ਕਿਹੋ ਜਿਹੇ ਹੋ ਗਏ ਹਾਲਾਤ ਮੇਰੇ
ਬੜੇ ਰੁੱਖੇ ਨੇ ਹੁਣ ਦਿਨ ਰਾਤ ਮੇਰੇ
ਅਖ਼ੀਰੀ ਮੇਲ ਸੀ ਅੰਤਿਮ ਵਿਛੋੜਾ
ਤੇ ਨੈਣੋਂ ਛਿੜ ਪਈ ਬਰਸਾਤ ਮੇਰੇ
ਜਿਵੇਂ ਸੋਕੇ "ਚ ਮਰਦੇ ਨੇ ਪਰਿੰਦੇ
ਤਿਹਾਏ ਮਰ ਗਏ ਜਜ਼ਬਾਤ ਮੇਰੇ
ਮੈਂ ਐਂਵੇਂ ਜ਼ਿੰਦਗੀ ਨੂੰ ਕੋਸ ਬੈਠਾ
ਮਗਰ ਹੀ ਪੈ ਗਈ ਕਮਜ਼ਾਤ ਮੇਰੇ
ਹੈ ਸੂਰਜ ਤਾਂ ਇਹ ਚੜ੍ਹਦਾ ਰੋਜ਼ ਹੀ ਪਰ
ਕਦੋਂ ਹੋਏਗੀ ਘਰ ਪ੍ਰਭਾਤ ਮੇਰੇ
ਓਦੋਂ ਕਿੱਥੇ ਸੀ ਇਹ ਅਹਿਸਾਸ ਤੇਰੇ
ਜਦੋਂ ਸੱਜਰੇ ਸੀ ਸਭ ਜਜ਼ਬਾਤ ਮੇਰੇ