ਪੰਜਾਬ ਦੀ ਪ੍ਰਸਿੱਧ ਸ਼ਸਤਰ ਕਲਾ - ਗਤਕਾ
(ਲੇਖ )
ਬੀਤੇ ਦਿਨੀਂ ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਨੂੰ ਇੰਡੀਅਨ ਓਲੰਪਿਕ ਐਸੋਸੀਏਸ਼ਨ ਵਲੋਂ ਵੱਡਾ ਮਾਣ ਦਿੱਤਾ ਗਿਆ ਹੈ। ਦਰਅਸਲ ਗਤਕੇ ਨੂੰ ਕੌਮੀ ਖੇਡਾਂ ਦਾ ਹਿੱਸਾ ਬਣਾ ਲਿਆ ਗਿਆ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ 37ਵੀਂਆਂ ਨੈਸ਼ਨਲ ਖੇਡਾਂ ਵਿਚ ਸਿੱਖਾਂ ਮਾਰਸ਼ਲ ਆਰਟ ਗਤਕਾ ਨੂੰ ਵੀ ਸ਼ਾਮਲ ਕਰ ਲਿਆ ਹੈ। ਪੰਜਾਬ ਦਾ ਰਵਾਇਤੀ ਮਾਰਸ਼ਲ ਆਰਟ ਗਤਕਾ ਹੁਣ ਦੇਸ਼ ਪੱਧਰ ਉਤੇ ਖੇਡਿਆ ਜਾਵੇਗਾ ਕਿਉਂਕਿ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਅਕਤੂਬਰ ਵਿਚ ਗੋਆ 'ਚ ਹੋਣ ਵਾਲੀਆਂ 2023 ਦੀਆਂ ਰਾਸ਼ਟਰੀ ਖੇਡਾਂ ਵਿਚ ਇਸ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਦੇਸ਼ ਦੁਨੀਆਂ ਵਿੱਚ ਪੰਜਾਬ ਦੀ ਵਿਰਾਸਤ ਅਤੇ ਇਤਿਹਾਸ ਸੱਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਜਿਸ ਦਾ ਪ੍ਰਭਾਵ ਦੁਨੀਆਂ ਦੇ ਹਰ ਕੋਨੇ ਵਿੱਚ ਵੇਖਿਆ ਜਾ ਸਕਦਾ ਹੈ। ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਕਲਾਵਾਂ ਪ੍ਰਚੱਲਿਤ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਸ਼ਸਤਰ ਕਲਾ। ਸ਼ਸਤਰ ਕਲਾ ਦੀਆਂ ਅਗੋਂ ਹੋਰ ਸ਼ੈਲੀਆਂ ਵਿੱਚੋਂ ਹੀ ਪੰਜਾਬ ਦੀ ਇੱਕ ਪ੍ਰਚੱਲਿਤ ਸ਼ੈਲੀ ਹੈ ‘ਗਤਕਾ’। ਜਿਸ ਦਾ ਸਬੰਧ ਮੈਦਾਨ-ਏ-ਜੰਗ ਵਿੱਚ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਪਹਿਲਾਂ ਤੋਂ ਦਿੱਤੀ ਜਾਣ ਵਾਲੀ ਸਿਖਲਾਈ ਨਾਲ ਹੈ। ਜਿਸ ਕਰਕੇ ਇਹ ਬਿਨ੍ਹਾਂ ਜੰਗ ਤੋਂ ਇੱਕ ਖੇਡ ਅਤੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਭਾਂਜ ਦੇਣ ਵਾਲੀ ਇੱਕ ਕਲਾ ਬਣ ਜਾਂਦੀ ਹੈ। ਜਿਸ ਵਿੱਚ ਦੁਸ਼ਮਣ ਵੱਲੋਂ ਹੋਣ ਵਾਲੇ ਵਾਰ ਤੋਂ ਬਚਣਾ ਅਤੇ ਦੁਸ਼ਮਣ ਅਤੇ ਵਾਰ ਕਰਨਾ ਦੋਨੋਂ ਸ਼ਾਮਲ ਹੁੰਦੇ ਹਨ। ਇਸ ਵਿੱਚ ਮੁੱਖ ਦੋ ਤਰ੍ਹਾਂ ਦੇ ਹਥਿਆਰ ਵਰਤੇ ਜਾਂਦੇ ਹਨ। ਵਾਰ ਕਰਨ ਲਈ ਕ੍ਰਿਪਾਨ (ਤਲਵਾਰ) ਅਤੇ ਵਾਰ ਰੋਕਣ ਲਈ ਮਜ਼ਬੂਤ ਢਾਲ। ਇਸ ਦੀ ਸਿਖਲਾਈ ਲਈ ਅਰੰਭ ਵਿੱਚ ਡਾਂਗਾਂ-ਸੋਟਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੌਰਾਨ ਲੱਕੜ ਦੀ ਢਾਲ ਅਤੇ ਲਗਭਗ ਇੱਕ ਮੀਟਰ ਲੰਮਾ ਡੰਡਾ ਹੁੰਦਾ ਹੈ, ਜਿਸ ਦੇ ਇੱਕ ਪਾਸੇ ਮਜਬੂਤ ਪਕੜ੍ਹ ਲਈ ਗੱਦੀਨੁਮਾ ਮੁੱਠਾ ਲੱਗਿਆ ਹੁੰਦਾ ਹੈ। ਮੁੱਢਲੀ ਸਿਖਲਾਈ ਮੁਕੰਮਲ ਹੋਣ ਤੋਂ ਬਾਅਦ ਸਿਖਿਆਰਥੀ ਦੇ ਹੱਥ ਵਿੱਚ ਕ੍ਰਿਪਾਨ ਫੜ੍ਹਾਈ ਜਾਂਦੀ ਹੈ।
ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਇੱਕ ਜਗ੍ਹਾ ਹੋਲੇ-ਮੁੱਹਲੇ ਬਾਰੇ ਜਾਣਕਾਰੀ ਦਿੰਦੇ ਹੋਏ ਮਹਾਨਕੋਸ਼ ਦੇ ਪੰਨਾ ਨੰ. 283 ਤੇ ਲਿਖਦੇ ਹਨ ਕਿ, ‘ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਦਿਯਾ ਵਿੱਚ ਨਿਪੁੰਨ ਕਰਨ ਲਈ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ (ਮੁਖੀ ਸਿੰਘਾਂ) ਦੇ ਹੇਠ ਇੱਕ ਖ਼ਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨ ਅਤੇ ਕਲਗੀਧਰ ਪਿਤਾ ਖ਼ੁਦ ਇਸ ਮਨਸੂਈ ਜੰਗ (ਮਨਸੂਈ ਭਾਵ ਬਣਾਉਟੀ ਜੋ ਅਸਲ ਨਹੀਂ) ਦਾ ਕਰਤੱਬ ਦੇਖਦੇ ਅਤੇ ਦੋਵੇਂ ਦਲਾਂ ਨੂੰ ਸ਼ੁੱਭ ਸਿਖਿਆ ਦਿੰਦੇ ਅਰ ਜੋ ਦਲ ਕਾਮਯਾਬ ਹੁੰਦਾ, ਉਸਨੂੰ ਦੀਵਾਨ ਵਿੱਚ ਸਿਰੋਪਾਉ ਬਖਸ਼ਦੇ।’ ਇਸ ਤਰ੍ਹਾਂ ਮਹਾਨਕੋਸ਼ ਦੇ ਪੰਨਾ ਨੰ. 395 ਪੁਰ ਗਤਕਾ ਸਿਰਲੇਖ ਹੇਠ ਲਿਖਦੇ ਹਨ ਕਿ, ‘ਗਦਾਯੁੱਧ ਦੀ ਸਿੱਖਿਆ ਦਾ ਪਹਿਲਾ ਅੰਗ ਸਿਖਾਉਣ ਲਈ ਇੱਕ ਡੰਡਾ, ਜੋ ਤਿੰਨ ਹੱਥ ਲੰਮਾ ਹੁੰਦਾ ਹੈ, ਇਸ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗਤਕਾ ਅਤੇ ਖੱਬੇ ਹੱਥ ਵਿੱਚ ਫਰੀ (ਛੋਟੀ ਢਾਲ) ਲੈ ਕੇ ਦੋ ਆਦਮੀ ਆਪੋ ਵਿੱਚ ਖੇਡਦੇ ਹਨ।’
ਗੱਤਕਾ ਸਿੱਖਾਂ ਦੇ ਵਿਰਾਸਤੀ ਜੰਗਜੂ (ਜੰਗੀ) ਕਲਾ ਹੈ, ਜਿਸ ਵਿੱਚ ਜੰਗ/ਯੁੱਧ ਸਬੰਧੀ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਸਿਖਾਈ ਜਾਂਦੀ ਹੈ ਅਤੇ ਇਸ ਦੀ ਸਿਖਲਾਈ ਕੋਈ ਵੀ ਸਿੱਖ ਮਰਦ ਜਾਂ ਔਰਤ ਲੈ ਸਕਦਾ ਹੈ। ਇਸ ਸਵੈ-ਰੱਖਿਆ ਦੀ ਵਿਰਾਸਤੀ ਕਲਾ ਨੂੰ ਖੇਡ ਰਾਹੀਂ ਸਿਖਾਇਆ ਜਾਂਦਾ ਹੈ, ਜਿਸ ਰਾਹੀਂ ਸਿਖਲਾਈ ਦੌਰਾਨ ਸ਼ੁਰੂਆਤ ਵਿੱਚ ਡਾਂਗਾਂ-ਸੋਟਿਆ ਨਾਲ ਆਪਣੇ ਬਚਾਉ ਪੱਖ ਨੂੰ ਮਜ਼ਬੂਤ ਰੱਖਣਾ ਅਤੇ ਦੁਸ਼ਮਣ ਪ੍ਰਤੀ ਸਖ਼ਤੀ ਵਰਤਣਾ ਸ਼ਾਮਲ ਹੁੰਦਾ ਹੈ। ਇਤਿਹਾਸਕ ਸੋਮਿਆਂ ਤੋਂ ਪਤਾ ਲੱਗਦਾ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਗਤਕਾ ਫ਼ੌਜੀਆਂ ਦੀ ਸਿਖਲਾਈ ਦਾ ਹਿੱਸਾ ਬਣਿਆ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰ-ਵਿੱਦਿਆ ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਦਿੱਤੀ ਸੀ। ਬਹਾਦਰ ਜਰਨੈਲ ਹਰੀ ਸਿੰਘ ਨਲੂਆ ਵੀ (17 ਸਾਲਾਂ ਦੀ ਉਮਰ ਵਿੱਚ) ਗਤਕਾ ਖੇਡਦਾ ਹੋਇਆ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀ ਚੜ੍ਹਿਆ ਸੀ ਅਤੇ ਫ਼ੌਜ ਵਿੱਚ ਸ਼ਾਮਲ ਹੋ ਕੇ ਪ੍ਰਸਿੱਧ ਜੰਗਾਂ ਦਾ ਜੇਤੂ ਬਣਿਆ ਸੀ। ਖ਼ਾਲਸਾ ਪੰਥ ਨੂੰ ਗੁਰੂ ਕਾਲ ਦੌਰਾਨ ਹੀ ਹਥਿਆਰ ਰੱਖਣ ਅਤੇ ਘੋੜ ਸਵਾਰੀ ਕਰਨ ਬਾਰੇ ਹੁਕਮ ਸੀ। ਜੇਹਾ ਕਿ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਅਤੇ ਪੁਰਤਾਨ ਰਹਿਤਨਾਮਿਆਂ ਵਿੱਚੋਂ ਹੀ ਜਾਜ਼ਕਾਰੀ ਪ੍ਰਾਪਤ ਹੁੰਦੀ ਹੈ। ਭਾਈ ਨੰਦ ਲਾਲ ਜੀ ਜ਼ਿਕਰ ਕਰਦੇ ਹਨ ‘ਖਾਲਸਾ ਸੋਇ ਜੋ ਚੜ੍ਹਹਿ ਤੁਰੰਗ। ਖਾਲਸਾ ਸੋ, ਜੋ ਕਰੈ ਨਿਤ ਜੰਗ॥ ਖਾਲਸਾ ਸੋਇ ਸ਼ਸਤ੍ਰ ਕਉ ਧਾਰੈ। ਖਾਲਸਾ ਸੋਇ ਦੁਸ਼ਟ ਕਉ ਮਾਰੈ॥’ ਉਥੇ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮਿਆਂ ਵਿੱਚ ਆਉਂਦਾ ਹੈ, ‘ਕੱਛ ਕ੍ਰਿਪਾਨ ਨ ਕਬਹੂੰ ਤਿਆਗੈ॥ ਸਨਮੁਖ ਲਰੈ ਨ ਰਣ ਤੇ ਭਾਗੈ॥’
ਇਸ ਤਰ੍ਹਾਂ ਗਤਕਾ ਸਿੱਖਾਂ ਦੀ ਇੱਕ ਰੂਹਾਨੀ ਖੇਡ ਬਣ ਕੇ ਉਭਰਿਆ ਹੈ। ਇਸ ਖੇਡ ਨਾਲ ਸਰੀਰ ਵਿੱਚ ਫੁਰਤੀਲਾਪਣ ਵੀ ਆਉਂਦਾ ਹੈ ਅਤੇ ਦਿਮਾਗੀ ਕਸਰਤ ਵੀ ਹੁੰਦੀ ਹੈ ਤਾਂ ਕਿ ਦਿਮਾਗ ਦੀ ਚਲਾਕੀ ਨਾਲ ਵਾਰ ਕਰਕੇ ਦੁਸ਼ਮਣ ਤੇ ਕਾਬੂ ਪਾਇਆ ਜਾ ਸਕੇ। ਕਵੀ ਸਾਗਰ ਨੇ ਬੜਾ ਸੁਹਣਾ ਲਿਖਿਆ ਹੈ:
ਜਦੋˆ ਖੇਡਦੇ ਗੁਰੂ ਦੇ ਸਿੰਘ ਗਤਕਾ, ਅੰਗ-ਅੰਗ ਵਿੱਚ ਸਿੱਖੀ ਜਲਾਲ ਹੁੰਦਾ।
ਨਕਸ਼ਾ ਬਣਦਾ ਏ ਜੰਗ ਏ ਮੈਦਾਨ ਵਾਲਾ, ਇਕ-ਇਕ ਪੈˆਤੜਾ ਬਾ-ਕਮਾਲ ਹੁੰਦਾ।
ਭਗਤੀ ਸ਼ਕਤੀ ਦੀ ਕਲਾ ਵਰਤਦੀ ਏ, ਵਿਰਸਾ ਜੱਗ ਤੋˆ ਬੇਮਿਸਾਲ ਹੁੰਦਾ।
‘ਸਾਗਰ’ ਦਿੱਸੇ ਪ੍ਰਤੱਖ ਅਖਾੜਿਆˆ ਚੋˆ, ਇੱਕ-ਇੱਕ ਸਿੰਘ ਦੇ ਗੁਰੂ ਹੈ ਨਾਲ ਹੁੰਦਾ।
ਇਹ ਪੱਛਮੀ ਖੇਡਾਂ ਜੁੱਡੋ ਕਰਾਟੇ ਜਾਂ ਹੋਰਨਾਂ ਮਾਰਸ਼ਲ ਕਲਾਵਾਂ ਵਾਂਙ ਖ਼ਾਲਸੇ ਦੀ ਸਿੱਖ ਮਾਰਸ਼ਲ ਕਲਾ ਦੇ ਨਾਂ ਨਾਲ ਪ੍ਰਫੁਲਿੱਤ ਹੋ ਰਹੀ ਹੈ ਅਤੇ ਬਿਨ੍ਹਾਂ ਸ਼ੱਕ ਇਸਦਾ ਸਿਹਰਾ ਜਾਂਦਾ ਹੈ ਗਤਕੇ ਦੇ ਨਾਂ ਤੇ ਬਣੀਆਂ ਸਭਾਵਾਂ/ਸੁਸਾਇਟੀਆਂ, ਐਸੋਸੀਏਸ਼ਨਾਂ/ਫੈਡਰੇਸ਼ਨਾਂ, ਅਖਾੜਿਆਂ ਨੂੰ, ਜਿਨ੍ਹਾਂ ਦੀ ਸਖਤ ਮਿਹਨਤ ਨਾਲ ਇਹ ਅੰਤਰਰਾਸ਼ਟਰੀ ਖੇਡ ਬਣੀ ਅਤੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਗਤਕੇ ਦਾ ਨਾਂ ਤੇ ਕੱਪ ਸ਼ੁਰੂ ਹੋਏ। ਇਸ ਮਾਰਸ਼ਲ ਖੇਡ ਗਤਕਾ ਨੂੰ ਪ੍ਰਫੁਲਿੱਤ ਕਰਨ ਹਿੱਤ ਪੰਜਾਬ ਸਰਕਾਰ ਨੇ ਵੀ ਇਸਨੂੰ ਮਾਨਤਾ ਦੇ ਕੇ ਖੇਡ ਨੀਤੀ 2010 ਦੇ ਪੈਰਾ ਨੰਬਰ 7.2 ਵਿੱਚ ਹੋਰਨਾਂ ਖੇਡਾਂ ਦੇ ਬਰਾਬਰ ਦਾ ਰੁਤਬਾ ਦੇ ਕੇ ਗ੍ਰੇਡੇਸ਼ਨ ਸੂਚੀ ਵਿੱਚ ਵਿੱਚ ਸ਼ਾਮਲ ਕਰ ਲਿਆ ਹੋਇਆ ਹੈ।
ਇਸ ਕਲਾ ਦਾ ਪ੍ਰਚਾਰ ਅਤੇ ਪ੍ਰਸਾਰ ਸਾਨੂੰ ਆਤਮ ਨਿਰਭਰ ਤਾਂ ਕਰਦਾ ਹੀ ਹੈ, ਉੱਥੇ ਸਵੈ-ਰੱਖਿਆ ਲਈ ਸਾਡੀ ਜਿੰਦਗੀ ਦਾ ਅਹਿਮ ਅੰਗ ਬਣ ਸਕਦਾ ਹੈ। ਖ਼ਾਸ ਕਰਕੇ ਨੌਜਵਾਨ ਬੱਚੀਆਂ ਲਈ ਜਿਨ੍ਹਾਂ ਨਾਲ ਅਣਸੁਖਾਵੀਆਂ ਘਟਨਾਵਾਂ ਵਾਪਰਣ ਦਾ ਸਹਿਮ ਬਣਿਆ ਹੀ ਰਹਿੰਦਾ ਹੈ। ਇਸ ਦੇ ਨਾਲ ਹੀ ਗਤਕੇ ਦਾ ਅਸਲ ਅਤੇ ਸ਼ੁੱਧ ਰੂਪ ਵੀ ਲੋਕਾਂ ਵਿੱਚ ਪ੍ਰਚਾਰਣ ਦੀ ਲੋੜ ਹੈ ਕਿਉਂਕਿ ਬਿਨ੍ਹਾਂ ਸ਼ੱਕ ਗਤਕੇ ਸਬੰਧੀ ਇਤਿਹਾਸ ਵਿੱਚ ਦਰਜ ਜਾਣਕਾਰੀ ਅਤੇ ਮੌਜੂਦਾ ਦੌਰ ਵਿੱਚ ਪ੍ਰਚੱਲਿਤ ਗਤਕਾ ਖੇਡਣ ਦੀ ਰਿਵਾਇਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਨਜ਼ਰੀਂ ਪੈਂਦਾ ਹੈ, ਕਿਉਂਜੁ ਨਿੱਜੀ ਸੁਰੱਖਿਆ ਹਿੱਤ ਸ਼ਸਤਰ ਰੱਖਣਾ, ਸ਼ਸਤਰ ਚਲਾਉਣ ਦੀ ਸਿੱਖਿਆ ਲੈਣਾ, ਦੂਜਿਆਂ ਨੂੰ ਸ਼ਸਤਰ ਸੰਭਾਲਣ/ਸਿਖਾਉਣ ਲਈ ਉੱਦਮ ਉਪਰਾਲੇ ਕਰਨਾ ਅਤੇ ਉਹਨਾਂ ਉੱਦਮਾਂ ਵਿੱਚ ਸ਼ਾਮਲ ਗਤਕੇ ਨੂੰ ਖੇਡ ਦੇ ਰੂਪ ਵਿੱਚ ਲੋਕਾਂ ਨੂੰ ਦਿਖਾਉਣਾ ਅਤੇ ਇਸ ਖੇਡ ਪ੍ਰਤੀ ਜਾਗਰੂਕ ਕਰਦੇ ਹੋਏ ਲੋਕਾਂ ਨੂੰ/ਸਿੱਖਾਂ ਨੂੰ ਆਪਣੇ ਗੌਰਵਮਾਈ ਵਿਰਸੇ ਨਾਲ ਜੋੜਨਾ ਕਦਾਚਿਤ ਮਾੜਾ ਨਹੀਂ ਕਿਹਾ ਜਾ ਸਕਦਾ, ਪਰ ਇਸਦੇ ਨਾਲ ਹੀ ਇਸ ਖੇਡ ਨੂੰ ਡਰਾਉਣੇ ਰੂਪ ਵਿੱਚ ਪੇਸ਼ ਕਰਨਾ, ਜਿਸ ਨਾਲ ਲੋਕ ਇਸ ਖੇਡ ਨੂੰ ਖੇਡਣਾ ਤਾਂ ਦੂਰ ਆਪਣੇ ਬੱਚਿਆਂ ਨੂੰ ਦੇਖਣ ਤੋਂ ਵੀ ਰੋਕ ਲੈਣ, ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਖੈਰ! ਕੌਮ ਦੀਆਂ ਸਿਰਕੱਢ/ਸਿਰਮੌਰ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇ ਕੇ ਕੁੱਝ ਦਿਸ਼ਾ ਨਿਰਦੇਸ਼ ਗਤਕਾ ਖੇਡ ਬਾਰੇ ਬਣਾਉਣੇ ਚਾਹੀਦੇ ਹਨ ਤਾਂ ਕਿ ਨਿੱਜੀ ਗਤਕਾ ਸੰਸਥਾਵਾਂ ਗਤਕੇ ਦੀ ਪ੍ਰੰਪਰਾਵਾਂ ਵਿੱਚ ਵਿਗਾੜ ਪੈਦਾ ਨਾ ਕਰ ਸਕਣ।
ਆਖੀਰ ਵਿੱਚ ਗਤਕੇ ਦੀ ਗੌਰਵਮਈ ਪ੍ਰੰਪਰਾਂ ਦੇ ਪੁਰਾਤਨ ਰੂਪ ਨੂੰ ਬਹਾਲ ਕਰਨ ਅਤੇ ਨੌਜਵਾਨ ਮਨਾਂ ਅੰਦਰ ਇਸ ਕਲਾ ਪ੍ਰਤੀ ਚਾਅ ਪੈਦਾ ਕਰਨ ਲਈ, ਨੌਜਵਾਨਾਂ ਦੀ ਸ਼ਕਤੀ ਅਤੇ ਜੋਸ਼ ਨੂੰ ਤਰਾਸ਼ਣ ਲਈ ਇਸ ਖੇਡ ਨੂੰ ਹੋਰ ਵੀ ਵਧੀਆ ਢੰਗ ਅਤੇ ਮਿਹਨਤ ਨਾਲ ਪ੍ਰਚਾਰਣ ਦੀ ਲੋੜ ਹੈ। ਗੁਰੂ ਰਾਖਾ!!