ਸੱਜੇ ਹੱਥ ਵਾਲੀ ਜੇਬ 'ਚ ਸ਼ੋਰ ਮਚਾਉਦੀਆਂ ਪਰਚੀਆਂ,
ਉਪਰੋਂ ਥੱਲੀਂ ਹੁੰਦੀਆਂ ਕਿੰਨੀਆਂ ਬੇਸਬਰੀਆਂ ਪਰਚੀਆਂ,
ਪਹਿਲੀ ਬਿਮਾਰ ਮਾਂ ਦੀਆਂ ਦਵਾਈਆਂ ਵਾਲੀ ਪਰਚੀ,
ਅਗਲੀ ਬੱਚਿਆਂ ਦੇ ਸਕੂਲੋਂ ਭੇਜੀ ਫੀਸਾਂ ਵਾਲੀ ਪਰਚੀ,
ਤੀਜੀ ਘਰ ਦੇ ਸੌਦੇ ਪੱਤੇ ਬਿਆਨਦੀ ਪਤਲੀ ਲੰਮੀ ਪਰਚੀ,
ਲਗਦੈ ਸ਼ਾਇਦ ਇੱਕ ਹੋਰ ਪਰਚੀ ਵੀ ਰੜਕ ਰਹੀ ਐ,
ਓਹ ਇਹ ਤਾਂ ਹੈ ਸ਼ਾਹੂਕਾਰ ਦੇ ਵਿਆਜ ਵਾਲੀ ਪਰਚੀ,
ਕੁੱਝ ਕੁ ਸ਼ੈਆਂ ਕਿਸੇ ਪਰਚੀ ਦੀਆਂ ਮੁਥਾਜ ਨ੍ਹੀਂ ਹੁੰਦੀਆਂ,
ਜਾਂ ਕਹਿ ਲਓ ਖੁਦ ਲਿਖ ਖੁਦ ਨੂੰ ਕੀ ਫੜਾਉਣੀ ਪਰਚੀ,
ਆਪਣੇ ਆਪ ਨਾਲ ਬੱਸ ਇਹ ਥੋੜ੍ਹੀ ਜਿਹੀ ਮਸ਼ਕਰੀ ਕਰਕੇ,
ਮਾਸੂਮ ਚਲਾਕੀ ਨਾਲ ਮਨਫੀ ਕਰ ਦਿੱਤੀ ਇੱਕ ਪਰਚੀ,
ਖੱਬੀ ਜੇਬ ਘੂਰਦੀ, ਮੈਂ ਇੱਕ ਪਰਚੀ ਦਾ ਹੀ ਬਜਟ ਪੂਰਦੀ,
ਤਾਂਹੀਓ ਉਪਰੋਂ ਥੱਲੀਂ ਹੁੰਦੀਆਂ ਰਹਿੰਦੀਆਂ ਇਹ ਪਰਚੀਆਂ।