ਨਾ ਮੌਤ ਨੇ ਉਮਰਾਂ ਜਾਣੀਆਂ ਨੇ
(ਲੇਖ )
ਜ਼ਿੰਦਗੀ, ਪਿਆਰ ਅਤੇ ਮੌਤ ਬਾਰੇ ਪੁੱਛਿਆ ਜਾਵੇ ਕਿ ਇਹ ਕੀ ਹਨ? ਤਾਂ ਹਰ ਜੁਆਬ ਵੱਖਰਾ ਹੋਵੇਗਾ ਅਤੇ ਹਰ ਖਿੱਤੇ ਦੇ ਲੋਕ ਆਪੋ-ਆਪਣੇ ਨਜ਼ਰੀਏ ਨਾਲ ਇਸ ਦਾ ਜੁਵਾਬ ਦੇਣਗੇ, ਪਰ ਜੋ ਵੀ ਜੁਆਬ ਆਵੇ ਉਸ ਉੱਤੇ ਸਮੁੱਚੇ ਤੌਰ ’ਤੇ ਇੱਕ ਮੱਤ ਪ੍ਰਵਾਨਗੀ ਨਹੀਂ ਹੋ ਸਕਦੀ।
ਜ਼ਿੰਦਗੀ ਕੋਈ ਵਿਅਕਤੀ ਕਿੰਨਾਂ ਹਾਲਾਤਾਂ ਵਿੱਚ ਜਿਉਂਦਾ ਹੈ, ਕਿਸ ਨੂੰ ਜੀਵਨ ਵਿੱਚ ਸੱਚਾ ਪਿਆਰ ਨਸੀਬ ਹੁੰਦਾ ਹੈ ਅਤੇ ਮੌਤ ਕਦੋਂ ਆਉਣੀ ਹੈ ਜਾਂ ਮੌਤ ਤੋਂ ਬਾਅਦ ਕੀ ਹੈ ਆਦਿ ਸਵਾਲਾਂ ਦੇ ਹੱਲ ਲਈ ਸਦੀਆਂ ਤੋਂ ਧਾਰਮਿਕ ਆਗੂ, ਸੰਸਾਰਕ ਆਗੂ ਅਤੇ ਵਿਗਿਆਨੀ ਜਤਨਸ਼ੀਲ ਹਨ, ਪਰ ਸਪੱਸ਼ਟ ਉੱਤਰ ਨਹੀਂ ਦੇ ਸਕੇ।
ਕੇਵਲ ਇੱਕ ਗੱਲ ਉੱਤੇ ਇੱਕਮਤ ਹੋਇਆ ਜਾ ਸਕਦਾ ਹੈ ਅਤੇ ਉਹ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਸਾਖੀ ਵਿੱਚੋਂ ਮਿਲਦਾ ਦ੍ਰਿਸ਼ਟਾਂਤ ਕਿ, ‘ਮਰਨਾ ਸੱਚ ਜਿਊਣਾ ਝੂਠ’। ਪਾਠਕ ਸੋਚ ਰਹੇ ਹੋਣਗੇ ਕਿ ਮੈਂ ਇਹ ਕਿਹੜਾ ਵਿਸ਼ਾ ਛੋਹ ਬੈਠੀ ਹਾਂ।
ਹੋਇਆ ਦਰਅਸਲ ਇੰਝ ਕਿ ਮੇਰੇ ਘਰ ਵਿੱਚ ਹੀ ਪਿਛਲੇ ਕਈ ਸਾਲਾਂ ਤਾਂ ਕੰਮ ਕਰਨ ਆ ਰਹੀ ਸੁਨੀਤਾ ਦੀ 19 ਸਾਲਾ ਜਵਾਨ ਬੇਟੀ ਕਦੇ-ਕਦੇ ਆਪਣੀ ਮਾਂ ਨਾਲ ਸਾਡੇ ਘਰ ਆ ਜਾਇਆ ਕਰਦੀ ਸੀ।
ਉਸ ਦਿਨ ਜਦ ਸੁਨੀਤਾ ਘਰ ਦਾ ਕੰਮ ਕਰ ਰਹੀ ਸੀ ਤਾਂ ਉਸਦੀ ਬੇਟੀ ਦਾ ਫ਼ੋਨ ਆਇਆ ਕਿ, ‘ਮੰਮੀ ਮੇਰੀ ਤਬੀਅਤ ਠੀਕ ਨਹੀਂ ਹੈ ਅਤੇ ਮੈਂ ਘਰ ਆ ਗਈ ਹਾਂ।’ ਸੁਨੀਤਾ ਨੇ ਕਿਹਾ, ‘ਤੂੰ ਕਹੇਂ ਤਾਂ ਮੈਂ ਹੁਣੇ ਘਰ ਆ ਜਾਵਾਂ, ਕਿਸੇ ਡਾਕਟਰ ਨੂੰ ਵਿਖਾ ਆਈਏ…?’ ਤਾਂ ਬੇਟੀ ਦਾ ਅੱਗੋਂ ਜੁਆਬ ਆਇਆ, ‘ਨਹੀਂ, ਸਿਰ ਦਰਦ ਹੈ, ਮੈਂ ਦਵਾਈ ਖਾ ਲਈ ਏ।’
ਗੱਲ ਆਈ ਗਈ ਹੋ ਗਈ ਅਤੇ ਸੁਨੀਤਾ ਕੰਮ ਵਿੱਚ ਮਸਤ ਹੋ ਗਈ ਕਿ ਅਚਾਨਕ ਇੱਕ ਘਮਟੇ ਬਾਅਦ ਹੀ ਸੁਨੀਤਾ ਘਰੋਂ ਫ਼ੋਨ ਆਇਆ, ਕਿ ‘ਉਸਦੀ ਬੇਟੀ ਬੇਹੋਸ਼ ਹੋ ਕੇ ਡਿੱਗ ਪਈ ਏ।’
ਮੈਂ ਉਸਨੂੰ ਉਸੇ ਵੇਲੇ ਕੰਮ ਛੱਡ ਕੇ ਘਰ ਜਾਣ ਲਈ ਕਿਹਾ ਨਾਲ ਹੀ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਫ਼ਟਾਫ਼ਟ ਗੱਡੀ ਕੱਢ ਮਗਰ ਜਾ ਕੇ ਦੇਖੀਏ, ਸੁੱਖ ਦੁੱਖ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ… ਪਰ ਘਰ ਪਹੁੰਚੇ ਤਾਂ ਘਰ ਵਿੱਚ ਵਿਰਲਾਪ ਮੱਚਿਆ ਪਿਆ ਸੀ, ਤੁਰੰਤ ਮੇਰਾ ਬੇਟਾ ਉਸਨੂੰ ਗੱਡੀ ਵਿੱਚ ਪਾ ਕੇ ਨੇੜੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਿਆ, ਪਰ ਡਾਕਟਰਾਂ ਨੇ ਕਿਹਾ ਕਿ, ‘ਇਹ ਤਾਂ ਮੁੱਕ ਚੁੱਕੀ ਏ।’
ਮੇਰੇ ਪੈਰਾਂ ਥਲਿਓਂ ਜ਼ਮੀਨ ਨਿਕਲ ਗਈ। ਹੱਸਦਿਆਂ-ਵੱਸਦਿਆਂ ਪਰਵਰਾਂ ਵਿੱਚ ਮੌਤ ਦਾ ਫੇਰਾ ਕਿੰਨਾ ਡਰਾਉਣਾ ਹੁੰਦਾ ਹੈ। ਅਚਿੰਤੇ ਬਾਜ ਪਏ ਵਾਲੀ ਹਾਲਾਤ। ਮੇਰੇ ਜ਼ਿਹਨ ਵਿੱਚ ਕਈ ਸਵਾਲ ਪੈਦਾ ਹੋਏ ਕਿ, ‘ਅਚਾਨਕ ਕੀ ਹੋ ਗਿਆ ਉਸਨੂੰ? ਕਿਉਂ ਤੁਰ ਗਈ ਉਹ ਇਸ ਜਹਾਨ ਤੋਂ? ਉਮਰ ਹੀ ਕੀ ਸੀ ਉਸਦੀ? ਹਾਲੇ ਤਾਂ ਜ਼ਿੰਦਗੀ ਦੇ ਬਹੁਤ ਸਾਰੇ ਰੰਗ ਦੇਖਣੇ ਸੀ ਉਸਨੇ… ਆਪਣੇ ਸਿਰਜੇ ਹੋਏ ਸੁਪਨੇ ਪੂਰੇ ਕਰਨੇ ਸੀ, ਉਹਨਾਂ ਨੂੰ ਹਕੀਕਤ ਵਿੱਚ ਬਦਲਣਾ ਸੀ… ਪਰ ਅਚਨਚੇਤ ਇਹ ਕੀ ਬਣ ਗਿਆ? ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਕਿੰਨਾ ਕੁਝ ਸੋਚਿਆ ਹੋਊ ਉਸਨੇ… ਅਤੇ ਆਪਣੇ ਆਖ਼ਰੀ ਸਮੇਂ ਉਸ ’ਤੇ ਕੀ ਬੀਤੀ ਹੋਵੇਗੀ?’
ਅਸਮਾਨ ਵੱਲ ਵੇਖਦੀ ਹਾਂ ਜਿਵੇਂ ਆਪਣੇ ਸਵਾਲਾਂ ਦੇ ਜੁਆਬ ਲੱਭ ਰਹੀ ਹੋਵਾਂ। ਉਸਦੀ ਮਾਂ ਦੇ ਹੰਝੂ ਅਤੇ ਹਉਕੇ ਦਿਲ ਚੀਰ ਕੇ ਰੱਖ ਦਿੰਦੇ ਹਨ। ਭਾਵੇਂ ਕਿ ਮੌਤ ਇੱਕ ਅਟੱਲ ਸੱਚਾਈ ਹੈ, ਇਹ ਜਾਣਦਿਆਂ ਹੋਇਆ ਵੀ ਇਸਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਅਲੜ੍ਹ ਉਮਰੇ ਸੁਪਨਿਆਂ ਦਾ ਇੱਕ ਵੱਖਰਾ ਹੀ ਸੰਸਾਰ ਹੁੰਦਾ ਹੈ ਅਤੇ ਇਹਨਾਂ ਸੁਪਨਿਆ ਨੂੰ ਜਿਊਣ ਦੀ ਖੁਵਾਹਿਸ਼ ਵੀ। ਧੀਆਂ ਤਾਂ ਕਰਮਾਂ ਵਾਲੀਆਂ ਹੁੰਦੀਆਂ ਨੇ, ਜਦ ਆਪਣੇ ਨਿੱਕੇ-ਨਿੱਕੇ ਹਾਸੇ ਹੱਸਦੀਆਂ ਹਨ ਤਾਂ ਚੁਫ਼ੇਰਾ ਮਹਿਕਣ ਲਾਂ ਦਿੰਦੀਆਂ ਹਨ।
ਉਹ ਵੀ ਤਾਂ ਆਪਣੇ ਮਾਪਿਆਂ ਦੇ ਘਰ ਖ਼ੁਸ਼ੀਆਂ ਲੈ ਕੇ ਆਈ ਸੀ। ਮਾਪਿਆਂ ਨੇ ਨਾਮ ਰੱਖਿਆ ਸੀ ‘ਪੁਸ਼ਪਾ’, ਆਪਣੇ ਨਾਮ ਵਾਂਗ ਹੀ ਫ਼ੁੱਲਾਂ ਦੀ ਤਰ੍ਹਾਂ ਮਹਿਕਾਂ ਵੰਡਦੀ ਸੀ, ਹਮੇਸ਼ਾਂ ਖ਼ੁਸ਼ ਰਹਿੰਦੀ ਅਤੇ ਆਪਣੇ ਕੰਮ ਨਾਲ ਦੂਜਿਆਂ ਨੂੰ ਖ਼ੁਸ਼ ਰੱਖਦੀ। ਬਹੁਤ ਮਿਲਨਸਾਰ ਅਤੇ ਨਰਮਦਿਲ ਦੀ ਸੀ। ਆਪਣੇ ਨਿੱਕੇ-ਨਿੱਕੇ ਪੈਰਾਂ ਨਾਲ ਤੁਰਦਿਆਂ ਹਾਲੇ ਉਸਨੇ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਿਆ ਹੀ ਸੀ, ਪਰ ਇਹ ਭਾਣਾ ਵਾਪਰ ਗਿਆ। ਰੱਬ ਦੇ ਰੰਗਾਂ ਨੂੰ ਕੌਣ ਜਾਣ ਸਕਿਆ ਹੈ? ਸਮਾਂ ਨੇ ਆਪਣੀ ਬੁੱਕਲ ਵਿੱਚ ਕੀ ਰੱਖਿਆ ਏ, ਇਸਦਾ ਭੇਦ ਨਹੀਂ ਪਾਇਆ ਜਾ ਸਕਦਾ।
ਬੜਾ ਸੱਚ ਲਿਖਿਆ ਹੈ ਕਿ ਕਵੀ ਨੇ ਕਿ
ਨਾ ਸਮਾਂ ਕਿਸੇ ਦੀ ਉਡੀਕ ਕਰਦਾ, ਨਾ ਮੌਤ ਨੇ ਉਮਰਾਂ ਜਾਣੀਆਂ ਨੇ।
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ, ਫਿਰ ਕਦੇ ਨੀ ਲੱਭਣਾ ਹਾਣੀਆਂ ਨੇ।