ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਕੌਮਾਂਤਰੀ ਕਵੀ ਦਰਬਾਰ ਕਰਾਇਆ ਗਿਆ (ਖ਼ਬਰਸਾਰ)


ਕੈਲਗਰੀ  --   ਈ- ਦੀਵਾਨ ਸੋਸਾਇਟੀ ਕੈਲਗਰੀ ਵਲੋਂ, 3 ਜੂਨ ਨੂੰ, ਆਪਣੇ ਹਫਤਾਵਾਰ ਸਮਾਗਮ ਵਿੱਚ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਮਹਾਨ ਸ਼ਹਾਦਤ ਅਤੇ ਤੀਜੇ ਘੱਲੂਘਾਰੇ ਨੂੰ ਸਮਰਪਿਤ, ਔਨਲਾਈਨ ਕੌਮਾਂਤਰੀ ਕਵੀ ਦਰਬਾਰ ਕਰਵਾਇਆ ਗਿਆ- ਜਿਸ ਵਿੱਚ ਦੇਸ਼ ਵਿਦੇਸ਼ ਤੋਂ ਮਹਾਨ ਪੰਥਕ ਕਵੀ/ ਕਵਿੱਤਰੀਆਂ ਨੇ ਸ਼ਿਰਕਤ ਕੀਤੀ। ਕੋਵਿਡ ਦੌਰਾਨ ਹੋਂਦ ਵਿੱਚ ਆਈ ਇਹ ਸੰਸਥਾ, ਖਾਸ ਦਿਹਾੜਿਆਂ ਤੇ ਕਵੀ ਦਰਬਾਰ ਕਰਾ ਕੇ, ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।
ਸਮਾਗਮ ਦੇ ਸ਼ੁਰੂ ਵਿੱਚ, ਸੰਸਥਾ ਦੇ ਸੰਸਥਾਪਕ ਤੇ ਸੰਚਾਲਕ- ਡਾ. ਬਲਰਾਜ ਸਿੰਘ ਨੇ, ਨਵੀਂ ਸੰਗਤ ਨੂੰ ਸਭਾ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਕਵੀ ਸਾਹਿਬਾਨ ਨੂੰ ‘ਜੀ ਆਇਆਂ’ ਕਿਹਾ। ਜੈਪੁਰ ਤੋਂ ਬ੍ਰਿਜਮਿੰਦਰ ਕੌਰ ਨੇ ਸ਼ਬਦ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਗੁਰਦੀਸ਼ ਕੌਰ ਗਰੇਵਾਲ ਨੇ ਕਵੀ ਦਰਬਾਰ ਦੇ ਸੰਚਾਲਨ ਦੀ ਜ਼ਿੰਮੇਵਾਰੀ ਸਾਂਭਦਿਆਂ, ਦੇਸ਼ ਵਿਦੇਸ਼ ਤੋਂ ਪਹੁੰਚੇ ਕਵੀ ਸਾਹਿਬਾਨ ਦੀ ਜਾਣ ਪਛਾਣ ਕਰਾਉਂਦੇ ਹੋਏ, ਵਾਰੀ ਵਾਰੀ ਸਭ ਨੂੰ ਸੱਦਾ ਦਿੱਤਾ।
ਆਰੰਭ ਵਿੱਚ, ਟੋਰੰਟੋ ਤੋਂ ਪਰਨੀਤ ਕੌਰ, ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਨੇ, ਗੁਰਦੀਸ਼ ਕੌਰ ਦਾ ਲਿਖਿਆ ਗੀਤ ‘ਸਿੱਖੀ ਬੜੀ ਬਰੀਕ ਵੇ’ ਸੰਗੀਤਬੱਧ ਕਰਕੇ, ਖੁਬਸੂਰਤ ਆਵਾਜ਼ ਵਿੱਚ ਸਰਵਣ ਕਰਾਇਆ। ਉਸਤਾਦ ਪੰਥਕ ਕਵੀ, ਇੰਜ. ਕਰਮਜੀਤ ਸਿੰਘ ਨੂਰ (ਜਲੰਧਰ) ਨੇ ਸ਼ਹੀਦੀ ਦਿਹਾੜੇ ਤੇ ਆਪਣੀ ਬੇਹਤਰੀਨ ਰਚਨਾ ‘ਸੂਰਜ ਦਾ ਕਤਲ’ ਬੈਂਤ ਛੰਦ ‘ਚ ਸੁਣਾ ਕੇ ਦਾਦ ਖੱਟੀ ਜਦ ਕਿ ਗੁਰਦਾਸਪੁਰ ਤੋਂ ਆਈ ਨੌਜਵਾਨ ਪੰਥਕ ਸ਼ਾਇਰਾ- ਕੰਵਲਜੀਤ ਕੌਰ ਕੰਵਲ ਨੇ ਚੁਰਾਸੀ ਦੀ ਦਾਸਤਾਨ ਤੇ ਲਿਖਿਆ ਆਪਣਾ ਗੀਤ ਸੁਣਾ ਕੇ, ਘੱਲੂਘਾਰੇ ਦੀ ਯਾਦ ਤਾਜ਼ਾ ਕਰਾ ਦਿੱਤੀ। ਗੁਰਵਿੰਦਰ ਸਿੰਘ ਸ਼ੇਰਗਿੱਲ (ਲੁਧਿਆਣਾ) ਨੇ ਗੀਤ ‘ਬਹਿ ਗਏ ਤਵੀ ਤੇ ਸਿੰਘਾਸਨ ਲਾ ਕੇ’ ਹਰਮੋਨੀਅਮ ਤੇ ਸੁਣਾ ਕੇ, ਮਹੌਲ ਸੁਰਮਈ ਬਣਾ ਦਿੱਤਾ। ਸੋਹਨ ਸਿੰਘ (ਹੈਦਰਾਬਾਦ) ਨੇ ਸ਼ਹੀਦਾਂ ਦੇ ਸਿਰਤਾਜ ਤੇ ਗੀਤ, ਅਤੇ ਸਾਊਥ ਕੋਰੀਆ ਤੋਂ ਆਏ ਸ਼ਾਇਰ ਅਮਨਬੀਰ ਸਿੰਘ ਧਾਮੀ ਨੇ ਘੱਲੂਘਾਰੇ ਤੇ ਗੀਤ ‘ਨੀ ਜ਼ਾਲਿਮ ਸਰਕਾਰੇ..’ ਸਾਂਝਾ ਕੀਤਾ। ਜ਼ਫਰਨਾਮੇ ਦਾ ਪੰਜਾਬੀ ਅਨੁਵਾਦ ਕਰਨ ਵਾਲੇ ਵਿਦਵਾਨ ਸ਼ਾਇਰ, ਸਰੀ ਬੀ.ਸੀ. ਤੋਂ ਆਏ ਗੁਰਜੰਟ ਸਿੰਘ ਬਰਨਾਲਾ ਨੇ ਸਿੱਖੀ ਤੇ ਇਕ ਸ਼ਿਅਰ ਬੋਲ ਕੇ, ਪੰਚਮ ਪਾਤਸ਼ਾਹ ਤੇ ਆਪਣੀ ਭਾਵਪੂਰਤ ਕਵਿਤਾ ਬੁਲੰਦ ਆਵਾਜ਼ ਵਿੱਚ ਸਾਂਝੀ ਕੀਤੀ। ਸਰੀ ਤੋਂ ਹੀ ਪਲਵਿੰਦਰ ਸਿੰਘ ਰੰਧਾਵਾ ਨੇ ਆਪਣੇ ਗੀਤ ਰਾਹੀਂ ਸ਼ਹੀਦਾਂ ਦੇ ਸਿਰਤਾਜ ਨੂੰ ਪ੍ਰਣਾਮ ਕੀਤਾ। ਟੋਰੰਟੋ ਤੋਂ ਪਹੁੰਚੇ, ਸੁੰਦਰਪਾਲ ਕੌਰ ਰਾਜਾਸਾਂਸੀ ਨੇ ਵੀ ਕੋਰੜਾ ਛੰਦ ਵਿੱਚ ਰਚਨਾਵਾਂ ਸੁਣਾ ਕੇ, ਘੱਲੂਘਾਰੇ ਅਤੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕੀਤਾ। ਟੋਰੰਟੋ ਤੋਂ ਹੀ ਆਏ ਉਸਤਾਦ ਸ਼ਾਇਰ ਸੁਜਾਨ ਸਿੰਘ ਸੁਜਾਨ ਨੇ ਸ਼ਹੀਦੀ ਦਿਹਾੜੇ ਤੇ ਕਬਿੱਤ ਛੰਦ ‘ਚ ਲਿਖਿਆ ਆਪਣਾ ਗੀਤ ਸੁਣਾ ਕੇ ਵਾਹਵਾ ਖੱਟੀ। ਅੰਤ ਤੇ ਹੋਸਟ ਗੁਰਦੀਸ਼ ਕੌਰ ਨੇ ਵੀ ਘੱਲੂਘਾਰੇ ਤੇ ਇੱਕ ਸ਼ਿਅਰ ਅਤੇ ਪੰਚਮ ਪਾਤਸ਼ਾਹ ਤੇ ਲਿਖਿਆ ਗੀਤ ‘ਅਰਸ਼ੀ ਨੂਰ’ ਸੰਗਤ ਨਾਲ ਸਾਂਝਾ ਕੀਤਾ। ਜੈਕਾਰਿਆਂ ਦੀ ਗੂੰਜ ਵਿੱਚ ਇਸ ਕਵੀ ਦਰਬਾਰ ਦੀ ਸਮਾਪਤੀ ਹੋਈ।
ਮੰਚ ਸੰਚਾਲਨ ਦੀ ਸੇਵਾ ਗੁਰਦੀਸ਼ ਕੌਰ ਤੇ ਜਗਬੀਰ ਸਿੰਘ ਨੇ ਰਲ਼ ਕੇ ਬਾਖੂਬੀ ਨਿਭਾਈ। ਡਾ. ਸੁਰਜੀਤ ਸਿੰਘ ਭੱਟੀ ਨੇ ਭੱਟਾਂ ਦੇ ਸਵੱਈਏ ਦਾ ਹਵਾਲਾ ਦੇ ਕੇ ਗੁਰੂ ਅਰਜਨ ਦੇਵ ਜੀ ਦੇ ਅਜਰ ਸਹਿਣ ਦੀ ਭਵਿੱਖਬਾਣੀ ਦੀ ਗੱਲ ਕੀਤੀ। ਉਹਨਾਂ ਦੂਰੋਂ ਨੇੜਿਉਂ ਪਹੁੰਚੇ ਸਮੂਹ ਕਵੀ ਸਾਹਿਬਾਨ ਦਾ ਵੀ ਧੰਨਵਾਦ ਕੀਤਾ ਅਤੇ ਇਸ ਸੰਸਥਾ ਵਲੋਂ ਸ਼ੁਰੂ ਕੀਤੇ ਔਨਲਾਈਨ ਮਹੀਨਾਵਾਰ ਮੈਗਜ਼ੀਨ ‘ਸਾਂਝੀ ਵਿਰਾਸਤ’ ਦੀ ਜਾਣਕਾਰੀ ਦਿੰਦਿਆਂ ਹੋਇਆਂ, ਸਾਰੇ ਕਵੀਆਂ ਨੂੰ ਆਪਣੀਆਂ ਰਚਨਾਵਾਂ ਲਿਖਤੀ ਰੂਪ ਵਿੱਚ, ਇਸ ਮੈਗਜ਼ੀਨ ਲਈ ਭੇਜਣ ਦੀ ਬੇਨਤੀ ਕੀਤੀ।