ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਰਾਗ ਸਾਰੰਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਬੜਾ ਪਿਆਰਾ ਸ਼ਬਦ ਹੈ ਜਿਸਦੀ ਰਹਾਉ ਵਾਲੀ ਪੰਗਤੀ ਇਸ ਤਰ੍ਹਾਂ ਹੈ: ਕਾਹੇ ਪੂਤ ਝਗਰਤ ਹਉ ਸੰਗਿ ਬਾਪ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥ ਭਾਵ: ਹੇ ਪੁੱਤਰ! (ਦੁਨੀਆਂ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ? ਜਿੰਨ੍ਹਾਂ ਮਾਪਿਆਂ ਨੇ ਜੰਮਿਆ ਅਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ।
ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ‘ਗੁਰਮਤਿ ਮਾਰਤੰਡ ਗ੍ਰੰਥ’ ਵਿਚ ਇੱਕ ਥਾਈਂ ਲਿਖਦੇ ਹਨ ਕਿ ਔਲਾਦ ਦਾ ਧਰਮ ਹੈ ਕਿ ਆਪਣੇ ਮਾਤਾ-ਪਿਤਾ ਨੂੰ ਦੇਵਤਾ ਸਰੂਪ ਜਾਣ ਕੇ ਸੇਵਾ ਕਰੇ ਅਤੇ ਆਗਿਆ ਪਾਲਣ ਕਰ ਕੇ ਉਨ੍ਹਾਂ ਦੀ ਆਤਮਾ ਨੂੰ ਪ੍ਰਸੰਨ ਕਰੇ। ਭਗਤ ਕਬੀਰ ਜੀ ਤਾਂ ਇਥੋਂ ਤਕ ਕਥਨ ਕਰਦੇ ਹਨ ਹਨ ਕਿ ਵਿਦਵਾਨ ਤੇ ਬਿਬੇਕੀ ਸੰਤਾਨ ਤੋਂ ਬਿਨਾਂ ਨਾਲਾਇਕ ਔਲਾਦ ਦਾ ਨਾ ਹੋਣਾ ਹੀ ਚੰਗਾ ਹੈ, ‘ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥ ਬਿਧਵਾ ਕਸ ਨ ਭਈ ਮਹਤਾਰੀ॥’
ਪੰਜਾਬੀ ਦਾ ਬੜਾ ਮਕਬੂਲ ਵਾਕ ਹੈ ਕਿ, ‘ਤਿੰਨ ਰੰਗ ਨਹੀਂ ਲੱਭਣੇ, ਹੁਸਨ, ਜਵਾਨੀ ਅਤੇ ਮਾਪੇ’। ਤਾਹੀਂ ਤਾਂ ਕਿਹਾ ਜਾਂਦਾ ਹੈ ਕਿ ਮਾਪੇ ਸਾਡੇ ਲਈ ਰੱਬ ਦਾ ਹੀ ਦੂਜਾ ਰੂਪ ਹੁੰਦੇ ਹਨ। ਮਾਪਿਆਂ ਤੋਂ ਨੇੜਲਾ, ਉੱਚਾ-ਸੁੱਚਾ ਅਤੇ ਪਵਿੱਤਰ ਰਿਸ਼ਤਾ ਕੁਦਰਤ ਦੀ ਬਖਸ਼ੀ ਨਿਆਮਤ ਵਾਂਗ ਹੁੰਦਾ ਹੈ, ਜੋ ਹਰ ਕਿਸੇ ਨੂੰ ਆਪੋ-ਆਪਣੀ ਮਿਲਦੀ ਹੈ। ਇਹ ਰਿਸ਼ਤਾ ਉਧਾਰਾ ਨਹੀਂ ਲਿਆ ਜਾ ਸਕਦਾ ਅਤੇ ਨਾ ਹੀ ਮੰਗਿਆਂ ਮਿਲਦਾ ਹੈ। ਜਨਮ ਤੋਂ ਲੈ ਕੇ ਜਵਾਨੀ ਤੱਕ, ਬੱਚਿਆਂ ਦੀ ਪੜ੍ਹਾਈ-ਲਿਖਾਈ, ਬੱਚਿਆਂ ਦੀ ਜਾਇਜ਼-ਨਜਾਇਜ਼ ਜ਼ਿੱਦਾਂ, ਲੋੜਾਂ/ਜ਼ਰੂਰਤਾਂ, ਲਾਡ-ਪਿਆਰ-ਝਿੜਕਾਂ ਆਦਿ ਨਾਲ ਸਭ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਮਾਪੇ ਖਿੜ੍ਹੇ ਮੱਥੇ, ਔਖੇ-ਸੌਖੇ ਹੋ ਕੇ ਵੀ ਨਿਭਾਉਂਦੇ ਹਨ। ਕਿਹਾ ਜਾਂਦਾ ਹੈ ਨਾ ਕਿ ਮਾਂ ਆਪ ਗਿੱਲੇ ’ਤੇ ਸੌਂ ਜਾਂਦੀ ਹੈ ਅਤੇ ਆਪਣੀ ਔਲਾਦ ਨੂੰ ਸੁੱਕੇ ’ਤੇ ਪਾਉਂਦੀ ਹੈ। ਇਸੇ ਤਰ੍ਹਾਂ ਪਿਤਾ ਵੀ ਵੀ ਆਪਣੀ ਔਲਾਦ ਨੂੰ ਆਪਣੇ ਪੈਰਾਂ ’ਤੇ ਖੜ੍ਹਿਆਂ ਕਰਨ ਲਈ ਹਰ ਤਰ੍ਹਾਂ ਦੇ ਨਿੱਕੇ-ਵੱਡੇ ਸੰਘਰਸ਼ ਵਿੱਚ ਕੁੱਦਣ ਤੋਂ ਪਿੱਛੇ ਨਹੀਂ ਹੱਟਦਾ।
ਆਪਣੀਆਂ ਜ਼ਰੂਰਤਾਂ ਨੂੰ ਅੱਖੋਂ-ਪੱਰੋਖੇ ਕਰ ਕੇ, ਬੱਚਿਆਂ ਦੀ ਰੀਝਾਂ ਪੂਰੀਆਂ ਕਰਨ ਹਿੱਤ ਕੀਤੀਆਂ ਕੁਰਬਾਨੀਆਂ ਬਾਰੇ ਅਕਸਰ ਹੀ ਬੱਚਿਆਂ ਨੂੰ ਨਾ ਸਮਝ ਹੁੰਦੀ ਹੈ ਅਤੇ ਨਾ ਹੀ ਕਦਰ। ਫਿਰ ਵੀ ਮਾਪਿਆਂ ਦਾ ਪਿਆਰ, ਕੁਰਬਾਨੀ ਅਤੇ ਸਮਰਪਤ ਭਾਵਨਾ, ਬਦਲੇ ਵਿੱਚ ਸਿਰਫ਼ ਆਪਣੇ ਬੱਚਿਆਂ ਦੀ ਖ਼ੁਸ਼ੀ ਹੀ ਭਾਲਦੀ ਹੈ। ਵੱਡੇ ਧੀਆਂ-ਪੁੱਤ ਵਿਆਹੇ ਵੀ ਜਾਣ ਤਾਂ ਵੀ ਮਾਪਿਆਂ ਵਾਸਤੇ ਭੋਲੇ-ਭਾਲੇ ਅਤੇ ਬੱਚੇ ਹੀ ਰਹਿੰਦੇ ਹਨ। ਜਿਵੇਂ ਬਚਪਨ ਵਿੱਚ ਮਾਪੇ ਬੱਚਿਆਂ ਦਾ ਮਾਰਗ ਦਰਸ਼ਨ ਕਰਦੇ ਹਨ, ਸੁਝਾਅ ਦਿੰਦੇ ਹਨ, ਉਹ ਆਦਤ ਤਾ-ਉਮਰ ਬਣੀ ਰਹਿੰਦੀ ਹੈ, ਪਰ ਵੱਡੇ ਹੋ ਕੇ ਕਈ ਬੱਚੇ ਇਸ ਨੂੰ ਬੇ-ਲੋੜੀ ਦਖ਼ਲ-ਅੰਦਾਜ਼ੀ ਜਾਂ ਬੋਝ ਸਮਝਣ ਲੱਗ ਪੈਂਦੇ ਹਨ।
ਸਮਾਂ ਬਦਲਦਾ ਹੈ, ਮਨੁੱਖੀ ਸੋਚ ਬਦਲਦੀ ਹੈ, ਲੋੜਾਂ ਬਦਲੀਆਂ ਹਨ ਅਤੇ ਕੰਮ ਕਰਨ ਦੇ ਰੰਗ-ਢੰਗ ਬਦਲਦੇ ਹਨ, ਇਸ ਲਈ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਮਾਂ-ਬਾਪ ਨੂੰ ਭਰੋਸੇ ਵਿੱਚ ਲੈ ਕੇ, ਮਾਪਿਆਂ ਨੂੰ ਬਦਲ ਰਹੇ ਸਮੇਂ ਦੇ ਹਾਣੀ ਬਣਾਉਣ ਦਾ ਜਤਨ ਕਰਨ, ਠੀਕ ਉਸੇ ਤਰ੍ਹਾਂ ਜਿਵੇਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਆਪਣਾ ਸੁੱਖ-ਚੈਨ ਭੁੱਲ ਕੇ ਦਿਨ ਰਾਤ ਇੱਕ ਕਰ ਦਿੱਤਾ ਸੀ, ਪਰ ਕਦੇ ਵੀ ਗੁੱਸਾ, ਘਿਰਣਾ ਜਾਂ ਛੋਟੇਪਣ ਦਾ ਮੁਜ਼ਾਹਰਾ ਨਹੀਂ ਸੀ ਕੀਤਾ। ਜਦ ਔਲਾਦ ਜਵਾਨ ਹੋ ਕੇ ਇਹ ਸਾਬਤ ਕਰਨ ਦਾ ਜਤਨ ਕਰਦੀਾ ਹੈ ਕਿ ਉਸਦੇ ਮਾਂ-ਬਾਪ ਨੂੰ ਕੱਖ ਨਹੀਂ ਪਤਾ ਅਤੇ ਉਹ ਫ਼ਜ਼ੂਲ ਬਹਿਸਾਂ ਕਰਦਾਂ ਹਨ ਤਾਂ ਮਾਪਿਆਂ ਦੀ ਹਾਲਤ ਇੰਜ ਹੋ ਜਾਂਦੀ ਹੈ ਜਿਵੇਂ ਉਹਨਾਂ ਦੀ ਜ਼ਿੰਦਗੀ ਦੀ ਸਾਰੀ ਪੂੰਜੀ ਹੀ ਲੁੱਟੀ ਗਈ ਹੋਵੇ।
ਅੱਜ-ਕੱਲ੍ਹ ਬਿਰਧ ਘਰਾਂ ਵਿੱਚ ਵੱਧ ਰਹੀ ਬਜ਼ੁਰਗਾਂ ਦੀ ਆਮਦ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਢਿੱਡੋਂ ਜੰਮੇ ਅਤੇ ਦੁੱਧ/ਲਹੂ ਨਾਲ ਪਾਲੇ ਆਪਣੇ ਧੀਆਂ-ਪੁੱਤ ਅੱਜ ਕਿੰਨੇ ਬੇਕਦਰੇ ਅਤੇ ਨਾ-ਸ਼ੁਕਰੇ ਹੋ ਗਏ ਹਨ। ਭਾਵੇਂ ਇਹ ਬੜੀ ਸਪੱਸ਼ਟ ਵਿਚਾਰ ਹੈ ਕਿ ਨਵੀਂ ਅਤੇ ਪੁਰਾਣੀ ਪੀੜ੍ਹੀ ਦੀ ਸੋਚ, ਸਮਝ, ਵਿਚਾਰਾਂ ਆਦਿ ਵਿੱਚ ਫ਼ਰਕ ਹੁੰਦਾ ਹੈ। ਪਰ ਇਹ ਵਿਚਾਰਾਂ ਦੇ ਵਖਰੇਵੇਂ ਕਿੱਥੇ ਨਹੀਂ ਹੁੰਦੇ, ਕੀ ਇਸ ਅਗਾਂਹਵਧੂ, ਪੜ੍ਹੇ-ਲਿਖੇ ਸਮਾਜਿਕ ਤਾਣੇ-ਬਾਣੇ ਵਿੱਚ, ਜਿੱਥੇ ਬੱਚੇ ਵਿਚਰਦੇ ਹਨ, ਨੌਕਰੀ ਕਰਦੇ ਹਨ ਜਾਂ ਰਹਿੰਦੇ-ਸਹਿੰਦੇ ਹਨ ਕੀ ਉੱਥੇ ਇਹ ਵਖਰੇਵੇਂ ਨਹੀਂ ਹੁੰਦੇ, ਪਰ ਫਿਰ ਵੀ ਅਸੀਂ ਆਪਣੀਆਂ ਲੋੜਾਂ ਖ਼ਾਤਰ ਸਮਝੌਤਾ ਕਰਦੇ ਹਾਂ। ਇਹ ਸਮਝੌਤਾ ਉਹਨਾਂ ਲੋਕਾਂ ਨਾਲ ਹੁੰਦਾ ਹੈ, ਜੋ ਪਿਛਲੇ ਕੁਝ ਸਮੇਂ ਤੋਂ ਹੀ ਸਾਡੀ ਜ਼ਿੰਦਗੀ ਵਿੱਚ ਆਪੋ-ਆਪਣੀਆ ਲੋੜਾਂ ਮੂਜਬ ਦਾਖ਼ਲ ਹੋਏ ਹੁੰਦੇ ਹਨ, ਪਰ ਮਾਪੇ ਤਾਂ ਕਿਸੇ ਲੋੜ ਨਾਲ ਨਹੀਂ ਜੁੜੇ ਹੁੰਦੇ, ਸਗੋਂ ਸਾਡਾ ਵਜੂਦ ਹੀ ਮਾਪਿਆਂ ਕਰਕੇ ਹੋਂਦ ਵਿੱਚ ਆ ਸਕਿਆ ਹੁੰਦਾ ਹੈ ਤਾਂ ਮਾਪਿਆਂ ਨਾਲ ਛੋਟੇ-ਛੋਟੇ ਸਮਝੌਤੇ ਕਿਉਂ ਨਹੀਂ ਕੀਤੇ ਜਾ ਸਕਦੇ?
ਜਿਉਂਦੇ ਜੀਅ ਮਾਪਿਆ ਦੀ ਸੇਵਾ ਨੂੰ ਸਭ ਤੋਂ ਵੱਡਾ ਮੰਨਿਆ ਗਿਆ ਹੈ, ਪਰ ਸਮਾਜ ਵਿੱਚ ਮਾਪਿਆਂ ਦੇ ਮਰਨ ਪਿੱਛੋਂ ਉਹਨਾਂ ਪ੍ਰਤੀ ਸਤਿਕਾਰ, ਪਿਆਰ ਜਾਂ ਮੋਹ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ, ਪਰ ਗੁਰਬਾਣੀ ਅੰਦਰ ਬੜਾ ਸੁੰਦਰ ਫ਼ੁਰਮਾਣ ਹੈ ਕਿ, ‘ਜੀਵਤ ਪਿਤਰ ਨਾ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥’ ਭਾਵ ਕਿ ਲੋਕ ਜਿਊਂਦੇ ਮਾਪਿਆਂ ਦਾ ਤਾਂ ਆਦਰ ਨਹੀਂ ਕਰਦੇ, ਪਰ ਮਰ ਗਏ ਪਿੱਤਰਾਂ ਨਮਿਤ ਭੋਜਨ ਖੁਆਉਂਦੇ ਹਨ। ਵਿਚਾਰ ਪਿੱਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ।
ਸੋ, ਬੱਚਿਆ ਦਾ ਫ਼ਰਜ਼ ਹੋਣਾ ਚਾਹੀਦਾ ਹੈ ਕਿ ਜਿਉਂਦੇ ਜੀਅ ਆਪਣੇ ਜਨਮ ਦਾਤੇ ਮਾਤਾ-ਪਿਤਾ ਦਾ ਖ਼ਿਆਲ ਰੱਖਣ। ਪੈਸਾ ਹੀ ਸਭ ਕੁਝ ਨਹੀਂ ਹੁੰਦਾ, ਚੰਦ ਪੈਸਿਆਂ ਦੀ ਖ਼ਾਤਰ ਮਾਪਿਆਂ ਤੋਂ ਦੂਰ (ਮਨੋਂ ਦੂਰ) ਹੋ ਜਾਣਾ ਕੋਈ ਪ੍ਰਾਪਤੀ ਨਹੀਂ, ਸਗੋਂ ਮੂਰਖਤਾ ਹੈ। ਆਪਣੇ ਘਰ-ਪਰਿਵਾਰ, ਆਪਣੇ ਮਾਪੇ ਅਤੇ ਆਪਣੇ ਸਭਿਆਚਾਰ ਤੋਂ ਮੂੰਹ ਫੇਰ ਕੇ ਅੰਤਲੇ ਸਮੇਂ ਕੇਵਲ ਪਛਤਾਵਾ ਪੱਲੇ ਪਵੇਗਾ।
ਇਸ ਲਈ ਆਓ! ਮਾਤਾ-ਪਿਤਾ ਦੀ ਸੇਵਾ, ਮਾਤਾ-ਪਿਤਾ ਦਾ ਹੁਕਮ ਮੰਨਣ ਵਿੱਚ ਆਪਣਾ ਭਲਾ ਸਮਝੀਏ। ਜੇਕਰ ਕਿੱਧਰੇ ਵਿਚਾਰਾਂ ਵਿੱਚ ਵਖਰੇਵਾਂ ਹੈ ਤਾਂ ਪਿਆਰ ਸਤਿਕਾਰ ਨਾਲ ਮਾਪਿਆਂ ਨੂੰ ਵੀ ਸਮਝਾਇਆ ਜਾ ਸਕਦਾ ਹੈ। ਜਦੋਂ ਮਾਪੇ ਉਸ ਵੇਲੇ ਸਾਡੀਆਂ ਭਾਵਨਾਵਾਂ ਸਮਝ ਜਾਂਦੇ ਸਨ, ਜਦ ਸਾਡੇ ਕੋਲ ਸ਼ਬਦ ਨਹੀਂ ਸਨ ਜਾਂ ਅਸੀਂ ਬਹੁਤ ਛੋਟੇ ਅਤੇ ਨਾ-ਸਮਝ ਸਾਂ ਤਾਂ ਅੱਜ ਜਦੋਂ ਤੁਸੀਂ ਆਪਣੇ ਮਿੱਠੇ-ਪਿਆਰੇ ਸ਼ਬਦਾਂ ਵਿੱਚ ਹਲੀਮੀ, ਸਾਦਗੀ ਅਤੇ ਸਹਿਜ ਭਰ ਕੇ ਕਿਸੇ ਮੁੱਦੇ ਉੱਤੇ ਸੰਵਾਦ ਰਚਾਓਗੇ ਤਾਂ ਉਹ ਕਿਉਂ ਨਹੀਂ ਸਮਝਣਗੇ?
ਯਾਦ ਰਹੇ ਕਿ ਧਾਰਮਿਕ ਸਥਾਨਾਂ ’ਤੇ ਜਾ ਕੇ ਕੀਤੀ ਸੇਵਾ ਵੀ ਤਾਂ ਹੀ ਸਫ਼ਲ ਹੁੰਦੀ ਹੈ, ਜੇਕਰ ਘਰ ਮਾਪਿਆਂ ਦੀ ਸੇਵਾ ਅਤੇ ਸਤਿਕਾਰ ਕਰਦੇ ਹੋਵਾਂਗੇ। ਇਸ ਸਭ ਲਈ ਇਹ ਵੀ ਜ਼ਰੂਰੀ ਹੈ ਕਿ ਮਾਪੇ ਵੀ ਆਪਣੇ ਮਾਪਿਆਂ, ਭਾਵ ਕਿ ਆਪਣੇ ਬੱਚਿਆਂ ਦੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਸੇਵਾ ਅਤੇ ਪਿਆਰ ਕਰਨ। ਜੋ ਕੁਝ ਮਾਪੇ ਕਰਨਗੇ ਉਹੀ ਕੁਝ ਔਲਾਦ ਸਿੱਖੇਗੀ। ਕਿਉਂਕਿ ਜੇ ਔਲਾਦ ਵਿਗੜ ਜਾਵੇ ਜਾਂ ਗ਼ਲਤ ਰਾਹਾਂ ’ਤੇ ਪੈ ਜਾਵੇ ਅਤੇ ਮਾਪਿਆਂ ਦੇ ਕਹਿਣੇ ਵਿਚ ਨਾ ਹੋਵੇ ਤਾਂ ਉਸ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ। ਸੋ ਸਭ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਆਪਣੀ ਔਲਾਦ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਜੋ ਉਹ ਕੁਰਾਹੇ ਨਾ ਪੈ ਸਕੇ। ਇਹ ਵੀ ਜ਼ਰੂਰੀ ਹੈ ਕਿ ਮਾਂ-ਬਾਪ ਦੀ ਸੇਵਾ ਦੀ ਆਸ ਕੇਵਲ ਬੱਚਿਆਂ ਕੋਲੋਂ ਹੀ ਨਾ ਕੀਤੀ ਜਾਵੇ ਬਲਕਿ ਆਪ ਵੀ ਆਪਣੇ ਮਾਪਿਆਂ ਦੀ ਸੇਵਾ ਕਰਕੇ, ਬੱਚਿਆ ਲਈ ਰੋਲ ਮਾਡਲ ਬਣਿਆ ਜਾਵੇ, ਤਾਂ ਹੀ ਇੱਕ ਨਰੋਆ ਅਤੇ ਸੁਹਣਾ ਸਮਾਜ ਸਿਰਜਿਆ ਜਾ ਸਕੇਗਾ।