ਕਹਾਣੀ ਸੰਗ੍ਰਹਿ ---ਅਣਕਹੀ ਪੀੜ
ਲੇਖਿਕਾ ----ਵਿਪਨ ਗਿੱਲ
ਪ੍ਰਕਾਸ਼ਕ ----ਵਾਈਟ ਕਰੋਅ ਪਬਲਿਸ਼ਰਜ਼ ਸਰਦੂਲਗੜ੍ਹ (ਮਾਨਸਾ )
ਪੰਨੇ -----128 ਮੁੱਲ ---200 ਰੁਪਏ (ਪੇਪਰ ਬੈਕ )
ਪੁਸਤਕ ਵਿਚ ਗਿਆਰਾਂ ਕਹਾਣੀਆਂ ਹਨ । ਸਾਰੀਆਂ ਕਹਾਣੀਆਂ ਔਰਤ ਕੇਂਦਰਤ ਹਨ । ਔਰਤਾਂ ਦੀ ਮਨੋਦਸ਼ਾ ਨੂੰ ਵਖ ਵਖ ਸਥਿਤੀਆਂ ਵਿਚ ਲਿਆ ਗਿਆ ਹੈ । ਲੇਖਿਕਾ ਨੇ ਕਹਾਣੀ ਸੰਗ੍ਰਹਿ ਤੋ ਪਹਿਲਾਂ ਕਾਵਿ ਸ਼ੰਗ੍ਰਹਿ ਭਿੱਜੀ ਹੋਈ ਪੌਣ ,ਤਿੰਨ ਨਾਵਲਾਂ ਦੇ ਅਨੁਵਾਦ ,ਕਹਾਣੀ ਸੰਗ੍ਰਹਿ ਅਨੁਵਾਦ ਧੁਪ ਛਾਂ ਦੇ ਅਠ ਰੰਗ ਪ੍ਰਕਾਸ਼ਿਤ ਹੋਏ ਹਨ । ਅਣਕਹੀ ਪੀੜ ਉਸਦਾ ਪਹਿਲਾ ਮੌਲਿਕ ਕਹਾਣੀ ਸੰਗ੍ਰਹਿ ਹੇ । ਕਹਾਣੀਆ ਨੂੰ ਸ਼ੈਲੀ ਦੀ ਦ੍ਰਿਸ਼ਟੀ ਤੋਂ ਵੇਖੀਏ ਤਾ ਲਗਦਾ ਨਹੀ ਕਿ ਇਹ ਸੰਗ੍ਰਹਿ ਪਹਿਲਾ ਹੋਵੇ । ਲੇਖਿਕਾ ਕੋਲ ਕਹਾਣੀ ਨੂੰ ਕਲਾਤਮਿਕ ਸ਼ੈਲੀ ਵਿਚ ਸਿਰਜਨ ਦਾ ਤਜ਼ਰਬਾ ਹੈ ਤੇ ਜੁਗਤ ਵੀ । ਪੰਜਾਬੀ ਵਿਚ ਇਸ ਕਿਸਮ ਦੇ ਮਸਲਿਆਂ ਨੂੰ ਕਹਾਣੀ ਰੂਪ ਵਿਚ ਵੀਨਾ ਵਰਮਾ ਤੇ ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ(ਅੰਮ੍ਰਿਤਸਰ) ਨੇ ਲਿਖਿਆ ਹੈ ।ਭਾਂਵੇਂ ਅਜੋਕੀ ਪੀੜ੍ਹੀ ਵਿਚ ਮਰਦ ਔਰਤ ਰਿਸ਼ਤਿਆਂ ਨੂੰ ਕਹਾਣੀਕਾਰਾਂ ਨੇ ਮੁਖ ਰੂਪ ਵਿਚ ਲਿਆ ਹੈ। ਨਜ਼ਾਇਜ਼ ਰਿਸ਼ਤਿਆਂ ਨੂੰ ਵੀ ਕਾਫੀ ਸਮੇਂ ਤੋਂ ਪੰਜਾਬੀ ਕਹਾਣੀ ਵਿਚ ਖਾਸ ਕਰਕੇ ਪੇਂਡੂ ਸਮਾਜ ਵਿਚ ਲਿਆ ਜਾਂਦਾ ਰਿਹਾ ਹੈ। ਰਾਮ ਸਰੂਪ ਅਣਖੀ ਨੇ ਨਜ਼ਾਇਜ਼ ਰਿਸ਼ਤਿਆਂ ਨੂੰ ਕਹਾਣੀ ਵਿਚ ਲਿਆ ਹੈ । ਇਸੇ ਲੜੀ ਵਿਚ ਕਹਾਣੀ ਸੰਗ੍ਰਹਿ ਅਣਕਹੀ ਪੀੜ ਸਾਹਮਣੇ ਆਇਆ ਹੈ ।ਸੰਗ੍ਰਹਿ ਦੀ ਪਹਿਲੀ ਕਹਾਣੀ ਹੈ ‘ਮਛਲੀ ਜਲ ਕੀ ਰਾਨੀ ਹੈ’ ਦਾ ਆਰੰਭ ਕਲਾਮਈ ਹੈ ।ਅਨੰਤ ਕਾਲ ਤੋੰ ਮਛੀ ਪਾਣੀ ਵਿਚ ਰਹਿ ਰਹੀ ਹੈ ।ਪਾਣੀ ਇਸ ਦਾ ਜੀਵਨ ਹੈ। ਉਸਦੀ ਦੁਨੀਆ ਪਾਣੀ ਹੈ । ਜੀਵਨ ਦੀ ਹੌਂਦ ਚੁਰਾਸੀ ਲਖ ਜੂਨ ਭੋਗ ਕੇ ਮਿਲੀ ਹੈ । ਦਰਿਆਵਾਂ ਨਹਿਰਾ ਸਮੁੰਦਰਾਂ ਦੀਆਂ ਮਛੀਆਂ ਦਾ ਰਹਿਣ ਸਹਿਣ ਆਪੋ ਆਪਣਾ ਹੈ। ਕਈ ਮਛੀਆਂ ਬਿਜਲੀ ਦੀ ਤਰੰਗ ਵੀ ਛਡਦੀਆਂ ਹਨ । ਮਛਲੀ ਜਲ ਕੀ ਰਾਨੀ ਹੈ ਬਾਲ ਕਵਿਤਾ ਤੋਂ ਗਲ ਤੁਰਦੀ ਅਗੇ ਕਾਕੇ ਪ੍ਰਤੀਕ ਦੇ ਜਾਗਣ ਤਕ ਚਲੀ ਜਾਂਦੀ ਹੈ ਪ੍ਰਤੀਕ ਕੌਣ ਹੈ ।ਉਸਦੀ ਮੰਮੀ ਕੋਣ ਹੈ ।ਪਾਠਕ ਇਸ ਦੀ ਤਲਾਸ ਵਿਚ ਹੈ ।ਕਹਾਣੀ ਪੜ੍ਹਦੇ ਪਤਾ ਲਗਦਾ ਜਾਂਦਾ ਹੈ ਕਿ ਕੁੜੀ ਨਵਨੀਤ ਹੈ । ਕਾਲਜ ਪੜ੍ਹਦੀ ਹੈ। ਮਾਪੇ ਗਰੀਬ ਹਨ । ਕਾਲਜ ਪ੍ਰਿੰਸੀਪਲ ਔਰਤ ਹੈ ਪ੍ਰਿੰਸੀਪਲ ਦਾ ਪਤੀ ਪੁਲੀਸ ਅਫਸਰ ਹੈ । ਰਿਸ਼ਵਤਖੋਰਾ ਹੈ । ਚਰਿਤਰਹੀਣ ਬੰਦਾ ਹੈ।ਇਸ ਜੋੜੇ ਦਾ ਇਕ ਜਵਾਨ ਪੁਤਰ ਹੈ ਪਰ ਪੁਤਰ ਜਮਾਂਦਰੂ ਮੰਦਬੂਧੀ ਹੈ ।ਇਕ ਦਿਨ ਪ੍ਰਿੰਸੀਪਲ ਨਵਨੀਤ ਨੂੰ ਆਪਣੇ ਘਰ ਸੱਦਾ ਦਿੰਦੀ ਹੈ ।। ਨਵਨੀਤ ਝਕਦੀ ਹੋਈ ਆਪਣੀ ਕਿਸੇ ਸਹੇਲੀ ਨਾਲ ਉਸਦੀ ਕੋਠੀ ਚਲੀ ਜਾਂਦੀ ਹੈ ।ਮੰਦਬੁਧੀ ਬੱਚੇ ਦਾ ਕਿਤੇ ਰਿਸ਼ਤਾ ਨਹੀ ਸੀ ਹੁੰਦਾ ।ਪ੍ਰਿੰਸੀਪਲ ਕਈ ਛਲਾਵੇ ਨਵਨੀਤ ਨੂੰ ਦਿੰਦੀ ਹੈ । ਕਿ ਉਹ ਫੀਸ ਭਰ ਦੇਵੇਗੀ ਉਚ ਸਿਖਿਆ ਦਿਵ ਕੇ ਨੌਕਰੀ ਲਵਾ ਦੇਵੇਗੀ ।ਕਿਸੇ ਕਾਲਜ ਵਿਚ ਲੈਕਚਰਾਰ ਲਵਾ ਦੇਵੇਗੀ । ਪ੍ਰਿੰਸੀਪਲ ਦਾ ਮੰਦਬੁਧੀ ਪੁਤਰ ਆਣ ਕੇ ਮਾਂ ਨੂੰ ਚਿੰਬੜ ਜਾਂਦਾ ਹੈ ਤੇ ਅਲਵਲਲੀਆਂ ਗਲਾਂ ਕਰਦਾ ਹੈ ।ਨਵਨੀਤ ਨੂੰ ਬਹੁਤ ਭੈੜਾ ਜਿਹਾ ਲਗਦਾ ਹੈ। ਕਿਹੋ ਜਿਹਾ ਮੁੰਡਾ ਹੈ ਪ੍ਰਿੰਸੀਪਲ ਦਾ ?ਨਵਨੀਤ ਦੇ ਮਾਪੇ ਮੰਦਬੁਧੀ ਮੁੰਦੇ ਨਾਲ ਵਿਆਹ ਲਈ ਤਿਆਰ ਹੋ ਜਾਂਦੇ ਹਨ ।ਮਛਲੀ ਰੂਪੀ ਨਵਨੀਤ ਚੁਪ ਕਰਕੇ ਰਹਿ ਜਾਂਦੀ ਹੈ ।ਮੰਦਬੁਧੀ ਬਚੇ ਵਰਗਾ ਪਤੀ ਸਰੀਰਕ ਸੰਬੰਧ ਬਨਾਉਣ ਤੋਂ ਅਸਮਰਥ ਹੈ ।ਇਕ ਰਾਤ ਨਵਨੀਤ ਸਹੁਰੇ ਦੀ ਹਵਸ ਦਾ ਸ਼ਿਕਾਰ ਹੋ ਜਾਂਦੀ ਹੈ ।ਇਸ ਵਿਚ ਨਵਨੀਤ ਦੀ ਸੱਸ (ਪ੍ਰਿੰਸੀਪਲ )ਦੀ ਪੂਰੀ ਮਿਲੀ ਭੁਗਤ ਹੈ ਸਿਟੇ ਵਜੌਂ ਨਵਨੀਤ ਗਰਭਵਤੀ ਹੋ ਜਾਂਦੀ ਹੈ ।ਸਮੇਂ ਨਾਲ ਨਵਨੀਤ ਮੁੰਡੇ ਨੂੰ ਜਨਮ ਦਿੰਦੀ ਹੈ । ਉਹ ਜਾਣਦੀ ਹੈ ਕਿ ਇਸ ਬੱਚੇ ਦਾ ਬਾਪ ਉਸਦਾ ਸਹੁਰਾ ਹੈ । ਇਸ ਕਹਾਣੀ ਵਿਚ ਸਸ ਆਪਣੀ ਨੂੰਹ ਦਾ ਸ਼ੋਸ਼ਣ ਕਰਾਉਂਦੀ ਹੈ ।ਪਹਿਲਾਂ ਰਿਸ਼ਤਾ ਕਰਨ ਵਿਚ ਫੇਰ ਰੇਪ ਕਰਾਉਣ ਵਿਚ ਕਹਾਣੀ ਦੇ ਅਖੀਰ ਵਿਚ ਨਵਨੀਤ ਦੀ ਮਾਂ ਆਉੰਦੀ ਹੈ ੳਹ ਪ੍ਰਤੀਕ (ਨਵਨੀਤ ਦਾ ਮੁੰਡਾ )॥ ਨੂੰ ਵੇਖ ਕੇ ਜੋੜੀ ਬਨਾਉਣ ਦੀ ਗਲ ਕਰਦੀ ਹੈ ।ਮਾਂ ਦੀ ਗਲ ਸੁਣ ਕੇ ਨਵਨੀਤ ਰੋਹ ਵਿਚ ਬੋਲਦੀ ਹੈ ----ਨਹੀਂ ਨਹੀਂ ਇਹ ਕੁਕਰਮ ਮੈਂ ਦੁਬਾਰਾ ਨਹੀ ਹੋਣ ਦਿਆਂਗੀ । ਹੱਥ ਵਢ ਕੇ ਰਖ ਦਿਆਂਗੀ ।ਇਸ ਘਰ ਨੂੰ ਅਗ ਲਾ ਦਿਆਂਗੀ ।ਪਾਠਕ ਠਠੰਬਰ ਜਾਂਦਾ ਹੈ । ਪਰ ਇਹ ਗੁਸਾ ਲੇਖਿਕਾ ਨੇ ਦੇਰ ਨਾਲ ਵਿਖਾਇਆ ਹੈ । ਕੁਕਰਮ ਹੋਣ ਕਿਉਂ ਦਿਤਾ ? ਪਰ ਕਹਾਣੀ ਵਿਚ ਵਿਦਰੋਹ ਵਿਖਾਉਣਾ ਹੀ ਕਹਾਣੀ ਦੀ ਪ੍ਰਾਂਪਤੀ ਹੈ ।ਇਸ ਦੁਰਘਟਨਾ ਪਿਛੇ ਬਹੁਤ ਸਾਰੇ ਸਵਾਲ ਹਨ । ਜੋ ਕਹਾਣੀਕਾਰਾ ਨੇ ਪਾਠਕ ਲਈ ਛਡੇ ਹਨ । ਕਹਾਣੀ 27 ਪੰਨਿਆਂ ਵਿਚ ਛੇ ਸਟਾਰ ਲਾ ਕੇ ਪੂਰੀ ਕੀਤੀ ਹੈ । ਲਗਭਗ ਨਾਵਲੈਟ ਵਰਗੀ । ਕਹਾਣੀ ਦੇ ਪਾਤਰ ਆਪੋ ਆਪਣੀ ਫਿਤਰਤ ਵਾਲੇ ਹਨ । ਕਹਾਣੀ ਸਹਿਜੇ ਸਹਿਜੇ ਤੋਰ ਫੜਦੀ ਹੈ ।
ਕਿਤਾਬ ਦੇ ਸ਼ਿਰਲੇਖ ਵਾਲੀ ਕਹਾਣੀ ਵਿਚ ਇਕ ਇਸਤਰੀ ਪਾਤਰ ਹੋਸਟਲ ਦੇ ਚੌਕੀਦਾਰ ਨਾਲ ਸੰਬੰਧ ਜੋੜਦੀ ਹੈ ।ਕਹਾਣੀ ਵਿਚ ਜੋੜਾ ਲਿਵ ਇਨ ਰਿਲੇਸ਼ਨ (ਬਿਨਾ ਵਿਆਹ ਇਕਠੇ ਰਹਿਣਾ )ਵਿਚ ਰਹਿੰਦਾ ਹੈ ।ਕੋਮਲ ਤੇ ਸ਼ੈਲੀ ਦੋ ਹੀ ਪਾਤਰ ਇਸ ਕਹਾਣੀ ਦੇ ਹਨ ।ਜਿਵੇਂ ਮੁਹਬਤ ਦਾ ਕਿੱਸਾ ਹੋਵੇ ।ਕਹਾਣੀ ‘ਚਾਬੀਆਂ ਦਾ ਗੁਛਾ ‘ਵਿਚ ਕੰਮ ਵਾਲੀ ਔਰਤ ਦੀ ਮਥੇ ਦੀ ਲਾਲ ਬਿੰਦੀ ਕਈ ਕੁਝ ਕਹਿ ਜਾਂਦੀ ਹੈ । ਮੀਰਾ ਦੇ ਘੂੰਗਰੂ ਵਿਚ ਦੋ ਪਾਤਰ ਮੁੰਡਾ ਤੇ ਕੁੜੀ ਹਨ । ਕਹਾਣੀ ਦੀ ਪੂਰੀ ਫਿਜ਼ਾ ਰੁਮਾਂਟਿਕ ਹੈ ।ਉਹ ਖੁਲ੍ਹਾਂ ਮਾਣਦੇ ਹਨ ।ਨਚਦੇ ਹਨ ,ਗਾਉਂਦੇ ਹਨ ।ਮੁੰਡਾ ਵਿਆਹ ਲਈ ਕਹਿੰਦਾ ਹੈ ।ਅੰਤ ਵਿਚ ਕਹਾਣੀ ਮੋੜ ਕਟਦੀ ਹੈ ਕੁੜੀ ਸਪਸ਼ਟ ਕਹਿੰਦੀ ਹੈ ---ਵੇਖ ਮੇਰੀ ਸਪਸ਼ਟ ਦੇਹ ਤੈਨੂੰ ਇਕ ਇਕ ਔਰਤ ਵਰਗੀ ਲਗਦੀ ਆ? ਤੂੰ ਮੈਨੂੰ ਵਿਆਹ ਬਾਰੇ ਵਾਰ ਪੁਛ ਕੇ ਕੁਰੇਦਦਾ ਸੀ ।ਪਰ ਮੈਂ ਤੈਨੂੰ ਆਪਣੇ ਦਿਲ ਦੇ ਜ਼ਖਮ ਕਿਵੇਂ ਵਿਖਾਉਂਦੀ ?(ਪੰਨਾ 70) ਕਹਾਣੀ ਅਧੂਰੀ ਔਰਤ ਦੀ ਮਜ਼ਬੂਰੀ ਦੀ ਗਾਥਾਂ ਹੈ ।ਸੰਗ੍ਰਹਿ ਦੀ ਕਹਾਣੀ ਜਿੰਨ ਮਾਰਨਾ ਕਿਤੇ ਸੋਖਾ ?ਦਾ ਮਰਦ ਪਾਤਰ ਇਸ ਕਦਰ ਜ਼ਾਲਮ ਹੈ ਕਿ ਉਹ ਪਤਨੀ ਤੇ ਤਸ਼ਦਦ ਕਰਦਾ ਹੈ ।ਔਰਤ ਖੂਦਕਸੀ ਦੀ ਕੋਸ਼ਿਸ਼ ਕਰਦੀ ਹੈ ।ਦੁਖੀ ਔਰਤ ਜ਼ੁਲਮ ਦਾ ਬਦਲਾ ਲੈਣ ਲਈ ਪਤੀ ਦਾ ਕਤਲ ਕਰਦੀ ਹੈ । ਕਹਾਣੀ ਦਾਰੋ ਬਕਰੀ ਨਜ਼ਾਇਜ਼ ਰਿਸ਼ਤਿਆਂ ਦੀ ਹੈ । ਖੜਾਕ ਵਿਚ ਔਰਤ ਦੇ ਅੰਦਰਲੇ ਦਰਦ ਦਾ ਖੜਾਕ ਹੈ । ਚੀਕ ਕਹਾਣੀ ਵਿਚ ਕਾਲੀ ਹਨੇਰੀ ਨੂੰ ਔਰਤ ਦੇ ਦੁਖਾਂ ਦੀ ਪ੍ਰਤੀਕ ਵਜੋਂ ਲਿਆ ਹੈ । ਕਹਾਣੀ ਦੀ ਗਰੀਬ ਘਰ ਦੀ ਨਾਬਾਲਗ ਕੁੜੀ ਦਾ ਬਾਪ ਰੇਪ ਕਰਦਾ ਹੈ । ਕੁੜੀ ਸਕੂਲ ਅਧਿਆਪਕਾ ਨੂੰ ਕਹਿੰਦੀ ਹੈ। ਗਲ ਥਾਣੇ ਜਾਂਦੀ ਹੈ ।ਪਰ ਕੁੜੀ ਸਾਫ ਮੁਕਰ ਜਾਂਦੀ ਹੈ । ਕਬੀਲੇ ਦੇ ਦਬਾਅ ਵਿਚ ਉਹ ਝੂਠ ਬੋਲਦੀ ਹੈ । ‘ਪਾਪ ਦਾ ਪ੍ਰਛਾਂਵਾਂ ‘ ਵਿਚ ਦੰਭੀ ਤੇ ਪਖੰਡੀ ਔਰਤ ਜੁਆਨੀ ਉਮਰੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਦੀ ਹੈ ਜਿਸ ਦਾ ਪਛਤਾਵਾ ਸਾਰੀ ਉਮਰ ਰਹਿੰਦਾ ਹੈ। ਇਸ ਨੂੰ ਦੂਰ ਕਰਨ ਲਈ ਉਹ ਡੇਰੇਦਾਰਨੀ ਬਣ ਕੇ ਲੋਕਾਂ ਨੂੰ ਪੁਛਾਂ ਦਿੰਦੀ ਹੈ । ਡੋਂਟ ਵਰੀ ਮਿਸਿਜ਼ ਸ਼ਰਮਾ ਤੇ ਫੂਰ-ਰ ਕਹਾਣਆ ਦੇ ਵਖ ਵਖ ਸੰਦਰਭ ਹਨ । ਪਰ ਔਰਤਾਂ ਵਿਚ ਆਜ਼ਾਦੀ ਦੀ ਲੋਚਾ ਹੈ । ਪਛਮੀ ਦੇਸ਼ਾਂ ਵਿਚ ਔਰਤ ਦੀ ਸਥਿਤੀ ਦਾ ਭਾਂਰਤੀ ਔਰਤ ਨਾਲ ਕੀਤਾ ਗਿਆ ਹੈ । ਦਿਉ ਤੇ ਪਰੀ ਲੋਕ ਪਾਤਰ ਹਨ । ਜੋ ਮਰਦ ਔਰਤ ਲਈ ਹਨ । ਪ੍ਰਸਿਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਹਾਣੀ ਸੰਗ੍ਰਹਿ ਦੀ ਹਰੇਕ ਕਹਾਣੀ ਦੇ ਹਵਾਲੇ ਨਾਲ ਭਾਂਵਪੂਰਤ ਭੂਮਿਕਾ ਲਿਖੀ ਹੈ ।ਕਹਾਣੀ ਖੇਤਰ ਵਿਚ ਔਰਤ ਦੇ ਦੁਖਾਤ ਅਤੇ ਮੁਸੀਬਤਾਂ ਨੂੰ ਅਧਾਰ ਬਣਾ ਕੇ ਔਰਤ ਦੀ ਆਜ਼ਾਦੀ ਦੀ ਗਲ ਮੁਖ ਮੰਤਵ ਹੈ । ਦਿਲਚਸਪ ,ਕਥਾਂ ਰਸ ਭਰਪੂਰ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ ।