ਸੀ. ਮਾਰਕੰਡੇ ਦੇ ਸਾਰੇ ਸਫ਼ਰਨਾਮੇ (ਲੇਖ )

ਪੰਜਾਬੀਮਾਂ ਬਿਓਰੋ   

Email: info@punjabimaa.com
Cell: 12017097071
Address: 1329, Littleton Road, Morris Plain,New Jersey
United States 07950
ਪੰਜਾਬੀਮਾਂ ਬਿਓਰੋ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਘੁੰਮਣ-ਫਿਰਨ ਦੀ ਪ੍ਰਵਿਰਤੀ ਮਨੁੱਖ ਵਿੱਚ ਮੁੱਢ ਤੋਂ ਹੀ ਰਹੀ ਹੈ। ਯਾਤਰਾ ਕਰਨ ਨਾਲ ਇਨਸਾਨ ਦੇ ਅੰਦਰੂਨੀ ਅਤੇ ਬਾਹਰੀ ਗਿਆਨ ਵਿੱਚ ਵਾਧਾ ਹੁੰਦਾ ਹੈ, ਸ਼ਖ਼ਸੀਅਤ ਵਿਕਸਿਤ ਹੁੰਦੀ ਹੈ, ਤਰੱਕੀ ਦੇ ਨਵੇਂ ਰਾਹ ਨਿੱਕਲਦੇ ਹਨ ਅਤੇ ਸੋਚ ਦਾ ਘੇਰਾ ਵਿਸ਼ਾਲ ਹੁੰਦਾ ਹੈ। ਕਿੰਨੇ ਹੀ ਦੇਸ਼ਾਂ/ਖਿੱਤਿਆਂ ਅਤੇ ਟਾਪੂਆਂ ਦੀ ਦੱਸ ਘੁਮੱਕੜ ਕੋਲੰਬਸ, ਮਾਰਕੋਪੋਲੋ, ਵਾਸਕੋਡੀ ਗਾਮਾ ਅਤੇ ਹਿਊਨਸਾਂਗ ਜਿਹਿਆਂ ਨੇ ਪਾਈ। ਇਨ੍ਹਾਂ ਆਪਣੀ ਤੀਖਣ ਤੇ ਗੰਭੀਰ ਖੋਜੀ ਰੁਚੀ ਰਾਹੀਂ ਜੋ ਵੇਖਿਆ, ਉਸ ਨੂੰ ਅੱਖਰਾਂ ਅਤੇ ਭਾਸ਼ਾ ਦਾ ਜਾਮਾ ਪੁਆ ਦਿੱਤਾ। ਇਉਂ ਉਨ੍ਹਾਂ ਦਾ ਇਹ ਕਾਰਜ ਭਵਿੱਖੀ ਨਸਲਾਂ ਲਈ ਅਗਵਾਈ ਅਤੇ ਪ੍ਰੇਰਣਾ ਬਣ ਗਿਆ। ਸਾਹਿਤਕ ਖੇਤਰ ਵਿਚ ਜੁਟੇ ਲੋਕਾਂ ਨੇ ਜਦੋਂ ਆਪਣੇ ਅਜਿਹੇ ਸੈਰ-ਅਨੁਭਵ ਲਿਖੇ ਤਾਂ ਇਹ ਸੁਭਾਵਿਕ ਹੀ ਸੀ ਕਿ ਉਹ ਭੂਗੋਲ, ਇਤਿਹਾਸ ਅਤੇ ਫੋਟੋਗ੍ਰਾਫ਼ੀ ਦੇ ਨਾਲ-ਨਾਲ ਰੌਚਿਕ ਸਾਹਿਤਕ ਕਿਰਤ ਬਣ ਗਏ। ਇਸ ਪ੍ਰਕਾਰ ਸਿਕੰਦਰ ਦੀਆਂ ਕਹਾਣੀਆਂ, ਸਿੰਦਬਾਦ ਜਹਾਜ਼ੀ, ਉਡੀਸੀ, ਹਰਿਸ਼ ਚਰਿਤ ਅਤੇ ਕਾਦੰਬਰੀ ਤੋਂ ਸ਼ੁਰੂ ਹੋਏ ਵਿਸ਼ਵ-ਯਾਤਰਾ ਸਾਹਿਤ ਨੇ ਬੜੀ ਤੇਜ਼ੀ ਨਾਲ ਵਿਕਾਸ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਜਨਮ-ਸਾਖੀਆਂ ਵਿੱਚ ਆਏ ਬ੍ਰਿਤਾਂਤ ਤੋਂ ਹੀ ਪੰਜਾਬੀ ਸਾਹਿਤ ਵਿੱਚ ਸਫ਼ਰਨਾਮਾ ਸਾਹਿਤ ਦੇ ਬੀਜ ਪ੍ਰਗਟ ਹੁੰਦੇ ਹਨ, ਜਦੋਂਕਿ 1930 ਈ. ਵਿਚ ਛਪੇ ਲਾਲ ਸਿੰਘ ਕਮਲਾ ਅਕਾਲੀ ਦੇ ‘ਮੇਰਾ ਵਲੈਤੀ ਸਫ਼ਰਨਾਮਾ’ ਨੂੰ ਇਸ ਵਿਧਾ ਦੀ ਪ੍ਰਥਮ ਪੰਜਾਬੀ ਕਿਰਤ ਮੰਨਿਆ ਗਿਆ ਹੈ।

ਸੌ ਤੋਂ ਵੱਧ ਪੰਜਾਬੀ ਵਿੱਚ ਲਿਖੇ-ਛਪੇ ਸਫ਼ਰਨਾਮੇ ਦੁਨੀਆ ਦੇ ਅਨੇਕਾਂ ਦੇਸ਼ਾਂ ਅਤੇ ਭਾਰਤ ਦੇ ਵਿਭਿੰਨ ਪ੍ਰਦੇਸ਼ਾਂ ਦੇ ਬਹੁਪੱਖੀ ਗਿਆਨ ਨੂੰ ਪੰਜਾਬੀ ਪਾਠਕਾਂ ਵਿਚ ਸੰਚਰਿਤ ਕਰ ਚੁੱਕੇ ਹਨ। ਪੰਜਾਬੀ ਸਫ਼ਰਨਾਮਾ ਲੇਖਕਾਂ ਵਿੱਚ ਗਿ. ਹੀਰਾ ਸਿੰਘ ਦਰਦ, ਸ.ਸ. ਅਮੋਲ, ਹਰਦਿੱਤ ਸਿੰਘ, ਨਰਿੰਦਰਪਾਲ ਸਿੰਘ, ਬਲਰਾਜ ਸਾਹਨੀ, ਪਿਆਰਾ ਸਿੰਘ ਦਾਤਾ, ਪ੍ਰੋ. ਰਾਮ ਸਿੰਘ, ਡਾ. ਸ਼ੇਰ ਸਿੰਘ, ਡਾ. ਗੰਡਾ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਆਤਮਾ ਸਿੰਘ, ਡਾ. ਐੱਸ.ਐੱਸ. ਰੰਧਾਵਾ, ਸੋਹਨ ਸਿੰਘ ਬੋਸ਼, ਪਾਲ ਸਿੰਘ ਪੰਛੀ ਤੇ ਬਲਵੰਤ ਗਾਰਗੀ ਪਹਿਲੇ ਦੌਰ ਦੇ ਪ੍ਰਮੁੱਖ ਨਾਉਂ ਹਨ। ਅਜੋਕੇ ਸਫ਼ਰਨਾਮਾ ਸਾਹਿਤ ਸਿਰਜਕਾਂ ਵਿੱਚ ਹਰਭਜਨ ਹਲਵਾਰਵੀ, ਰਾਮ ਸਰੂਪ ਅਣਖੀ, ਬਰਜਿੰਦਰ ਸਿੰਘ, ਸਰਵਣ ਸਿੰਘ, ਹਰਬੀਰ ਸਿੰਘ ਭੰਵਰ, ਰਣਜੀਤ ਸਿੰਘ, ਡਾ. ਕੇ.ਐੱਲ. ਗੋਇਲ, ਅਤਰਜੀਤ ਸੂਰੀ, ਗਿ. ਭਜਨ ਸਿੰਘ, ਰਾਮ ਮੂਰਤ ਸਿੰਘ ਵਰਮਾ, ਇਨ੍ਹਾਂ ਸਤਰਾਂ ਦੇ ਲੇਖਕ (ਤੇਜਾ ਸਿੰਘ ਤਿਲਕ) ਅਤੇ ਹੋਰ ਬਹੁਤ ਸਾਰੇ ਸ਼ਾਮਿਲ ਹਨ। ਇਨ੍ਹਾਂ ਯਾਤਰਾ ਲੇਖਕਾਂ ਵਿੱਚ ਇਕ ਨਾਉਂ ਟੂਸਾ, ਜ਼ਿਲ੍ਹਾ ਲੁਧਿਆਣਾ ਦੇ ਜੰਮਪਲ ਤੇ ਤਪਾ ਦੇ ਨਿਵਾਸੀ ਬਣ ਚੁੱਕੇ ਸੀ. ਮਾਰਕੰਡਾ ਵੀ ਸ਼ਾਮਿਲ ਹੈ, ਜਿਸ ਨੇ ਆਪਣੇ ਪੰਜ ਸਫ਼ਰਨਾਮੇ ਹੁਣ ਤੱਕ ਮਾਂ-ਬੋਲੀ ਦੇ ਭੰਡਾਰ ਵਿਚ ਸ਼ਾਮਿਲ ਕਰਕੇ ਪੰਜਾਬੀ ਪਾਠਕਾਂ ਨੂੰ ਗਿਆਨ ਅਤੇ ਸਾਹਿਤ ਨਾਲ਼ ਜੋੜਿਆ ਹੈ।

ਸੀ. ਮਾਰਕੰਡਾ ਮੂਲ ਰੂਪ ਵਿਚ ਕਵੀ ਹੈ, ਸ਼ਾਇਰ ਹੈ, ਸੰਪਾਦਕ ਹੈ, ਅਧਿਆਪਕ ਹੈ ਅਤੇ ਪੱਤਰਕਾਰ ਹੈ। ਉਸਦੀ ਹਰ ਪਲ ਹੋਰ ਜਾਣਨ ਦੀ ਜਗਿਆਸਾ ਦੀ ਚਿਣਗ ਨੇ ਉਸ ਨੂੰ ਦੂਰ-ਦੁਰਾਡੇ ਤੁਰ-ਫਿਰ ਕੇ ਭ੍ਰਮਣ ਕਰਨ ਲਈ ਪ੍ਰੇਰਿਤ ਕੀਤਾ। ਉਹ ਭਾਵੇਂ ਪ੍ਰਗਤੀਵਾਦੀ ਵਿਗਿਆਨਕ ਸੋਚ ਦਾ ਧਾਰਨੀ ਹੈ ਪਰ ਕੱਟੜ ਤੇ ਸੰਕੀਰਣ ਨਹੀਂ ਹੈ। ਉਹ ਪੰਜਾਬ ਦੀ ਮਿੱਟੀ ਦੇ ਮਾਣ-ਮੱਤੇ ਸਿੱਖੀ ਤੇ ਗੁਰਬਾਣੀ ਦੇ ਸ਼ਾਨਾਮੱਤੇ ਗ਼ੌਰਵ ਨਾਲ ਅੰਦਰੋਂ ਜੁੜਿਆ ਹੋਇਆ ਹੈ। ਉਹ ਸਮਾਜਿਕ, ਪਰਿਵਾਰਿਕ ਤੇ ਪਰੰਪਰਿਕ ਕਦਰਾਂ-ਕੀਮਤਾਂ ਦਾ ਕਦਰਦਾਨ ਵੀ ਹੈ। ਉਸ ਦੇ ਕਹਿਣ ਅਨੁਸਾਰ ਹੋਰ ਪ੍ਰਾਪਤੀਆਂ ਵਾਂਗ ਸਫ਼ਰ ਵੀ ਉਸ ਨੂੰ ਬਿਨਾਂ ਪੂਰਵ ਯੋਜਨਾ ਹੀ ਕਰਨ ਦੇ ਮੌਕੇ ਮਿਲੇ, ਜਿਨ੍ਹਾਂ ਨੂੰ ਕਲਮਕਾਰੀ ਅਧੀਨ ਲਿਆਉਣ ਨਾਲ ਨਾ ਕੇਵਲ ਉਨ੍ਹਾਂ ਦੇ ਤਿੰਨ ਭਾਸ਼ਾਵਾਂ ਵਿਚ ਛਪਣ ਕਾਰਨ ਅਖ਼ਬਾਰਾਂ ਦੇ ਵਿਸ਼ਾਲ ਪਾਠਕ ਸਮੂਹ ਵਿਚ ਸਾਂਝ ਪਾਈ, ਸਗੋਂ ਸਾਹਿਤ ਦੀ ਇਕ ਨਵੀਂ ਵਿਕਸਿਤ ਹੋ ਰਹੀ ਸਫ਼ਰਨਾਮਾ ਸਾਹਿਤ ਵਿਧਾ ਵਿੱਚ ਚੰਗੀ ਭੱਲ ਬਣ ਗਈ।

ਸੀ. ਮਾਰਕੰਡਾ ਦੇ ਹੁਣ ਤੱਕ ਪੰਜ ਸਫ਼ਰਨਾਮੇ ਪ੍ਰਕਾਸ਼ਿਤ ਹੋ ਚੁੱਕੇ ਹਨ। ਪਹਿਲਾ ਸਫ਼ਰਨਾਮਾ ‘ਡੂਗਰ ਵਾਟਿ ਬਹੁਤ’ ਗੁਰਬਾਣੀ ਦੀ ਇਕ ਤੁਕ ’ਤੇ ਅਧਾਰਿਤ ਹੈ, ਜੋ ਕਸ਼ਮੀਰ ਵਿਖੇ ਸਥਿਤ ਅਮਰਨਾਥ ਤੀਰਥ ਦੀ ਯਾਤਰਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਸ ਦੇ ਸਾਰੇ ਉਪ-ਸਿਰਲੇਖ ਗੁਰਬਾਣੀ, ਪੰਜਾਬੀ ਲੋਕ ਸਾਹਿਤ, ਮੁਹਾਵਰੇ ਅਤੇ ਭਾਈ ਵੀਰ ਸਿੰਘ ਦੀ ਕਾਵਿ-ਪੰਗਤੀਆਂ ’ਤੇ ਅਧਾਰਿਤ ਹਨ। ਸੌ ਤੋਂ ਵੀ ਘੱਟ ਸਫ਼ਿਆਂ ਵਿੱਚ ਫੈਲੇ ਇਸ ਅਤਿਅੰਤ ਰੌਚਿਕ ਸਫ਼ਰਨਾਮੇ ਨੂੰ ਪੰਦਰਾਂ ਸੰਖੇਪ ਭਾਗਾਂ ਵਿੱਚ ਵੰਡਿਆ ਗਿਆ ਹੈ। ਮਾਨੋ ਕੁੱਜੇ ਵਿੱਚ ਸਮੁੰਦਰ ਹੋ ਕੇ ਵੀ ਇਹ ਕਾਦਰ ਦੀ ਕੁਦਰਤ ਦੇ ਜਲਵਿਆਂ, ਧਾਰਮਿਕ ਸਥਲ ਦੀਆਂ ਪਾਵਨ ਝਲਕਾਂ ਅਤੇ ਪਰਬਤੀ ਇਲਾਕਿਆਂ ਦੇ ਦਰਸ਼ਨ ਕਰਵਾ ਗਿਆ। ਇਹ ਸਫ਼ਰਨਾਮਾ 1999 ਈ. ਵਿੱਚ ਛਪਿਆ।

ਦੂਜਾ ਸਫ਼ਰਨਾਮਾ ‘ਮਾਈਸਰਖਾਨਾ ਤੋਂ ਚਾਂਦਨੀ ਚੌਕ’ ਇੱਕ ਬੜਾ ਹੀ ਧਾਰਮਿਕ ਸਦਭਾਵਨਾ ਪੈਦਾ ਕਰਨ ਵਾਲਾ ਹਿੰਦੂ ਤੀਰਥ, ਪੰਜਾਬ ਦੇ ਪ੍ਰਸਿੱਧ ਜੋੜ-ਮੇਲਿਆਂ ਵਿੱਚੋਂ ਇੱਕ ਮਾਈਸਰਖਾਨੇ ਤੋਂ ਚੱਲ ਕੇ ਦਿੱਲੀ ਦੇ ਚਾਂਦਨੀ ਚੌਕ ਤੱਕ ਦੀ ਇੱਕ ਪਿਤਰਾਂ ਦਾ ਰਿਣ ਉਤਾਰੂ ਯਾਤਰਾ ਦਾ ਲਿਖਤੀ ਹਾਲ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਮੁਗ਼ਲ ਸ਼ਾਸਕ ਔਰੰਗਜ਼ੇਬ ਦੇ ਜਬਰੀ ਜਨੇਊ ਉਤਾਰ ਹਿੰਦੂਆਂ ਨੂੰ ਇਸਲਾਮ ਵਿੱਚ ਸ਼ਾਮਿਲ ਕਰਨ ਦੇ ਜਨੂੰਨੀ ਧੱਕੇ ਵਿਰੁੱਧ ਕਸ਼ਮੀਰੀ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਆਨੰਦਪੁਰ ਅਰਜ਼ ਕਰਨ ’ਤੇ ਦਿੱਤੀ ਕੁਰਬਾਨੀ ਲਈ ਧੰਨਵਾਦੀ ਯਾਤਰਾ ਹੈ ਇਹ, ਜੋ ਬ੍ਰਾਹਮਣ ਸਮਾਜ ਦੇ ਸੈਂਕੜੇ ਮਰਦ-ਔਰਤਾਂ ਵਿੱਚ ਸ਼ਾਮਿਲ ਹੋ ਕੇ ਕੀਤੀ ਗਈ। ਮਾਰਕੰਡਾ ਜੀ ਨੇ ਇਸ ਵਿੱਚ ਗੁਰੂ ਜੀ ਨਾਲ ਤਸੀਹੇ ਝੱਲ ਕੇ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਕੁਰਬਾਨੀ ਨੂੰ ਵੀ ਦਰਸਾਇਆ ਹੈ। ਰਸਤੇ ਦੇ ਪੜਾਵਾਂ ’ਤੇ ਹੋਈ ਸੇਵਾ ਹਿੰਦੂ-ਸਿੱਖ ਏਕਤਾ ਦੇ ਭਾਵੁਕ ਦ੍ਰਿਸ਼ ਪੇਸ਼ ਕਰ ਜਾਂਦੀ ਹੈ, ਜੋ ਕੁੱਝ ਕੁ ਫਿਰਕੂ ਸੌੜੇਪਣ ਦੇ ਘਟਨਾਕ੍ਰਮਾਂ ਪ੍ਰਤੀ ਰੋਸ ਤੇ ਵਿਰੋਧ ਅਣਕਹੇ ਹੀ ਪ੍ਰਗਟ ਕਰ ਜਾਂਦੀ ਹੈ। ਇਹ ਲੇਖਕ ਮਾਰਕੰਡੇ ਦੀ ਪ੍ਰਾਪਤੀ ਹੈ।

ਤੀਜੀ ਪੁਸਤਕ ‘ਕੁੰਭ ਦਾ ਨ੍ਹਾਉਣ’ ਇਲਾਹਾਬਾਦ ਦੇ ਸੰਗਮ ਵਿਖੇ ਛੇ ਤੇ ਬਾਰਾਂ ਵਰਿ੍ਹਆਂ ਬਾਅਦ ਹੋਣ ਵਾਲੇ ਕੁੰਭ ਇਸ਼ਨਾਨ ਦੀ ਯਾਤਰਾ ਦਾ ਵਰਣਨ ਕਰਦਾ ਸਫ਼ਰਨਾਮਾ ਹੈ। ਨਾਲ ਹੀ ਕਾਸ਼ੀ-ਬਨਾਰਸ ਦੀ ਪੰਛੀ ਝਾਤ ਦਰਸ਼ਨ ਕਰਨ ਦੀ ਵੀ ਗੱਲ ਹੈ। ਇਸ ਵਿੱਚ ਇਤਿਹਾਸ-ਮਿਥਿਹਾਸ, ਭੂਗੋਲ, ਰਸਤੇ ਦੇ ਸ਼ਹਿਰ, ਸਫ਼ਰ ਦੀਆਂ ਦਿੱਕਤਾਂ, ਕੁੰਭ ਦੇ ਹਾਲ, ਸਰਕਾਰੀ ਪ੍ਰਬੰਧ ਖ਼ੂਬ ਵਰਣਨ ਕੀਤੇ ਗਏ ਹਨ। ਛੋਟੀ ਪੁਸਤਿਕਾ ਵਿੱਚ ਵੱਡੀਆਂ ਗੱਲਾਂ ਲੇਖਕ ਦੀ ਪ੍ਰਾਪਤੀ ਹਨ।

ਚੌਥਾ ਸਫ਼ਰਨਾਮਾ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੀ ਯਾਤਰਾ ਹੈ। ਲੇਖਕ ਨੇ ਇੱਥੇ ਪਹੁੰਚਣ ਤੱਕ ਦੇ ਵੇਰਵੇ ਦੇ ਕੇ ਸਰੋਤੇ/ਪਾਠਕਾਂ ਨੂੰ ਉੱਥੇ ਜਾਣ ਲਈ ਉਤਸ਼ਾਹਿਤ ਕੀਤਾ ਹੈ। ਇਸ ਵਿੱਚ ਲੇਖਕ ਦੀ ਹਵਾਈ ਜਹਾਜ਼ ਦੀ ਪਹਿਲੀ ਯਾਤਰਾ ਦਾ ਵੀ ਦਿਲਚਸਪ ਜ਼ਿਕਰ ਹੈ। ਰੁਦਰਾ ਰਾਖ਼ਸ਼ ਦੀ ਮਾਲਾ ਬਾਰੇ ਨਵੀਨ ਜਾਣਕਾਰੀ ਹੈ। ਨੇਪਾਲ ਦਾ ਕੋਈ ਆਜ਼ਾਦੀ ਦਿਵਸ ਨਹੀਂ ਕਿਉਂਕਿ ਉਹ ਕਦੇ ਗ਼ੁਲਾਮ ਹੀ ਨਹੀਂ ਰਿਹਾ। ਇਹ ਮੰਦਰਾਂ ਦੀ ਦੇਵ-ਭੂਮੀ ਹੈ। ਇਨ੍ਹਾਂ ਸਿਫ਼ਤਾਂ ਦੇ ਬਾਵਜੂਦ, ਕੈਸੀਨੋ ਤੇ ਕਾਮ-ਵਾਸ਼ਨਾ ਦੀਆਂ ਵਹਿੰਦੀਆਂ ਨਦੀਆਂ ਵੀ ਮਾਰਕੰਡੇ ਨੇ ਦਿਖਾਈਆਂ ਹਨ। ਦੇਹ-ਵਪਾਰ ਵਿੱਚ ਲੱਗੀਆਂ ਔਰਤਾਂ ਦੀ ਬੇਬਸੀ ਦਾ ਨੇੜਿਉਂ ਦੇਖਿਆ ਬਿਆਨ ਹੈ। ਪੁਸਤਕ ਵਿੱਚ ਥਾਂ-ਥਾਂ ’ਤੇ ਢੁਕਵੇਂ ਸ਼ੇਅਰ, ਕਾਵਿ-ਪੰਗਤੀਆਂ ਅਤੇ ਇਤਿਹਾਸਕ-ਮਿਥਿਹਾਸਕ ਤੇ ਭੂਗੋਲਿਕ ਵੇਰਵੇ ਦਰਜ ਹਨ, ਜੋ ਇੱਕ-ਦੂਜੇ ਨਾਲ ਇੱਕ-ਮਿੱਕ ਹੋ ਕੇ ਅਕਾਊ ਨਹੀਂ ਜਾਪਦੇ।

ਪੰਜਵੀਂ ਸਫ਼ਰਨਾਮਾ ਪੁਸਤਕ ‘ਪਰਿਕਰਮਾ ਵਿ੍ਰੰਦਾਵਨ’ ਹੈ। ਇਹ ਪੁਸਤਕ ਭਗਵਾਨ ਕ੍ਰਿਸ਼ਨ ਜੀ ਲੀਲ੍ਹਾ-ਸਥੱਲੀ ਬ੍ਰਿਜ ਭੂਮੀ, ਵਿ੍ਰੰਦਾਵਨ ਅਤੇ ਮਥੁਰਾ ਦੀ ਯਾਤਰਾ ਦਾ ਨੀਝ ਨਾਲ ਕੀਤਾ ਵਰਣਨ ਹੈ। ਕ੍ਰਿਸ਼ਨ ਜੀ ਦੀ ਗੋਪੀਆਂ ਨਾਲ਼ ਰਾਸ-ਲੀਲ੍ਹਾ ਗਊਆਂ ਚਾਰਨ ਦੀ ਆਲੌਕਿਕ ਕਥਾ, ਜਿਸ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ ਹੈ, ਸੀ. ਮਾਰਕੰਡਾ ਜੀ ਨੇ ਵਿਗਿਆਨਕ ਨਜ਼ਰੀਏ ਤੋਂ ਧਾਰਮਿਕ ਸ਼ਰਧਾ-ਭਾਵਨਾ ਨੂੰ ਵੀ ਮੱਦੇਨਜ਼ਰ ਰੱਖਦਿਆਂ ਵਿਸਥਾਰ ਨਾਲ ਕੀਤਾ ਹੈ। ਸੋ ਇਹ ਪੁਸਤਕ ਕੁਦਰਤੀ ਚੌਗ਼ਿਰਦੇ, ਸੰਤਾਂ-ਮਹਾਂਪੁਰਖਾਂ ਦੀ ਸਟੇਜ, ਬੰਗਾਲੀ ਵਿਧਵਾਵਾਂ ਦਾ ਵੇਰਵਾ, ਵਿ੍ਰੰਦਾਵਨ ਦਾ ਨਾਮਕਰਣ ਬੜੇ ਹੀ ਖੋਜੀ ਦੇ ਤੌਰ ’ਤੇ ਮਲਵਈ ਠੇਠ ਭਾਸ਼ਾ ਵਿੱਚ ਬਿਆਨ ਕਰਦੀ ਹੈ। ਪਾਠਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਜੋੜ ਕੇ ਰੱਖਦੀ ਹੈ।

ਇਉਂ ਪੰਜ ਸਫ਼ਰਨਾਮਿਆਂ ਦੀ ਇਹ ਲੜੀ ਸੀ. ਮਾਰਕੰਡੇ ਦਾ ਪੰਜਾਬੀ ਸਾਹਿਤ ਪ੍ਰਤੀ ਕੀਤਾ ਇੱਕ ਸ਼ਲਾਘਾਯੋਗ ਕਾਰਜ ਹੈ। ਇਸ ਵਿੱਚੋਂ ਇੱਕ-ਦੋ ਤੋਂ ਬਿਨਾਂ ਬਾਕੀ ਪੁਸਤਕਾਂ ਮਿਲ ਨਹੀਂ ਰਹੀਆਂ ਸੀ। ਸੋ ਇਨ੍ਹਾਂ ਨੂੰ ਇੱਕ ਥਾਂ ਕਰਕੇ ਛਾਪਣਾ ਸਮੇਂ ਦੀ ਮੰਗ ਹੈ।

ਸੀ. ਮਾਰਕੰਡਾ ਦੇ ਸਫ਼ਰਨਾਮਿਆਂ ਦਾ ਪਾਠ ਕਰਨ ਉਪਰੰਤ ਇਹ ਸਿੱਟਾ ਨਿਕਲਦਾ ਹੈ ਕਿ ਉਹ ਮਾਨਵੀ ਭਾਈਚਾਰੇ, ਏਕਤਾ, ਪ੍ਰੇਮ, ਸਮਾਨਤਾ, ਸੁਤੰਤਰਤਾ, ਸਵੈ-ਨਿਰਭਰਤਾ ਦੀਆਂ ਸਮਾਜਿਕ ਕਦਰਾਂ-ਕੀਮਤਾਂ ਦਾ ਵਿਸ਼ਵ ਵਿਚ ਬੋਲ-ਬਾਲਾ ਲੋੜਦਾ ਹੈ। ਵਿਗਿਆਨਕ ਦ੍ਰਿਸ਼ਟੀ ਰੱਖਦਿਆਂ ਸੰਪੂਰਨ ਵਰਤਾਰੇ ਨੂੰ ਘੋਖਦਾ ਹੈ। ਦੂਰ-ਦੁਰਾਡੇ ਘੁੰਮਦਿਆਂ ਉਹ ਭਾਰਤੀ ਦਰਸ਼ਨ ਪੰਜਾਬੀ ਵਿਰਸੇ ਤੇ ਮਾਂ-ਬੋਲੀ ਦੀ ਸ੍ਰੇਸ਼ਟਤਾ ਬਾਰੇ ਚੇਤੰਨ ਰਹਿੰਦਾ ਹੈ। ਸੀ. ਮਾਰਕੰਡੇ ਦੇ ਸਫ਼ਰਨਾਮੇ ਪੜ੍ਹਨ ਪਿੱਛੋਂ ਪਾਠਕ ਦਾ ਮਨ ਯਾਤਰੀ ਬਣਨ ਨੂੰ ਕਰਦਾ ਹੈ, ਇਹ ਉਸ ਦੀ ਕਲਮ ਦੀ ਪ੍ਰਾਪਤੀ ਹੈ। ਉਸ ਦੀ ਤੰਦਰੁਸਤ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਆਪਣੇ ਸਾਥੀਆਂ ਨਾਲ ਹੋਰ ਯਾਤਰਾਵਾਂ ਕਰਨ ਤੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਪਾਠਕਾਂ ਪਾਸ ਅੱਪੜਦੀ ਕਰਨ ਦੀ ਲੋਚਾ ਨਾਲ ਇਸ ਪੰਜ ਸਫ਼ਰਨਾਮਿਆਂ ਦੇ ਸੰਗ੍ਰਹਿ ਨੂੰ ‘ਜੀਓ ਆਇਆਂ’!!

 

ਤੇਜਾ ਸਿੰਘ ਤਿਲਕ ਦਾਨਗੜ੍ਹ
ਪ੍ਰਧਾਨ, ਪੰ. ਸਾਹਿਤ ਸਭਾ ਰਜਿ. (ਬਰਨਾਲਾ)