ਪਹਿਲਾਂ ਤੋਲੋ ਫਿਰ ਬੋਲੋ (ਲੇਖ )

ਰਾਜਾ ਹੰਸਪਾਲ   

Email: rajahanspal362@gmail.com
Cell: +91 98881 76099
Address: ਫ੍ਰੈਂਡਜ਼ ਕਲੋਨੀ, ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਰਾਜਾ ਹੰਸਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਕ ਬਹੁਤ ਮਸ਼ਹੂਰ ਕਹਾਵਤ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ। ਇੱਥੇ ਤੋਲਣ ਤੋਂ ਭਾਵ ਉਸ ਤੱਕੜੀ ਦਾ ਨਹੀਂ ਜਿਸ ਨਾਲ ਵਸਤਾਂ ਨੂੰ ਤੋਲਿਆ ਜਾਂਦਾ ਹੈ। ਇਸ ਕਹਾਵਤ ਵਿਚ ਤੋਲਣ ਤੋਂ ਭਾਵ ਸਮਝ ਵਾਲੀ ਤੱਕੜੀ ਹੈ। ਉਹ ਸਮਝ ਵਾਲੀ, ਜਿਸ ਵਿੱਚ ਜ਼ੁਬਾਨ ਤੋਂ ਬੋਲਣ ਵਾਲੇ ਬੋਲਾਂ ਨੂੰ ਤੋਲ ਪਰਖ ਲੈਣਾ ਕਿ ਇਹ ਸ਼ਬਦ ਜਾਂ ਬੋਲ ਬੋਲਣ-ਯੋਗ ਹਨ ਜਾਂ ਨਹੀਂ ਅਤੇ ਬੋਲੋ ਜਾਣ ਤੋਂ ਬਾਅਦ ਇਹ ਬੋਲ ਉਸ ਵਿਅਕਤੀ ਨੂੰ ਉਸਦੇ ਨਾਲ ਤੁਹਾਡੇ ਰਿਸ਼ਤੇ ਨੂੰ ਕਿੰਨਾ ਪ੍ਰਭਾਵਿਤ ਕਰਨਗੇ ਅਤੇ ਕਿਵੇਂ ਦਾ ਅਸਰ ਪਾਉਣਗੇ ਆਦਿ। ਬੋਲ ਬੋਲੇ ਜਾਣ ਤੋਂ ਪਹਿਲਾਂ ਏਨਾ ਹੋਸ਼ ਅਤੇ ਏਨੀ ਸਮਝ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਕਿਹੜੇ ਬੋਲ ਬੋਲਣੇ ਹਨ? ਕਿਸ ਲਹਿਜ਼ੇ ਵਿੱਚ ਬੋਲਣੇ ਹਨ? ਕਦੋਂ ਬੋਲਣੇ ਹਨ? ਅਤੇ ਕਿੰਨੇ ਬੋਲ ਬੋਲਣੇ ਹਨ। ਕਿਉਂਕਿ ਕਹਿੰਦੇ ਹਨ ਕਿ ਕਮਾਨ ਚੋਂ ਨਿਕਲੇ ਤੀਰ ਅਤੇ ਜ਼ੁਬਾਨ ਤੋਂ ਬੋਲੇ ਬੋਲ ਵਾਪਿਸ ਨਹੀਂ ਮੁੜਦੇ ਹੁਣ ਕਮਾਨ ਵਿਚੋਂ ਨਿਕਲੇ ਤੀਰ ਦੀ ਖ਼ਾਸੀਅਤ ਇਹ ਹੁੰਦੀ ਹੈ ਕਿ ਇਹਨਾਂ ਦੁਆਰਾ ਦਿੱਤਾ ਜਖ਼ਮ ਵਕਤ ਪਾ ਕੇ ਠੀਕ ਹੋ ਜਾਂਦਾ ਹੈ ਅਤੇ ਫਿਰ ਕਦੇ ਇਹ ਦਰਦ ਵੀ ਨਹੀਂ ਹੁੰਦਾ ਪਰ ਜ਼ੁਬਾਨ ਤੋਂ ਬੋਲੇ ਬੋਲ ਵਾਲਾ ਜਖ਼ਮ ਹਮੇਸ਼ਾਂ ਅੱਲਾ ਹੀ ਰਹਿੰਦਾ ਹੈ। ਕਈ ਸਾਲਾਂ ਤੱਕ ਭੁਲਾਉਣ ਦੇ ਬਾਵਜੂਦ ਵੀ ਬੋਲੇ ਬੋਲ ਯਾਦ ਰਹਿੰਦੇ ਹਨ ਫ਼ਿਰ ਚਾਹੇ ਇਹ ਬੋਲ ਪਿਆਰ ਭਰੇ ਹੋਣ ਜਾਂ ਜ਼ਹਿਰ ਭਰੇ। ਜ਼ਹਿਰ ਭਰੇ, ਕੜਵੇ ਕੌੜੇ ਦਿਲ ਨੂੰ ਚੀਰਨ ਵਾਲੇ ਬੋਲ ਇਨਸਾਨ ਵੱਲੋਂ ਅਕਸਰ ਗੁੱਸੇ ਵਿੱਚ, ਬਹਿਸਬਾਜ਼ੀ ਦੇ ਵੇਲੇ, ਝਗੜੇ ਦੌਰਾਨ ਬਿਨਾਂ ਸੋਚੇ ਸਮਝੇ ਬੋਲ ਦਿੱਤੇ ਜਾਂਦੇ ਹਨ ਹੁਣ ਜੇਕਰ ਉਹ ਇਨਸਾਨ ਜਿਨ੍ਹਾਂ ਨੂੰ ਇਹ ਬੋਲ ਬੋਲੇ ਗਏ ਹੁੰਦੇ ਹਨ ਜੇਕਰ ਉਹ ਤੁਹਾਡੇ ਨਾਲ ਕਿਸੇ ਤਰ੍ਹਾਂ ਸੰਬੰਧਿਤ ਨਹੀਂ ਹਨ, ਤੁਹਾਡੇ ਨਾਲ ਕੋਈ ਸਬੰਧ ਜਾਂ ਰਿਸ਼ਤਾ ਵਾਕਫ਼ੀ ਜਾਂ ਮਿਲ ਵਰਤਣ ਨਹੀਂ ਹੈ ਭਾਵ ਰਸਤੇ ਵਿਚ ਆਉਂਦੇ ਜਾਂਦੇ ਕਿਸੇ ਗੱਲੋਂ ਬੋਲ ਬੁਲਾਰਾ ਜਾਂ ਝਗੜਾ ਹੋ ਗਿਆ ਹੈ ਓਥੇ ਤਾਂ ਚਲੋ ਬੋਲੇ ਕੌੜੇ, ਜ਼ਹਿਰ ਭਰੇ, ਤਿੱਖੇ ਜਾਂ ਘਟੀਆ ਬੋਲ ਬਹੁਤਾ ਅਸਰ ਨਹੀਂ ਪਾਉਣਗੇ ਜੇਕਰ ਪਾਉਣਗੇ ਵੀ ਤਾਂ ਉਸ ਵਿਅਕਤੀ ਦਾ ਸਾਡੇ ਨਾਲ ਕੋਈ ਵਾਸਤਾ ਜਾਂ ਨੇੜਤਾ ਹੋਣ ਕਾਰਨ ਇਸ ਅਸਰ ਦਾ ਸਾਨੂੰ ਕੋਈ ਫ਼ਰਕ ਨਹੀਂ ਪਵੇਗਾ। ਪਰ ਹੁਣ ਜਿੱਥੇ ਅਸੀਂ ਕੰਮ ਕਰਦੇ ਹਾਂ ਜਿਨ੍ਹਾਂ ਲੋਕਾਂ ਨਾਲ ਸਾਡਾ ਰੋਜ਼ ਦਾ ਵਾਹ ਪੈਂਦਾ ਹੈ, ਜਿਨ੍ਹਾਂ ਨਾਲ ਸਾਡਾ ਉੱਠਣਾ ਬੈਠਣਾ ਹੁੰਦਾ ਹੈ, ਜਿਨ੍ਹਾਂ ਨਾਲ਼ ਸਾਡਾ ਮਿਲਵਰਤਨ ਹੁੰਦਾ ਹੈ, ਜਿਨ੍ਹਾਂ ਨਾਲ ਸਾਡੀ ਕਿਸੇ ਨਾ ਕਿਸੇ ਰੂਪ ਵਿਚ ਵਾਕਫ਼ੀਅਤ ਹੁੰਦੀ ਹੈ। ਜਿਵੇਂ ਕਿ ਸਾਡੇ ਸਹਿ ਕਰਮੀ, ਸਾਡੇ ਯਾਰ-ਦੋਸਤ, ਸੱਜਣ-ਮਿੱਤਰ, ਸਾਡੇ ਜਾਣ-ਪਹਿਚਾਣ ਵਾਲੇ, ਸਾਡੇ ਰਿਸ਼ਤੇਦਾਰ, ਰੋਜ਼ਾਨਾ ਰੁਟੀਨ ਵਿਚ ਮਿਲਣ ਵਾਲੇ ਲੋਕ, ਅਤੇ ਸਭ ਤੋਂ ਮਹਤਵਪੂਰਨ ਸਾਡੇ ਪਰਿਵਾਰਿਕ ਮੈਂਬਰ। ਗੁੱਸੇ ਵਿਚ ਜੋ ਮੂੰਹ ਵਿਚ ਆਇਆ ਬਿਨ੍ਹਾਂ ਸੋਚੇ ਸਮਝੇ ਬੋਲੇ ਫਿੱਕੇ, ਕੌੜੇ, ਜ਼ਹਿਰ ਭਰੇ, ਘਟੀਆ ਬੋਲ ਬਹੁਤ ਡੂੰਘਾ ਅਸਰ ਪਾਉਂਦੇ ਹਨ।
ਇਹ ਨਾ ਸਿਰਫ਼ ਸਾਡੇ ਵਿਅਕਤੀਤਵ ਨੂੰ ਦਰਸਾਉਂਦੇ ਹਨ, ਸਾਡੀ ਸੋਚ ਸਮਝ ਸਿਆਣਪ ਦਾ ਮਿਆਰ ਵੀ ਦੱਸਦੇ ਹਨ ਅਤੇ ਸਾਡੇ ਰਿਸ਼ਤਿਆਂ ਨੂੰ ਵੀ ਖ਼ਰਾਬ ਕਰਦੇ ਹਨ ਅਤੇ ਕਈ ਵਾਰ ਤਾਂ ਰਿਸ਼ਤੇ ਟੁੱਟਣ ਤੱਕ ਦੀ ਨੌਬਤ ਵੀ ਆ ਜਾਂਦੀ ਹੈ। ਗੁੱਸਾ ਥੋੜ੍ਹੀ ਦੇਰ ਦਾ ਹੁੰਦਾ ਹੈ ਪਰ ਉਸ ਦੌਰਾਨ ਬੋਲੇ ਬੋਲਾਂ ਦਾ ਅਸਰ ਸਾਲੋ ਸਾਲ ਉਮਰਾਂ ਤੀਕਰ ਰਹਿੰਦਾ ਹੈ। ਅਕਸਰ ਬਾਅਦ ਵਿੱਚ ਜਦੋਂ ਗੁੱਸਾ ਠੰਡਾ ਹੋ ਹੁੰਦਾ ਹੈ ਅਤੇ ਇਨਸਾਨ ਆਪਣੀ ਆਮ ਸਥਿੱਤੀ ਵਿੱਚ ਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਬੋਲੇ ਗਏ ਬੋਲਾਂ ਦਾ ਜਦੋਂ ਅਹਿਸਾਸ ਹੁੰਦਾ ਹੈ, ਪਛਤਾਵਾ ਹੁੰਦਾ ਹੈ ਅਤੇ ਮਾੜੇ ਬੋਲ ਬੋਲਣਾ ਵਾਲਾ ਇਨਸਾਨ ਸਬੰਧਿਤ ਵਿਅਕਤੀ ਕੋਲੋਂ ਮੁਆਫ਼ੀ ਵੀ ਮੰਗ ਲੈਂਦਾ ਹੈ ਅਤੇ ਪਰ ਫਿਰ ਵੀ ਦੁਖੀ ਦਿਲ ਵਾਲੇ ਵਿਅਕਤੀ ਲਈ ਦਿਲੋਂ ਉਸ ਰਿਸ਼ਤੇ ਬਾਬਤ ਇਕ ਦੂਰੀ, ਗਿਲਾ ਸ਼ਿਕਵਾ ਰਹਿ ਹੀ ਜਾਂਦਾ ਹੈ। ਕਿਉਂਕਿ ਉਹ ਬੋਲ ਮੁੜ ਮੁੜ ਜ਼ਹਿਨ ਵਿੱਚ ਆ ਹੀ ਜਾਂਦੇ ਨੇ।
ਜਿਵੇਂ ਕਹਿੰਦੇ ਨੇ ਕਿ ਟੁੱਟੇ ਰਿਸ਼ਤੇ ਜੇਕਰ ਗੰਢ ਵੀ ਲਏ ਜਾਣ ਤਾਂ ਉਹ ਗੰਢ ਤਾਂ ਅਕਸਰ ਰੜਕਦੀ ਹੀ ਰਹਿੰਦੀ ਹੈ ਭਾਵੇਂ ਮਾੜੇ ਜਾਂ ਕੌੜੇ ਬੋਲ ਬੋਲਣ ਵਾਲਾ ਵਿਅਕਤੀ ਭਾਵੇਂ ਲੱਖ ਸਫ਼ਾਈਆਂ ਪਿਆ ਦੇਵੇ। ਗੁੱਸੇ ਚੜ੍ਹੇ ਵਿਚ ਵਿਅਕਤੀ ਨੂੰ ਪਤਾ ਹੀ ਨਹੀਂ ਚੱਲਦਾ ਕਿ ਕੀ ਬੋਲਣਾ ਹੈ ਕੀ ਨਹੀਂ, ਅਜਿਹੇ ਮੌਕੇ ਆਪਣੇ ਆਪ ’ਤੇ ਕਾਬੂ ਹੀ ਕਦੋਂ ਰਹਿੰਦਾ ਹੈ? ਪਰ ਅਜਿਹੇ ਮੌਕੇ ਅਸੀਂ ਆਪਣੇ ਆਪ ਉੱਤੇ ਕਾਬੂ ਜ਼ਰੂਰ ਰੱਖ ਸਕਦੇ ਹਾਂ। ਇਕ ਉਦਾਹਰਣ ਨਾਲ਼ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਮੰਨ ਲਓ ਅਸੀਂ ਕਿਸੇ ਦਫ਼ਤਰ ਵਿਚ ਕੰਮ ਕਰਦੇ ਹਾਂ ਉਥੇ ਸਾਡਾ ਬੌਸ ਜੋ ਕਿ ਖੜੂਸ ਸੁਭਾਅ ਦਾ ਹੈ ਕਿਸੇ ਦਿਨ ਕਿਸੇ ਗੱਲ ਕਰਕੇ ਉਹ ਕਲਪਿਆ ਪਿਆ ਹੈ, ਉਹ ਸਾਡੇ ਕੋਲੋਂ ਕੰਮ ਵਿਚ ਹੋ ਗਈ ਮਾਮੂਲੀ ਜਿਹੀ ਗ਼ਲਤੀ ਜੋ ਕਿ ਸੋਖਾਲਿਆਂ ਹੀ ਠੀਕ ਹੋ ਜਾਵੇਗੀ ਪਰ ਉਹ ਸਾਨੂੰ ਪੂਰੇ ਸਟਾਫ਼ ਸਾਹਮਣੇ ਗੁੱਸੇ ਵਿਚ ਡਾਂਟਦਾ ਫਿਟਕਾਰਦਾ ਹੈ ਅਤੇ ਅਵਾ ਤਵਾ ਬੋਲਦਾ ਹੈ, ਬਦਲੇ ਵਿੱਚ ਸਾਨੂੰ ਵੀ ਬਹੁਤ ਗੁੱਸਾ ਆਉਂਦਾ ਹੈ ਕਿ ਛੋਟੀ ਜਿਹੀ ਗ਼ਲਤੀ ਉੱਤੇ ਏਨਾ ਬਵਾਲ ਕਿਉਂਭ ਕਰ ਰਿਹਾ ਹੈ? ਦਿਲ ਤਾਂ ਕਰਦਾ ਹੈ ਉਸ ਨੂੰ ਖਰੀਆਂ-ਖੋਟੀਆਂ ਸੁਣਾਈਆਂ ਜਾਣ ਪਰ ਨੌਕਰੀ ਤੋਂ ਹੱਥ ਨਾ ਧੋਣੇ ਪੈ ਜਾਣ ਇਹ ਸੋਚ ਕੇ ਅਸੀਂ ਸਾਰਾ ਗੁੱਸਾ ਪੀ ਲੈਂਦੇ ਹਾਂ, ਅਤੇ ਜੇ ਕੁਝ ਬੋਲਦੇ ਵੀ ਹਾਂ ਤਾਂ ਬੋਲਣ ਦੇ ਲਹਿਜੇ, ਬੋਲਾਂ ਨੂੰ ਆਪਣੇ ਕਾਬੂ ਵਿਚ ਰੱਖ ਕੇ। ਸੋ ਸਿੱਧ ਹੋ ਜਾਂਦਾ ਹੈ ਕਿ ਗੁੱਸੇ ਵਿਚ ਵੀ ਅਸੀਂ ਆਪਣੀ ਬੋਲ ਬਾਣੀ ‘ਤੇ ਨਿਯੰਤਰਣ ਰੱਖ ਸਕਦੇ ਹਾਂ।
ਹੁਣ ਠੀਕ ਇਸੇ ਤਰ੍ਹਾਂ ਨੌਕਰੀ ਜਾਣ ਦੇ ਡਰ ਵਾਂਗ ਜੇਕਰ ਅਸੀਂ ਰਿਸ਼ਤੇ ਟੁੱਟਣ ਦਾ ਡਰ ਵੀ ਰੱਖੀਏ ਤਾਂ ਰਿਸ਼ਤਿਆਂ ਵਿਚ ਪਈਆਂ ਤਰੇੜਾਂ, ਆਈਆਂ ਦੂਰੀਆਂ, ਪਈਆਂ ਫਿੱਕਾਂ ਕਾਫ਼ੀ ਹੱਦ ਤੱਕ ਘੱਟ ਸਕਦੀਆਂ ਹਨ। 
ਖ਼ਾਸ ਤੌਰ ਤੇ ਆਪਣੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਅਤੇ ਕੁੱਝ ਹੋਰ ਅਜਿਹੇ ਖ਼ਾਸ ਰਿਸ਼ਤੇ, ਜਿਨ੍ਹਾਂ ਨਾਲ ਸਾਰੀ ਉਮਰ ਨਿਭਣਾ ਹੁੰਦਾ ਹੈ। ਜੋ ਸਾਡੇ ਦੁੱਖ-ਸੁੱਖ, ਖ਼ੁਸ਼ੀ-ਗਮੀ, ਔਖ-ਸੌਖ, ਵਿਚ ਹਮੇਸ਼ਾਂ ਸਾਥ ਨਿਭਣੇ ਹੁੰਦੇ ਹਨ ਅਜਿਹੇ ਖ਼ਾਸ ਰਿਸ਼ਤਿਆਂ ਨਾਲ ਗੁੱਸੇ ਸਮੇਂ, ਬਹਿਸਬਾਜ਼ੀ ਅਤੇ ਛੋਟੇ ਮੋਟੇ ਝਗੜਿਆਂ ਵਿਚ ਵੀ ਨਿਯੰਤਰਣ ਵਿਚ ਰਹਿ ਕੇ, ਸੋਚ ਸਮਝ ਨਾਲ਼ ਬੋਲ ਬੋਲਣੇ ਚਾਹੀਦੇ ਹਨ। ਕਿੰਨਾ ਬੋਲਣਾ ਹੈ, ਕੀ ਬੋਲਣਾ ਹੈ ਕਦੋਂ ਤੱਕ ਬੋਲਣਾ ਹੈ, ਕਿੰਨਾ ਕੁ ਬੋਲਣਾ ਜ਼ਰੂਰੀ ਹੈ ਆਦਿ ਜਾਂ ਅਜਿਹੀ ਸਥਿਤੀ ਵਿਚ ਉੱਠ ਕੇ ਚਲੇ ਜਾਣਾ ਬਿਹਤਰ ਹੈ। ਇਹਨਾਂ ਗੱਲਾਂ ਦਾ ਸਾਨੂੰ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ । 
ਵੈਸੇ ਵੀ ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਸਾਡੀ ਬੋਲ ਬਾਣੀ ਵਿੱਚ, ਮਿਠਾਸ, ਨਿਮਰਤਾ, ਠਹਿਰਾਵ, ਸਮਝ ਸਿਆਣਪ, ਸਹਿਜਤਾ, ਮਿਆਰ ਹੋਣਾ ਚਾਹੀਦਾ ਹੈ। ਗੁਰੂ ਗੁਰਬਾਣੀ ਵੀ ਤਾਂ ਸਮਝਾਉਂਦੀ ਹੈ ਕਿ
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥
ਅਤੇ ਜੇਕਰ ਮੈਡੀਕਲ ਨਜ਼ਰੀਏ ਤੋਂ ਵੀ ਤੱਥ ਪੜਚੋਲ ਕਰੀਏ ਤਾਂ ਹਮੇਸ਼ਾਂ ਕਲਪੇ ਰਹਿਣ ਵਾਲੇ, ਖਿਝੇ ਰਹਿਣ ਵਾਲੇ, ਹਰ ਗੱਲ ’ਤੇ ਬਹਿਸਣ ਵਾਲੇ, ਛੋਟੀ-ਛੋਟੀ ਗੱਲ ’ਤੇ ਬਿਨ੍ਹਾਂ ਸੋਚੇ ਸਮਝੇ ਭੜਕ ਜਾਣ ਵਾਲੇ ਅਤੇ ਕੜਵਾਹਟ ਭਰੇ ਬੋਲ ਬੋਲਣ ਵਾਲੇ ਇਨਸਾਨ ਦਾ ਪਾਚਨ ਤੰਤਰ ਖਰਾਬ ਹੁੰਦਾ ਹੈ ਅਤੇ ਉਸ ਦੇ ਦਿਮਾਗ਼ ਤੇ ਮਾੜਾ ਅਸਰ ਪੈਂਦਾ ਹੈ। ਉਸਦੇ ਵਿਚ ਨੈਗੇਟਿਵ ਵਿਚਾਰਾਂ ਦੀ ਭਰਮਾਰ ਹੋ ਜਾਂਦੀ ਹੈ ਉਸਦੀ ਸੋਚਣ ਸਮਝਣ ਦੀ ਸਮਰੱਥਾ ਵਿੱਚ ਵੀ ਗਿਰਾਵਟ ਆਉਂਦੀ ਹੈ।
 ਸੋ ਦੋਸਤੋ ਬੋਲ ਬਾਣੀ ਨਿਯੰਤਰਣ ਵਿਚ ਰੱਖੀਏ, ਰਿਸ਼ਤਿਆ ਦੀ ਅਹਿਮੀਅਤ ਨੂੰ ਜਾਣੀਏ, ਪਿਆਰ ਸਤਿਕਾਰ ਅਪਣੱਤ ਬਣਾ ਕੇ ਰੱਖੀਏ। ਰਿਸ਼ਤੇ ਦੁਬਾਰਾ ਦੁਬਾਰਾ ਨਹੀਂ ਮਿਲਣੇ ਇਹਨਾਂ ਦੀ ਮੋਹਲਤ ਹੁੰਦੀ ਹੈ ਜਿੰਨੀ ਦੇਰ ਵੀ ਇਹ ਖ਼ਾਸ ਰਿਸ਼ਤੇ ਤੁਹਾਡੇ ਕੋਲ ਹਨ ਉਹਨਾਂ ਨੂੰ ਜੀਓ। ਬਹਿਸਬਜ਼ੀਆਂ ਸ਼ਿਕਵੇ ਸ਼ਿਕਾਇਤਾਂ, ਹੋਣ ਵਾਲੇ ਘਰੇਲੂ ਲੜਾਈ ਝਗੜੇ ਬੇਸ਼ਕ ਹੁੰਦੇ ਰਹਿਣ ਜਿਵੇਂ ਕਹਾਵਤ ਹੈ ਚਾਰ ਭਾਂਡੇ ਖੜਕਦੇ ਹੀ ਹਨ ਪਰ ਆਪਣੇ ਆਪ ’ਤੇ, ਆਪਣੀ ਬੋਲ ਬਾਣੀ ’ਤੇ, ਆਪਣੇ ਗੁੱਸੇ ’ਤੇ ਏਨਾ ਕੁ ਸੰਜਮ ਜਰੂਰ ਰੱਖੋ ਕਿ ਰਿਸ਼ਤੇ ਨਾ ਟੁੱਟਣ ਨਾ ਅਤੇ ਦਿਲਾਂ ਵਿਚ ਨਫਰਤਾਂ ਨਾ ਪੈਣ, ਦੂਰੀਆ ਨਾ ਪੈਣ। ਰੱਬ ਰਾਖਾ