ ਡਾ. ਅੰਬੇਦਕਰ ਨੇ ਕੀਤੀ ਹੈ। ਉਸ ਨੂੰ ਇਸ ਕਮੇਟੀ ਦੇ ਚੇਅਰਮੈਨ ਬਨਾਉਣ ਦਾ ਫ਼ੈਸਲਾ ਬਹੁਤ ਹੀ ਵਧੀਆਂ ਸੀ ਅਤੇ ਅਸੀਂ ਇਸ ਬਾਰੇ ੳੇੁਸ ਵੇਲੇ ਇੰਜ ਸੋਚ ਹੀ ਨਹੀਂ ਸਾਂ ਸਕਦੇ। ਉਸਨੇ ਆਪਣੀ ਚੋਣ ਨੂੰ ਠੀਕ ਸਿੱਧ ਕਰਦਿਆਂ ਆਪਣੇ ਕੰਮ ਬਾਰੇ ਵੀ ਚਮਤਕਾਰ ਕਰ ਵਿਖਾਇਆ ਹੈ”। 
ਆਜ਼ਾਦ ਭਾਰਤ ਦੈ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਡਾਕਟਰ ਅੰਬੇਦਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ 6 ਦਸੰਬਰ 1956 ਨੂੰ ਲੋਕ ਸਭਾ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, “ਡਾਕਟਰ ਭੀਮ ਰਾਓ ਅੰਬੇਦਕਰ ਭਾਰਤੀ ਸੰਵਿਧਾਨ ਦੇ ਮੁੱਖ ਉਸਰੀਏ ਸਨ”। ਭਾਰਤ ਦੇ ਆਖ਼ਰੀ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਨੇ ਕਿਹਾ, “ ਮੈਨੂੰ ਇਸ ਫ਼ੈਸਲੇ ’ਤੇ ਬਹੁਤ ਪ੍ਰਸੰਨਤਾ ਹੋਈ ਕਿ ਡਾਕਟਰ ਅੰਬੇਦਕਰ ਨੂੰ ਸੰਵਿਧਾਨ ਘਾੜਨੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਮੈਂ ਦੇਖਿਆ ਹੈ ਕਿ ਉਨ੍ਹਾਂ ਨੇ ਬੜੀ ਨਿਪੁਨਤਾ ਨਾਲ ਭਾਰਤ ਦੇ ਸੰਵਿਧਾਨ ਨੂੰ ਸੰਵਿਧਾਨਿਕ ਅਸੈਂਬਲੀ ਵਿਚ ਪਾਸ ਕਰਵਾਇਆ ਹੈ।ਇਹ ਉਨ੍ਹਾਂ ਦੀ ਬਹੁਤ ਹੀ ਸ਼ਾਨਦਾਰ ਪ੍ਰਾਪਤੀ ਹੈ”। ਜੌਹਨ ਮੇਜਰ ਪ੍ਰਧਾਨ ਮੰਤਰੀ ਇੰਗਲੈਂਡ ਨੇ ਕਿਹਾ, “ਡਾ. ਅੰਬੇਦਕਰ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਏਨੀ ਮਹੱਤਵਪੂਰਣ ਦੇਣ ਦਿੱਤੀ ਹੈ ਤੇ ਭਾਰਤ ਦੇ ਆਮ ਲੋਕਾਂ ਦੇ ਹਿੱਤਾਂ ਨੂੰ ਅੱਗੇ ਵਧਾਇਆ ਹੈ”। ਭਾਰਤੀ ਸੰਵਿਧਾਨ ਦੇ ਸਬੰਧ ਵਿਚ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸ੍ਰੀ ਨੈਲਸਨ ਮੰਡੇਲਾ ਨੇ ਕਿਹਾ, “ਭਾਰਤੀ ਸੰਵਿਧਾਨ, ਦੱਖਣੀ ਅਫ਼ਰੀਕਾ ਦੇ ਨਵੇਂ ਸੰਵਿਧਾਨ ਲਈ ਇਕ ਪ੍ਰੇਰਨਾ ਹੈ। ਸਾਨੂੰ ਆਸ ਹੈ ਕਿ ਇਹ ਨਵਾਂ ਸੰਵਿਧਾਨ ਬਣਾਉਣ ਵਿਚ ਸਾਡੀਆਂ ਕੋਸ਼ਿਸ਼ਾਂ ਉੱਤੇ ਭਾਰਤ ਦੇ ਮਹਾਨ ਸਪੂਤ ਡਾਕਟਰ ਅੰਬੇਦਕਰ ਦੇ ਕੰਮ ਅਤੇ ਵਿਚਾਰਾਂ ਦੀ ਡੂੰਘੀ ਛਾਪ ਰਹੇਗੀ। ਸਮਾਜਿਕ ਨਿਆ ਅਤੇ ਦਲਿਤਾਂ ਦੇ ਕਲਿਆਣ ਪ੍ਰਤੀ ਡਾ. ਅੰਬੇਦਕਰ ਦੀ ਦੇਣ, ਰੀਸ ਕਰਨ ਯੋਗ ਹੈ”। ਡਾਕਟਰ ਅੰਬੇਦਕਰ ਦੀ ਸੰਵਿਧਾਨਿਕ ਭੂਮਿਕਾ ਤੋਂ ਪ੍ਰਭਾਵਿਤ ਹੋ ਕਿ ਅਮਰੀਕਾ ਦੀ ਨਿਊਯਾਰਕ ਸਥਿਤ ਕੋਲੰਬੀਆ ਯੂਨੀਵਰਸੀਟੀ ਨੇ 5 ਜੂਨ 1952 ਵਿਚ ਉਨ੍ਹਾਂ ਨੂੰ ‘ਡਾਕਟਰ ਆਫ਼ ਲਾਅ’ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਸੀ।
ਸੰਵਿਧਾਨ ਦੀ ਗੁਣਵਤਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਉਸ ਸਮੇਂ ਲਿਿਖਆ ਗਿਆ ਜਦੋਂ ਸਮੁੱਚਾ ਦੇਸ਼ ਭੂਗੋਲਿਕ ਵੰਡ ਕਾਰਨ ਰਾਜਨੀਤਕ ਅਤੇ ਸਮਾਜਿਕ ਉਥਲ-ਪੁਥਲ ਨਾਲ ਜੂਝ ਰਿਹਾ ਸੀ। ਭਾਰਤ ਸੰਸਾਰ ਦਾ ਇਕ ਵੱਡੀ ਆਬਾਦੀ ਵਾਲਾ ਦੇਸ਼ ਹੀ ਨਹੀਂ ਸਗੋਂ ਇਸ ਦੇ ਵੱਖ-ਵੱਖ ਰਾਜਾਂ ਵਿਚ ਸਮਾਜਿਕ, ਭੂਗੋਲਿਕ ਅਤੇ ਸੱਭਿਆਚਾਰਿਕ ਵਿਿਭਨਤਾ ਪਾਈ ਜਾਂਦੀ ਹੈ ਇਸ ਦੇ ਬਾਵਜੂਦ ਸਾਰੇ ਵਰਗਾਂ ਨੇ ਇਸ ਨੂੰ ਖ਼ੁਸ਼ੀ ਨਾਲ ਪ੍ਰਵਾਨ ਕੀਤਾ। ਅੱਜਕਲ ਜੇ ਕੋਈ ਨਵਾਂ ਕਾਨੂੰਨ ਬਣਾਉਣਾ ਪੈ ਜਾਵੇ ਤਾਂ ਪੂਰੇ ਦੇਸ਼ ਵਿਚ ਹੜਤਾਲਾਂ ਅਤੇ ਧਰਨਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਪਾਸ ਕਰਕੇ ਵਾਪਿਸ ਲਏ ਕਾਨੂੰਨ ਇਸ ਦੀ ਤਾਜ਼ਾ ਮਿਸਾਲ ਹੈ। ਪਰ ਅੱਜਕਲ ਜਦੋਂ ਵੀ ਕਿਸੇ ਦੇ ਦਿਮਾਗ਼ ’ਤੇ ਚੌਦਵੀ ਸਦੀ ਦੀ ਗ਼ੈਰ-ਅਮਾਨਵੀ ਸਮਾਜਿਕ ਵਿਵਸਥਾ ਵਾਲੀ ਸੋਚ ਭਾਰੂ ਹੋ ਜਾਂਦੀ ਹੈ ਤਾਂ ਉਹ ਭਾਰਤੀ ਸੰਵਿਧਾਨ ਨੂੰ ਟੀਰੀ ਨਜ਼ਰ ਨਾਲ ਦੇਖਣ ਲੱਗਦਾ ਹੈ ਤੇ ਆਪਣੀ ਸੌੜੀ ਸੋਚ ਦੀ ਮੁਨਿਆਦੀ ਕਰਨ ਲੱਗ ਜਾਂਦਾ ਹੈ।  
(ਇਹ ਵੀ ਜ਼ਿਕਰਯੋਗ ਹੈ ਕਿ ਡਾਕਟਰ ਅੰਬੇਦਕਰ ਨੇ 2 ਸਤੰਬਰ 1953 ਨੂੰ ਇਕ ਸੰਵਿਧਾਨਿਕ ਸੋਧ ਦੇ ਹੱਕ ਵਿਚ ਜ਼ੋਰਦਾਰ ਦਲੀਲ ਦਿੱਤੀ ਤੇ ਬਾਅਦ ਵਿਚ ਗੁੱਸੇ ਦੇ ਪ੍ਰਤੀਕਰਮ ਵਜੋਂ ਉਹ ਸੰਵਿਧਾਨ ਨੂੰ ਸਾੜਨ ਤੱਕ ਦੀ ਗੱਲ ਕਹਿ ਗਏ।ਬਾਅਦ ਵਿਚ ਇਸ ਦਾ ਸਪੱਸ਼ਟੀਕਰਨ ਦਿੰਦਿਆ ਉਨ੍ਹਾਂ ਕਿਹਾ, “ਅਸੀਂ ਦੇਵਤੇ ਦੇ ਅੰਦਰ ਆਉਣ ਅਤੇ ਰਹਿਣ ਲਈ ਮੰਦਰ ਬਣਾਇਆ, ਪਰ ਦੇਵਤਾ ਸਥਾਪਿਤ ਕਰਨ ਤੋਂ ਪਹਿਲਾਂ ਹੀ ਜੇ ਸ਼ੈਤਾਨ ਕਬਜ਼ਾ ਕਰ ਲਵੇ ਤਾਂ ਅਸੀਂ ਮੰਦਰ ਨੂੰ ਤਬਾਹ ਕਰਨ ਤੋਂ ਇਲਾਵਾ ਹੋਰ ਕੀ ਕਰ ਸਕਦੇ ਸੀ? ਸਾਡਾ ਇਰਾਦਾ ਨਹੀਂ ਸੀ ਕਿ ਇਸ ਉੱਤੇ ਸੈਤਾਨਾਂ ਦਾ ਕਬਜ਼ਾ ਹੋਵੇ ਸਾਡਾ ਇਰਾਦਾ ਸੀ ਕਿ ਇਸ ਉੱਤੇ ਦੇਵਤਿਆਂ ਦਾ ਕਬਜ਼ਾ ਹੋਵੇ, ਇਸ ਕਾਰਨ ਹੀ ਮੈਂ ਕਿਹਾ ਕਿ ਮੈਂ ਇਸ ਨੂੰ ਸਾੜਨਾ ਪਸੰਦ ਕਰਾਂਗਾ” )
ਭਾਵੇਂ ਹਰੇਕ ਭਾਰਤੀ ਲਈ 26 ਜਨਵਰੀ ਮਹੱਤਵ ਭਰਿਆ ਦਿਨ ਹੈ। ਪਰ ਦੱਬੇ-ਕੁੱਚਲੇ ਸਮਾਜ ਲਈ ਇਹ ਇਕ ਚਮਤਕਾਰੀ ਦਿਨ ਹੈ। ਕਿਉਂਕਿ ਇਸ ਦਿਨ ਸੰਵਿਧਾਨ ਲਾਗੂ ਹੋਣ ਕਰਕੇ ਪਿਛਲੇ ਹਜ਼ਾਰਾਂ ਵਰ੍ਹਿਆਂ ਤੋਂ ਮਨੁੱਖੀ ਅਧਿਕਾਰਾਂ ਤੋਂ ਵੰਚਤ ਚੱਲੀ ਆ ਰਹੀ ਭਾਰਤ ਦੀ ਵੱਡੀ ਅਬਾਦੀ ਪਹਿਲੀ ਵਾਰ ਬਾਕੀ ਸਮਾਜਾਂ ਦੇ ਮਨੁੱਖਾਂ ਬਰਾਬਰ ਵਿੱਦਿਆ, ਜਾਇਦਾਦ, ਕਾਨੂੰਨੀ ਬਰਾਬਰੀ, ਵੋਟ-ਨੁਮਾਇੰਦਗੀ ਆਦਿ ਦੇ ਮੌਲਿਕ ਅਧਿਕਾਰ ਹਾਸਲ ਕਰ ਸਕੀ। ਅਜਿਹਾ ਹਜ਼ਾਰਾਂ ਸਾਲਾਂ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਆਮ ਭਾਰਤੀ, ਕਿਸੇ ਵੀ ਦੂਸਰੇ ਮਨੁੱਖ ਦੇ ਬਰਾਬਰ ਮਨੁੱਖੀ ਅਧਿਕਾਰ ਪ੍ਰਾਪਤ ਕਰ ਸਕਿਆ। ਇਹਨਾਂ ਅਧਿਕਾਰਾਂ ਨੂੰ ਬਣਾਉਣ, ਪ੍ਰਾਪਤ ਕਰਨ ਅਤੇ ਸਥਾਪਤ ਕਰਨ ਵਿੱਚ ਡਾਕਟਰ ਅੰਬੇਦਕਰ ਦੀ ਸਭ ਤੋਂ ਵੱਡੀ ਅਤੇ ਮਹਾਨ ਭੂਮਿਕਾ ਰਹੀ। ਇਸ ਕਠੋਰ ਤਪੱਸਿਆ ਤੇ ਅਹਿਮ ਯੋਗਦਾਨ ਦੇ ਕਾਰਨ ਹੀ ਉਨ੍ਹਾਂ ਨੂੰ ਸੰਵਿਧਾਨ ਦਾ ਮੁੱਖ ਸ਼ਿਲਪਕਾਰ ਕਿਹਾ ਜਾਂਦਾ ਹੈ।