ਦੀਵੇ ਦੀ ਲੋਅ – ਸੋਹਣ ਸਿੰਘ ਸੀਤਲ
ਨੰਬਰ ਇੱਕ ਤੇ ਜਿਸ ਨਾਵਲ ਦਾ ਜ਼ਿਕਰ ਕਰਨ ਜਾ ਰਹੇ ਹਾਂ ਜੀ ਇਹ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਲਿਖਿਆ ਹੋਇਆ ਨਾਵਲ ਹੈ। ਇਹ ਸਾਲ 1952 ਵਿੱਚ ਮੁਕੰਮਲ ਹੋਇਆ ਸੀ। ਜੋ ਮੈਂ ਪੜ੍ਹਿਆ ਹੈ, ਇਸਨੂੰ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ 2020 ਵਿੱਚ ਛਾਪਿਆ ਹੈ। ਕੁੱਲ ਪੰਨੇ 134 ਅਤੇ ਇਹ ਦੋ ਹਿੱਸਿਆਂ ਵਿੱਚ ਲਿਖਿਆ ਹੋਇਆ ਨਾਵਲ ਹੈ।
ਸ੍ਰ. ਸੋਹਣ ਸਿੰਘ ਬਹੁ-ਪੱਖੀ ਸ਼ਖਸੀਅਤ ਸਨ। ਆਪ ਨੇ ਪ੍ਰਸੰਗ, ਨਾਵਲ, ਕਹਾਣੀ ਸੰਗ੍ਰਹਿ, ਧਾਰਮਿਕ ਅਤੇ ਸਮਾਜਿਕ ਗੀਤ, ਕਵਿਤਾਵਾਂ, ਨਾਟਕ ਅਤੇ ਇਤਿਹਾਸ ਦੇ ਨਾਲ ਸਿੱਖ ਇਤਿਹਾਸ ਸਬੰਧੀ ਖੋਜ ਕਾਰਜ ਵੀ ਲਿਖੇ ਸਨ।
ਇਸ ਨਾਵਲ ਬਾਰੇ ਸੋਹਣ ਸਿੰਘ ਸੀਤਲ ਜੀ ਕਹਿੰਦੇ ਹਨ ਕਿ, ‘ਮੈਂ ਕਲਮ ’ਤੇ ਜ਼ੋਰ ਪਾ ਕੇ ਇਹ ਕਹਾਣੀ ਨਹੀਂ ਲਿਖੀ, ਸਗੋਂ ਇਸ ਨੇ ਲਿਖੀ ਜਾਣ ਵਾਸਤੇ ਮੇਰੀ ਕਲਮ ਨੂੰ ਮਜਬੂਰ ਕਰ ਦਿੱਤਾ ਸੀ। ਸਮੁੰਦਰੀ ਜਵਾਹਰ ਭਾਟੇ ਵਾਂਗ ਇਹ ਮੇਰੇ ਧੁਰ ਅੰਦਰੋਂ ਉਛਲ ਕੇ ਵਹਿ ਨਿਕਲੀ।
ਨਾਵਲ ਦੀ ਕਹਾਣੀ ਦੇ ਮੁੱਖ ਪਾਤਰ ਯੂਸਫ ਅਤੇ ਨਸੀਰਾਂ ਦੇ ਇਸ਼ਕ-ਮੁਹੱਤਬ-ਪਿਆਰ ਦੀ ਇੱਕ ਸੱਚੀ-ਸੁੱਚੀ ਦਾਸਤਾਂ ਬਿਆਨ ਕਰਦੀ ਹੈ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਜ਼ਨਾਨੀਆਂ ਬੇਵਫ਼ਾ ਹੁੰਦੀਆਂ ਨੇ ਅਤੇ ਮਰਦ ਸਾਰੇ ਵਫ਼ਾਦਾਰ? ਕੀ ਇਹ ਸੱਚ ਹੈ? ਇਸ ਗੱਲ ਦਾ ਪਰਦਾ ਨਾਵਲ ਪੜ੍ਹਿਆਂ ਹੀ ਚੁੱਕਿਆ ਜਾ ਸਕਦਾ ਹੈ।
ਇੱਕ ਸਵਾਲ ਦੇ ਜੁਆਬ ਵਿੱਚ ਨਸੀਰਾਂ ਵੱਲੋਂ ਕਹੇ ਸ਼ਬਦ, ‘ਕਿ ਕੁੜੀਆਂ ਮਾਰ ਖਾਣ ਵਿੱਚ ਵਧੇਰੇ ਸਹਿੰਦੜ ਹੁੰਦੀਆਂ ਨੇ। ਉਹਨਾਂ ਨੂੰ ਕਿਸੇ ਨਾ ਕਿਸੇ ਗੱਲੋਂ ਸਾਰੀ ਉਮਰ ਮਾਰ ਖਾਣੀ ਪੈਂਦੀ ਏ। ਮੈਨੂੰ ਮੇਰੀ ਮਾਂ ਮਾਰਦੀ ਏ। ਛੋਟੀ ਮੁੰਨੀ ਨੂੰ ਭਰਾ ਕੁੱਟ ਲੈਂਦਾ ਏ। ਮੇਰੀ ਗੁਆਂਢਣ ਚਾਚੀ ਕਿੱਡੀ ਸਾਰੀ ਜੁਆਨ ਏ, ਪਰ ਉਸ ਚੁੱਪ ਕਰਕੇ ਮੇਰੇ ਚਾਚੇ ਕੋਲੋਂ ਮਾਰ ਖਾਈ ਜਾਂਦੀ ਏ। ਯੁਸਫ! ਭਲਾ ਬੰਦੇ ਏਡੇ ਨਿਰਦਈ ਕਿਉਂ ਹੁੰਦੇ ਨੇ? ਉਹ ਜ਼ਨਾਨੀ ਨੂੰ ਕਿਉਂ ਮਾਰਦੇ ਨੇ?’ ਬਹੁਤ ਦਿਲ ਟੁੰਬਵੇਂ ਹਨ, ਜੋ ਔਰਤ ਦੀ ਤਾ-ਹਯਾਤੀ ਦਾ ਦਰਦ ਬਿਆਨ ਕਰਦੇ ਹਨ।
ਨਾਵਲ ਵਿਚਲੇ ਹੋਰ ਪਾਤਰ ਨੰਬਰਦਾਰ ਅਤੇ ਸੂਰਤ ਸਿੰਘ, ਯੂਸਫ ਦੀ ਮਾਂ ਤਾਬੋ, ਜਮਾਲਾ, ਬਰਕਤ ਬੀਬੀ, ਹਸ਼ਮਤੇ, ਜੰਤੇ ਆਦਿ ਹਰ ਪਾਤਰ ਦੀ ਭੂਮਿਕਾ ਲਾਜਵਾਬ ਹੈ।
ਰਾਤ ਬਾਕੀ ਹੈ – ਜਸਵੰਤ ਸਿੰਘ ਕੰਵਲ
ਦੂਜੇ ਨੰਬਰ ’ਤੇ ਜੀ ਗੱਲ ਕਰਦੇ ਹਾਂ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਜੀ ਕੰਵਲ ਵੱਲੋਂ ਲਿਖੇ ਹੋੲ ਨਾਵਲ ਦੀ। ਇਹ ਸਾਲ 1955 ਵਿੱਚ ਪਹਿਲੀ ਵਾਰ ਛਪਿਆ ਸੀ। ਜੋ ਅਡੀਸ਼ਨ ਮੇਰੇ ਕੋਲ ਹੈ ਇਹ ਸਾਲ 2020 ਵਿੱਚ ਚੇਤਨਾ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਸੀ। ਜਿਸਦੇ ਕੁੱਲ 264 ਪੰਨੇ ਹਨ।
ਸ੍ਰ ਜਸਵੰਤ ਸਿੰਘ ਕੰਵਲ ਪੰਜਾਬੀ ਦੇ ਨਾਮਵਰ ਨਾਵਲਕਾਰ ਨੇ ਅਤੇ ਜਿਹਨਾਂ ਨੇ 100 ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਸਨ। ਆਪ ਨੇ ਨਾਵਲ, ਕਹਾਣੀਆਂ, ਰੇਖਾ-ਚਿੱਤਰ, ਕਵਿਤਾਵਾਂ, ਸਵੈ-ਜੀਵਨੀ ਅਤੇ ਬੱਚਿਆਂ ਲਈ ਵੀ ਕਿਤਾਬਾਂ ਲਿਖੀਆਂ।
ਇਸ ਨਾਵਲ ਦਾ ਮੁੱਖ ਪਾਤਰ ਇੱਕ ਕਿਸਾਨ ਹੈ, ਜੋ ਕਿਸਾਨ ਮੋਰਚੇ ਲੜਦਾ ਹੈ। ਨਾਵਲ ਪੜਦਿਆਂ ਹੋਇਆਂ ਪਾਠਕ ਨਾਵਲ ਦਾ ਹੀ ਇੱਕ ਪਾਤਰ ਬਣ ਜਾਂਦਾ ਹੈ। ਕਿਸਾਨੀ ਘੋਲ ਦੇ ਨਾਲ-ਨਾਲ ਪਿਆਰ ਦੀਆਂ ਪੀਂਘਾਂ ਨਾਵਲ ਨੂੰ ਚਾਰ ਚੰਨ ਲਾ ਦਿੰਦੀਆਂ ਹਨ। ਜਦੋਂ ਕਹਾਣੀ ਵਿੱਚ ਮੋੜ ਆਉਂਦਾ ਕਿ ਪਿਆਰ ਜਾਂ ਲਹਿਰ (ਹੱਕ ਲੈਣ ਵਾਲੀ ਲੋਕਾਂ ਦੀ ਆਵਾਜ਼) ਤਾਂ ਪਾਠਕ ਵੀ ਸੋਚੀ ਪੈ ਜਾਂਦਾ ਹੈ ਕਿ ਕੀ ਚੁਣਿਆ ਜਾਵੇਗਾ? ਪਰ ਜਿਸ ਤਰ੍ਹਾਂ ਕੰਵਲ ਜੀ ਦੋਵਾਂ ਨੂੰ ਜੇਤੂ ਰੱਖਦੇ ਹਨ ਤਾਂ ਉੱਥੇ ਲੇਖਕ ਦੀ ਤਾਰੀਫ਼ ਬਣਦੀ ਹੈ। ਇਹ ਨਾਵਲ ਉਨ੍ਹਾਂ ਉਦੋਂ ਲਿਖਿਆ ਜਦੋਂ ਕਮਿਊਨਿਸਟ ਪਾਰਟੀ ਆਪਣੇ ਸਿਖਰਾਂ 'ਤੇ ਸੀ। ਇਸ ਤੋਂ ਬਾਅਦ ਇਸ ਦਾ ਪਤਨ ਸ਼ੁਰੂ ਹੋ ਗਿਆ।
ਖ਼ੈਰ! ਨਾਵਲ ਦਾ ਨਾਂ ਹੈ ਜੀ ਰਾਤ ਬਾਕੀ ਹੈ, ‘ਰਾਤ ਬਾਕੀ ਹੈ ਉਨ੍ਹਾਂ ਦਾ ਚੌਥਾ ਨਾਵਲ ਸੀ। ਨਾਵਲ ਦੇ ਪਾਤਰ ਚਰਨ, ਰਾਜ ,ਭਰਪੂਰ ਅਤੇ ਪਾਲ ਬਾ-ਕਮਾਲ ਦੀ ਭੁਮਿਕਾ ਅਦਾ ਕਰਦੇ ਹਨ। ਕੰਵਲ ਹੁਰਾਂ ਦੇ ਇਸ ਨਾਵਲ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਇੱਕ ਖੂਬਸੂਰਤ ਮੋੜ ਲੈ ਆਦਾ ਸੀ। ਇਸ ਨਾਵਲ ਨੂੰ ਪੜ੍ਹਨ ਤੋਂ ਬਾਅਦ ਇੱਕ ਕੁੜੀ ‘ਡਾ. ਜਸਵੰਤ ਕੌਰ’ ਦਾ ਕੰਵਲ ਸਾਬ੍ਹ ਨਾਲ ਖਤੋ-ਕਿਤਾਬਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅਤੇ ਉਹ ਕੁੜੀ ਬਾਅਦ ਵਿੱਚ ਉਨ੍ਹਾਂ ਦੀ ਜੀਵਨ ਸਾਥਣ ਬਣੀ ਡਾ. ਜਸਵੰਤ ਗਿੱਲ। ਡਾ ਜਸਵੰਤ ਗਿੱਲ ਤੇ ਜਸਵੰਤ ਸਿੰਘ ਕੰਵਲ ਹੁਰੀਂ 1955 ਤੋਂ 1997 ਤੱਕ ਯਾਨੀ 42 ਸਾਲ ਇਕੱਠੇ ਰਹੇ।
ਤਵੀ ਤੋਂ ਤਲਵਾਰ ਤੱਕ – ਸ਼ਿਵਚਰਨ ਜੱਗੀ ਕੁੱਸਾ
ਜੀ ਦੋਸਤੋ! ਅੱਗੇ ਗੱਲ ਕਰਦੇ ਹਾਂ ਪੰਜਾਬੀ ਸਾਹਿਤ ਦੇ ਸੁਪ੍ਰਸਿੱਧ ਨਾਵਲਾਕਰ ਅਤੇ ਕਹਾਣੀਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਲਿਖੇ ਹੋਏ ਨਾਵਲ ਦੀ। ਇਹ ਨਾਵਲ ਪਹਿਲੀ ਵਾਰ ਸਾਲ 2001 ਵਿੱਚ ਛਪਿਆ ਸੀ ਅਤੇ ਜੋ ਅਡੀਸ਼ਨ ਮੈਂ ਪੜ੍ਹਿਆ ਉਹ ਸਾਲ 2010 ਵਿੱਚ ਲਾਹੌਰ ਬੁੱਕ ਸ਼ਾਪ ਵੱਲੋਂ ਛਾਪਿਆ ਗਿਆ ਹੈ ਅਤੇ ਇਸਦੇ ਕੁੱਲ ਪੰਨੇ 184 ਹਨ।
ਸ਼ਿਵਚਰਨ ਜੱਗੀ ਕੁੱਸਾ 26 ਸਾਲ ਆਸਟਰੀਆ ਰਹਿਣ ਤੋਂ ਬਾਅਦ ਹੁਣ 2006 ਤੋਂ ਇੰਗਲੈਂਡ ਦੇ ਪੱਕੇ ਵਸਨੀਕ ਹਹਨ ਅਤੇ ਅੱਜਕਲ੍ਹ ਉਹ ਲੰਦਨ ਵਿੱਚ ਰਹਿੰਦੇ ਹਨ। 'ਜੱਟ ਵੱਢਿਆ ਬੋਹੜ ਦੀ ਛਾਵੇਂ' ਤੋਂ ਲੈ ਕੇ 'ਕੁੱਲੀ ਯਾਰ ਦੀ ਸੁਰਗ ਦਾ ਝੂਟਾ' ਤਕ ਕੁਲ 22 ਨਾਵਲ ਛਪ ਚੁੱਕੇ ਹਨ। ਇਸ ਤੋਂ ਬਿਨਾਂ ਕਹਾਣੀ ਸੰਗ੍ਿਰਹ, ਵਿਅੰਗ ਸੰਗ੍ਰਹਿ, ਕਵਿਤਾ ਸੰਗ੍ਰਹਿ ਲੇਖ ਸੰਗ੍ਰਹਿ ਛੱਪ ਚੁੱਕੇ ਹਨ। ਆਪ ਜੀ ਦੀ ਲਿਖੀ ਕਹਾਣੀ ‘ਮੜ੍ਹੀਆਂ ’ਤੇ ਬਲਦੇ ਦੀਵੇ’ ਉਪਰ ਬਣੀ ਲਘੂ ਫ਼ਿਲਮ “ਰਹਿਮਤ” ਵੀ ਬਣ ਚੁੱਕੀ ਹੈ।
ਇਸ ਨਾਵਲ ਵਿੱਚ ਲੇਖਕ ਨੇ ਪੰਜਾਬ ਦੇ ਦੁਖਾਂਤ ਦੀ ਤਸਵੀਰ ਬਹੁਤ ਬੇਬਾਕੀ ਨਾਲ ਪੇਸ਼ ਕੀਤੀ ਹੈ। ਜੂਨ 1984 ਵਿੱਚ ਸਿੱਖਾਂ ਦੇ ਮੁੱਕਦਸ ਅਸਥਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਤਾਂ ਨੂੰ ਬਹੁਤ ਦਲੇਰੀ ਨਾਲ ਬਿਆਨ ਕੀਤਾ ਗਿਆ ਹੈ। ਪੁਲਿਸ ਵੱਲੋਂ ਸਿੱਖ ਨੌਜਵਾਨਾਂ ਉੱਤੇ ਕੀਤੇ ਗਏ ਤਸ਼ੱਦਦ ਬਾਰੇ ਪੜ੍ਹ ਕੇ ਪਾਠਕਾਂ ਦੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸਿੱਖ ਨੌਜਵਾਨਾਂ ਦੇ ਝੂਠੇ ਮੁਲਾਬਲੇ, ਉਹਨਾਂ ਦੇ ਪਰਵਾਰਾਂ ਉੱਤੇ ਕੀਤੇ ਗਏ ਅਤਿੱਆਚਾਰਾਂ ਦੀ ਦਾਸਤਾਂ ਹੈ ਇਹ ਨਾਵਲ। ਇਸ ਨਾਵਲ ਵਿੱਚ ਮੁੱਖ ਕਿਰਦਾਰ ਪ੍ਰੋਫ਼ੈਸਰ ਕਰਮ ਸਿੰਘ ਦਾ ਹੈ। ਜਿਸਦੇ ਪੂਰੇ ਪਰਵਾਰ ਨੂੰ ਪੁਲਸ ਤਸ਼ਦਦ ਸਹਿਣਾ ਪੈਂਦਾ ਹੈ। ਇਸ ਤੋਂ ਇਲਾਵਾ ਲਾਲੀ, ਸੁੱਖੀ, ਦਿਲਬਾਗ ਆਦਿ ਕਿਰਦਾਰ ਬਾ-ਕਮਾਲ ਦਾ ਰੋਲ ਅਦਾ ਕਰਦੇ ਹਨ। ਨਾਵਲ ਦੀ ਸ਼ਬਦਾਵਲੀ ਠੇਠ ਪੰਜਾਬੀ ਵਿੱਚ ਹੈ ਅਤੇ ਥਾਂ-ਪੁਰ-ਥਾਂ ਚੱਲਦੇ ਸੰਵਾਦ, ਨਾਵਲ ਨਾਲ ਪਾਠਕ ਨੂੰ ਬੰਨ੍ਹ ਕੇ ਰੱਖਦੇ ਹਨ। ਨਾਵਲ ਸਿੱਖ ਇਤਿਹਾਸ ਦੀਆਂ ਪ੍ਰੰਪਰਾਵਾਂ ਸ਼ਹੀਦੀ/ ਸ਼ਹਾਦਤ, ਦ੍ਰਿੜਤਾ, ਨਿਰਭੈਤਾ ਨੂੰ ਬਾਖੂਬੀ ਢੰਗ ਨਾਲ ਪੇਸ਼ ਕਰਦਾ ਹੈ।
ਖਿੜ੍ਹਨ ਤੋਂ ਪਹਿਲਾਂ – ਡਾ. ਧਰਮਪਾਲ ਸਾਹਿਲ
ਨੰਬਰ 4 ’ਤੇ ਜਿਸ ਨਾਵਲ ਬਾਰੇ ਗੱਲ ਕਰਨ ਜਾ ਰਹੇ ਹਾਂ, ਪ੍ਰਸਿੱਧ ਲੇਖਕ ਡਾ. ਧਰਮਪਾਲ ਸਾਹਿਲ ਵੱਲੋਂ ਲਿਖਿਆ ਗਿਆ ਨਾਵਲ ਹੈ। ਇਹ ਨਾਵਲ ਸਾਲ 2019 ਵਿੱਚ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਹੁਰਾਂ ਵੱਲੋਂ ਲੋਕ ਅਰਪਤ ਕੀਤਾ ਗਿਆ ਸੀ। ਨਾਵਲ ਦੇ ਕੁੱਲ ਪੰਨੇ 117 ਹਨ ਅਤੇ ਇਹ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਡਾ. ਸਾਹਿਲ ਨੂੰ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ, ਪਜਾਬੀ ਸਾਹਿਤ ਦੀ ਸੇਵਾ ਕਰਦਿਆਂ। ਉਹਨ੍ਹਾਂ ਹੁਣ ਤੱਕ ਮਿੰਨੀ ਕਹਾਣੀ ਸੰਗ੍ਰਹਿ, ਕਹਾਣੀ ਸੰਗ੍ਰਹਿ, ਸਫ਼ਰਨਾਮੇ, ਕਵਿਤਾ ਸੰਗ੍ਰਹਿ, ਬਾਲ ਸਾਹਿਤ ਅਤੇ ਕਰੀਬ ਪੰਜਾਬੀ ਵਿਚ ਪੰਜ ਨਾਵਲਾਂ ਕੋਈ 30 ਕੁ ਪੁਸਤਕਾਂ ਦਾ ਅਨੁਵਾਦ ਦਾ ਕਾਰਜ ਕੀਤਾ ਹੈ।
ਇਹ ਨਾਵਲ ਸੂਚਨਾ ਅਤੇ ਸੰਚਾਰ ਤਕਨੌਲਜੀ ਵਿੱਚ ਆਏ ਵੱਡੇ ਬਦਲਾਅ ਵਿੱਚੋਂ ਪੈਦਾ ਹੋਣ ਵਾਲੀਆਂ ਉਹਨ੍ਹਾਂ ਗੰਭੀਰ ਪ੍ਰੇਸ਼ਾਨੀਆਂ ਪ੍ਰਤੀ ਸੁਚੇਤ ਕਰਦਾ ਹੈ, ਜਿਹੜੀਆਂ ਅੱਜ ਹਰ ਘਰ-ਪਰਵਾਰ ਦਾ ਹਿੱਸਾ ਬਣ ਚੁੱਕੀਆਂ ਹਨ। ਸਾਈਬਰ ਕ੍ਰਾਈਮ ਦਾ ਮੋਬਾਇਲ ਰਾਹੀਂ ਬੱਚਿਆਂ ਦੀ ਮਾਨਸਿਕਤਾ ਉੱਤੇ ਪੈ ਰਹੇ ਦੁਰ-ਪ੍ਰਭਾਵ ਨੂੰ ਬਹੁਤ ਪੜਚੋਲੀਆ ਢੰਗ ਨਾਲ ਨਾਵਲ ਵਿੱਚ ਬਿਆਨ ਕੀਤਾ ਗਿਆ ਹੈ। ਉਸਦੇ ਨਾਲ ਹੀ ਪੰਜਾਬ ਦੀ ਨਸ਼ੇ ਵਿੱਚ ਗਰਕ ਹੋ ਰਹੀ ਨੌਜਵਾਨੀ ਦੀ ਤਸਵੀਰ ਨੂੰ ਬਿਲਕੁਲ ਉਸੇ ਤਰ੍ਹਾਂ ਬਿਆਨ ਕੀਤਾ ਹੈ ਜਿਸ ਤਰ੍ਹਾਂ ਅੱਜ ਹਰ ਘਰ ਵਿੱਚ ਵਾਪਰ ਰਿਹਾ ਹੈ। ਇਹ ਨਾਵਲ ਤਿੜਕੇ ਘਰਾਂ ਅਤੇ ਰਿਸ਼ਤਿਆਂ ਦੀ ਦਾਸਤਾਂ ਹੈ, ਇਹ ਨਾਵਲ ਨਸ਼ੇ ਅਤੇ ਇੰਟਰਨੈੱਟ ਅਡੀਕਸ਼ਨ ਤੋਂ ਬੱਚਿਆਂ ਨੂੰ ਕਿਵੇਂ ਬਚਾਉਣਾ ਹੈ ਬਾਰੇ ਦੱਸਦਾ ਹੈ…
ਇਸ ਨਾਵਲ ਦੇ ਮੁੱਖ ਪਾਤਰ ਟੀਨਏਜਰ ਬੱਚੀ ਸੈਫੀ, ਉਸਦਾ ਟੀਨਏਜਰ ਹੀ ਦੋਸਤ ਸੰਨੀ ਅਤੇ ਅਧਿਆਪਕਾ ਸੁਮਿਤਰਾ ਹਨ। ਅਤੇ ਇਹਨਾਂ ਦੇ ਪਰਵਾਰ ਵੀ ਬਤੌਰ ਪਾਤਰ ਅਹਿਮ ਭੂਮਿਕਾ ਅਦਾ ਕਰਦੇ ਹਨ। ਨਾਵਲ ਦਾ ਨਾਮ ਹੈ ‘ਖਿੜਣ ਤੋਂ ਪਹਿਲਾਂ’… ਖ਼ਾਸ ਗੱਲ ਇਹ ਕਿ ਇਹ ਨਾਵਲ ਅੱਜਕੱਲ੍ਹ ਦੇ ਹਰੇਕ ਉਮਰ ਦੇ ਮਾਪਿਆਂ ਨੂੰ ਬਹੁਤ ਜ਼ਰੂਰੀ ਅਤੇ ਬੱਚਿਆਂ ਨੂੰ ਜ਼ਰੂਰੀ ਪੜ੍ਹਨਾ ਚਾਹੀਦਾ ਹੈ।
ਕੌਰਵ ਸਭਾ – ਮਿੱਤਰ ਸੈਨ ਮੀਤ
ਪੰਜਵੇਂ ਨੰਬਰ ’ਤੇ ਗੱਲ ਕਰਦੇ ਹਾਂ ਜੀ ‘ਸਾਹਿਤ ਅਕਾਦਮੀ ਪੁਰਸਕਾਰ’ ਜੇਤੂ ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਮਿੱਤਰ ਸੈਨ ਮੀਤ ਜੀ ਦੇ ਲਿਖੇ ਹੋਏ ਪ੍ਰਸਿੱਧ ਨਾਵਲ ਦੀ। ਪਹਿਲੀ ਵਾਰ ਇਹ ਨਾਵਲ ਸਾਲ 2003 ਵਿੱਚ ਛੱਪਿਆ ਸੀ ਕਰੀਬ ਸਾਢੇ ਤਿੰਨ ਸੌ ਪੰਨਿਆਂ ਦੇ ਇਸ ਨਾਵਲ ਦਾ ਜੋ ਮੈਂ ਪੜ੍ਹਿਆ ਹੈ ਉਹ 2018 ਵਿੱਚ ਛੱਪਿਆ ਹੈ ਅਤੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਛਾਪਿਆ ਗਿਆ ਹੈ।
ਮਿੱਤਰ ਸੈਨ ਮੀਤ ਹੁਰਾਂ ਨੇ ਨਾਵਲ ਅਤੇ ਕਹਾਣੀ ਸੰਗ੍ਰਹਿਾਂ ਅਤੇ ਕਾਨੂੰਨ ਨਾਲ ਸਬੰਧਿਥ ਅਨੇਕਾਂ ਪੁਸਤਕਾਂ ਰਾਹੀਂ ਪੰਜਾਬੀ ਸਾਹਿਤ ਵਿੱਚ ਆਪਣੀ ਮੌਜੂਦਗੀ ਪ੍ਰਗਟ ਕੀਤੀ ਸੀ। ਉਹਨਾਂ ਦੀਆਂ ਲਿਖਤਾਂ ਬਹੁਤ ਬੇਬਾਕ ਅਤੇ ਸਪੱਸ਼ਟ ਜਿਹੀਆਂ ਹੁੰਦੀਆ। ਗੱਲ ਨੂੰ ਗੋਲ-ਮੋਲ ਕਰਕੇ ਲਿਖਣ ਦੀ ਥਾਂ ਬੜੀ ਸਪੱਸ਼ਟਤਾ ਨਾਲ ਲਿਖਦੇ ਹਨ, ਕਿ ਉਹਨਾਂ ਦੇ ਨਾਵਲ ‘ਤਫਤੀਸ਼’ ਕਾਰਨ ਉਹਨ੍ਹਾਂ ਨੂੰ ਸਰਕਾਰੀ ਵਿਰੋਧ ਵੀ ਝੱਲਣਾ ਪਿਆ ਸੀ। ਉਹਨਾਂ ਦੀਆ ਲਿਖਤਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਪੜ੍ਹਾਈਆਂ ਜਾਂਦੀਆਂ ਹਨ।
ਇਸ ਨਾਵਲ ਬਾਰੇ ਕਰੀਬ ਦੋ ਦਰਜਨ ਵਿਦਵਾਨਾਂ ਦੀ ਪ੍ਰਤੀਕਿਰਿਆਂ ਦਿੰਦੀ ਸਾਂਝੀ ਕਿਰਤ ‘ਮਿੱਤਰ ਸੈਨ ਮੀਤ ਦੇ ਨਾਵਲ ਕੌਰਵ ਸਭਾ ਦੀ ਪਰਤਾਂ’ ਵੀ ਛੱਪ ਚੁੱਕੀ ਹੈ। ਇਸ ਨਾਵਲ ਕਰੀਬ ਡੇਢ ਸੌ ਪਾਤਰਾਂ, ਸੈਂਕੜੇ ਘਟਨਾਵਾਂ ਅਤੇ ਹਜ਼ਾਰਾਂ ਅਦਾਲਤੀ ਕੇਸਾਂ ਦੇ ਇਰਦ ਗਿਰਦ ਘੁੰਮਦਾ ਹੋਇਆ, ਪੜ੍ਹਨ ਵਾਲੇ ਨੂੰ ਵੀ ਬਤੌਰ ਪਾਤਰ ਆਪਣੇ ਨਾਲ ਜੋੜ ਲੈਂਦਾ ਹੈ। ਉਥੇ ਪੁਲਿਸ ਪ੍ਰਬੰਧ, ਨਿਆਂ ਪ੍ਰਬੰਧ ਬਾਰੇ ਬੜੀ ਰੌਚਕ ਜਾਣਕਾਰੀ ਪਾਠਕ ਨੂੰ ਪ੍ਰਦਾਨ ਕਰਦਾ ਹੈ। ਨਾਵਲ ਵਿੱਚ ਕਿਸੇ ਤਰ੍ਹਾਂ ਦਾ ਰੁਮਾਂਸ ਨਹੀਂ ਹੈ, ਉਸਦੇ ਬਾਵਜੂਦ ਪਾਠਕ ਅੰਦਰ ਬੇਰਸੀ ਪੈਦਾ ਨਹੀਂ ਹੁੰਦੀ। ਇਹ ਨਾਵਲ ਆਪਣੀ ਯਥਾਰਥਕ ਸ਼ੈਲੀ, ਦਿਲਚਸਪ ਬਿਰਤਾਂਤ ਅਤੇ ਸਰਲ ਸਾਦੀ ਭਾਸ਼ਾ ਰਾਹੀਂ ਕਈ ਗੁੰਝਲਦਾਰ ਘਟਨਾਵਾਂ ਅਤੇ ਵਰਤਾਰਿਆ ਨਾਲ ਪਾਠਕਾਂ ਦੇ ਮਨਾਂ ਵਿੱਚ ਉੱਤਰ ਜਾਂਦਾ ਹੈ।