ਸ਼ਾਇਰ ਬਣਨਾ ਮੇਰੇ ਲਈ ਫ਼ਕੀਰੀ ਹੈ
ਸ਼ਬਦ ਮੇਰੇ ਦੀ ਅੰਬਰ ਨਾਲ ਸਕੀਰੀ ਹੈ ।
ਕੱਪੜੇ, ਪੈਸੇ, ਰੁਤਬੇ ਮੈਨੂੰ ਮੇਚ ਨਹੀਂ
ਰੂਹ ਵਿੱਚ ਡੁੱਬਕੇ ਲਿਖਤੇ ਸ਼ੇਅਰ ਅਮੀਰੀ ਹੈ ।
ਕਦੋਂ ਦੇ ਬਣ ਗਏ ਰਹਿਬਰ ਸਭ ਗੰਵਾਰ ਜਹੇ
ਪੱਲੇ ਕਿਸੇ ਦੇ ਨਾ ਪੀਰੀ ਨਾ ਮੀਰੀ ਹੈ ।
ਰਾਤ ਹਨੇਰੀ ਵਿੱਚ ਵੀ ਚੰਬਾ ਖਿੜ ਉੱਠਿਆ
ਦਿਨ ਚੜ੍ਹਦੇ ਦੀ ਲਾਲੀ ਧਰਤ ਲਕੀਰੀ ਹੈ ।
ਖੇਤੀੰ , ਖਾਦਾਂ , ਪਾਣੀ , ਡੀਜ਼ਲ ਮੁੱਕ ਚੱਲਿਆ
ਬਣਿਆ ਫਿਰਦਾ ਜੱਟ ਵੀ ਹੁਣ ਤਾਂ ਸੀਰੀ ਹੈ ।
ਵੇਚ ਕੇ ਹਾਕਮ ਤੁਰ ਗਿਆ ਤੇਰੇ ਖੇਤਾਂ ਨੂੰ
ਮਾਣ ਕਰੇੰ ਜਿਸ ਪੈਲੀ ਬੀਜੀ ਜੀਰੀ ਹੈ ।
ਚੱਲਣੇ ਨਹੀੰ ਹਥਿਆਰ ਲਕੋਈ ਫਿਰਦੈੰ ਜੋ
ਕਲਮ ਬੰਦੂਕ ਚੋਂ ਨਿਕਲੀ ਗੋਲੀ ਚੀਰੀ ਹੈ ।
ਵਜ਼ਨ ਤੋਲ ਨੂੰ ਤੂੰ ਹੀ ਸੁਰ ਵਿੱਚ ਕਰ ‘ਕਾਉੰਕੇ ‘
ਤੇਰਾਂ ਤੇਰਾਂ ਤੋਲੇ ਨਵੀਂ ਪਨੀਰੀ ਹੈ ।