ਕੋਈ ਸੱਤਰ/ਅੱਸੀ ਸਾਲ ਦੀ ਉਮਰ ਵਾਲੇ ਮਨੁੱਖ ਇਸ ਸੰਸਾਰ ਦੀ ਓਹ ਆਖ਼ਰੀ ਪੀੜ੍ਹੀ ਹੈ,ਜਿਨ੍ਹਾਂ ਨੇ ਆਪਣੇ ਜਿਓਂਦੇ ਜੀਅ ਆਪਣੇ ਮਾਂ ਬਾਪ ਭਾਵ ਪੁਰਖਿਆਂ ਦੀਆਂ ਗੱਲਾਂ ਭਾਵੇਂ ਉਹ ਓਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਤੇ ਸੁਖਾਲਾ ਬਣਾਉਣ ਲਈ ਸਨ ਤੇ ਜਾਂ ਫਿਰ ਝਿੜਕਾਂ ਦੇ ਰੂਪ ਵਿੱਚ ਸਨ ਸੁਣਦੇ ਰਹੇ ਹਨ,ਤੇ ਹੁਣ ਅਜੋਕੀ ਆਪਣੀ ਔਲਾਦ ਦੀਆਂ ਵੀ ਸੁਣ ਰਹੇ ਹਨ,ਜੋ ਕਰੀਬ ਕਰੀਬ ਅੱਸੀ ਨੱਬੇ ਫੀਸਦੀ ਵਿਗੜੀ ਹੋਈ ਹੈ ਜਾਂ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਹੈ ਤੇ ਧੌਂਸ ਨਾਲ ਆਪਣੀ ਅਗਾਂਹਵਧੂ ਸੋਚ ਜਾਂ ਇੰਟਰਨੈੱਟ ਯੁੱਗ ਦੇ ਕਾਰਨਾਂ ਦਾ ਹਵਾਲਾ ਦੇ ਕੇ ਜ਼ਬਰਦਸਤੀ ਆਪਣੀ ਗੱਲ ਅਜੋਕੇ ਮਾ ਬਾਪ ਨੂੰ ਮਨਵਾਉਣ ਵਿੱਚ ਸਫ਼ਲ ਹੋ ਰਹੀ ਹੈ ।
ਬੇਸ਼ੱਕ ਦਸ ਕੁ ਫੀਸਦੀ ਔਲਾਦ ਹਾਲੇ ਚੰਗੀ ਹੈ ਤੇ ਮਾਤਾ ਪਿਤਾ ਦੇ ਪਦਚਿੰਨ੍ਹਾਂ ਤੇ ਚਲਦੀ ਵੀ ਹੈ,ਪਰ ਇਹ ਗਿਣਤੀ ਇਸ ਤੋਂ ਵੀ ਘੱਟ ਹੋ ਸਕਦੀ ਹੈ।ਜੋ ਇਸ ਸਮੇਂ ਸੱਤਰ/ਅੱਸੀ ਸਾਲ ਦੀ ਉਮਰ ਵਾਲੇ ਲੋਕ ਨੇ ਓਹ ਰਾਤੀਂ ਲੇਟ ਸੌਂ ਕੇ ਸਵੇਰੇ ਜਲਦੀ ਜਾਗਣ ਵਾਲੇ, ਵਾਹਿਗੁਰੂ ਦਾ ਜਾਪ ਕਰਨ ਭਾਵ ਗੁਰਦੁਆਰਾ ਮੰਦਰ ਮਸਜਿਦ ਮਸੀਤ ਜਾਣ ਵਾਲੇ,ਹਰ ਇੱਕ ਦੇ ਦੁੱਖ ਸੁੱਖ ਵਿੱਚ ਕੰਮ ਆਉਣ ਵਾਲੇ,ਰਾਹੇ ਬਗਾਹੇ ਰਾਮ ਰਾਮ ਸਤਿ ਸ੍ਰੀ ਆਕਾਲ ਬਲਾਉਣ ਵਾਲੇ,ਪਿਆਰ ਮੁਹੱਬਤ ਸਤਿਕਾਰ ਦੇਣ ਵਾਲੇ,ਟਹਿਲ ਕਦਮੀਂ ਕਰਦਿਆਂ ਸੈਰ ਕਰਨ ਵਾਲੇ, ਟੁੱਟੀਆਂ ਚੱਪਲਾਂ ਨਾਲ ਘੁੰਮਣ ਫਿਰਨ ਵਾਲੇ, ਬਿਨਾਂ ਪ੍ਰੈਸ ਕੀਤੇ ਕੱਪੜੇ ਪਾਉਣ ਵਾਲੇ, ਸਾਈਕਲ ਤੇ ਘੁੰਮਣ ਵਾਲੇ,ਖੇਤੀਂ ਗੇੜਾ ਮਾਰਨ ਵਾਲੇ,ਰਾਤ ਵੇਲੇ ਮੋਟਰ ਤੇ ਸਾਉਣ ਵਾਲੇ, ਮੱਸਿਆ ਪੁੰਨਿਆਂ ਸੰਗਰਾਂਦ ਦਾ ਖਿਆਲ ਰੱਖਣ ਵਾਲੇ ਤੇ ਘਰ ਵਿੱਚ ਨਵੇਂ ਸਾਲ ਦੀ ਜੰਤਰੀ ਲਿਆ ਕੇ ਤਿੱਥ ਵਾਰ ਤਿਉਹਾਰ ਦਾ ਪਤਾ ਰੱਖਣ ਵਾਲੇ,ਜੰਮਣ ਮਰਨ ਦੀਆਂ ਤਰੀਕਾਂ ਯਾਦ ਰੱਖਣ ਵਾਲੇ, ਕੁੱਝ ਕੁੱਝ ਨਜਰ ਉਤਾਰਣ ਦੀਆਂ ਗੱਲਾਂ ਤੇ ਵਿਸ਼ਵਾਸ ਰੱਖਣ ਵਾਲੇ, ਅਖ਼ਬਾਰ ਪੜ੍ਹਨ ਵਾਲੇ,ਘਰ ਵਿੱਚ ਆਪ ਪੀਹ ਕੇ ਮਸਾਲਾ ਵਰਤਣ ਵਾਲੇ,ਦਿਨ ਵਿੱਚ ਪੰਜ ਸੱਤ ਵਾਰ ਚਾਹ ਪੀਣ ਵਾਲੇ,ਘਰ ਆਏ ਮੰਗਤੇ ਨੂੰ ਖੈਰ ਪਾਉਣ ਵਾਲੇ, ਪਿੰਡ ਵਿੱਚ ਆਏ ਫੇਰੀ ਵਾਲੇ ਤੋਂ ਸਬਜੀ ਲੈਣ ਵਾਲੇ, ਰੋਜ਼ਾਨਾ ਡਾਇਰੀ ਵਿੱਚ ਘਰ ਦੇ ਖਰਚੇ ਦਾ ਹਿਸਾਬ ਕਿਤਾਬ ਰੱਖਣ ਵਾਲੇ, ਰਸੋਈ ਦੀ ਅਲਮਾਰੀ ਵਿੱਚ ਚਾਬੀ ਤੇ ਪੈਸੇ ਰੱਖਣ ਵਾਲੇ, ਸੋਸ਼ਲ ਮੀਡੀਆ ਤੋਂ ਕੋਹਾਂ ਦੂਰ ਰਹਿਣ ਵਾਲੇ,ਸੰਤੋਖੀ ਤੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਵਾਲੇ, ਮਿਲਾਵਟ ਤੇ ਰਲਾਵਟ ਤੋਂ ਦੂਰ ਰਹਿਣ ਵਾਲੇ, ਧਰਮ ਦੇ ਰਸਤੇ ਤੇ ਚੱਲਣ ਵਾਲੇ,ਸੱਭ ਨੂੰ ਆਪਣਾ ਸਮਝਣ ਤੇ ਫ਼ਿਕਰ ਕਰਨ ਵਾਲੇ, ਹੱਥੀਂ ਕਿਰਤ ਕਰਨ ਨੂੰ ਪਹਿਲ ਦੇਣ ਵਾਲੇ ਲੋਕ ਕੋਈ ਦਸ ਕੁ ਸਾਲਾਂ ਬਾਅਦ ਖ਼ਤਮ ਹੋਣ ਵਾਲੇ ਹਨ।ਜੇਕਰ ਤੁਹਾਡੇ ਕੋਲ ਭਾਵ ਘਰ ਵਿੱਚ ਕੋਈ ਐਸੇ ਬਜ਼ੁਰਗ ਹੈਨ ਤਾਂ ਓਹਨਾਂ ਦੇ ਪਦਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰੋ ਤੇ ਓਹਨਾਂ ਦੇ ਜ਼ਿੰਦਗੀ ਦੇ ਤਜਰਬਿਆਂ ਤੋਂ ਕੁੱਝ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਉਸ ਸਿੱਖੇ ਹੋਏ ਗੁਣਾਂ ਚੋਂ ਕੁੱਝ ਕੁ ਗੁਣ ਆਪਾਂ ਆਪਣੀ ਨਵੀਂ ਪੀੜ੍ਹੀ ਵਿੱਚ ਭਰ ਸਕੀਏ ਜਿਸ ਨਾਲ ਓਹਨਾਂ ਦਾ ਭਵਿੱਖ ਕੁੱਝ ਉੱਜਲ ਹੋ ਸਕੇ ਤੇ ਓਹਨਾਂ ਚੋਂ ਵੀ ਆਪਣੇ ਪੁਰਖਿਆਂ ਦੀ ਝਲਕ ਪੈਂਦੀ ਰਹੇ। (ਅੱਗੇ ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਇਹ ਉਪਰੋਕਤ ਲਿਖੇ ਹੋਏ ਗੁਣ ਨਹੀਂ ਲੱਭਣੇ,ਇਹ ਹਾਲਾਤ ਤੇ ਆਸਾਰ ਤੋਂ ਬਿਲਕੁਲ ਸਪੱਸ਼ਟ ਹੈ)ਵੈਸੇ ਇਹ ਕਾਰਜ ਅਤਿਅੰਤ ਔਖਾ ਹੈ ਜੇਕਰ ਕੋਈ ਇਨਸਾਨ ਇਸ ਤੇ ਪਹਿਰਾ ਦੇ ਕੇ ਆਪਣੀ ਔਲਾਦ ਵਿੱਚ ਇਹ ਗੁਣ ਭਰ ਸਕੇ ਤਾਂ ਉਸ ਨੂੰ ਸਤਿਯੁਗੀ ਪੁਰਸ਼ ਕਿਹਾ ਜਾ ਸਕਦਾ ਹੈ।
ਅਗਾਂਹ ਐਸੇ ਖ਼ਤਰਨਾਕ ਸਮੇਂ ਆ ਰਹੇ ਹਨ ਜੋ ਕਿ ਆਪਾਂ ਸੱਤਰ ਅੱਸੀ ਸਾਲ ਉਮਰ ਵਾਲਿਆਂ ਨੇ ਕਦੇ ਜ਼ਿੰਦਗੀ ਵਿੱਚ ਸੋਚੇ ਤੱਕ ਵੀ ਨਹੀਂ ਹੋਣੇ।ਇਹ ਉਸ ਅਕਾਲਪੁਰਖ ਦੇ ਵੱਲੋਂ ਹੀ ਕੋਈ ਬਦਲਾਅ ਦੇ ਆਸਾਰ ਹਨ,ਜੋ ਕਿ ਆਪਾਂ ਕੁੱਝ ਕੁ ਤਾਂ ਵੇਖੀ ਵੀ ਜਾ ਰਹੇ ਹਾਂ, ਮਾਂ ਬਾਪ ਨੂੰ ਜਿਓਂਦੇ ਜੀਅ ਸੰਭਾਲਣ ਤੋਂ ਪਾਸਾ ਵੱਟ ਕੇ ਬਿਰਧ ਆਸ਼ਰਮ ਵਿੱਚ ਛੱਡਣਾ, ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਹੋਣੇ,ਭਾਈ ਨੂੰ ਭਾਈ ਨੇ ਮੌਤ ਦੇ ਘਾਟ ਉਤਾਰਨ, ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਉਣਾ, ਇਨਸਾਨੀਅਤ ਤੋਂ ਗਿਰੇ ਹੋਏ ਇਹੋ ਜਿਹੇ ਹੋਰ ਵੀ ਕਾਰਜ ਜੀਹਨੂੰ ਲਿਖਣ ਲੱਗਿਆਂ ਹੀ ਸ਼ਰਮ ਮਹਿਸੂਸ ਹੁੰਦੀ ਹੈ,ਪੈਸੇ ਦੀ ਦੌੜ,ਘਟੀਆ ਵਰਤਾਰੇ ਨਾਲ ਬਾਹਰ ਦਾ ਰੁਝਾਨ।ਇਹ ਕੁੱਝ ਕੁ ਉਦਾਹਰਣਾਂ ਹਨ ਅਤੇ ਅੱਗੇ ਅੱਗੇ ਇਸ ਤੋਂ ਵੀ ਮਾੜੇ ਸਮੇਂ ਆ ਰਹੇ ਹਨ ਜੋ ਕਿ ਆਪਾਂ ਨਹੀਂ ਵੇਖ ਸਕਣੇ। ਵਾਹਿਗੁਰੂ ਭਲੀ ਕਰੇ ਆਪਾਂ ਸਿਰਫ਼ ਦੁਆ ਕਰ ਸਕਦੇ ਹਾਂ।