ਥੋੜ੍ਹਾ-ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ (ਲੇਖ )

ਹਰਦੀਪ ਕੌਰ ਨਾਜ਼   

Email: harknaaz@gmail.com
Address:
ਫਗਵਾੜਾ Punjab India
ਹਰਦੀਪ ਕੌਰ ਨਾਜ਼ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੱਸਣਾ ਅਤੇ ਹਸਾਉਣਾ ਇੱਕ ਕਲਾ ਹੈ। ਸਾਡੀ ਰੂਹ ਦੀ ਖ਼ੁਰਾਕ ਹੁੰਦਾ ਹੈ ਹਾਸਾ। ਕਿਹਾ ਜਾਂਦਾ ਹੈ ਕਿ ਹਾਸਾ ਸਾਡੀ ਸਿਹਤ ਲਈ ਇੱਕ ਦਵਾ ਦਾ ਕੰਮ ਕਰਦਾ ਹੈ। ਪਰ, ਬਾਵਜੂਦ ਇਸਦੇ ਅਜੋਕੇ ਦੌਰ ਵਿੱਚ ਹਾਸਾ ਸਾਡੇ ਜੀਵਨ ਵਿੱਚੋਂ ਅਲੋਪ ਹੋ ਗਿਆ ਹੈ। ਹੱਸਣਾ ਜਾਂ ਮੁਸਕੁਰਾਉਣਾ ਸਾਡੇ ਦਿਲ ਹੀ ਨਹੀਂ, ਦਿਮਾਗ਼ ਲਈ ਵੀ ਫ਼ਾਇਦੇਮੰਦ ਹੈ ਤਾਂ ਹੀ ਤਾਂ ਹਾਸੇ ਨੂੰ ਕਈ ਰੋਗਾਂ ਦੀ ਦਵਾ ਵੀ ਕਿਹਾ ਜਾਂਦਾ ਹੈ। ਹੱਸਣ ਵਾਲਾ ਵਿਅਕਤੀ ਸਰੀਰਿਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਡ ਰਹਿੰਦਾ ਹੈ।
ਹੱਸਣ-ਖੇਡਣ ਵਾਲੇ ਵਿਅਕਤੀ ਸਭ ਨੂੰ ਚੰਗੇ ਲੱਗਦੇ ਹਨ, ਕਿਉਂਕਿ ਜਿੱਥੇ ਉਹ ਆਪ ਖ਼ੁਸ਼-ਮਿਜਾਜ਼ ਹੁੰਦੇ ਹਨ ਉੱਥੇ ਉਹ ਆਪਣੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਖ਼ੁਸ਼ ਰੱਖਦੇ ਹਨ। ਅਸੀਂ ਸਿਹਤ ਮਾਹਿਰਾਂ ਦੀ ਗੱਲ ਕਰੀਏ ਤਾਂ ਯੋਗ ਅਤੇ ਨੈਚਰੋਪੈਥੀ ਵਿੱਚ ਵੀ ਇਹ ਗੱਲ ਮੰਨੀ ਜਾਂਦੀ ਹੈ ਕਿ ਹੱਸਣਾ ਸਾਡੀਆਂ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ, ਖ਼ਾਸ ਕਰ ਅਜਿਹੀਆਂ ਜੋ ਸਾਡੀ ਤਨਾਅਪੂਰਨ ਜ਼ਿੰਦਗੀ ਨਾਲ ਜੁੜੀਆਂ ਹੋਣ। ਖੁੱਲ੍ਹ ਕੇ ਹੱਸਣ ਨਾਲ ਸਾਡੇ ਸਰੀਰ ਵਿੱਚ ਆਕਸੀਜਨ ਦਾ ਚੋਖਾ ਸੰਚਾਰ ਹੁੰਦਾ ਹੈ। ਨੀਂਦ ਦੀ ਸਮੱਸਿਆ ਵਾਲੇ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ, ਕਿਉਂਜੁ ਹੱਸਣ ਨਾਲ ਸਾਡੇ ਅੰਦਰ ‘ਮੇਲਾਟੋਨਿਨ’ ਨਾਮ ਦਾ ਹਾਰਮੋਨ ਬਣਦਾ ਹੈ ਜੋ ਕਿ ਰਾਤ ਵੇਲੇ ਸਾਨੂੰ ਆਰਾਮ ਨਾਲ ਸੌਣ ਵਿੱਚ ਸਾਡੀ ਮੱਦਦ ਕਰਦਾ ਹੈ।
ਹੱਸਣ ਨਾਲ ਸਾਡੇ ਮਨ ਅੰਦਰ ਇੱਕ ਸਾਕਾਰਾਤਮਕ ਅਤੇ ਉਤਸ਼ਾਹਪੂਰਨ ਸੋਚ ਦਾ ਸੰਚਾਰ ਹੁੰਦਾ ਹੈ ਜਿਸ ਨਾਲ ਸਾਡੇ ਨਜ਼ਰੀਏ ਦਾ ਹਾਂ-ਪੱਖੀ ਵਿਕਾਸ ਹੁੰਦਾ ਹੈ। ਅੱਜ ਹੱਸਣ-ਕੁੱਦਣ-ਖੇਲਣ ਦਾ ਸਮਾਂ ਹੀ ਸਾਡੇ ਕੋਲ ਨਹੀਂ ਰਿਹਾ, ਕਿੳਂੁਕਿ ਭੱਜ-ਦੌੜ ਵਾਲੀ ਪਾਦਰਥਕ ਜ਼ਿੰਦਗੀ ਵਿੱਚ ਅਸੀਂ ਪੂਰੀ ਤਰ੍ਹਾਂ ਉਲਝ ਕੇ ਰਹਿ ਗਏ ਹਾਂ। ਸ਼ਾਇਦ ਇਸੇ ਲਈ ਹੀ ਹੁਣ ‘ਵਿਸ਼ਵ ਹਾਸਾ ਦਿਵਸ’ ਵਰਗੇ ਦਿਨ-ਦਿਹਾੜੇ ਮਨਾਏ ਜਾਣ ਲੱਗ ਪਏ ਹਨ। ਭਾਰਤ ਵਿੱਚ ਹਾਸਾ ਦਿਵਸ ਮਨਾਉਣ ਦੀ ਸ਼ੁਰੂਆਤ ਸੰਨ 1988 ਵਿੱਚ ਹੋਈ ਸੀ।
ਕੋਲੰਬੀਆਂ ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਮੁਖੀ ਲੀਡ ਰਿਸਰਚ ਕੇਰਿਨਾ ਡਬਲਿਊ ਡੇਵਿਡਸਨ ਦੇ ਅਨੁਸਾਰ ਭਾਵੇਂ ਕਿ ਖ਼ੁਸ਼ ਰਹਿਣ ਵਾਲੇ ਲੋਕ ਵੀ ਨਿਰਾਸ਼ਾ ਅਤੇ ਚਿੰਤਾ ਦਾ ਸਾਹਮਣਾ ਕਰਦੇ ਹਨ, ਪਰ ਇਹ ਤਣਾਅ ਹੋਰਨਾਂ ਲੋਕਾਂ ਦੇ ਮੁਕਾਬਲੇ ਘੱਟ ਸਮੇਂ ਲਈ ਹੁੰਦਾ ਹੈ। ਡਾ. ਹਰਸ਼ਿੰਦਰ ਕੌਰ ਨੇ ਆਪਣੀ ਇੱਕ ਲਿਖਤ ਵਿੱਚ ਜ਼ਿਕਰ ਕੀਤਾ ਸੀ ਕਿ, ਯੂਰੋਪੀਅਨ ਸੋਸਾਇਟੀ ਆਫ ਕਾਰਡੀਓਲੋਜੀ ਵੱਲੋਂ ਪੈਰਿਸ ਵਿੱਚ ਕਈ ਖੋਜਾਂ ਦੌਰਾਨ ਜੋ ਤੱਥ ਸਾਹਮਣੇ ਆਏ ਸਨ, ਉਹ ਜੱਗ ਜ਼ਾਹਿਰ ਕੀਤੇ ਗਏ ਉਹਨਾਂ ਤੱਥਾਂ ਅਨੁਸਾਰ:
1. ਹੱਸਣ ਨਾਲ ਸਕਾਰਾਤਮਕ ਊਰਜਾ ਉਪਜਦੀ ਹੈ, ਜੋ ਸੋਚ ਨੂੰ ਵੀ ਸਾਰਥਕ ਕਰ ਦਿੰਦੀ ਹੈ।
2. ਹੱਸਣ ਨਾਲ ਗੁੱਸੇ ਦੇ ਦੌਰੇ ਲਗਭਗ ਨਾ-ਬਰਾਬਰ ਹੋ ਜਾਂਦੇ ਹਨ ਅਤੇ ਗੁੱਸੇ ਤੋਂ ਉਤਪੰਨ ਹੁੰਦੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਂਦਾ ਹੈ।
3. ਕੰਮ ਦੌਰਾਨ ਹੁੰਦਾ ਤਣਾਓ ਵੀ ਹੱਸਣ ਨਾਲ ਘੱਟ ਜਾਂਦਾ ਹੈ।
4. ਹਾਰਟ ਅਟੈਕ ਦਾ ਖ਼ਤਰਾ ਵੀ ਕਾਫ਼ੀ ਘੱਟ ਹੋ ਜਾਂਦਾ ਹੈ।
ਅੱਜ ਕੱਲ੍ਹ ਹੱਸਣ-ਹਾਉਣ ਦੇ ਕਈ ਸਾਧਨ ਪੈਦਾ ਹੋ ਚੁੱਕੇ ਹਨ ਜਿਵੇਂ ਲਾਫਟਰ ਕਲੱਬ, ਸਕੂਲਾਂ/ਕਾਲਜਾਂ ਵਿੱਚ ਬੱਚਿਆਂ ਲਈ ਮੈਜਿਕ ਸ਼ੋਅ, ਕਾਮੇਡੀ ਨਾਟਕ, ਕਾਮੇਡੀ ਫ਼ਿਲਮਾਂ ਆਦਿ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਫਿਰ ਵੀ ਸਾਡਾ ਲਈ ਹੱਸਣ ਵਾਸਤੇ ਸਮਾਂ ਕੱਢਣਾ ਬੜਾ ਔਖਾ ਕੰਮ ਬਣਿਆ ਹੋਇਆ ਹੈ ਤਾਂ ਮੈਂ ਅਜਿਹੇ ਹਾਲਾਤ ਦੇਖਦੀ ਹੋਈ ਇਸ ਤਰ੍ਹਾਂ ਵੀ ਸੋਚਦੀ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਕੁੱਝ ਹੱਸਣ-ਹਸਾਉਣ ਵਾਲੇ, ਖ਼ੁਸ਼-ਮਿਜਾਜ਼ ਵਿਅਕਤੀਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਜਿੰਨ੍ਹਾਂ ਨਾਲ ਗੱਲ ਕਰਕੇ ਅਸੀਂ ਆਪਣੀ ਚਿੰਤਾ ਨੂੰ ਘੱਟ ਕਰ ਸਕੀਏ ਅਤੇ ਜੋ ਸਾਡਾ ਮਾਰਗ ਦਰਸ਼ਨ ਕਰਦੇ ਹੋਣ, ਪਰ ਇਹ ਵੀ ਮਹਿਸੂਸ ਕਰਦੀ ਹਾਂ ਕਿ ਇਹ ਤਾਂ ਹੀ ਸੰਭਵ ਹੋਵੇਗਾ, ਜੇਕਰ ਪਹਿਲਾਂ ਅਸੀਂ ਆਪਣਾ ਸੁਭਾਅ ਬਦਲਾਂਗੇ। ਆਪ ਵੀ ਗੱਲ ਸਹਿਣ ਕਰਨ ਦਾ ਮਾਦਾ ਆਪਣੇ ਅੰਦਰ ਪੈਦਾ ਕਰਾਂਗੇ ਅਤੇ ਮੁਸਕੁਰਾਹਟ ਨਾਲ ਮਸਲਿਆਂ ਦਾ ਹੱਲ ਕੱਢਣ ਦੇ ਜਤਨ ਅਰੰਭ ਕਰਾਂਗੇ।
ਹੱਸਣਾ ਸਭ ਨਾਲੋਂ ਵਧੀਆ ਅਤੇ ਸਿਹਤਮੰਦ ਖ਼ੁਰਾਕ ਹੈ। ਪੰਜਾਬ ਵਿੱਚ ਤਾਂ ਆਮ ਤੌਰ ’ਤੇ ਇਹ ਲਕੋਕਤੀ ਮਸ਼ਹੂਰ ਹੈ ਕਿ, ‘ਹੱਸਦਿਆਂ ਦੇ ਘਰ ਵੱਸਦੇ’ ਇਸੇ ਤਰ੍ਹਾਂ ਕਿਹਾ ਜਾਂਦਾ ਹੈ, ‘ਥੋੜ੍ਹਾ-ਥੋੜ੍ਹਾ ਹੱਸਣਾ ਜ਼ਰੂਰ ਚਾਹੀਦਾ’ ਅਤੇ ‘ਹਾਸਾ ਨਿਰਾ ਪਤਾਸਾ, ਰੋਣਾ ਉਮਰਾਂ ਦਾ ਧੋਣਾ’ ਆਦਿ। ਆਓ ਹੱਸੀਏ! ਹਸਾਈਏ, ਖ਼ੁਸ਼ ਰਹੀਏ! ਖ਼ੁਸ਼ ਮਿਜਾਜ਼ ਬਣੀਏ, ਹਾਸੇ ਵੰਡੀਏ, ਰੱਜ ਕੇ ਜੀਵੀਏ। 
ਹੱਸਣਾ ਚਿੱਤ ਵਸਾਇ ਕੇ, ਤੁਰੋ ਸਿਦਕ ਦੇ ਸੰਗ।
ਕੁਦਰਤ ਖ਼ੇਡਾਂ ਖੇਡਦੀ, ਮਾਣ ਵਕਤ ਦੇ ਰੰਗ।