ਨਿੱਘੀ ਬੁੱਕਲ 'ਚ ਲੈ ਕੇ ਪਿਆਰ ਦੁਲਾਰ ਕਰਨ ਦੀ ਬਜਾਏ, ਮੇਰੇ ਖ਼ੁਦਗਰਜ਼ ਮਾਪੇ ਮੈਨੂੰ ਜਿਉਂਦੀ ਜਾਗਦੀ ਨੂੰ ਇੰਜ ਬੇਕਿਰਕੀ ਨਾਲ ਸੁੱਟ ਸਦਾ ਲਈ ਤਿਲਾਂਜਲੀ ਦੇ ਕੇ ਆਪਣਾ ਫਰਜ ਨਿਭਾ ਦੇਣਗੇ ? ਮੈਂ ਤਾਂ ਇਹ ਕਦੇ ਸੁਫਨੇ 'ਚ ਵੀ ਕਿਆਸ ਨਹੀਂ ਸੀ ਲਗਾਇਆ। ਖੈਰ, ....। ਹੁਣ ਇਸਤੋੰ ਪਹਿਲਾਂ ਕਿ ਮੈਂ ਕਿਸੇ ਖੂੰਖਾਰ ਕੁੱਤੇ ਦਾ ਨਵਾਲਾ ਬਣ ਜਾਵਾਂ। ਛੇਤੀ ਕੋਈ ਫਰਿਸ਼ਤਾ ਘੱਲ ਕੇ ਤੂੰ ਵੀ ਤਾਂ ਆਪਣਾ ਫਰਜ ਨਿਭਾ।" ਪੋਹ ਮਹੀਨੇ ਕੱਕਰ ਡਿੱਗਦੀ ਯਖ ਠੰਢੀ ਸਿਆਹ ਰਾਤ 'ਚ ਝਾੜੀਆਂ 'ਚ ਪਈ ਕੁੱਝ ਕੁ ਮਿੰਟਾਂ ਦੀ ਨੰਨ੍ਹੀ ਜਾਨ ਨੇ ਹੁਬਕੀ ਰੋਦਿਆਂ ਰੱਬ ਅੱਗੇ ਅਰਜੋਈ ਕੀਤੀ।