ਆ ਬਹਿ ਦੁੱਖ ਸੁੱਖ ਫੋਲ ਲਈਏ ਬਰਸਾਤਾਂ ਵਿੱਚ
ਗੁੰਮ ਗਏ ਸੁਪਨੇ ਟੋਲ ਲਈਏ ਬਰਸਾਤਾਂ ਵਿੱਚ ।
ਕਿਣ ਮਿਣ ਕਿਣ ਮਿਣ ਕਰਦੀਆਂ ਜੀਵਨ ਕਣੀਆਂ ਵਿੱਚ
ਚਾਵਾਂ ਦੇ ਰੰਗ ਘੋਲ ਲਈਏ ਬਰਸਾਤਾਂ ਵਿੱਚ ।
ਮੋਰ ਪਪੀਹੇ ਕੋਇਲਾਂ ਕਰਨ ਸਲਾਹਾਂ ਹੁਣ
ਰਿਮ ਝਿਮ ਵਰਗੇ ਬੋਲ ਕਹੀਏ ਬਰਸਾਤਾਂ ਵਿੱਚ ।
ਵੇਖਕੇ ਤੇਰੇ ਨੈਣਾਂ ਵਿੱਚ ਖ਼ੁਮਾਰ ਜਿਹਾ
ਕਾਹਤੋਂ ਹੁਣ ਅਣਭੋਲ ਰਹੀਏ ਬਰਸਾਤਾਂ ਵਿੱਚ ।
ਰਾਤ ਹਨ੍ਹੇਰੀ ਖੁੱਲ੍ਹੇ ਜਾਗ ਜ਼ਮੀਰਾਂ ਦੀ
ਪੂਰੇ ਕਰਨ ਲਈ ਕੌਲ ਬਹੀਏ ਬਰਸਾਤਾਂ ਵਿੱਚ ।
ਕੀ ਵਿਗਾੜੂ ਸਾਜਿਸ਼ ਹੁਣ ਤੂਫ਼ਾਨਾਂ ਦੀ
ਸਬਰ ਸਿਦਕ ਜਦ ਤੋਲ ਲਈਏ ਬਰਸਾਤਾਂ ਵਿੱਚ ।
ਆ ਗਏ ‘ਕਾਉੰਕੇ’ ਫੇਰ ਜ਼ਮੀਰਾਂ ਪਰਖਣ ਨੂੰ
ਖੁੱਲ੍ਹਗੇ ਢੋਲ ਦੇ ਪੋਲ ਕਹੀਏ ਬਰਸਾਤਾਂ ਵਿੱਚ ।