ਵਿਦੇਸ਼ਾਂ ਵਿਚ ਪੰਜਾਬੀਆਂ ਦੇ ਸਰੋਕਾਰਾਂ ਨੂੰ ਰੂਪਮਾਨ ਕਰਦੀ ਪੁਸਤਕ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬੀ ਸਾਹਿਤ ਅਤੇ ਸਭਿਆਚਾਰ

ਸੰਪਾਦਕ ----ਸੁਖਿੰਦਰ ,ਡਾ ਦਲਬੀਰ ਸਿੰਘ ਕਥੂਰੀਆ

ਪ੍ਰਕਾਸ਼ਕ ----ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ

ਪੰਨੇ -----200 (ਵਡਆਕਾਰੀ)  ਮੁੱਲ---300 ਰੁਪਏ (ਪੇਪਰਬੈਕ)

  ਪੁਸਤਕ ਦੇ ਦੋਨੋ ਸੰਪਾਦਕ ਸਾਹਿਬਾਨ ਪੰਜਾਬੀ ਦੇ ਉੱਘੇ ਸਾਹਿਤਕ ਸ਼ਖਸੀਅਤਾਂ ਵਿਚ ਸ਼ੁਮਾਰ ਹਨ । ਸੁਖਿੰਦਰ ਦੀਆਂ ਕੁਲ 43 ਕਿਤਾਬਾਂ ਦੀ ਲੰਮੀ ਸੂਚੀ ਛਪੀ ਹੈ ਜਿਸ਼ ਵਿਚ 25 ਕਾਵਿ ਸੰਗ੍ਰਹਿ ,3 ਵਿਗਿਆਨ ,4 ਆਲੋਚਨਾ 5 ਵਾਰਤਕ, 5 ਸੰਪਾਦਤ ,2 ਨਾਵਲ ਇਕ ਕਿਤਾਬ ਬਚਿਆਂ ਲਈ  ਤੇ ਇਕ ਕਿਤਾਬ ਅੰਗਰੇਜ਼ੀ ਵਿਚ ਹੈ । ਪੁਸਤਕ ਦੇ ਆਰੰਭ ਵਿਚ ਸੰਪਾਦਕ ਨੇ ਲਿਖਿਆ ਹੈ ਕਿ ਇਸ ਕਿਤਾਬ ਦਾ ਮੁੱਢ ਕਿਵੇਂ ਬੱਝਾਂ ।ਕਿਵੇਂ ਸਾਰੀ ਯੋਜਨਾ ਬਨਾਈ ਗਈ । ਵੱਖ ਵੱਖ ਦੇਸ਼ਾਂ ਵਿਚ ਬੈਠੈ ਪੰਜਾਬੀ ਸਾਹਿਤਕਾਰਾਂ ਤੋਂ ਰਚਨਾਵਾਂ ਦੇਣ ਦੀ ਬੇਨਤੀ ਕੀਤੀ। ਕੁਝ  ਵਿਸ਼ੇ ਦਿਤੇ ਗਏ । ਵਿਸ਼ਿਆਂ ਦਾ ਪੋਸਟਰ ਭੇਜਿਆ ਗਿਆ । ਯੌਜਨਾ ਸੀ ਕਿ ਵੀਹ ਪੱਚੀ ਲੇਖਕ ਹੋ ਜਾਣਗੇ । ਪਰ ਗਿਣਤੀ ਵਧਦੀ ਵਧਦੀ ਚਾਲੀ ਤਕ ਹੋ ਗਈ । ਪੁਸਤਕ ਵਿਚ 40 ਰਚਨਾਵਾਂ ਹਨ । ਵਿਸ਼ੇ ਵੀ ਵੰਨ ਸੁਵੰਨੇ ਹਨ ।।ਕੁੱਲ 8 ਦੇਸ਼ਾਂ ਦੇ ਕਲਮਕਾਰ ਹਨ । ਕੈਨੇਡਾ ਦੇ 14 ,ਯੂ ਕੇ 02 ,ਇੰਡੀਆ 15,ਆਸਟਰੇਲੀਆ 01,ਯੂਐਸ  ਏ 01,ਇਟਲੀ 02,ਜਰਮਨੀ 01(*ਕੇਹਰ ਸ਼ਰੀਫ) ,ਪਾਕਿਸਤਾਨ 04 ,ਕੈਨੇਡਾ ਦੇ ਲੇਖਕਾਂ  ਵਿਚ ਸੁਖਿੰਦਰ ਨੇ ਕੈਨੇਡਾ ਵਿਚ ਗੈਂਗਸਟਰ ਸਭਿਆਚਾਰ ਵਿਸ਼ੇ ਤੇ ਵਖ ਵਖ  ਗੈਂਗਸਟਰ ਗਰੁਪਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ ਹੈ । ਇਂਨ੍ਹਾ ਵਿਚ ਕਈ  ਨਾਮੀ ਗੈਂਗ ਹਨ । ਪਿਛਲੇ ਸਾਲ ਕਤਲ ਹੋਏ ਪ੍ਰਸਿਧ ਗਾਇਕ ਸਿਧੂ ਮੂਸੇਵਾਲਾ ਦਾ ਵੀ ਜ਼ਿਕਰ ਹੈ । ਭਾਰਤੀ ਮੀਡਿਆ ਵਿਚ ਗੈਂਗ ਕਲਚਰ ਦੀ ਚਰਚਾ ਅਕਸਰ ਹੁੰਦੀ ਹੈ । ਲੇਖਕ ਸੁਖਿੰਦਰ ਨੇ ਕੈਨੇਡਾ ਵਿਚ ਗੈਂਗ ਕਲਚਰ ਦੀ ਖੋਜਮਈ ਜਾਣਕਾਰੀ ਦਿੱਤੀ ਹੈ । ਗੈੰਗ ਕਲਚਰ ਦੀ ਮਾਨਸਿਕਤਾ ਦਾ ਵਿਸ਼ਲੇਸ਼ਣ ਹੈ । ਡਾ ਹਰਜੀਤ ਕੌਰ ਖਹਿਰਾ ਨੇ ਪੰਜਾਬੀ ਗਾਇਕੀ ਬਨਾਮ ਗੈਂਗਸਟਰ ਕਲਚਰ ਦਾ ਮੁਲਾਂਕਣ ਕੀਤਾ ਹੈ ।ਨੌਜਵਾਨਾਂ ਨੂੰ ਗੁੰਮਰਾਹ ਕਰਦੇ ਗੀਤਾਂ ਤੇ ਚਿੰਤਾ ਵਿਅਕਤ ਕੀਤੀ ਹੈ। ਸਕੂਲੀ ਸਿਖਿਆ ਬਾਰੇ ਵੀ ਕਈ ਕਾਰਗਰ ਸੁਝਾਂਅ ਦਿਤੇ ਹਨ। ਬਲਵੀਰ ਢਿਲੋਂ ਨੇ ਪੰਜਾਬੀ ਵਿਦਿਆਰਥੀਆਂ ਦੀਆ ਕੈਨੇਡਾ ਵਿਚ  ਵਧ ਰਹੀਆਂ ਮੌੰਤਾਂ  ਦਾ ਜ਼ਿਕਰ ਕੀਤਾ ਹੈ ।  ਵਡਾ ਕਾਰਨ ਵਿਦਿਆਰਥੀਆ ਵਿਚ ਮਾਨਸਿਕ ਤਣਾਅ ਹੈ। ਕਿਉਂ ਕਿ ਬਾਰਵੀ ਪਾਸ ਬੱਚਿਆਂ ਦਾ ਮਾਨਸਿਕ ਪਧਰ ਜ਼ਿਆਦਾ ਵਿਕਸਿਤ ਨਹੀਂ  ਹੁੰਦਾ। ਜਿਸ ਕਾਰਕੇ ਕੁਝ ਬੱਚੇ ਗਲਤ ਕੰਮਾਂ ਵਿਚ ਪੈ ਜਾਂਦੇ ਹਨ । ਨਸ਼ਿਆਂ ਵਿਚ ਜੀਵਨ ਬਰਬਾਦ ਕਰਦੇ ਹਨ । ਕੈਂਨੇਡਾ ਵਿਚ ਡਰਗ ਕਲਚਰ ਆਮ ਹੈ। ਸਾਡੇ ਵਿਦਿਆਰਥੀ ਉਸ ਵਿਚ ਫਸ ਜਾਂਦੇ ਹਨ ।ਕਈ ਬੱਚੇ ਫੋਨ ਤੇ ਵਕਤ ਬਰਬਾਦ ਕਰਦੇ ਹਨ । ਮਾਪਿਆਂ ਤੇ ਅਧਿਆਪਕਾਂ ਨੂੰ ਖਾਂਸ ਤੌਰ ਤੇ ਵਿਦੇਸ਼ ਗਏ ਬੱਚਿਆਂ ਵਲ ਧਿਆਨ ਦੇਣਾ ਬਣਦਾ ਹੈ । ਡਾ ਯਾਦਵਿੰਦਰ ਕੌਰ (ਇੰਡੀਆ )ਨੇ ਗਾਇਕੀ ਸ਼ਬਦ ਦੀ ਭਾਵਪੂਰਤ ਵਿਆਖਿਆ  ਕਰਨ ਦੇ ਨਾਲ ਅਜੋਕੀ ਪੰਜਾਬੀ ਗਾਇਕੀ ਵਿਚ ਹਿੰਸਾ ਤੇ ਹਥਿਆਰਾਂ ਦੇ ਪਦਰਸ਼ਨ ਦੀ ਚਰਚਾ ਕੀਤੀ ਹੈ। ।ਪ੍ਰਸਿਧ ਚਿੰਤਕ ਵਲਾਦੀਮੀਰ ਲੈਨਿਨ ਦੇ ਕਥਨ ਦਾ ਹਵਾਲਾ ਦਿਤਾ ਹੈ ਜੋ ਨੌਜਵਾਨਾਂ ਲਈ ਸੇਧਮਈ ਹੈ । ਕਥਨ ਹੈ ਕਿ ਮੁਲਕ ਦੀ ਜਵਾਨੀ ਦਾ ਭਵਿਖ ਕਿਸ ਤਰਾ ਦਾ ਹੈ ਜਾਂ ਹੋਵੇਗਾ ਮੈਂ ਗੀਤ ਵੇਖ ਕੇ ਦੱਸ ਸਕਦਾ ਹਾਂ । ਜੋ ਨੋਜਵਾਨਾਂ ਦੀ ਪਸੰਦ ਹਨ। ਗੁਰਮੀਤ ਸਿੰਘ ਸਿੰਗਲ ਨੇ ਪੰਜਾਬੀ ਵਿਆਹਾਂ ਵਿਚ ਫਜ਼ੂਲ ਖਰਚੀ ਦੀ ਚਰਚਾ ਕੀਤੀ ਹੈ । ਲੇਖ ਵਿਚ ਵਿਦੇਸ਼ ਜਾਣ ਲਈ ਗਲਤ ਤਰੀਕੇ ਨਾਲ ਕੀਤੇ ਜਾ ਰਹੇ ਵਿਆਹ (ਸੌਦੇਬਾਜ਼ੀ ) ਵੀ ਲੇਖਕ ਨੇ ਮਿਸਾਲ ਦੇ ਤੌਰ ਤੇ ਲਿਖੇ ਹਨ ।ਪੜ੍ ਕੇ ਪੰਜਾਬੀ ਸਭਿਆਚਾਰ ਦੇ ਨਿਘਾਂਰ ਦੀ ਚਿੰਤਾ ਹੁੰਦੀ ਹੈ । ਅਮਰ ਸਿੰਘ ਪੰਛੀ ਨੇ ਕੈਂਨੇਡਾ ਵਿਚ ਠੱਗ ਪੰਜਾਬੀ ਸਭਿਆਚਾਰ ਬਾਰੇ ਲਿਖਿਆ ਹੈ । ਪੜ੍ਹਂਨਯੋਗ ਤੇ ਵਿਚਾਰ ਕਰਨ ਵਾਲੀਆਂ  ਕੁਝ ਮਿਸਾਲਾਂ ਕੈਨੇਡਾ ਦੀਆਂ ਹਨ। ਪ੍ਰਸਿਧ ਪਤਰਕਾਰ ਸੁਰਜੀਤ ਸਿੰਘ ਫਲੋਰਾ ਨੇ ਕੈਂਨੇਡਾ ਵਿਚ ਪੰਜਾਬੀਆਂ ਦੀਆਂ ਮੁਸ਼ਕਲਾਂ, ਧੋਖਾਧੜੀਆਂ ,ਨਫਰਤੀ ਅਪਰਾਧ, ਭ੍ਰਿਸ਼ਟਾਚਾਰ ਤੇ ਡਰਾਈਵਰ ਭਾਈਚਾਰੇ ਬਾਰੇ ਕਈ ਗੌਲਣਯੋਗ ਤੱਥ ਲਿਖੇ ਹਨ । ਪੰਜਾਬੀ ਆਲੋਚਕ ਨਿਰੰਜਨ ਬੋਹਾ ਨੇ ਸਭਿਆਚਾਰ ਓਹਲੇ ਅਸਭਿਆਚਾਰ ਲਿਖਤ (ਪੰਨਾ 64) ਵਿਚ ਪੰਜਾਬੀ ਸਭਿਆਚਾਰ ਵਿਚ ਆ ਰਹੇ ਵਿਗਾੜਾਂ ਦੀ ਚਰਚਾ ਕੀਤੀ ਹੈ । ਲਚਰ ਗੀਤਾਂ ਦੇ ਉਂਗਲ ਰਖੀ ਹੈ । ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ।  ਡਾ ਅਮਰਜੀਤ ਟਾਂਡਾ  (ਆਸਟਰੇਲੀਆ )ਨੇ ਪੰਜਾਬੀ ਸਾਹਿਤ ਚ ਅਸਾਹਿਤਕ ਪਹਿਰਾਵੇ ਤਹਿਤ ਫਿਲਮਾਂ, ਟੀਵੀ ਅਦਾਕਾਰੀ, ਸਾਹਿਤ ਦੇ ਗੁਣ ਔਗੁਣਾਂ ਬਾਰੇ ਲਿਖਿਆ ਹੈ । ਚੰਗੇ ਸਾਹਿਤ ਦੇ ਮਿਆਰ ਲਿਖੇ ਹਨ । ਪੰਜਾਬੀ ਵਿਚ ਵਿਗਿਆਨਕ ਸਾਹਿਤ ਦੀ ਗੱਲ ਕੀਤੀ ਹੈ । ਵਧੀਆ ਘਟੀਆ ਕਿਤਾਬਾਂ ਦੀ ਨਿਸ਼ਾਂਨਦੇਹੀ ਡਾ ਅਮਰਜੀਤ ਟਾਂਡਾ ਨੇ ਕੀਤੀ ਹੈ । ਹਰਪ੍ਰੀਤ ਕੌਰ ਨੇ ਪੰਜਾਬੀ ਸਾਹਿਤਕ ਸਭਿਆਚਾਰ ਦੇ ਨਿਘਾਰ ਲਈ ਕੁਝ ਕਾਰਨਾਂ ਦੀ ਤਲਾਸ਼ ਕਰਦੇ ਹੋਏ ਆਨਲਾਈਨ ਕਿਤਾਬਾਂ ਦੇ ਨਵੇਂ ਰੁਝਾਨ ਦੀ ਚਰਚਾ ਕੀਤੀ ਹੈ ।ਉਤਰ ਆਧੁਨਿਕਤਾ ਪ੍ਰਤੀ ਲੋਕਾਂ ਦੀ ਅਧੂਰੀ ਸਮਝ ਬਾਰੇ ਲਿਖਿਆ ਹੈ । ਸਿਖਿਆ ਅਦਾਰਿਆਂ  ਵਿਚ ਕਿਤਾਬਾਂ ਲਈ ਸਮਾਂ ਨਾ  ਰਖਣ ਦਾ ਵਡਾ ਕਾਰਨ ਦਸਿਆ ਹੈ । ਦਰਸ਼ਨ ਸਿੰਘ ਦਰਸ਼ੀ ਨੇ ਵੀ ਕੁਝ ਇਸ ਕਿਸਮ ਦੇ ਵਿਚਾਰ ਸਿਰਜੇ ਹਨ ।(ਪੰਜਾਬੀ ਵਿਦਿਅਕ ਸਭਿਆਚਾਰ ਵਿਚ ਆ ਰਿਹਾ ਨਿਘਾਂਰ )

ਸਲੀਮ ਪਾਸ਼ਾਂ ਕੈਨੇਡਾ  ਨੇ ਕੈਂਨੇਡਾ ਚ ਪੰਜਾਬੀ ਅਦਬ ਵਿਸ਼ੇ  ਤੇ ਚਿੰਤਨਸੀਲ ਵਿਚਾਰ ਲਿਖੇ ਹਨ । ਕੇਹਰ ਸ਼ਰੀਫ ਜਰਮਨੀ ਦਾ ਲੇਖ ਯੂਰਪੀ ਸਾਹਿਤ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਹੈ। ਯੂਰਪ ਵਿਚ ਵਸਦੇ ਪੰਜਾਬੀਆਂ ਨੇ ਪੰਜਾਬੀ ਸਾਹਿਤ ਨੂੰ ਬੌਧਿਕ ਅਮੀਰੀ ਬਖਸ਼ੀ ਹੈ ।ਸ਼ਬਦ ਤੋਂ ਵਿਚਾਰ ਦਾ ਸਫਰ ਅਗਲੀ ਪੀੜ੍ਹੀ ਤਕ ਜਾ ਰਿਹਾ ਹੈ । ਦਲਵਿੰਦਰ ਰਹਿਲ ਨੇ ਯੂਰਪੀ ਸਾਹਿਤ ਦੀਆ ਪ੍ਰਾਪਤੀਆਂ ਨੂੰ ਵਿਸ਼ਾ ਬਨਾਇਆ ਹੈ ।ਨਿਰਮਲਾ ਗਰਗ ਨਿੰਮੋ ਦਾ ਲੇਖ ਲਕ ਗੀਤਾਂ ਦੇ ਹਵਾਲਿਆਂ  ਨਾਲ ਪੰਜਾਬੀ ਸਭਿਆਚਾਰ ਦੀ ਖੂਬਸੂਰਤੀ ਦੀ ਚਰਚਾ ਕਰਦਾ ਹੈ । ਲਾਜ ਨੀਲਮ  ਸੈਣੀ ਨੇ ਪੰਜਾਬੀ  ਗੀਤਾਂ ਵਿਚ ਅਮਰੀਕੀ ਸਭਿਆਚਾਰ ਦੇ ਗੀਤਾਂ  ਦੇ ਚੰਗੇ ਦਿਲਚਸਪ  ਹਵਾਲੇ ਦਿਤੇ ਹਨ ।ਰਲੀ ਮਿਲੀ ਮਸ ਵਾਲੇ ਇਹ ਗੀਤ ਮਾਡਰਨ ਰੰਗ ਵਾਲੇ ਹਨ ।(ਪੰਨਾ 107-111)ਮਿਆਰੀ ਤੇ ਰੌਚਿਕ ਗੀਤ ਹਨ ।ਪ੍ਰੋ ਜਸਪਾਲ ਸਿੰਘ ਨੇ ਪੰਜਾਬੀਆਂ ਦੀ ਹਿੰਮਤ ਤੇ ਦਲੇਰੀ ਦੇ ਗੁਣ ਲਿਖੇ ਹਨ (ਪੰਜਾਬ ਦੇ ਜੰਮਿਆਂ  ਨੂੰ ਨਿਤ ਮੁਹਿੰਮਾ)  ਪ੍ਰੋ ਆਸ਼ਿਕ ਰਾਹੀਲ ਨੇ ਕੈਂਨੇਡਾ ਬਾਰੇ ਨਿਜੀ  ਅਨੁਭਵ ਲਿਖੇ ਹਨ (ਕੈਨੁਡਾ ਜਿਵੇਂ ਮੈਂ ਵੇਖਿਆ )ਅਮਨਦੀਪ ਹਾਂਸ਼ ਨੇ ਹਰਜਿੰਦਰ ਪਾਤੜਾਂ ਦੀ ਕਵਿਤਾ ਦੇ ਹਵਾਲੇ ਨਾਲ ਕੈਂਨੇਡਾ ਵਿਚ ਰਹਿ ਰਹੇ ਬੱਚਿਆਂ ਦਾ ਵਿਰਾਸਤ ਤੋਂ ਦੂਰ ਜਾਣ ਦੀ ਚਿੰਤਾ ਵਿਅਕਤ ਕੀਤੀ ਹੈ । ਪਿਆਰਾ ਸਿੰਘ ਕੁਦੋਵਾਲ ਨੇ ਕੁਦਰਤੀ ਸ਼ੋਮਿਆਂ ਦੇ ਪਲੀਤ ਹੋਣ ਦੀ ਫਿਕਰਮੰਦੀ ਦਾ ਜ਼ਿਕਰ ਕੀਤਾ ਹੈ । ਅਮਰਜੀਤ ਕੌਰ ਪੰਛੀ (ਕੈਨੇਡਾ )ਨੇ ਪੰਜਾਬ ਵਿਚ ਵਧ ਰਹੇ ਆਈਲੈਟ ਸਭਿਆਚਾਰ  ਤੇ ਪੰਜਾਬ ਵਿਚ ਵਧ ਰਹੀ ਬੇਰੁਜ਼ਗਾਰੀ ਪੰਜਾਬ ਤੋਂ ਪਰਵਾਸ  ਮੁਖ ਕਾਰਨ ਕਿਹਾ ਹੈ । ਸ਼ਾਇਰ ਮਲਵਿੰਦਰ (ਅਮ੍ਰਿਤਸਰ ) ਨੇ ਵਿਸ਼ਵ ਪੰਜਾਬੀ ਕਾਨਫਰਸ਼ਾਂ ਦੇ ਮਾੜੇ ਪ੍ਰਬੰਧਾਂ ਦੀ ਖੁਲ੍ਹ ਕੇ ਚਰਚਾ ਕੀਤੀ ਹੈ ।ਕਾਂਨਫਰੰਸਾਂ ਵਿਚ ਅਕਸਰ ਤਿਗੜਮਬਾਜ਼ੀਆਂ ਦਾ ਮਾਹੌਲ ਹੁੰਦਾ ਹੈ । ਪੂਰਨ ਸਿੰਘ ਪਾਂਧੀ (ਕੈਨੇਡਾ) ਧਾਂਰਮਿਕ ਸਭਿਆਚਾਰ ਵਿਚ ਸੁਧਾਂਰ ਦੀ ਗਲ ਕਰਦਾ ਹੈ । ਡਾ ਮਨਪ੍ਰੀਤ ਕੌਰ ਧਾਂਲੀਵਾਲ ਨੇ ਵਿਆਹਾਂ ਵਿਚ ਕਰਜ਼ੇ ਅਤੇ ਖੁਦਕਸ਼ੀਆ ਕਰਦੇ ਲੋਕਾਂ ਦੀ ਮਾਨਸਿਕਤਾ ਦਾ ਗਹਿਰਾ ਵਿਸ਼ਲੇਸ਼ਣ ਕੀਤਾ ਹੈ ।ਰਾਬਿੰਦਰ ਸਿੰਘ ਰਬੀ ਨੇ ਪੰਜਾਬੀ ਦੀ ਪ੍ਰਫੁਲਤਾ ਲਈ ਕੁਝ ਅਦਾਰਿਆਂ ਦਾ ਜ਼ਿਕਰ ਕੀਤਾ ਹੈ ।ਤੇ ਕਿਤਾਬਾਂ ਦਾ ਮਿਆਰ ਚੁਕਣ ਲਈ ਸੁਝਾਂਅ ਦਿਤੇ ਹਨ । ਨਾਵਲਕਾਰ ਕੁਲਜੀਤ ਮਾਨ (ਕੈਨੇਡਾ )ਨੇ ਏਸ਼ੀਅਨ ਤੇ ਯੂਰਪੀ ਔਰਤ ਵਿਚ ਮਰਦ ਦੀ ਲੋੜ ਦੀ ਸੀਮਾ ਬਾਰੇ ਵਿਚਾਰ ਲਿਖੇ ਹਨ ।ਡਾ ਪਵਨ ਸ਼ਰਮਾ ਪੰਜਾਬੀ ਗੀਤਾਂ ਵਿਚ ਮਨੁਖੀ ਅੰਗਾਂ ਦਾ ਹਵਾਲਾ ਦੇ ਕੇ ਲੋਕ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਦਾ ਹੈ ।  ਪੁਸਤਕ ਵਿਚ ਦੇਵਿੰਦਰ ਬਿਮਰਾ ਸਭਿਆਚਾਰਕ ਪਰਿਵਾਰ ਰਸਮਾਂ ਵਿਸ਼ੇ ਤੇ , ਬਲਬੀਰ ਕੌਰ ਰਾਏਕੋਟੀ ਨੇ ਲੋਕ ਗੀਤਾਂ ਵਿਚ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਦਾ ਜ਼ਿਕਰ ਕੀਤਾ  ਹੈ । ਸੁਰਜੀਤ ਨੇ ਜਲ ਬਿਨ ਸਾਖ ਕੁਮਲਾਵਤੀ ਤਹਿਤ ਪੰਜਾਬ ਵਿਚ ਬਦਲ ਰਹੇ ਹਵਾ ਪਾਣੀ ਤੇ ਚਿੰਤਾ ਦਰਜ ਕਰਾਈ ਹੈ । ਮਨਦੀਪ ਸਿੰਘ ਗਿਲ  ਪੰਜਾਬੀ ਸਭਿਆਚਾਰ ਦੀਆ ਖੁਬਸੂਰਤ ਬਾਤਾਂ  ਸੁਣਾ ਕੇ ਪਾਠਕ ਮਨ ਨੂੰ ਸਰਸ਼ਾਰ ਕਰਦਾ ਹੈ । ਪਾਕਿਸਤਾਨ ਦੀ ਮਹਮ ਨੂਰ ਲਹਿੰਦੇ ਪੰਜਾਬ ਦੇ ਰੰਗ ਵਿਚ ਪੰਜਾਬੀ ਲੋਕ ਗੀਤਾਂ ਵਿਚ ਬੱਚਿਆਂ ਦੇ ਯੋਗਦਾਨ ਦੀ ਦੀ ਸੰਖੈਪ ਚਰਚਾ ਕਰਦੇ ਹਨ ।ਡਾ ਸੋਮਾ ਬੈਤੂਲ ਨੇ ੳਪਣੀ ਲਿਖਤ ਵਿਚ  ਪੰਜਾਬ ਦੀ ਤਹਿਜ਼ੀਬ ਦੀ ਗਲ ਬਹੁਤ ਸੋਹਣੇ ਸ਼ਬਦਾਂ ਵਿਚ ਕੀਤੀ ਹੈ । ਨਾਭਾ (ਪੰਜਾਬ) ਦੇ ਬਹੁਪਖੀ ਸਾਹਿਤਕਾਰ ਸੁਖਮਿੰਦਰ ਸੇਖੌਂ ਨੇ ਆਪਣੇ ਹਾਸ ਰਸੀ ਅੰਦਾਜ਼ ਵਿਚ ਸੁਖੀ ਰਾਮ ਦੇ ਸ਼ਬਦਾਂ ਵਿਚ ਅਖ਼ੌਤੀ ਅਲੋਚਕ ਬਣ ਕੇ ਲੇਖਕ ਨੂੰ ਚੰਗੀ  ਫੂਕ ਛਕਾਈ ਹੈ । ਪੁਸਤਕ ਸੰਪਾਦਕ ਡਾ ਦਲਬੀਰ ਸਿੰਘ ਕਥੂਰੀਆ ਨੇ ਕੈਂਨੇਡਾ ਵਿਚ ਰਹਿੰਦੇ ਹੋਏ ਆਪਣੇ ਨਿਜੀ ਵਿਚਾਰ ਕੈਨੇਡਾ ਦੇ ਕੁਝ ਪੱਖਾਂ ਬਾਰੇ ਲਿਖੇ ਹਨ । ਹਜ਼ਰਤ ਸ਼ਾਂਮ, ਪਾਕਿਸਤਾਨ ਨੇ ਆਲਮੀ ਪੰਜਾਬੀ ਕਾਨਫਰਸਾ ਦੀਆ ਕਈ ਘਾਟਾਂ ਦਾ ਜ਼ਿਕਰ ਕੀਤਾ ਹੈ ਤੇ ਕੁਝ ਮੁੱਲਵਾਨ ਸੁਝਾਂਅ ਦਿਤੇ ਹਨ। ਕਿਸ ਤਰਾਂ ਕਾਨਫਰਸਾਂ ਵਿਚ ਪੰਜਾਬੀ ਦੇ ਵਿਕਾਸ ਦੀ ਗਲ ਤੁਰ ਸਕਦੀ ਹੈ । ਪੁਸਤਕ ਦਾ ਅੰਤਿਮ ਲੇਖ ਜਸਵੀਰ ਕੌਰ ਮੰਗੂਵਾਲ ਦਾ ਹੈ ਜਿਸ ਵਿਚ ਕੇਂਨੇਡਾ ਦੀਆਂ  ਖਬਰਾਂ ਦੇ ਹਵਾਲੇ ਨਾਲ ਕੇਂਨੇਡਾ ਵਿਚ ਰਹਿੰਦੇ ਪੰਜਾਬੀ ਨੌਜਵਾਨਾਂ ਦੇ ਮਸਲਿਆਂ ਨੂੰ ਡਾ ਹਰਸ਼ਿੰਦਰ ਕੌਰ ਤੇ ਮੈਡਮ ਮਨੀਸ਼ਾਂ ਗੁਲਾਟੀ (ਵਿਮੈਂਨ ਕਮਿਸ਼ਨ ਚੇਅਰਮੈਂਨ ) ਦੇ ਵਿਚਾਰਾਂ ਨਾਲ ਸਾਹਮਣੇ ਲਿਆਂਦਾ  ਹੈ । ਇਹ ਵਡਾਆਕਾਰੀ ਪੁਸਤਕ ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬੀਆ ਦੇ ਬਹੁਮੁਖੀ ਮਸਲਿਆਂ ਨੂੰ ਪ੍ਰੀਚਿਤ ਕਰਨ ਦਾ  ਸਫ਼ਲ ਉਪਰਾਲਾ ਹੈ । ਸੰਪਾਦਕਾਂ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਹੈ । ਹਰੇਕ ਸਾਹਿਤਕਾਰ ਦੀ ਤਸਵੀਰ ਛਾਪਣ ਦੇ ਨਾਲ   ਸਿਰਨਾਵਾਂ ਵੀ ਸ਼ਾਂਮਲ ਕੀਤਾ ਗਿਆ ਹੈ ।ਪ੍ਰਕਾਸ਼ਕ ਤੋਂ ਕਿਤਾਬ ਦਾ ਮੁੱਲ ਬਾਹਰ ਟਾਈਟਲ ਤੇ 300 ਰੁਪਏ ਲਿਖਿਆ ਹੈ ਅੰਦਰ 200 ਰੁਪਏ ਹੈ ।ਇਹ ਗਲਤੀ ਅਗਲੇ ਅਡੀਸ਼ਨ ਵਿਚ ਸੁਧਾਰ ਲੈਣੀ ਚਾਹੀਦੀ ਹੈ । ਪੁਸਤਕ ਸਾਹਿਤ ਤੇ ਸਭਿਆਚਾਰ ਦਾ ਅੰਤਰਰਾਸ਼ਟਰੀ  ਦਰਜਾ ਹਾਸਲ ਕਰਦੀ ਹੈ । ਦੇਸ਼ ਵਿਦੇਸ਼ ਦੇ ਸਮੂਹ  ਪੰਜਾਬੀਆਂ ਲਈ ਲਾਹੇਵੰਦ ਹੈ