ਔਲਾਦ ਦੇ ਭਵਿੱਖ ਲਈ ਮਾਰਗਦਰਸ਼ਕ ਹੁੰਦਾ ਹੈ ਪਿਤਾ (ਲੇਖ )

ਸ਼ੰਕਰ ਮਹਿਰਾ   

Email: mehrashankar777@gmail.com
Cell: +91 98884 05411
Address:
India
ਸ਼ੰਕਰ ਮਹਿਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਿਸ਼ਤੇ ਸਾਡੀ ਧਰੋਹਰ ਹੁੰਦੇ ਹਨ। ਰਿਸ਼ਤੇ ਸਾਡੇ ਜੀਵਨ ਦਾ ਆਧਾਰ ਹੁੰਦੇ ਹਨ। ਇਨ੍ਹਾਂ ਤੋਂ ਬਗ਼ੈਰ ਜੀਵਨ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਸੱਚ ਤਾਂ ਇਹ ਹੈ ਕਿ ਇਨ੍ਹਾਂ ਬਗ਼ੈਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹਾਂ, ਇਹ ਜ਼ਰੂਰ ਹੈ ਕਿ ਜੇ ਸਾਡੇ ਰਿਸ਼ਤਿਆਂ ਵਿਚ ਅਪਣੱਤ ਦੀ ਭਾਵਨਾ, ਮੁਹੱਬਤ ਦੀ ਖ਼ੁਸ਼ਬੂ, ਮਿਲਣ ਦੀ ਤਾਂਘ ਅਤੇ ਅਹਿਸਾਸਾਂ ਦਾ ਨਿੱਘ ਹੋਵੇ ਤਾਂ ਇਹ ਜੀਵਨ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਖ਼ੁਸ਼ੀਆਂ-ਖੇੜਿਆਂ ਵਿਚ ਰੱਖਦੇ ਹਨ। ਇਸਦੇ ਉਲਟ, ਜੇ ਅਸੀਂ ਆਪਣੇ ਰਿਸ਼ਤਿਆਂ ਨੂੰ ਕੇਵਲ ਉਪਚਾਰਕ ਪੱਧਰ ਤੇ ਲੈ ਰਹੇ ਹਾਂ ਅਤੇ ਇਹ ਮੋਹ, ਮੁਹੱਬਤ ਅਤੇ ਨਿੱਘ ਤੋਂ ਕੋਰੇ ਹਨ ਤਾਂ ਸਾਡਾ ਜੀਵਨ ਖ਼ੁਸ਼ਕ ਅਤੇ ਨੀਰਸ ਹੀ ਹੋਵੇਗਾ। ਪੰਜਾਬੀ ਦੀ ਇਕ ਪ੍ਰਸਿੱਧ ਕਹਾਵਤ ਹੈ : ਖੇਤ ਵਾਹੁੰਦਿਆਂ ਦੇ, ਸਕੀਰੀਆਂ (ਰਿਸ਼ਤੇਦਾਰੀਆਂ) ਵਰਤਦਿਆਂ ਦੀਆਂ। ਕੁੱਝ ਰਿਸ਼ਤਿਆਂ ਨੂੰ ਮਨੁੱਖ ਆਪਣੇ ਖ਼ੂਨ ਨਾਲ਼ ਸਿੰਜਦਾ ਹੈ, ਇਹ ਰਿਸ਼ਤੇ ਭਾਵਨਾਵਾਂ ਨਾਲ਼ ਜਿਉਂਦੇ-ਵੱਸਦੇ ਰਹਿੰਦੇ ਹਨ। ਕਿਹਾ ਜਾਂਦਾ ਹੈ ਕਿ ਧਨਵਾਨ ਉਹ ਨਹੀਂ ਹੈ ਜਿਸ ਦੀ ਤਿਜੌਰੀ ਨੋਟਾਂ ਨਾਲ ਭਰੀ ਹੋਵੇ, ਧਨਵਾਨ ਤਾਂ ਉਹੀ ਹੈ ਜਿਸ ਦੀ ਤਿਜੌਰੀ ਰਿਸ਼ਤਿਆਂ ਨਾਲ ਭਰੀ ਹੋਵੇ। ਰਿਸ਼ਤਿਆਂ ਦੀ ਲੰਮੀ ਫਹਿਰਿਸਤ ਵਿਚੋਂ ਪਿਉ- ਪੁੱਤ ਦਾ ਰਿਸ਼ਤਾ ਆਪਣੀ ਜਗਾ ਤੇ ਬੜਾ ਅਹਿਮ ਸਥਾਨ ਰੱਖਦਾ ਹੈ। ਜਿੱਥੇ ਮਾਂ ਦੀ ਬੱਚੇ ਨੂੰ ਰੱਬ ਵਰਗੀ ਦੇਣ ਹੁੰਦੀ ਹੈ, ਉੱਥੇ ਪਿਤਾ ਦਾ ਵੀ ਬੱਚੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ । ਜਿੱਥੇ ਮਾਂ ਬੱਚੇ ਨੂੰ ਨੌਂ ਮਹੀਨੇ ਆਪਣੇ ਪੇਟ ਵਿੱਚ ਰੱਖ ਕੇ ਆਪਣੇ ਲਹੂ ਨਾਲ ਸਿੰਜਦੀ ਹੈ, ਓਥੇ ਪਿਤਾ ਬੱਚੇ ਨੂੰ ਦਿਮਾਗ ਵਿੱਚ ਪਾਲਦਾ ਹੈ ।
ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਪਿਤਾ ਸਾਡਾ ਜੀਵਨ ਸੰਵਾਰਦਾ ਹੈ । ਮਾਂ ਬੱਚੇ ਦੀ ਜਾਨ ਦੀ ਫਿਕਰ ਕਰਦੀ ਹੈ । ਪਿਤਾ ਉਸਦੇ ਭਵਿੱਖ ਪ੍ਰਤੀ ਫ਼ਿਕਰਮੰਦ ਹੁੰਦਾ ਹੈ ।  ਪਿਤਾ ਦਾ ਭਾਵੇਂ ਅਧਿਕਾਰ ਅਤੇ ਅਨੁਸ਼ਾਸ਼ਨੀ ਰੋਅਬ ਪਰਿਵਾਰ ਵਿੱਚ ਮੰਨਿਆ ਗਿਆ ਹੈ,ਪਰ ਹਿਰਦੇ ਤੋਂ ਪਿਤਾ ਵੀ ਬਹੁਤ ਕੋਮਲ ਭਾਵੀ ਹੁੰਦਾ ਹੈ । ਉਸ ਦਾ ਵੀ ਆਪਣੇ ਬੱਚਿਆਂ ਪ੍ਰਤੀ ਪਿਆਰ ਮਾਂ ਨਾਲੋਂ ਕਿਸੇ ਤਰਾਂ ਘੱਟ ਨਹੀਂ ਹੁੰਦਾ,ਪਰ ਉਸ ਨੂੰ ਪ੍ਰਗਟਾਉਣ ਦਾ ਵੱਲ ਮਾਂ ਜਿੰਨਾ ਨਹੀਂ। ਪਿਓ ਲੋਰੀ ਵੀ ਹੈ, ਮੋਹ ਭਿੱਜੀ ਘੂਰੀ ਵੀ। ਪਿਓ ਰਾਗ ਵੀ ਹੈ, ਤੋਤਲੇ ਬੋਲ ਵੀ । ਪਿਓ ਗਢਹੀਰਾ ਵੀ ਹੈ, ਘਨੇੜੀ ਵੀ । ਪਿਤਾ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦਾ ਸਗੋਂ ਉਸ ਦਾ ਪਾਲਣ ਪੋਸ਼ਣ ਵਧੀਆ ਤੋਂ ਵਧੀਆ ਤਰੀਕੇ ਨਾਲ ਕਰਨ ਲਈ ਸਾਰੀ ਉਮਰ ਸਖ਼ਤ ਮਿਹਨਤ ਕਰਦਾ ਹੈ ਤਾਂ ਜੋ ਬੱਚਿਆਂ ਨੂੰ ਦੁਨੀਆਂ ਦੀ ਹਰ ਸੁਖ ਸਹੂਲਤ ਦੇ ਸਕੇ। ਉਨ੍ਹਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ । ਉਨ੍ਹਾਂ ਦੀ ਸੁਖ ਸਹੂਲਤ ਲਈ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨ ਲਈ ਉਹ ਹਰ ਤਰ੍ਹਾਂ ਦਾ ਤਿਆਗ ਕਰਦਾ ਹੈ। ਆਪਣੇ ਬੱਚੇ ਦਾ ਭਵਿੱਖ ਸੰਵਾਰਨ ਲਈ ਆਪਣਾ ਵਰਤਮਾਨ ਕੁਰਬਾਨ ਕਰ ਦਿੰਦਾ ਹੈ। ਬਾਪ ਦਾ ਹੱਥ ਢਾਲ ਬਣਕੇ ਬੱਚੇ ਦੇ ਹਮੇਸ਼ਾ ਅੰਗ ਸੰਗ ਰਹਿੰਦਾ ਹੈ, ਕਦੀ ਸਿਰ ਥੱਲੇ ਸਰਹਾਣਾ ਬਣ ਕੇ ਅਤੇ ਕਦੀ ਸਿਰ ਉੱਪਰ ਅਸ਼ੀਰਵਾਦ ਬਣ ਕੇ । ਬੱਚੇ ਦੇ ਜਨਮ ਤੋਂ ਹੀ ਪਿਤਾ ਉਸ ਦੇ ਵੱਡੇ ਹੋਣ, ਸਿੱਖਿਆ, ਨੌਕਰੀ, ਵਿਆਹ ਤਕ ਦੇ ਸੁਪਨੇ ਦੇਖ ਲੈਂਦਾ ਹੈ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ ਚ ਰੱਖਦਾ ਹੈ। ਉਹ ਆਪਣੇ ਬੱਚੇ ਨੂੰ ਚੰਗੇ-ਮਾੜੇ ਦੀ ਪਰਖ ਕਰਨਾ, ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ। ਇਕ ਪਿਤਾ ਰਾਹ ਦਸੇਰਾ ਜਾ ਮਾਰਗਦਰਸ਼ਕ ਬਣ ਕੇ ਆਪਣੇ ਬੱਚਿਆਂ ਨੂੰ ਦੁਨੀਆ ਨਾਲ ਜਾਣੂ ਕਰਵਾਉਂਦਾ ਹੈ, ਗੁਰੂ ਬਣ ਕੇ ਗਿਆਨ ਦਿੰਦਾ ਹੈ, ਮਿੱਤਰ ਬਣ ਕੇ ਮੁਸੀਬਤ ਚ ਚੱਟਾਨ ਵਾਂਗ ਖੜ੍ਹਾ ਹੁੰਦਾ ਹੈ, ਲੋੜ ਪੈਣ ਤੇ ਹਨੇਰੇ ਚ ਪ੍ਰਕਾਸ਼ ਥੰਮ੍ਹ ਬਣ ਜਾਂਦਾ ਹੈ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਸਭ ਮੁਸੀਬਤਾਂ ਤੇ ਕਮਜ਼ੋਰੀਆਂ ਤੋਂ ਦੂਰ ਰੱਖਣਾ ਚਾਹੁੰਦਾ ਹੈ, ਜਿਸ ਨੂੰ ਉਹ ਆਪਣੇ ਬਚਪਨ ਚ ਝੱਲ ਚੁੱਕਾ ਹੁੰਦਾ ਹੈ। ਹਰ ਬਾਪ ਆਪਣੇ ਬੱਚਿਆਂ ਪ੍ਰਤੀ ਫ਼ਿਕਰਮੰਦ ਹੁੰਦਾ ਹੈ ਤੇ ਉਨ੍ਹਾਂ ਨੂੰ ਹਰ ਖ਼ੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਜਿਹੜੇ ਸੁਪਨੇ ਆਪਣੇ ਜੀਵਨ ਚ ਅਧੂਰੇ ਰਹਿ ਗਏ ਸਨ, ਉਹ ਆਪਣੇ ਬੱਚਿਆਂ ਦੁਆਰਾ ਪੂਰੇ ਹੁੰਦੇ ਦੇਖਣਾ ਚਾਹੁੰਦਾ ਹੈ। ਜਦੋਂ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ ਅਜਿਹੇ ਪਲਾਂ ਵਿੱਚ ਪਿਤਾ ਦੀ ਖੁਸ਼ੀ ਦੂਣ ਸਵਾਈ ਹੋ ਜਾਂਦੀ ਹੈ। ਪਿਤਾ ਬੱਚੇ ਨੂੰ ਉਸਦੀਆਂ ਕੀਤੀਆਂ ਗ਼ਲਤੀਆਂ ਲਈ ਦੁਤਕਾਰਦਾ ਹੈ ਤਾਂ ਜੋ ਬੱਚਾ ਜਿੰਦਗੀ ਦੀਆਂ ਕੁਰਾਹਾਂ ਤੋਂ ਬਚਿਆ ਰਹੇ । ਪਿਤਾ ਦੀ ਘੁਰਕੀ ਵਿੱਚ ਵੀ ਲਾਡ ਦੀ ਮਹਿਕ ਹੁੰਦੀ ਹੈ, ਜਿਹੜੀ ਜ਼ਿੰਦਗੀ ਦੀਆਂ ਮੁਸੀਬਤਾਂ ਝੱਲਣ ਦੇ ਸਮਰੱਥ ਬਣਾਉਂਦੀ ਹੈ। ਬੱਚੇ ਦੁਆਰਾ ਕੀਤੀਆਂ ਗ਼ਲਤੀਆਂ ਨੂੰ ਪਿਤਾ ਭੁਲਾ ਕੇ ਉਸਨੂੰ ਫਿਰ ਪਿਆਰ ਭਰੀ ਗਲਵਕੜੀ ਵਿੱਚ ਲੈ ਲੈਂਦਾ ਹੈ ਅਤੇ ਭਵਿੱਖ ਵਿੱਚ ਆਪਣੀ ਭੁੱਲ ਸੁਧਾਰਣ ਲਈ ਵਰਜਦਾ ਹੈ ।
ਗੁਰਬਾਣੀ ਵਿਚ ਵੀ ਇਸਦਾ ਹਵਾਲਾ ਦਿੰਦੇ ਹੋਏ ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ-
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ।।
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ।।
ਪਿਤਾ ਦੀ ਦੁਤਕਾਰ ਵਿੱਚ ਵੀ ਉਸਦਾ ਪਿਆਰ ਛਿਪਿਆ ਹੁੰਦਾ ਹੈ । ਸਿਆਣੇ ਕਹਿੰਦੇ ਹਨ : ਮਾਪਿਆਂ ਦੀਆਂ ਗਾਲਾਂ, ਘਿਓ ਦੀਆਂ ਨਾਲਾ ।
ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਦੇ ਪਿਤਾਵਾਂ ਦੀ ਹਸਤੀ ਨੂੰ ਵੀ ਸਮਰਪਿਤ ਹੈ ਜੋ ਸਾਡੇ ਮਨਾਂ ਅਤੇ ਵਿਚਾਰਾਂ ਨੂੰ ਆਕਾਰ ਦਿੰਦੇ ਹਨ ਅਤੇ ਸਾਡੀਆਂ ਇੱਛਾਵਾਂ ਨੂੰ ਖੰਭ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਦਿਨ ਸਾਡੇ ਪਿਤਾ ਦੇ ਸਾਡੇ ਲਈ ਕੀਤੇ ਗਏ ਯਤਨਾਂ ਅਤੇ ਕੁਰਬਾਨੀਆਂ ਨੂੰ ਸਮਰਪਿਤ ਹੈ।
ਇਸ ਦੀ ਸ਼ੁਰੂਆਤ ਸੋਨੋਰਾ ਸਮਾਰਟ ਡੋਡ ਨਾਂ ਦੀ ਇਕ ਲੜਕੀ ਨੇ ਕੀਤੀ । 19 ਜੂਨ 1910 ਨੂੰ ਸੋਨੋਰਾ ਸਮਾਰਟ ਡੋਡ ਦੁਆਰਾ ਵਾਸ਼ਿੰਗਟਨ ਦੇ ਸਪੋਕੇਨ ਵਿਖੇ ਵਾਈ ਐਮ ਸੀ ਏ ਵਿਖੇ ਪਿਤਾ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਗਿਆ। ਉਹ ਜਦੋਂ ਬਹੁਤ ਛੋਟੀ ਸੀ ਤਾਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ । ਉਸ ਦੇ ਪਿਤਾ ਵਿਲੀਅਮ ਸਮਾਰਟ,ਇਕ ਸਿਵਲ ਯੁੱਧ ਦੇ ਬਜ਼ੁਰਗ, ਨੇ ਬਚਪਨ ਤੋਂ ਹੀ ਉਸ ਨੂੰ ਅਤੇ ਉਸ ਦੇ ਪੰਜ ਭਰਾਵਾਂ ਨੂੰ ਪਾਲਿਆ ਪੋਸਿਆ ਤੇ ਵੱਡਾ ਕੀਤਾ। ਜ਼ਿੰਦਗੀ ਵਿਚ ਕਦੇ ਵੀ ਉਸ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਣ ਦਿੱਤੀ । ਪਿਤਾ ਦੇ ਨਾਲ ਉਸ ਨੂੰ ਮਾਂ ਦਾ ਵੀ ਪਿਆਰ ਦਿੱਤਾ। ਇਕ ਦਿਨ ਨੋਹਰਾ ਦੇ ਦਿਲ ਵਿੱਚ ਖ਼ਿਆਲ ਆਇਆ ਕਿ ਸਾਲ ਵਿੱਚ ਇੱਕ ਦਿਨ ਪਿਤਾ ਦੇ ਨਾਮ ਤੇ ਕਿਉਂ ਨਹੀਂ ਹੋ ਸਕਦਾ।  ਸੈਂਟਰਲ ਮੈਥੋਡਿਸਟ ਐਪੀਸਕੋਪਲ ਚਰਚ ਵਿਖੇ 1909 ਵਿੱਚ ਜਾਰਵਿਸ ਦੇ ਮਾਂ ਦਿਵਸ ਬਾਰੇ ਉਪਦੇਸ਼ ਸੁਣਨ ਤੋਂ ਬਾਅਦ, ਉਸਨੇ ਆਪਣੇ ਪਾਦਰੀ ਨੂੰ ਇਹ ਵਿਚਾਰ ਪੇਸ਼ ਕੀਤਾ ਸੀ ਕਿ ਪਿਤਾਵਾਂ ਨੂੰ ਉਨ੍ਹਾਂ ਦਾ ਸਨਮਾਨ ਕਰਨ ਲਈ ਇਕ ਅਜਿਹੀ ਛੁੱਟੀ ਹੋਣੀ ਚਾਹੀਦੀ ਹੈ । ਉਸਨੇ ਸ਼ੁਰੂ ਆਪਣੇ ਪਿਤਾ ਦੇ ਜਨਮਦਿਨ ਵਾਲੇ ਦਿਨ ਭਾਵ 5 ਜੂਨ ਨੂੰ ਇਹ ਦਿਨ ਮਨਾਉਣ ਦਾ ਸੁਝਾਅ ਦਿੱਤਾ । ਕਈ ਸਥਾਨਕ ਪਾਦਰੀਆਂ ਨੇ ਇਸ ਵਿਚਾਰ ਨੂੰ ਸਵੀਕਾਰ ਕਰ ਲਿਆ ਅਤੇ ਪਿਤਾ ਦਿਵਸ ਜਾਂ ਫਾਦਰਜ਼ ਡੇਅ ਸਭ ਤੋਂ ਪਹਿਲਾਂ 19 ਜੂਨ 1910 ਈਸਵੀ ਨੂੰ ਵਾਸ਼ਿੰਗਟਨ ਵਿੱਚ ਮਨਾਇਆ ਗਿਆ ਅਤੇ ਪਿਤਾਵਾਂ ਦਾ ਸਤਿਕਾਰ ਕਰਨ ਵਾਲੇ ਉਪਦੇਸ਼ ਪੂਰੇ ਸ਼ਹਿਰ ਵਿੱਚ ਪੇਸ਼ ਕੀਤੇ ਗਏ ਸਨ। ਯੂ. ਐਸ. ਦੇ ਰਾਸ਼ਟਰਪਤੀ ਕੈਲਵਿਨ ਕੂਲਿਜ ਨੇ 1924 ਵਿੱਚ ਫਾਦਰਜ਼ ਡੇਅ ਲਈ ਆਪਣੀ ਸਹਿਮਤੀ ਦੇ ਦਿੱਤੀ ,1966 ਵਿਚ, ਰਾਸ਼ਟਰਪਤੀ ਲਿੰਡਨ ਬੀ. ਜਾਨਸਨ ਨੇ ਪਿਓ ਦਾ ਸਨਮਾਨ ਕਰਦਿਆਂ ਪਹਿਲਾ ਰਾਸ਼ਟਰਪਤੀ ਐਲਾਨ ਜਾਰੀ ਕੀਤਾ ਅਤੇ ਜੂਨ ਦੇ ਤੀਜੇ ਐਤਵਾਰ ਨੂੰ ਪਿਤਾ ਦਿਵਸ ਮਨਾਉਣ ਦਾ ਅਧਿਕਾਰਤ ਐਲਾਨ ਕੀਤਾ । ਛੇ ਸਾਲ ਬਾਅਦ, ਉਸ ਦਿਨ ਨੂੰ ਇੱਕ ਸਥਾਈ ਰਾਸ਼ਟਰੀ ਛੁੱਟੀ ਕਰ ਦਿੱਤੀ ਗਈ ਜਦੋਂ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਇਸ ਨੂੰ ਕਾਨੂੰਨ ਵਿੱਚ ਸਾਈਨ ਕੀਤਾ। ਉਦੋਂ ਤੋਂ, ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ, ਹਰ ਕੋਈ ਆਪਣੇ ਪਿਤਾ ਲਈ ਇਹ ਦਿਨ ਮਨਾਉਂਦਾ ਹੈ।
ਇਹ ਦਿਨ ਸਾਡੇ ਪਿਤਾ ਦੇ ਨਿਰਸਵਾਰਥ ਸਾਡੇ ਲਈ ਕੀਤੇ ਯਤਨਾਂ ਅਤੇ ਕੁਰਬਾਨੀਆਂ ਨੂੰ ਸਮਰਪਿਤ ਹੈ।ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ। ਪਰ ਇੱਕ ਪਿਤਾ ਬੱਚੇ ਦੇ ਪਾਲਣ-ਪੋਸ਼ਣ ਦੇ ਨਾਲ-ਨਾਲ ਉਸ ਦੇ ਭਵਿੱਖ ਨੂੰ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਸਾਡੇ ਦਿਮਾਗਾਂ, ਸਾਡੇ ਵਿਚਾਰਾਂ ਨੂੰ ਆਕਾਰ ਦਿੰਦਾ ਹੈ ਅਤੇ ਸਾਡੀਆਂ ਇੱਛਾਵਾਂ ਨੂੰ ਖੰਭ ਦਿੰਦਾ ਹੈ । ਆਦਮੀ ਦੀ ਜ਼ਿੰਦਗੀ ਅਤੇ ਉਸ ਦੀ ਸੋਚ ਵਿਚ ਅਹਿਮ ਬਦਲਾਅ ਉਸ ਦਿਨ ਆਉਂਦਾ ਹੈ, ਜਿਸ ਦਿਨ ਉਸ ਦੇ ਘਰ ਔਲਾਦ ਜਨਮ ਲੈਂਦੀ ਹੈ, ਭਾਵ ਉਹ ਪਿਤਾ ਬਣਦਾ ਹੈ। ਆਪਣੀ ਔਲਾਦ ਨੂੰ ਪਹਿਲੀ ਵਾਰ ਆਪਣੇ ਹੱਥਾਂ ਵਿਚ ਫੜਨ ਤੇ ਮਾਨੋ ਉਸ ਦਿਨ ਇਕ ਜ਼ਿੰਮੇਵਾਰੀ, ਇਕ ਅਹੁਦੇ ਦੇ ਅਹਿਸਾਸ ਦੀਆਂ ਤਰੰਗਾਂ ਇਕ ਨਵੇਂ ਬਣੇ ਪਿਤਾ ਦੇ ਜ਼ਿਹਨ ਵਿਚ ਸਮਾ ਜਾਂਦੀਆਂ ਹਨ।
ਪਿਤਾ ਤਿਆਗ ਅਤੇ ਸਮਰਪਣ ਦੀ ਮਿਸਾਲ ਹੁੰਦਾ ਹੈ। ਪਿਤਾ ਖੁਦ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰਦਾ ਹੈ । ਉਨ੍ਹਾਂ ਦਾ ਭਵਿੱਖ ਬਣਾਉਣ ਲਈ ਮਾਰਗਦਰਸ਼ਨ ਕਰਦਾ ਹੈ। ਲੋੜ ਪੈਣ ਤੇ ਬੱਚੇ ਨੂੰ ਡਾਂਟ ਫਿਟਕਾਰ ਲਗਾਉਂਦਾ ਹੈ । ਜਿਸ ਤਰ੍ਹਾਂ ਦਾ ਪਿਆਰ ਮਾਂ ਦਿਖਾਉਂਦੀ ਹੈ, ਉਸ ਦਾ ਇਜ਼ਹਾਰ ਪਿਤਾ ਅਕਸਰ ਨਹੀਂ ਕਰ ਪਾਉਂਦੇ, ਪਰ ਉਸ ਨੂੰ ਦਿਖਾਏ ਜਾਂ ਦਿਖਾਏ ਬਿਨਾਂ, ਬੱਚੇ ਨੂੰ ਜ਼ਿੰਦਗੀ ਦੀਆਂ ਖੁਸ਼ੀਆਂ ਦੇਣ ਦਾ ਕੰਮ ਸਿਰਫ਼ ਪਿਤਾ ਹੀ ਕਰ ਸਕਦਾ ਹੈ। ਜ਼ਿੰਦਗੀ ਦੀਆਂ ਜੋ ਮੌਜਾਂ, ਬਹਾਰਾਂ, ਬੇਫਿਕਰੀ, ਲਾਪ੍ਰਵਾਹੀ ਭਰੀ ਜ਼ਿੰਦਗੀ ਦੇ ਪਲ ਬੱਚਾ ਆਪਣੇ ਮਾਤਾ ਪਿਤਾ ਦੇ ਸਿਰ ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲ ਸਕਦੀਆਂ। ਕਿਸੇ ਨੇ ਸੱਚ ਹੀ ਕਿਹਾ ਹੈ, “ਮਾਂ ਬਿਨ ਨਾ ਕੋਈ ਘਰ ਬਣਦਾ ਏ ਪਿਉ ਬਿਨ ਨਾ ਕੋਈ ਤਾਜ

ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ
ਕਹਿੰਦੇ ਹਨ ਜਦੋਂ ਪਿਉ ਦੀ ਜੁੱਤੀ ਪੁੱਤ ਦੇ ਪੈਰ ਵਿੱਚ ਆਉਣ ਲੱਗ ਜਾਵੇ ਤਾਂ ਉਹ ਨਹੀ ਰਹਿ ਜਾਦਾ ਦੋਸਤ ਵਾਂਗ ਬਣ ਜਾਦਾ ਹੈ। ਉਹਨਾਂ ਵਿਚ ਦੋਸਤੀ ਦੀ ਯਾਰੀ ਬਣ ਜਾਂਦੀ ਹੈ। ਪੁੱਤ ਚਾਹੇ ਜਿੰਨਾ ਮਰਜੀ ਵੱਡਾ ਅਫ਼ਸਰ ਹੋਵੇ ਪਰ ਪਿਉ ਦੀ ਥਾਂ ਕਦੇ ਨਹੀਂ ਲੈ ਸਕਦਾ । ਪਿਉ ਨਾ ਹੋਣ ਦਾ ਦੁੱਖ ਤਾਂ ਉਹੀ ਦੱਸ ਸਕਦਾ ਹੈ, ਜਿਸਦੇ ਸਿਰ ਤੋ ਪਿਉ ਦਾ ਹੱਥ ਉਠ ਜਾਦਾ ਹੈ । ਮਾਪਿਆਂ ਦੀ ਅਣਹੋਂਦ ਵਿੱਚ ਉਸ ਬੱਚੇ ਦੀ ਸ਼ਖਸ਼ੀਅਤ ਪੂਰਨ ਵਿਕਸਿਤ ਨਹੀਂ ਹੋ ਸਕਦੀ ,ਜਿਸ ਨੂੰ ਮਾਂ ਜਾਂ ਪਿਤਾ ਦੈ ਪਿਆਰ ਤੋਂ ਬਾਂਝਾ ਰਹਿਣਾ ਪਿਆ ਹੋਵੇ । ਪਿਉ ਦੇ ਬਾਰੇ ਇੱਕ ਗੀਤਕਾਰ ਨੇ ਵੀ ਬੜੀਆਂ ਵਧੀਆਂ ਲਾਈਨਾਂ ਕਹੀਆਂ ਹਨ:-
‘ਰੁੱਖਾ ਦੀ ਜੜਾ ਨਾਲ ਪੰਛੀ ਦੀ ਪਰਾਂ ਨਾਲ
ਗੱਲ ਗੂਹੜੇ ਰਿਸ਼ਤੇ ਦੀ ਜੋੜ ਹੁੰਦੀ ਏ
ਪੁੱਤਾ ਨੂੰ ਪਿਉ ਦੀ ਬੜੀ ਲੋੜ ਹੁੰਦੀ ਏ।
ਪਿਉ ਦੇ ਚਲੇ ਜਾਣ ਤੋਂ ਬਾਅਦ ਹੀ ਉਸ ਦੀਆਂ ਕਮੀ ਮਹਿਸੂਸ ਹੁੰਦੀ ਹੈ। । ਸੱਚ ਤਾਂ ਇਹ ਹੈ ਕਿ ਜੋ ਇੱਕ ਪਿਤਾ ਪਰਿਵਾਰ ਲਈ ਕਰਦਾ ਹੈ ਉਹ ਹੋਰ ਕੋਈ ਪਰਿਵਾਰ ਦੀ ਜੀਅ ਨਹੀਂ ਕਰ ਸਕਦਾ। ਪਿਤਾ ਇੱਕ ਪਰਿਵਾਰ ਦੀ ਤਾਕਤ ਦਾ ਥੰਮ ਹੈ ਜੋ ਜ਼ਿੰਦਗੀ ਦੇ ਸਾਰੇ ਖੁਸ਼ਹਾਲ ਅਤੇ ਚੁਣੌਤੀਪੂਰਣ ਪਲਾਂ ਵਿਚ ਪਰਿਵਾਰ ਦੀ ਇਕਜੁਟਤਾ ਨੂੰ ਮਜ਼ਬੂਤ ਰੱਖਦਾ ਹੈ। ਪਿਤਾ ਦੇ ਇਸ ਪਿਆਰ ਅਤੇ ਕੁਰਬਾਨੀ ਨੂੰ ਸਨਮਾਨ ਦੇਣ ਲਈ, ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਪਿਤਾ ਦਿਵਸ ਮਨਾਇਆ ਜਾਂਦਾ ਹੈ।
ਪਰਿਵਾਰ ਦੀ ਜ਼ਿੰਦਗੀ ਬਣਾਉਣ ਲਈ ਪਿਤਾ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਹਿਣ ਕਰਦੇ ਹਨ । ਬੱਚਿਆਂ ਦੀ ਸਿੱਖਿਆ ਹੋਵੇ ਜਾਂ ਹਰ ਕੋਈ ਹੋਰ ਆਰਥਿਕ ਜ਼ਰੂਰਤ, ਉਹ ਪਰਿਵਾਰ ਦੀ ਹਰ ਜਰੂਰਤ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਉਨ੍ਹਾਂ ਨੂੰ ਦੁਨੀਆਂ ਦੇ ਸਾਰੇ ਸੁੱਖਾਂ ਤੋਂ ਜਾਣੂ ਕਰਵਾਉਂਦਾ ਹੈ । ਉਹ ਆਪਣੇ ਬੱਚਿਆਂ ਲਈ ਆਪਣੀਆਂ ਭਾਵਨਾਵਾਂ, ਆਪਣੇ ਸੁਪਨੇ ਤੱਕ ਤਿਆਗ ਦਿੰਦਾ ਹੈ । ਉਹ ਬੱਚਿਆਂ ਦੇ ਵੇਖੇ ਸੁਪਨੇ ਵੀ ਬਿਨਾਂ ਦੱਸੇ ਹੀ ਪੂਰੇ ਕਰਨ ਲਈ ਜ਼ੋਰ ਲਾ ਦਿੰਦਾ ਹੈ ।
ਮਾਂ ਕੋਲ਼ ਮਮਤਾ ਤੇ ਸਬਰ ਹੈ ਤਾਂ ਪਿਤਾ ਕੋਲ਼ ਮਿਹਨਤ ਦਾ ਹੁਨਰ ਹੈ। ਜਦ ਘਰੇ ਮਾਂ ਆਪਣੇ ਬੱਚੇ ਤੇ ਚੁੰਨੀ ਦੀ ਛਾਂ ਕਰਦੀ ਹੈ ਤਾਂ ਪਿਤਾ ਉਦੋਂ ਆਪਣੇ ਪਰਿਵਾਰ ਲਈ ਖੇਤਾਂ ਵਾਲ਼ੇ ਰਾਹਾਂ ਤੇ ਜਾਂ ਸ਼ਹਿਰਾਂ ਦੀਆਂ ਵੱਡੀਆਂ ਸੜਕਾਂ ਤੇ ਸੂਰਜ ਨੂੰ ਮਸ਼ਕਰੀਆਂ ਕਰਦਾ ਕਮਾਈ ਕਰ ਰਿਹਾ ਹੁੰਦਾ। ਮਾਂ ਦੀ ਕੁੱਖ ਤੇ ਪਿਤਾ ਦੇ ਮੋਢਿਆਂ ਅੱਗੇ ਵੱਡੇ-ਵੱਡੇ ਤਖ਼ਤ ਵੀ ਨਿੱਕੇ ਨਿੱਕੇ ਲੱਗਦੇ ਹਨ। ਬਾਪ ਦੇ ਮੱਥੇ ਤੇ ਪਾਈਆਂ ਵਕਤ ਦੀਆਂ ਤਿਉੜੀਆਂ ਬੱਚਿਆਂ ਦੇ ਭਵਿੱਖ ਦਾ ਨਕਸ਼ਾ ਬਣਾਉਂਦੀਆਂ ਹਨ। ਬਾਪ ਦੇ ਹੱਥਾਂ ਤੇ ਪਏ ਅੱਟਣਾਂ ਦਾ ਮੋਢੇ ਤੇ ਦਿੱਤਾ ਥਾਪੜਾ ਬੱਚਿਆਂ ਨੂੰ ਚੜ੍ਹਦੀ ਕਲਾ ਚ ਜਿਊਣ ਦਾ ਹੁਨਰ ਬਖ਼ਸ਼ਦਾ।
ਧੀਆਂ ਵੀ ਆਪਣੇ ਬਾਪ ਦੇ ਹੁੰਦਿਆਂ ਆਪਣੇ-ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਸਮਝਦੀਆਂ ਹਨ । ਬਾਪ ਨਾਲ ਵੀ ਧੀਆਂ ਦੀ ਦੁੱਖ-ਸੁੱਖ ਦੀ ਸਾਂਝ ਹੁੰਦੀ ਹੈ । ਕੋਈ ਕੁੜੀ ਜਦੋਂ ਵਿਆਹੀ ਜਾਂਦੀ ਹੈ ਤਾਂ ਉਹ ਭਾਂਵੇ ਨਵੇਂ ਜੀਵਨ ਸਾਥੀ ਦੇ ਪਿਆਰ ਵਿੱਚ ਭਿੱਜ ਜਾਂਦੀ ਹੈ। ਨਵੇਂ ਟੱਬਰ ਵਿੱਚ ਰੁੱਝ ਜਾਂਦੀ ਹੈ ਪਰ ਕਦੇ ਵੀ ਆਪਣੇ ਬਾਬਲ ਦਾ ਘਰ ਨੀ ਭੁੱਲਦੀ ਤੇ ਸਦਾ ਹੀ ਆਪਣੇ ਬਾਬਲ ਦੇ ਘਰ ਦੀ ਸੁੱਖ ਮਨਾਉਂਦੀ ਰਹਿੰਦੀ ਹੈ ਜਿਸ ਬਾਰੇ ਹੇਠ ਲਿਖੀਆਂ ਸਤਰਾਂ ਚਾਨਣਾ ਪਾਉਂਦੀਆਂ ਹਨ
ਵਸਦਾ ਰਹੇ ਬਾਬੁਲ ਦਾ ਵਿਹੜਾ ਧੀਆਂ ਦੀ ਇਹੀ ਦੁਆ । ਅਜਿਹੀ ਹੀ ਇੱਕ ਭਾਵਨਾ ਨੂੰ ਦਰਸਾਉਂਦੀ ਗੁਰਦੀਸ਼ ਕੌਰ ਗਰੇਵਾਲ ਦੀ ਕਵਿਤਾ ਹੈ ਕਿ, ਸਿਰ ਉੱਤੇ ਹੱਥ ਧਰ, ਸੀਨੇ ਨਾਲ ਲਾਂਵਦਾ,
ਅਸੀਸ ਉਹਦੀ ਸੁਣ ਕੇ, ਕਲੇਜਾ ਠਰ ਜਾਂਵਦਾ,
ਦੁੱਖ-ਸੁੱਖ ਪੁੱਛਦਾ ਤੇ ਆਪਣਾ ਸੁਣਾਏ ਨੀਂ ।
ਅੱਜ ਮੈਨੂੰ ਯਾਦ ਬੜ੍ਹੀ ਬਾਪ ਦੀ ਸਤਾਏ ਨੀਂ ।”
ਪੁਰਾਤਨ ਕਾਲ ਤੋਂ ਹੀ ਮਾਪਿਆਂ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ, ਉਸ ਉੱਤੇ ਅਮਲ ਕਰਨਾ ਅਤੇ ਜਿੱਥੋਂ ਤਕ ਹੋ ਸਕੇ ਉਨ੍ਹਾਂ ਦੀ ਸੇਵਾ ਕਰਨਾ ਭਾਰਤੀ ਸਭਿਅਤਾ ਦਾ ਇੱਕ ਖ਼ੂਬਸੂਰਤ ਅੰਗ ਰਿਹਾ ਹੈ । ਉਪਨਿਸ਼ਦਾਂ ਵਿੱਚ ਮਾਤ੍ਰ ਦੇਵੋ ਭਵ:, ਪਿਤ੍ਰ ਦੇਵੋ ਭਵ: ਕਹਿ ਕੇ ਮਾਤਾ ਪਿਤਾ ਨੂੰ ਦੇਵਤਿਆਂ ਬਰਾਬਰ ਰੁਤਬਾ ਦਿੱਤਾ ਗਿਆ ਹੈ । ਪਿਤਾ ਦੇ ਆਦੇਸ਼ ਦਾ ਸਤਿਕਾਰ ਕਰਨ ਲਈ ਹੀ ਸ੍ਰੀ ਰਾਮ ਚੰਦਰ ਰਾਜ ਸਿੰਘਾਸਣ ਤਿਆਗ ਕੇ ਬਾਰਾਂ ਸਾਲ ਬਨਵਾਸ ਦੇ ਕਸ਼ਟ ਸਹਾਰਦੇ ਰਹੇ।  ਪਿਤਾ ਦਾ ਸਤਿਕਾਰ ਕਰਦਿਆਂ ਹੀ ਸਰਵਣ ਆਪਣੇ ਅੰਨ੍ਹੇ ਮਾਪਿਆਂ ਨੂੰ ਤੀਰਥਾਂ ’ਤੇ ਘੁਮਾਉਂਦਾ ਫਿਰਿਆ ਅਤੇ ਇਸੇ ਦੌਰਾਨ ਹੀ ਆਪਣੀ ਜਾਨ ਵੀ ਗੁਆ ਬੈਠਿਆ। 
ਸੋਚਣ ਦੀ ਗੱਲ ਹੈ ਕਿ ਬਜ਼ੁਰਗ ਸਾਥੋਂ ਕੀ ਚਾਹੁੰਦੇ ਹਨ? ਦੋ ਮਿੱਠੇ ਬੋਲ, ਰੁਝੇਵਿਆਂ ਭਰੀ ਜਿੰਦਗੀ ਵਿਚੋਂ 5-7 ਮਿੰਟ ਉਹਨਾਂ ਕੋਲ ਬੈਠ ਕੇ ਸਿਹਤ ਦਾ ਹਾਲ-ਚਾਲ ਪੁੱਛਣਾ ਤੇ ਆਪਣੀ ਰਾਜੀ ਖੁਸ਼ੀ ਦੱਸਣਾ। ਇਸ ਤੋਂ ਵੱਧ ਕੁੱਝ ਨਹੀਂ ਚਾਹੁੰਦੇ, ਉਹ ਤਾਂ ਜਿੰਗਦੀ ਦਾ ਸਾਰਾ ਸਰਮਾਇਆ ਹੀ ਸਾਡੇ ਤੇ ਪਹਿਲਾਂ ਹੀ ਵਾਰ ਚੁੱਕੇ ਹਨ।ਅਸੀਂ ਆਪਣਾ ਪਿਆਰ, ਆਪਣੇਦਿਲ ਦੀਆਂ ਭਾਵਨਾਵਾਂ ਆਪਣੇ ਦੋਸਤਾਂ, ਮਿੱਤਰਾਂ ਨਾਲ ਬੇਝਿਜਕ ਹੋ ਕੇ ਪ੍ਰਗਟਾ ਦਿੰਦੇ ਹਾਂ ਪਰ ਪਤਾ ਨਹੀਂ ਕਿਉਂ ਮਾਂ ਬਾਪ ਨੂੰ ਆਪਣਾ ਪਿਆਰ ਪ੍ਰਗਟਾਉਂਦੇ ਸਮੇਂ ਅਸੀਂ ਕਿਉਂ ਆਪਣੇ ਪਿਆਰ ਦਾ ਪ੍ਰਗਟਾਵਾ ਨਹੀਂ ਕਰ ਪਾਉਂਦੇ । ਅੱਜ ਦੇ ਅਗਾਹਵਧੂ ਸਮੇਂ ਵਿੱਚ ਨਵੀਂ ਪੀਹੜੀ ਆਪਣੇ ਬਜ਼ੁਰਗਾਂ ਦਾ ਤਿਰਸਕਾਰ ਕਰਦੀ ਆਮ ਦੇਖੀ ਜਾ ਸਕਦੀ ਹੈ ਜੋ ਕਿ ਸਮੇਂਦੀ ਬਹੁਤ ਵੱਡੀ ਤ੍ਰਾਸਦੀ ਹੈ ਉਸਨੇ ਆਪਣੀ ਸਾਰੀ ਉਮਰ ਹੀ ਆਪਣੇ ਬੱਚਿਆਂ ਲਈ ਲਾਈ ਹੁੰਦੀ ਹੈ । ਬਹੁਤ ਸਾਰੇ ਬਲੀਦਾਨ ਕਰਕੇ ਆਪਣੇ ਬੱਚਿਆਂ ਨੂੰ ਮੰਜਿਲ ਤੱਕ ਪਹੁੰਚਾਇਆ ਹੁੰਦਾ ਹੈ । ਉਸਨੂੰ ਬੁਢਾਪੇ ਵਿੱਚ ਵੱਧ ਤੋਂ ਵੱਧ ਸੁਖ-ਸਹੂਲਤਾਂ ਪ੍ਰਦਾਨ ਕਰਕੇਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ । ਉਸਨੇ ਜਿਹੜੀਆਂ ਰੀਝਾਂ ਸਾਡੇ ਲਈ ਆਪਣੇ ਮਨ ਵਿੱਚ ਹੀ ਦਬਾ ਲਈਆਂ ਸਨ ਸਾਨੂੰ ਉਸਦੀਆਂ ਉਹ ਰੀਝਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ । ਉਸ ਪਿਤਾ ਦੀ ਜ਼ਿੰਦਗੀ ਭਰ ਦੀ ਕਮਾਈ ਤੇ ਉਸ ਦੇ ਔਲਾਦ ਦੇ ਮੋਹ ਨੂੰ ਵਿਅਰਥ ਨਾ ਜਾਣ ਦੇਈਏ। ਆਪਣੀ ਜ਼ਿੰਦਗੀ ਦੇ ਇਸ ਅਨਮੋਲ ਹੀਰੇ ਨੂੰ ਪਿਆਰ ਕਰੀਏ, ਉਸ ਦੀ ਕਦਰ ਕਰੀਏ ਤੇ ਉਸ ਨਾਲ ਬਚਪਨ ਦੇ ਬਿਤਾਏ ਪਲ ਤੇ ਆਉਣ ਵਾਲੀ ਜ਼ਿੰਦਗੀ ਦੇ ਪਲਾਂ ਨੂੰ ਇਕ ਜਸ਼ਨਵਾਂਗ ਮਨਾਈਏ
ਅੱਜ ਇੱਕ ਦੁਆ ਤੇ ਵਾਅਦਾ ਕਰੀਏ ਕਿ ਸਾਨੂੰ ਕਦੇ ਬਿਰਧ ਆਸ਼ਰਮਾਂ ਚ ਜਾਕੇ ਇਹ ਦਿਨ ਮਨਾਉਣ ਦੀ ਕਦੇ ਲੋੜ ਨਾ ਪਵੇ। ਸਾਡੇ ਮਾਪੇ-ਸਾਡੀਆਂ ਮਾਂਵਾਂ, ਸਾਡੇ ਬਾਪ ਆਪੋ-ਆਪਣੇ ਪਰਿਵਾਰਾਂ ਚ ਆਪਣੀ ਔਲਾਦ ਨਾਲ਼ ਆਪਣੀਆਂ ਪੋਤੇ- ਪੋਤੀਆਂ ਤੇ ਦੋਹਤੇ -ਦੋਹਤੀਆਂ ਨਾਲ਼ ਖੇਡਦੇ ਜਿਉਂਦੇ ਵੱਸਦੇ ਉਮਰਾਂ ਦੇ ਆਖਰੀ ਪਲ ਖ਼ੁਸ਼ੀਆਂ ਨਾਲ਼ ਬਿਤਾਉਣ। ਆਓ ਅੱਜ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਬਜ਼ੁਰਗਾਂ ਨੂੰ ਪੂਰਾ-ਪੂਰਾ ਮਾਣ ਸਤਿਕਾਰ ਦੇਈਏ ਤੇ ਘਰ ਵਿੱਚ ਉਹਨਾਂ ਦੇਅਸ਼ੀਰਵਾਦ ਸਦਕਾ ਸਦਾ ਖੁਸ਼ੀ ਦਾ ਮਾਹੌਲ ਬਣਿਆ ਰਹੇ।