ਬਿੰਨਾ ਬੱਦਲ ਦੇ ਇੱਥੇ ਹੁੰਦੀ ਬਰਸਾਤ ਵੇਖੀ ਹੈ।
ਹੱਕ ਪਰਾਏ ਖਾਤਰ ਲੜਦੀ ਮਾਣਸ ਜਾਤ ਵੇਖੀ ਹੈ।
ਵਿਚ ਮਜਬੂਰੀ ਅਫਸਰ ਅੱਗੇ ਜੋੜੇ ਹੱਥ ਬਾਪੂ ਨੇ,
ਬਿੰਨਾ ਬੋਲੇ ਗੁੰਗੀ ਧੀ ਜਦ ਪਾਉਦੀ ਬਾਤ ਵੇਖੀ ਹੈ।
ਪੁੱਤਰ ਦਾਗ ਜਦੋਂ ਲਾ ਦਿੰਦਾ ਪਿਉ ਦੀ ਪੱਗ ਚਿੱਟੀ ਨੂੰ,
ਬਾਪੂ ਵਿਹੜੇ ਤਿੱਖੜ ਦੁਪਿਹਰ ਨੂੰ ਮੈਂ ਰਾਤ ਵੇਖੀ ਹੈ।
ਦੇਵੇ ਸਰਕਾਰ ਬਿਆਨ ਛਡਾਵਾਂ ਗੇ ਜਾਇਦਾਦਾਂ ਨੂੰ,
ਪਰ ਖੁਦ ਨੇਤਾ ਦੇ ਵੱਲੋਂ ਨੱਪੀ ਸ਼ਾਮਲਾਤ ਵੇਖੀ ਹੈ।
ਵੇਖ ਲਏ ਹਨ ਲੜਦੇ ਇਹ ਖੁਦ ਦੇ ਹੱਕਾਂ ਲਈ ਸਾਰੇ,
ਪਰ ਦੂਜੇ ਖਾਤਰ ਲੜਦੀ ਮਜਦੂਰ ਜਮਾਤ ਵੇਖੀ ਹੈ।
ਦੁੱਖਾਂ ਸੁੱਖਾਂ ਦਰਦਾਂ ਨੂੰ ਝੱਲਣ ਦੀ ਹਿੰਮਤ ਬਖਸਦੀ,
ਸਿੱਧੂ ਮਾਂ ਦੀ ਬੁੱਕਲ ਵਿੱਚ ਆਪ ਕਰਾਮਾਤ ਵੇਖੀ ਹੈ।