ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਮਾਸਿਕ ਇਕੱਤਰਤਾ ਹੋਈ (ਖ਼ਬਰਸਾਰ)


ਬਾਘਾਪੁਰਾਣਾ -- ਸਾਹਿਤ ਸਭਾ ਰਜਿ  ਬਾਘਾ ਪੁਰਾਣਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੇੜੇ ਬੱਸ ਸਟੈਂਡ ਬਾਘਾ ਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਮਹਿਲਾਵਾਂ ਦੇ ਹੱਕ ਵਿੱਚ ਨਾਹਰਾ ਮਾਰਦਿਆਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਦੋਸ਼ੀ ਬ੍ਰਿਜ ਭੂਸ਼ਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ। ਪਾਕਿਸਤਾਨੀ ਸ਼ਾਇਰ ਤਨਵੀਰ ਬੁਖ਼ਾਰੀ ਦੇ ਵਿਛੋੜੇ ਅਤੇ ਸਾਹਿਤਕਾਰ ਪਿਆਰਾ ਸਿੰਘ ਭੋਗਲ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਸਭਾ ਦੀ ਛਪ ਰਹੀ ਸਾਂਝੀ ਪੁਸਤਕ ਦੇ ਖਰੜੇ ਉਪਰ ਵਿਚਾਰ ਸਾਂਝੇ ਕੀਤੇ ਗਏ। ਉਪਰੰਤ  ਸਾਗਰ ਸ਼ਰਮਾ, ਗੋਰਾ ਸਮਾਲਸਰ,ਮੇਜਰ ਹਰੀਏਵਾਲਾ, ਪਰਵੇਜ਼ ਖ਼ਾਨ ਚੰਨੂਵਾਲਾ, ਤਰਸੇਮ ਖ਼ਾਨ ਲੰਡੇ, ਸੁਖਰਾਜ ਮੱਲਕੇ, ਗੋਪੀ ਮੱਲਕੇ,ਕਰਮ ਸਿੰਘ ਕਰਮ, ਸਾਧੂ ਰਾਮ ਲੰਗੇਆਣਾ, ਜਸਵੰਤ ਜੱਸੀ, ਲਖਵੀਰ ਸਿੰਘ ਕੋਮਲ, ਕਾਮਰੇਡ ਜੋਗਿੰਦਰ ਸਿੰਘ ਨਾਹਰ ਨੱਥੂਵਾਲਾ, ਅਮਰਜੀਤ ਸਿੰਘ ਰਣੀਆਂ, ਸ਼ਿਵ ਢਿੱਲੋਂ,ਕੋਮਲ ਭੱਟੀ , ਜਗਦੀਸ਼ ਪ੍ਰੀਤਮ, ਕੰਵਲਜੀਤ ਭੋਲਾ ਲੰਡੇ, ਯਸ਼ ਚਟਾਨੀ, ਸਰਬਜੀਤ ਸਿੰਘ ਸਮਾਲਸਰ, ਬਲਵਿੰਦਰ ਸਿੰਘ ਕੈਂਥ, ਈਸ਼ਰ ਸਿੰਘ ਲੰਭਵਾਲੀ, ਪ੍ਰੀਤ ਨਿਵਾਣ, ਸੁਰਜੀਤ ਸਿੰਘ ਕਾਲੇਕੇ, ਦਾ ਔਕਟੋ ਆਊਲ, ਐਸ. ਇੰਦਰ ਰਾਜੇਆਣਾ, ਮੁਕੰਦ ਕਮਲ, ਹਰਵਿੰਦਰ ਸਿੰਘ ਰੋਡੇ ਵੱਲੋਂ ਆਪੋ ਆਪਣੀ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ। 

                    

ਡਾ ਸਾਧੂ ਰਾਮ ਲੰਗੇਆਣਾ

-------------------------------------


ਸਮੇਂ ਦੀਆਂ ਸਰਕਾਰਾਂ ਸਾਹਿਤਕਾਰ ਭਰਾਵਾਂ ਲਈ ਪੈਨਸ਼ਨ ਸਕੀਮ ਸਹੂਲਤ ਜਾਰੀ ਕਰਨ
ਲੇਖ਼ਕ ਹੀ ਸਮਾਜ ਦਾ ਅਸਲੀ ਸ਼ੀਸ਼ਾ ਹੁੰਦੇ ਹਨ ਜਿਨ੍ਹਾਂ ਨੇ ਆਪਣੀਆਂ ਕਲਮਾਂ ਬਦੌਲਤ ਸਾਹਿਤਕ ਰਚਨਾਵਾਂ ਰਾਹੀਂ ਸਮਾਜ ਦੀਆਂ ਫੈਲੀਆਂ ਵਿਸੰਗਤੀਆਂ/ ਕੁਰੀਤੀਆਂ ਨੂੰ ਉਜਾਗਰ ਕਰਕੇ ਪਬਲਿਕ ਲਈ ਅਸਲੀ ਰਾਹਾਂ ਤੇ ਚਲਦੇ ਰਹਿਣ ਲਈ ਸੰਦੇਸ਼ ਦੇਣਾ ਹੁੰਦਾ ਹੈ ਅਤੇ ਜੋ ਪੂਰੀ ਤਨਦੇਹੀ ਅਤੇ  ਦਿਮਾਗੀ ਕੁਸ਼ਤੀ ਨਾਲ ਪਹਿਲਾਂ ਆਪਣੀਆਂ ਰਚਨਾਵਾਂ ਨੂੰ ਜਨਮ ਦਿੰਦੇ ਹਨ ਅਤੇ ਫ਼ੇਰ ਆਪਣੇ ਖ਼ਰਚੇ ਤੇ ਰਚਨਾਵਾਂ ਦੇ ਖਰੜੇ ਨੂੰ ਪੁਸਤਕ ਰੂਪ ਦੇ ਕੇ ਪਾਠਕਾਂ ਦੇ ਹੱਥਾਂ ਤੱਕ ਮੁਫ਼ਤ ਤੌਰ ਦੇ ਪ੍ਰਸ਼ਾਦ ਦੇ ਰੂਪ ਵਿੱਚ ਵੰਡਦੇ ਹਨ ਇਨ੍ਹਾਂ ਵਿਚ ਕੁਝ - ਕੁਝ ਕੁ ਹੀ ਅਜਿਹੇ ਲੇਖਕ ਮਤਲਬ 15-20 ਫ਼ੀਸਦੀ ਹਨ ਜਿਨ੍ਹਾਂ ਨੂੰ ਬੁੱਕ ਪ੍ਰਕਾਸ਼ਨਾਂ ਕੋਲੋਂ ਮੁਫ਼ਤ ਦੇ ਰੂਪ ਵਿੱਚ ਪੁਸਤਕ ਛਾਪਣ ਦੀ ਸਹੂਲਤ ਮਿਲਦੀ ਹੈ ਪ੍ਰੰਤੂ ਬਾਕੀ ਤਾਂ ਵਿਚਾਰੇ ਆਪਣੀ ਝੁੱਗੀ ਫੂਕ ਤਮਾਸ਼ਾ ਦੇਖ ਵਾਲੇ ਮੁਹਾਵਰੇ ਨੂੰ ਅਪਣਾਉਂਦੇ ਹੋਏ ਆਪ ਹੀ ਪੱਲਿਓ ਪੈਸੇ ਖ਼ਰਚ ਕੇ ਸਾਹਿਤਕਾਰੀ ਦੇ ਆਪਣੇ ਅੰਦਰਲੇ ਕੀੜਿਆਂ ਨੂੰ ਚੋਗਾ ਪਾਉਂਦੇ ਰਹਿੰਦੇ ਹਨ ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਕਾਲਮ ਨਵੀਸ ਡਾ ਗੁਰਚਰਨ ਸਿੰਘ ਨੂਰਪੁਰ ਨੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸਮੇਂ ਦੀ ਕੇਂਦਰ ਅਤੇ ਪੰਜਾਬ ਸਰਕਾਰ ਸਮੂਹ ਸਾਹਿਤਕਾਰ ਭਰਾਵਾਂ ਲਈ ਇੱਕ ਤਾਂ ਪੈਨਸ਼ਨ ਸਕੀਮ ਲਾਗੂ ਕਰੇ ਅਤੇ ਦੂਜਾ ਲੇਖਕਾਂ ਦੀਆਂ ਕਿਤਾਬਾਂ ਨੂੰ ਸਰਕਾਰੀ ਤੌਰ ਤੇ ਛਪਵਾਉਣ ਲਈ ਸਹੂਲਤਾਂ ਜਾਰੀ ਕੀਤੀਆਂ ਜਾਣ ਤਾਂ ਕਿ ਲੇਖਕਾਂ ਦੀ ਜ਼ਿੰਦਗੀ ਭਰ ਦੇ ਕੀਤੀ ਗਈ ਮਿਹਨਤ ਨੂੰ ਬੂਰ ਪੈ ਸਕੇ। ਇਸ ਮੌਕੇ ਹਾਜ਼ਰ ਸਾਹਿਤਕਾਰ ਪ੍ਰਤਾਪ ਸਿੰਘ ਹੀਰਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੇਖਕ ਵੀਰਾਂ ਦੀ ਸਮਾਜ ਪ੍ਰਤੀ ਚੰਗੀ ਸੋਚ ਹੀ ਅਸਲੀ ਰਾਹਾਂ ਤੋਂ ਭਟਕ ਚੁੱਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਸਹਾਈ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਅੱਜ ਦੇ ਵਰਤਮਾਨ ਭਵਿੱਖ ਚ ਲੇਖਣੀ ਵਿਚ ਜ਼ੋਰ ਅਜ਼ਮਾਈ ਕਰ ਰਹੀ ਸਿਖਾਂਦਰੂ ਨੌਜਵਾਨ ਪੀੜ੍ਹੀ ਜੋ ਚੰਗੀਆਂ ਕਿਤਾਬਾਂ ਪੜ੍ਹਨ ਦੀ ਬਜਾਏ ਆਪਣੀਆਂ ਕੱਚ ਘਰੜ ਰਚਨਾਵਾਂ ਸੋਸ਼ਲ ਮੀਡੀਏ ਤੇ ਪਾ ਕੇ ਵਾਹ - ਵਾਹ, ਬੱਲੇ- ਬੱਲੇ ਖੱਟਣ ਵੱਲ ਤੁਲੀ ਹੋਈ ਹੈ ਜੋ ਕਿ ਸਾਹਿਤਕ ਖੇਤਰ ਲਈ ਇੱਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਉਨ੍ਹਾਂ ਨਵੇਂ ਲੇਖਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਨੇੜ ਦੀਆਂ ਸਾਹਿਤ ਸਭਾਵਾਂ ਵਿਚ ਸ਼ਾਮਿਲ ਹੋ ਕੇ ਸਾਹਿਤ ਦੇ ਅਸਲੀ ਰਾਹਾਂ ਨੂੰ ਛੂਹਣ ਦੀ ਕੋਸ਼ਿਸ਼ ਕਰਨ ਤਾਂ ਕਿ ਉਨ੍ਹਾਂ ਦੀ ਲੇਖਣੀ ਵਿਚ ਸੁਧਾਰ ਆਵੇ। ਇਸ ਮੌਕੇ ਉੱਘੇ ਵਿਅੰਗਕਾਰ ਸਾਧੂ ਰਾਮ ਲੰਗੇਆਣਾ ਅਤੇ ਸਮਾਜ ਸੇਵੀ ਇਕਬਾਲ ਸਿੰਘ ਲੰਗੇਆਣਾ ਨੇ ਆਪਣੇ ਵਿਚਾਰ ਪੇਸ਼ ਕਰਦੇ ਸਮੇਂ ਕਿਹਾ ਹੈ ਕਿ ਅੱਜ ਸਾਡੀ ਸਮਾਜ ਦੀ ਪੜ੍ਹੀ  ਲਿਖੀ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਸਮੇਂ ਸਿਰ ਨੌਕਰੀਆਂ ਹਾਸਲ ਨਾਂ ਹੋਣ ਕਰਕੇ ਸਹੀ ਰਸਤਿਆਂ ਤੋਂ ਲਾਂਭੇ ਹੋ ਕੇ ਜਾਂ ਤਾਂ ਸਮਾਜ ਦੀਆਂ ਕੂੜਾਵਾਦੀ ਕੁਰੀਤੀਆਂ ਵਿੱਚ ਦਿਨੋਂ ਦਿਨ ਗੁਲਤਾਨ ਹੁੰਦੀ ਜਾ ਰਹੀ ਹੈ ਜਾਂ ਫਿਰ ਸਾਡੇ ਦੇਸ਼ ਤੋਂ ਕਿਨਾਰਾ ਕਰਕੇ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤੀਆਂ ਜਾ ਰਹੀਆਂ ਹਨ ਅਤੇ ਹਰ ਪਿੰਡ / ਸ਼ਹਿਰ ਵਿਚ ਦਿਨੋਂ ਦਿਨ ਘਰਾਂ ਦੇ ਘਰ ਵੱਡੀ ਪੱਧਰ ਤੇ ਖਾਲੀ ਹੋ ਕੇ ਘਰਾਂ ਨੂੰ ਜ਼ਿੰਦਰੇ ਵੱਜਦੇ ਜਾ ਰਹੇ ਹਨ ਅਤੇ ਨੇੜਲੇ ਭਵਿੱਖ ਵਿੱਚ ਸਾਨੂੰ ਇਹ ਚਿੰਤਾਜਨਕ ਮਾਹੌਲ ਵੀ ਦੇਖਣ ਲਈ ਮਿਲੇਗਾ ਕਿ ਸਾਨੂੰ ਆਪਣੇ ਪੋਤਰੇ - ਦੋਹਤਰਿਆਂ ਦੇ ਮੂੰਹ ਦੇਖਣ ਨੂੰ ਵੀ ਇੱਕ ਨਾਂ ਇੱਕ ਦਿਨ ਤਰਸਣਾ ਪਵੇਗਾ। ਕਿਉਂਕਿ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਨੌਜਵਾਨ ਪੀੜ੍ਹੀ ਦੇ ਬੱਚਿਆਂ ਦੀ ਪੈਦਾਇਸ਼ ਵੀ ਅਕਸਰ ਬਾਹਰਲੇ ਦੇਸ਼ਾਂ ਵਿੱਚ ਹੀ ਹੋਣੀਂ ਹੈ। ਉਨ੍ਹਾਂ ਸਮੇਂ ਦੀਆਂ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਲੇਖਕਾਂ ਦੀਆਂ ਸਹੂਲਤਾਂ ਅਤੇ ਨੌਜਵਾਨ ਪੀੜ੍ਹੀ ਦੀਆਂ ਸਮੱਸਿਆਂਵਾਂ ਨੂੰ ਤੁਰੰਤ ਧਿਆਨ ਦਿੱਤਾ ਜਾਵੇ।