ਧੀਆਂ ਨਸੀਬ ਵਾਲਿਆਂ ਨੂੰ ਮਿਲਦੀਆਂ ਹਨ। ਕੁਦਰਤ ਦੀ ਨਿਆਮਤ ਹੁੰਦੀਆਂ ਹਨ ਧੀਆਂ। ਖ਼ੁਸ਼ਕਿਸਮਤ ਹੁੰਦੇ ਨੇ ਉਹ ਮਾਪੇ ਜਿੰਨ੍ਹਾਂ ਵਿਹੜੇ ਧੀਆਂ ਕਿਲਕਾਰੀ ਮਾਰਦੀਆਂ ਹਨ। ਘਰ ਵਿੱਚ ਬੱਚੇ ਦਾ ਜਨਮ ਮਾਂ ਦੀ ਕੁੱਖ ਸੁਲੱਖਣੀ ਕਰਦਾ ਹੈ, ਘਰ ਨੂੰ ਭਾਗ ਲਾਉਂਦਾ ਹੈ। ਧੀ ਦਾ ਜਨਮ ਪੂਰੇ ਘਰ ਨੂੰ ਚਾਨਣ ਦੀਆਂ ਰਿਸ਼ਮਾਂ ਨਾਲ ਭਰ ਦਿੰਦਾ ਹੈ।
ਮੇਰੀ ਦਿਲੀਂ ਖੁਹਾਇਸ਼ ਸੀ ਕਿ ਮੇਰੇ ਵਿਹੜੇ ਵੀ ਧੀ ਦੀ ਕਿਲਕਾਰੀ ਗੂੰਜੇ। ਪਰਮਾਤਮਾ ਦੇ ਦਰ ਅਰਦਾਸਾਂ ਅਰਜ਼ੋਈਆਂ ਕੀਤੀਆਂ, ਪਰ ਧੀ-ਪੁੱਤ ਵਾਹਿਗੁਰੂ ਦੀ ਦੇਣ ਹੈ। ਦੋਵੇਂ ਵਾਰ ਅਕਾਲ ਪੁਰਖ ਨੇ ਪੁੱਤਰਾਂ ਦੀ ਦਾਤ ਨਾਲ ਨਿਵਾਜ਼ਿਆ। ਪੁੱਤਰਾਂ ਦੀ ਆਮਦ ਨਾਲ ਘਰ ਤਾਂ ਭਰ ਗਿਆ ਪਰ ਦਿਲ ਦੇ ਕਿਸੇ ਕੋਨੇ ਵਿੱਚ ਧੀ ਦੀ ਚਾਹਤ ਹਮੇਸ਼ਾਂ ਆਪਣਾ ਥਾਂ ਮੱਲ੍ਹੀ ਰਹੀ। ਮਾਂ ਬਣਨਾ ਹੀ ਔਰਤ ਦਾ ਸੰਪੂਰਨ ਹੋਣਾ ਹੈ। ਮਾਂ ਬਣਨ ਦਾ ਅਹਿਸਾਸ ਇੱਕ ਅਣਮੁੱਲਾ ਹੁੰਦਾ ਹੈ, ਜਿਸ ਵਿੱਚ ਮਾਂ ਲਈ ਧੀ ਜਾਂ ਪੁੱਤ ਵਿੱਚ ਕੋਈ ਫ਼ਰਕ ਨਹੀਂ ਹੁੰਦਾ।
ਧੀਆਂ ਘਰ ਦਰ ਵਿੱਚ ਬਰਕਤਾਂ ਹੁੰਦੀਆਂ ਹਨ, ਮਾਪਿਆਂ ਦਾ ਨੂਰ ਅਤੇ ਗ਼ਰੂਰ ਹੁੰਦੀਆਂ ਨੇ ਧੀਆਂ। ਆਪਣੇ ਨਿੱਕੇ-ਨਿੱਕੇ ਹਾਸਿਆਂ ਨਾਲ ਖ਼ੁਸ਼ੀਆਂ ਖੇੜੇ ਲੈ ਕੇ ਆਉਂਦੀਆਂ ਹਨ। ਧੀਆਂ ਦੇ ਆਉਣ ਨਾਲ ਬਹੁਤ ਸਾਰੇ ਰਿਸ਼ਤੇ ਰਿਸਜੇ ਜਾਂਦੇ ਹਨ, ਨਵੇਂ ਰਿਸ਼ਤਿਆਂ ਨਾਲ ਸਾਂਝ ਪੈਂਦੀ ਹੈ। ਧੀਆਂ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਜਿਸ ਘਰ ਵਿੱਚ ਧੀਆਂ ਹੁੰਦੀਆਂ ਹਨ, ਉਸ ਪਰਵਾਰ ਵਿੱਚ ਸਲੀਕਾ, ਜ਼ਿੰਮੇਵਾਰੀ ਅਤੇ ਫ਼ਰਜ਼ਾਂ ਪ੍ਰਤੀ ਚੇਤਨਤਾ ਵਧੇਰੇ ਹੁੰਦੀ ਹੈ।
ਖ਼ੈਰ! ਸਮਾਂ ਲੰਘਿਆ, ਪੁੱਤਰ ਵੱਡੇ ਹੋਏ। ਫਿਰ ਵੱਡੇ ਬੇਟੇ ਦਾ ਅਨੰਦ ਕਾਰਜ ਕੀਤਾ ਤਾਂ ਘਰ ਵਿੱਚ ਨੂੰਹ ਆਉਣ ਨਾਲ ਜਿਵੇਂ ਮੇਰੀ ਚਿਰਾਂ ਦੀ ਸੱਧਰ ਪੂਰੀ ਹੋ ਗਈ। ਨਾ ਮੈਂ ਸੱਸ ਬਣ ਸਕੀ ਨਾ ਉਸਨੂੰ ਨੂੰਹ ਸਮਝ ਸਕੀ। ਬੱਸ ਮੈਂ ਉਸ ਨੂੰ ਬੇਟੀ ਵਾਂਗ ਕਬੂਲ ਕੀਤਾ ਅਤੇ ਉਸਨੇ ਮੈਨੂੰ ਮਾਂ ਦੀ ਤਰ੍ਹਾਂ ਪ੍ਰਵਾਨ ਕੀਤਾ। ਹੁਣ ਅਸੀਂ ਕਦੇ ਮਾਵਾਂ-ਧੀਆਂ ਹੁੰਦੀਆਂ ਹਾਂ ਕਦੇ ਸਹੇਲੀਆਂ, ਪਰ ਸੱਸ-ਨੂੰਹ ਕਦੇ ਨਾ ਬਣ ਸਕੀਆਂ। ਕੁਝ ਸਮਾਂ ਇੱਕਠੀਆਂ ਰਹੀਆਂ, ਫਿਰ ਮੇਰਾ ਨੂੰਹ-ਪੁੱਤ ਵਿਦੇਸ਼ ਚਲੇ ਗਏ, ਪੁੱਤਰ ਫ਼ੋਨ ਕਰੇ ਜਾਂ ਨਾ ਕਰੇ, ਪਰ ਇਸ ਤਰ੍ਹਾਂ ਨਹੀਂ ਹੋਇਆ ਕਿ ਧੀ ਨੇ ਆਪਣੀ ਮਾਂ ਨੂੰ ਫ਼ੋਨ ਨਾ ਕੀਤਾ ਹੋਵੇ।
ਜਨਵਰੀ 2023 ਵਿੱਚ ਮੈਂ ਵੀ ਪੁੱਤਰ ਕੋਲ ਕੈਨੇਡਾ ਚਲੀ ਗਈ, ਕਿਉਂਕਿ ਘਰ ਵਿੱਚ ਨਵੇਂ ਜੀਅ ਦੀ ਆਮਦ ਹੋਣ ਵਾਲੀ ਸੀ। ਜਿਵੇਂ ਹੀ ਘਰ ਵਿੱਚ ਆਏ ਮਹਿਮਾਨ ਬਾਰੇ ਪਤਾ ਲੱਗਿਆ ਕਿ ਮੇਰੇ ਪੁੱਤਰ ਘਰ ਧੀ ਨੇ ਜਨਮ ਲਿਆ ਹੈ ਤਾਂ ਮੁੜ ਅਹਿਸਾਸ ਹੋਇਆ ਕਿ ਮੈਂ ਹੁਣ ਦੋ ਪੁੱਤਰਾਂ ਵਾਂਗ, ਦੋ ਧੀਆਂ ਦੀ ਮਾਂ ਬਣ ਗਈ ਹਾਂ। ਇੱਕ ਧੀ ਨੂੰਹ ਦੇ ਰੂਪ ਵਿੱਚ ਮਿਲੀ ਅਤੇ ਦੂਜੀ ਧੀ ਪੋਤਰੀ ਦੇ ਰੂਪ ਵਿੱਚ। ਮੇਰੀਆਂ ਅੱਖਾਂ ਮੱਲਜ਼ੋਰੀ ਵਹਿ ਤੁਰੀਆਂ, ਖ਼ੁਸ਼ੀ ਦੇ ਅੱਥਰੂਆਂ ਨੇ ਪਹਿਲੀ ਵਾਰ ਜਾਣ-ਪਛਾਣ ਕਰਵਾਈ।
ਆਪਣੇ ਹੱਥਾਂ ਵਿੱਚ ਉਸ ਪਿਆਰੀ ਜਿਹੀ ਨੰਨ੍ਹੀ ਪਰੀ ਨੂੰ ਲੈ ਜਿਵੇਂ ਮੈਂ ਦੁਨੀਆਂ ਦੀ ਸਭ ਤੋਂ ਅਮੀਰ ਔਰਤ ਬਣ ਗਈ, ਮੇਰੇ ਹੱਥਾਂ ਵਿੱਚ ਮਾਸੂਮ ਅਤੇ ਦੁਨੀਆਂ ਦੀਆਂ ਸਾਰੀਆਂ ਦੌਲਤਾਂ ਤੋਂ ਵੱਧ ਕੀਮਤੀ ਇੱਕ ਨਿੱਕੀ ਜਿਹੀ ਜਾਨ ਸੀ। ਜਿਵੇਂ ਅੰਬਰਾਂ ਤੋਂ ਚੰਨ ਦਾ ਟੁੱਕੜਾ ਧਰਤੀ ’ਤੇ ਉਤਰ ਆਇਆ ਹੋਵੇ। ਮਾਸੂਮ, ਮੁਲਾਇਮ, ਨਿੱਕੇ-ਨਿੱਕੇ ਹੱਥ-ਪੈਰ, ਗੋਲਮੋਲ ਚਿਹਰਾ, ਛੋਟੀਆਂ-ਛੋਟੀਆਂ ਜਗਮਗ ਕਰਦੀਆਂ ਅੱਖਾਂ, ਜਦ ਤਕ ਉਸਦਾ ਨਾਮਕਰਨ ਕਰਨਾ ਸੀ ਮੈਂ ਉਸਨੂੰ ਚੰਨ ਮੱਖਣੀ ਕਹਿ ਬੁਲਾਉਂਦੀ ਰਹੀ। ਫਿਰ ਪਰਵਾਰ ਸਮੇਤ ਗੁਰੂ ਘਰ ਜਾ ਕੇ, ਆਏ ਮੁਖਵਾਕ ਦੇ ਪਹਿਲੇ ਅੱਖਰ ਤੋਂ ਉਸਦਾ ਨਾਮ ਰੱਖਿਆ : ਰੁਬਾਣੀ।
ਕੁਝ ਮਹੀਨੇ ਬਾਅਦ ਮੈਨੂੰ ਵਾਪਸ ਪੰਜਾਬ ਆਉਣਾ ਪੈਣਾ ਸੀ, ਕਿਉਂਕਿ ਮੇਰੇ ਪਤੀ ਅਤੇ ਛੋਟਾ ਬੇਟਾ ਮਗਰ ਇਕੱਲੇ ਸਨ। ਪਰ ਆਪਣੀ ਚੰਨ ਮੱਖਣੀ ਤੋਂ ਵਿਛੜਣਾ ਜਾਨ ਹਲੂਣ ਦੇਣ ਵਾਲਾ ਸੀ। ਸਹੀ ਕਹਿੰਦੇ ਨੇ ਸਿਆਣੇ ਕਿ ਮੂਲ ਨਾਲੋਂ ਵਿਆਜ਼ ਪਿਆਰਾ ਹੁੰਦਾ ਹੈ। ਹੁਣ ਛੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਏ, ਪੰਜਾਬ ਆਈ ਨੂੰ। ਪਰ ਬਿਨ੍ਹਾਂ ਨਾਗਾ ਮੇਰੀ ਵੱਡੀ ਬੇਟੀ (ਨੂੰਹ), ਮੇਰੀ ਛੋਟੀ ਬੇਟੀ ਨਾਲ ਵੀਡੀਓ ਕਾਲ ਰਾਹੀਂ ਲਾਡ ਕਰਵਾਉਂਦੀ ਹੈ। ਫ਼ੋਨ ਵਿੱਚ ਸ਼ਰਾਰਤਾਂ ਕਰਦੀ, ਰੌਲਾ ਪਾਉਂਦੀ, ਗੱਲਾਂ ਦੇ ਹੁੰਗਾਰੇ ਭਰਦੀ, ਅੱਖਾਂ ਫੈਲਾ ਕੇ ਮੋਬਾਇਲ ਵੱਲ ਦੇਖਦੀ ਹੈ ਤਾਂ ਮਨ ਵਿਸਮਾਦ ਵਿੱਚ ਆ ਜਾਂਦਾ ਹੈ।
ਇਹੀ ਅਰਦਾਸ ਕਰਦੀ ਹਾਂ ਕਿ ਅਕਾਲ ਪੁਰਖ ਉਸਨੂੰ ਦੇਹ ਅਰੋਗਤਾ, ਚੜ੍ਹਦੀ ਕਲਾ ਅਤੇ ਤੰਦਰੁਸਤੀ ਭਰਪੂਰ ਜੀਵਨ ਬਖਸ਼ੇ ਅਤੇ ਵੱਡੀ ਹੋ ਕੇ ਉਹ ਹੋਰਨਾਂ ਨਾਲ ਮਿਸਾਲ ਬਣੇ। ਸਿਆਣੇ ਕਹਿੰਦੇ ਨੇ ‘ਧੀ ਹੱਸਦੀ ਏ ਤਾਂ ਰੱਬ ਹੱਸਦਾ ਹੈ’ ਬੱਸ ਧੀਆਂ ਹੱਸਦੀਆਂ-ਵੱਸਦੀਆਂ ਰਹਿਣ ਅਤੇ ਸੁਖੀ ਵੱਸਣ। ਰੱਬ ਰਾਖਾ।