ਕਦ ਤੱਕ ਤੈਨੂੰ ਤਰਸ ਨਾ ਆਉਣਾ ਭੁੱਖੇ ਕਾਮੇ ਕੰਮੀਆਂ ਤੇ
ਕਦ ਤੱਕ ਇੱਜ਼ਤੀਂ ਦਾਗ਼ ਤੂੰ ਲਾਉਣੇ ਭੁੱਖੇ ਕਾਮੇ ਕੰਮੀਆਂ ਤੇ
ਇਹਦੇ ਵਿੱਚ ਵੀ ਦੋਸ਼ ਤੇਰਾ ਕਿਉਂ ਦੇਵਣ ਵਿੱਚ ਤੂੰ ਫਰਕ ਕਰੇ
ਕੋਈ ਤਾਂ ਢਿੱਡੋਂ ਭੁੱਖੇ ਸੌਦੇ ਕਿਤੇ ਸੋਨਾ ਚੜ੍ਹਿਆ ਥੰਮ੍ਹੀਆਂ ਤੇ
ਝੱਖੜਾਂ ਵਿੱਚ ਹੀ ਉੱਡਿਆ ਕਰਦੇ ਪਾਟੇ ਲੀੜੇ ਝੁੱਗੀਆਂ ਦੇ
ਦੱਸ ਕੌਣ ਕਰੇਦਾ ਪੜਦੇ ਏਥੇ ਵਿੱਚ ਅਸਮਾਨੀ ਜੰਮੀਆਂ ਤੇ
ਕਾਗਜ਼ ਤਾਣ ਕੇ ਸਾਉਦੇ ਨੇ ਜੋ ਉਹ ਵੀ ਧੀਆਂ ਪੁੱਤ ਤੇਰੇ
ਤੈਨੂੰ ਤਰਸ ਨਾ ਆਉਦਾ ਵਿਲਕਦੀਆਂ ਇਹ ਅੰਮੀਆਂ ਤੇ
ਕੰਗ ਦਿਨ ਚੜ੍ਹਦੀ ਦੇ ਨਾਲ ਹੀ ਜਿੱਥੇ ਰੋਟੀ ਦੀ ਹੀ ਫ਼ਿਕਰ ਰਹੇ
ਕਿੱਥੋਂ ਜਾਵੇ ਉਹ ਮਹਿਖ਼ਾਨੇ ਤੇ ਚੰਨ ਦੀਆਂ ਵਾਟਾਂ ਲੰਮੀਆਂ ਤੇ।