ਜਲਦੀ ਹੀ ਨਵੀਂ ਦੁਨੀਆਂ ਦੀ ਖੋਜ ਦੀ ਉਮੀਦ ਹੈ (ਲੇਖ )

ਸੰਜੀਵ ਝਾਂਜੀ   

Email: virk.sanjeevjhanji.jagraon@gmail.com
Cell: +91 80049 10000
Address:
ਜਗਰਾਉਂ India
ਸੰਜੀਵ ਝਾਂਜੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਕੂਲ ਵਿੱਚ ਪੜ੍ਹਦੇ ਸਮੇਂ ਸਾਇੰਸ ਦੇ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਂਦਾ ਸੀ ਅਤੇ ਕਿਤਾਬਾਂ ਵਿੱਚ ਵੀ ਇਹੀ ਲਿਖਿਆ ਹੁੰਦਾ ਸੀ ਕਿ ਸੂਰਜੀ ਪਰਿਵਾਰ ਵਿੱਚ ਸੂਰਜ ਅਤੇ 9 ਗ੍ਰਹਿ ਹਨ, ਜੋ ਸੂਰਜ ਦੇ ਆਲ਼ੇਦੁਆਲ਼ੇ ਘੁੰਮਦੇ ਹਨ। ਕੁਝ ਸਮਾਂ ਬਾਅਦ ਹੁਣ ਇਹ ਕਿਹਾ ਜਾਣ ਲੱਗਿਆ ਹੈ ਕਿ ਗ੍ਰਹਿਆਂ ਦੀ ਗਿਣਤੀ 9 ਨਹੀਂ 8 ਹੈ। ਇਹ ਜਿਹੜਾ ਇਕ ਗ੍ਰਹਿ ਘਟਿਆ ਹੈ ਇਹ ਨਾ ਤਾਂ ਤਬਾਹ ਹੋਇਆ ਹੈ ਅਤੇ ਨਾ ਹੀ ਕਿਤੇ ਇੱਧਰ-ਉੱਧਰ ਫਰਲੋ ’ਤੇ ਗਿਆ ਹੈ। ਇਹ ਪੁਲਾੜ ਵਿੱਚ ਉਥੇ ਹੀ ਹੈ, ਜਿੱਥੇ ਪਹਿਲਾਂ ਸੀ। ਉਸੇ ਤਰਾ ਹੀ ਘੁੰਮ ਰਿਹਾ ਹੈ। ਅਸਲ ਵਿੱਚ ਪੁਲਾੜ ਵਿਗਿਆਨੀਆਂ ਨੇ ਗ੍ਰਹਿ ਦੀ ਪਰਿਭਾਸਾ ਵਿੱਚ ਹੇਰ-ਫੇਰ ਕਰ ਦਿੱਤਾ ਹੈ। ਜਿਹੜਾ ਪਹਿਲਾਂ ਨੌਵਾਂ ਗ੍ਰਹਿ ਪਲੂਟੋ ਸੀ, ਉਹ ਹੁਣ ਗ੍ਰਹਿ ਨਹੀਂ ਰਿਹਾ। ਵਿਗਿਆਨੀਆਂ ਨੇ ਹੁਣ ਇਸ ਨੂੰ ਬੌਣੇ ਗ੍ਰਹਿ ਦਾ ਦਰਜਾ ਦੇ ਦਿੱਤਾ ਹੈ।
ਪੁਲਾੜ ਵਿੱਚ ਅਤੇ ਪੁਲਾੜ ਬਾਰੇ ਲਗਾਤਾਰ ਖੋਜਾਂ ਜਾਰੀ ਹਨ। ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਕੀ ਸਿਰਫ ਇਹੀ 8 ਗ੍ਰਹਿ ਅਤੇ ਕੁਝ ਬੌਣੇ ਗ੍ਰਹਿ ਹਨ? ਕੀ ਸਿਰਫ ਇਹੀ ਗ੍ਰਹਿ ਸੂਰਜ ਦੇ ਆਲੇ ਦੁਆਲੇ ਘੁੰਮਦੇ ਹਨ?
ਹਿਸਾਬ (ਗਣਿਤ) ਵਿੱਚ ਇੱਕ ਲਫ਼ਜ਼ ਕਈ ਵਾਰ ਵਰਤਿਆ ਜਾਂਦਾ ਹੈ ਅਨੰਤ। ਅਨੰਤ ਦਾ ਮਤਲਬ ਹੁੰਦਾ ਹੈ ਇੰਨਾ ਜ਼ਿਆਦਾ ਕਿ ਜਿੱਥੇ ਗਿਣਤੀਆਂ ਮਿਣਤੀਆਂ ਵੀ ਖਤਮ ਹੋ ਜਾਣ ਉਸ ਤੋਂ ਵੀ ਜ਼ਿਆਦਾ। ਭਾਵ ਜਿਹੜਾ ਗਿਣਿਆ ਨਾ ਜਾ ਸਕੇ।
ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਵਿਗਿਆਨੀਆਂ ਨੇ ਹੁਣ ਤੱਕ ਪੰਜ ਹਜਾਰ ਤੋਂ ਵੀ ਵੱਧ ਗ੍ਰਹਿ ਦੀ ਖੋਜ ਕਰ ਲਈ ਹੈ। ਅਸਲ ਵਿੱਚ ਇਹ ਨਵੇਂ ਲੱਭੇ ਗਏ ਗ੍ਰਹਿ ਸਾਡੇ ਸੂਰਜ ਦੁਆਲੇ ਨਹੀ ਘੁੰਮਦੇ ਸਗੋਂ ਹੋਰ ਸੂਰਜਾਂ ਦੇ ਦੁਆਲੇ ਘੁੰਮਦੇ ਹਨ। ਤਾਰਿਆਂ ਦੇ ਆਲੇ-ਦੁਆਲੇ ਚੱਕਰ ਕੱਢਣ ਵਾਲੇ ਇਹਨਾਂ ਗ੍ਰਹਿ ਨੂੰ ਬਾਹਰੀ ਗ੍ਰਹਿ ਜਾਂ ਐਕਸੋਪਲੈਨਟ ਕਿਹਾ ਜਾਂਦਾ ਹੈ।
ਪੁਲਾੜ ਵਿੱਚ ਸਿਰਫ ਇੱਕੋ ਸੂਰਜ ਜਿਹੜਾ ਅਸੀਂ ਹਰ ਰੋਜ਼ ਦੇਖਦੇ ਹਾਂ, ਉਹ ਹੀ ਨਹੀਂ ਹੈ। ਰਾਤ ਨੂੰ ਜੋ ਅਸੀਂ ਆਕਾਸ ਵਿੱਚ ਤਾਰੇ ਦੇਖਦੇ ਹਾਂ, ਉਹ ਵੀ ਸੂਰਜ  ਹਨ। ਅਸਲ ਵਿਚ ਸਾਡਾ ਸੂਰਜ ਵੀ ਇੱਕ ਤਾਰਾ ਹੀ ਹੈ। ਫਰਕ ਸਿਰਫ ਇੰਨ੍ਹਾ ਹੈ ਕਿ ਇਹ ਬਾਕੀ ਸਾਰਿਆਂ ਤੋਂ ਬਹੁਤ ਜ਼ਿਆਦਾ ਨੇੜੇ ਹੋਣ ਕਾਰਨ ਵੱਡਾ ਦਿਖਾਈ ਦਿੰਦਾ ਹੈ, ਜ਼ਿਆਦਾ ਚਮਕਦਾ ਅਤੇ ਸੇਕ (ਗਰਮੀ) ਮਾਰਦਾ ਜਾਪਦਾ ਹੈ।
ਰਾਤ ਨੂੰ ਅਕਾਸ ਵਿੱਚ ਦਿਖਣ ਵਾਲੇ ਛੋਟੇ ਛੋਟੇ ਤਾਰੇ ਵੀ ਸੂਰਜ ਹੀ ਹਨ। ਕਈ ਤਾਂ ਸਾਡੇ ਸੂਰਜ ਤੋਂ ਵੀ ਵੱਡੇ ਹਨ। ਸਾਡਾ ਸੂਰਜ ਇੱਕ ਛੋਟਾ ਤਾਰਾ ਹੈ। ਆਸਮਾਨ ਵਿੱਚ ਅਰਬਾਂਖਰਬਾਂ ਅਜਿਹੇ ਤਾਰੇ ਹਨ ਜਿਹੜੇ ਜ਼ਿਆਦਾ ਦੂਰ ਹੋਣ ਕਾਰਨ ਸਾਨੂੰ ਦਿਖਾਈ ਹੀ  ਨਹੀਂ ਦਿੰਦੇ।
ਸਾਡਾ ਸੂਰਜ, ਧਰਤੀ ਅਤੇ ਬਾਕੀ ਦੇ ਅੱਠ ਗ੍ਰਹਿਆਂ ਨਾਲ ਮਿਲ ਕੇ ਸੂਰਜੀ ਪਰਿਵਾਰ ਬਣਾਉਦਾ ਹੈ। ਅਜਿਹੇ ਅਨੇਕਾਂ ਸੂਰਜ ਪਰਿਵਾਰ ਮਿਲ ਕੇ ਗਲੈਕਸੀ ਬਣਾਉਦੇ ਹਨ। ਸਾਡੀ ਗਲੈਕਸੀ ਦਾ ਨਾਂਅ ਮਿਲਕੀ ਵੇ ਹੈ। ਨਾਸਾ ਦੇ ਇੱਕ ਅੰਦਾਜ਼ੇ ਮੁਤਾਬਿਕ ਇਸ ਬ੍ਰਹਿਮੰਡ ਵਿੱਚ ਦੋ ਖਰਬ ਤੋਂ ਵੱਧ ਗਲੈਕਸੀਆਂ ਹਨ। ਹਰ ਗਲੈਕਸੀ ਵਿੱਚ ਦਸ ਤੋਂ ਤੀਹ ਖਰਬ ਦੇ ਨੇੜੇਤੇੜੇ ਸਾਡੇ ਸੂਰਜ ਵਰਗੇ ਸੂਰਜ (ਤਾਰੇ) ਹਨ। ਇਨ੍ਹਾਂ ’ਚੋਂ ਬਾਹਲੇ ਸੂਰਜਾਂ ਦੇ ਦੁਆਲੇ ਗ੍ਰਹਿ ਵੀ ਚੱਕਰ ਕੱਢਦੇ ਹਨ, ਜਿਵੇਂ ਧਰਤੀ ਸੂਰਜ ਦੁਆਲੇ ਕੱਢਦੀ ਹੈ। 1 ਅਪ੍ਰੈਲ 2023 ਤੱਕ ਪੁਲਾੜ ਦੀ ਖੁਰਾ-ਖੋਜ ਕੱਢਣ ਵਾਲੇ ਵਿਗਿਆਨੀਆਂ ਨੇ 5346 ਗ੍ਰਹਿ ਲੱਭ ਲਏ ਹਨ। ਇਹ ਵਾਲੇ ਸਾਰੇ ਗ੍ਰਹਿ ਸਾਡੇ ਵਾਲੇ ਸੂਰਜੀ ਪਰਿਵਾਰ ਤੋਂ ਪਰ੍ਹੇ ਹਨ, ਇਸ ਲਈ ਇਨ੍ਹਾਂ ਨੂੰ ਬਾਹਰੀ ਗ੍ਰਹਿ (ਐਕਸੋਪਲੈਨਟ) ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ ਕਹਿਣਾ ਕਿ ਗ੍ਰਹਿ ਸਿਰਫ਼ ਅੱਠ ਹਨ, ਸਹੀਂ ਨਹੀਂ ਹੈ। ਗ੍ਰਹਿਆਂ ਦੀ ਗਿਣਤੀ ਤਾਂ ਅਣ-ਗਿਣਤ ਹੈ। ਅਸਲ ਵਿੱਚ ਅੱਠ ਗ੍ਰਹਿ ਤਾਂ ਸਾਡੇ ਸੂਰਜੀ ਟੱਬਰ ਵਿੱਚ ਹਨ। 
ਇਨ੍ਹਾਂ ਨਵੇਂ ਲੱਭੇ ਗ੍ਰਹਿਆਂ ’ਚੋਂ ਕਿਸੇ ਉੱਤੇ ਰੇਤ ਦੇ ਬੱਦਲ ਹਨ, ਕੋਈ ਚਟਾਨੀ ਹੈ ਅਤੇ ਕਿਸੇ ’ਤੇ ਐਂ ਲੱਗਦੈ ਜਿਵੇਂ ਸਮੁੰਦਰ ਹੋਵੇ। ਇਹ ਜਿਹੜੇ ਪੰਜ ਕੁ ਹਜ਼ਾਰ ਗ੍ਰਹਿ ਲੱਭੇ ਗਏ ਹਨ, ਉਹ ਤਾਂ ਸਮੁੰਦਰ ’ਚ ਬੂੰਦ ਦੇ ਬਰਾਬਰ ਹੀ ਹਨ। ਪੁਲਾੜ ਵਿੱਚ ਅਰਬਾਂਖਰਬਾਂ ਗਲੈਕਸੀਆਂ, ਹਰੇਕ ਗਲੈਕਸੀ ਵਿੱਚ ਅਰਬਾਂ-ਖਰਬਾਂ ਤਾਰੇ ਤੇ ਨਾਲੇ ਗ੍ਰਹਿ ਵੀ। ਮਤਲਬ ਅਣਗਿਨਤ ਗ੍ਰਹਿ ਹਨ। ਇਨ੍ਹਾਂ ’ਚੋਂ ਇੱਕ ਦੋ ਨਹੀਂ ਲੱਖਾਂ ਹੀ ਧਰਤੀ ਵਰਗੇ ਗ੍ਰਹਿ ਲੱਭਣ ਦੀ ਉਮੀਦ ਹੈ। ਅਜਿਹੀ ਖੋਜ ਹੀ ਨਵੀਂ ਦੁਨੀਆਂ ਦਾ ਰਾਹ ਖੋਲੇਗੀ ਅਤੇ ਏਲੀਅਜ਼ ਵਰਗੇ ਗੂੜ ਰਹੱਸਾਂ ਤੋਂ ਪਰਦਾ ਚੁੱਕੇਗੀ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਜਿਸ ਤੇਜ਼ੀ ਨਾਲ ਇਹ ਬਾਹਰੀ ਗ੍ਰਹਿ ਲੱਭੇ ਜਾ ਰਹੇ ਹਨ, ਜਲਦੀ ਹੀ ਨਵੀਂ ਦੁਨੀਆਂ, ਨਵੇਂ ਲੋਕ, ਨਵੀਂ ਸੱਭਿਅਤਾ ਅਤੇ ਨਵੀਂ ਪ੍ਰਜਾਤੀਆਂ ਦੀ ਖੋਜ ਵੀ ਹੋਵੇਗੀ। ਨਵੀਂ ਧਰਤੀ ਲੱਭੇਗੀ। ਨਵੇਂ ਮਨੁੱਖ ਲੱਭਣਗੇ। ਨਵੀਂ ਜਾਣਕਾਰੀ ਮਿਲੇਗੀ। ਬਾਹਰੀ ਗ੍ਰਹਿਆਂ ਦੀ ਧੜਾਧੜ ਹੋ ਰਹੀ ਖੋਜ ਸਾਡੇ ਲਈ ਬਾਹਰੀ ਪੁਲਾੜ ਦੇ ਰਾਹ ਖੋਲੇਗੀ।