ਨਾਨਕਿਆਂ ਨੂੰ ਜਾ ਆਇਆ ਹਾਂ।
ਛੁੱਟੀਆਂ ਖੂਬ ਮਨਾ ਆਇਆ ਹਾਂ।
ਸ਼ਿਮਲੇ ਤੋਂ ਵੀ ਅੱਗੇ ਰੋਹੜੂ -
ਜਿੱਥੇ ਘੁੰਮ- ਘੁਮਾ ਆਇਆ ਹਾਂ।
ਨਾਨਕਿਆਂ ਦੇ ਘਰ ਮੈਂ ਰਹਿ ਕੇ,
ਕਰ ਕੇ ਪੂਰੇ ਚਾਅ ਆਇਆ ਹਾਂ।
ਬਹਿ ਕੇ ਮਾਸੀ ਦੀ ਗੋਦੀ ਵਿੱਚ,
ਮੰਦ-ਮੰਦ ਮੁਸਕਰਾ ਆਇਆ ਹਾਂ।
ਮਾਮਾ ਜੀ ਨਾਲ ਬਹਿ ਗੱਡੀ ਵਿੱਚ,
ਰੋਹੜੂ ਗੇੜੇ ਲਾ ਆਇਆ ਹਾਂ।
ਨਾਨੀ ਕੋਲੋਂ ਬਾਤਾਂ ਸੁਣਕੇ,
ਆਪਣਾ ਗਿਆਨ ਵਧਾ ਆਇਆ ਹਾਂ।
ਨਾਨਾ ਜੀ ਨੂੰ ਗਲੇ ਲਗਾ ਕੇ,
ਟਾਟਾ-ਬਾਏ ਬੁਲਾ ਆਇਆ ਹਾਂ।
ਮੰਦਿਰ ਘੁੰਮੇ , ਸੈਰਾਂ ਕਰੀਆਂ,
ਰੱਬ ਦੇ ਦਰੀਂ ਵੀ ਜਾ ਆਇਆ ਹਾਂ।
ਬਣ ਕੇ ਕਿ੍ਸ਼ਨ ਕਨ੍ਹਈਆ ਮੈਂ ਤਾਂ,
ਗੋਪੀਆਂ ਕਈ ਪਟਾ ਆਇਆ ਹਾਂ।
ਹੁਣ ਤਾਂ ਨਿੱਠ ਕੇ ਕਰੂੰ ਪੜ੍ਹਾਈ,
ਮਨ ਵਿੱਚ ਮਤਾ ਪਕਾ ਆਇਆ ਹਾਂ।
ਲੱਡੂ ਪੇੜੇ ਅਤੇ ਮਿਠਾਈਆਂ,
ਖਾ ਕੇ ਭਾਰ ਵਧਾਅ ਆਇਆ ਹਾਂ।
ਨਾਨੀ ਕੋਲੋਂ ਸੁਣੀਆਂ ਬਾਤਾਂ
ਮਨ ਦੇ ਵਿੱਚ ਵਸਾ ਆਇਆ ਹਾਂ।
ਮਾਣੀਆਂ ਉੱਥੇ ਮੌਜ ਬਹਾਰਾਂ-
ਸਭ ਨੂੰ ਮਿਲ ਮਿਲਾ ਆਇਆ ਹਾਂ।
ਹਿਰਦੇ ਮੇਰਾ ਨਾਂ ਹੈ ਸਭ ਨੂੰ -
ਹਿਰਦਿਆਂ ਵਿੱਚ ਵਸਾ ਆਇਆ ਹਾਂ।