ਸ਼ਗਨਾਂ ਦੀ ਚੁੰਨੀ (ਕਹਾਣੀ)

ਜਸਬੀਰ ਮਾਨ   

Email: jasbirmann@live.com
Address:
ਸਰੀ British Columbia Canada
ਜਸਬੀਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਸਦੇ ਘਰ ਬਹੁਤ ਸਾਰੇ ਮਹਿਮਾਨ ਆਏ ਹੋਏ ਸਨ।ਘਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਸੀ। ਇਕ ਪਾਸੇ ਨਾਨਕੀਆਂ ਬੈਠੀਆਂ ਸਨ ਤੇ ਦੂਜੇ ਪਾਸੇ ਦਾਦਕੀਆਂ।ਦੋਹਾਂ ਧਿਰਾਂ ਨੇ ਲੋਕ ਗੀਤਾਂ ਦੀ ਪੂਰੀ ਛਹਿਬਰ ਲਾਈ ਹੋਈ ਸੀ ।ਇਕ ਦੂਜੇ ਨੂੰ ਸਿੱਠਣੀਆਂ ਦੇ ਕੇ ਸੁਣਨ ਵਾਲ਼ਿਆਂ ਦੇ ਢਿੱਡੀਂ ਪੀੜਾਂ ਪਵਾ ਰਹੀਆਂ ਸਨ।ਉਹ ਹਲਕੇ ਬਦਾਮੀ ਰੰਗ ਦਾ ਸੂਟ ਪਾਈ ਸਭ ਰਿਸ਼ਤੇਦਾਰਾਂ ਦੀ ਸੇਵਾ ਕਰ ਰਹੀ ਸੀ।ਖੁਸ਼ੀ ਉਸਦੇ ਚਿਹਰੇ ਤੇ ਡੁੱਲ-ਡੁੱਲ ਪੈਂਦੀ ਕਿਉਂਕਿ ਕੱਲ ਨੂੰ ਉਸਦੀ ਵੱਡੀ ਧੀ ਸਿੰਮੀ ਦਾ ਵਿਆਹ ਸੀ ਤੇ ਅੱਜ ਉਸਦੇ ਸ਼ਗਨ ਲੱਗਣਾ ਸੀ।
ਉਸਦੀ ਧੀ ਸਿੰਮੀ ਅਜੇ ਹੁਣੇ-ਹੁਣੇ ਹੀ ਪਾਰਲਰ ਵਿਚੋਂ ਤਿਆਰ ਹੋ ਕੇ ਆਈ ਸੀ।ਹਰ ਕੋਈ ਉਸਦੇ ਸੁਹੱਪਣ ਦੀ ਸਿਫਤ ਕਰ ਰਿਹਾ ਸੀ।ਕੋਈ ਉਸਦੇ ਲਹਿੰਗੇ ਨੂੰ ਫੜ੍ਹ ਕੇ ਵੇਖਦਾ ਤੇ ਕੋਈ ਉਸਦੀ ਜਿਊਲਰੀ ਨੂੰ।ਸਿੰਮੀ ਹਲਕੇ ਗੁਲਾਬੀ ਰੰਗ ਦੇ ਲਹਿੰਗੇ ਵਿਚ ਪਰੀ ਲੱਗ ਰਹੀ ਸੀ ਉਂਝ ਉਸਦੀ ਦੂਜੀ ਧੀ ਨਿੰਮੀ ਵੀ ਪਰੀਆਂ ਤੋਂ ਘੱਟ ਨਹੀਂ ਸੀ।
ਜਦ ਵਿਆਹ ਵਿਚ ਆਈਆਂ ਮੇਲਣਾਂ ਉਸ ਕੋਲ਼ ਉਸਦੀ ਤੇ ਉਸਦੀਆਂ ਧੀਆਂ ਦੀ ਤਾਰੀਫ ਕਰਦੀਆਂ ਹੋਈਆਂ ਇਹ ਆਖਦੀਆਂ,“ਨਿੰਦਰ ਤੇਰੀਆਂ ਦੋਹੇਂ ਧੀਆਂ ਤਾਂ ਜਮ੍ਹਾਂ ਹੀ ਤੇਰੀ ਕਾਪੀ ਲੱਗਦੀਆਂ  ਹਨ।” ਇਹ ਗੱਲ ਸੁਣ ਉਸਦੀ ਰੂਹ ਖਿੜ ਜਾਂਦੀ।ਉਸਨੂੰ ਆਪਣੇ ਆਪ ਤੇ ਮਾਣ ਹੋਣ ਲੱਗਦਾ।ਉਹ ਹੱਸਦੀ ਤੇ ਆਪਣੇ ਮਨ ਅੰਦਰ ਹੀ ਆਖਦੀ,
“ ਮੇਰੀਆਂ ਧੀਆਂ ਨੇ ਮੇਰੇ ਵਾਂਗ ਹੀ ਲੱਗਣਾ।ਮੇਰੀਆਂ ਧੀਆਂ ਮੇਰੀ ਜਾਨ,ਮੇਰੀ ਜ਼ਿੰਦਗੀ।”
 ਉਹ ਆਪਣੀਆਂ ਧੀਆਂ ਦਾ ਕਦੇ ਵਿਸਾਹ ਨਾ ਕਰਦੀ।
   ਜਵਾਨੀ ਵੇਲ਼ੇ ਉਹ ਸੱਚਮੁੱਚ ਹੀ ਆਪਣੀ ਧੀਆਂ ਸਿੰਮੀ ਤੇ ਨਿੰਮੀ ਵਾਂਗ ਲੱਗਿਆ ਕਰਦੀ ਸੀ।ਉਸਦਾ ਪੇਕਿਆਂ ਦਾ ਨਾਂ ਨਰਿੰਦਰਪਾਲ ਸੀ , ਪਰ ਸਾਰੇ ਉਸਨੂੰ ਨਿੰਦਰ ਆਖ ਕੇ ਬੁਲਾਉਂਦੇ ਸਨ।ਉਸਦੇ ਕਨੇਡਾ ਤੋਂ ਗਏ ਪਤੀ ਰਾਜੇ ਨੇ ਹਜ਼ਾਰਾਂ ਕੁੜੀਆਂ ਨੂੰ ਵੇਖਣ ਤੋਂ ਬਾਅਦ ਜਦ ਉਸਨੂੰ ਪਹਿਲੀ ਵਾਰੀ ਵੇਖਿਆ ਸੀ ਤਾਂ ਉਹ ਵੀ ਉਸੇ ਵਕਤ ਹੀ ਕੀਲਿਆ ਗਿਆ ਸੀ।ਪਹਿਲੀ ਵਾਰੀ ਮਿਲ਼ਣ ਤੇ ਹੀ ਉਸਨੇ ਉਸਨੂੰ ਹਾਂ ਕਰ ਦਿੱਤੀ  ਤੇ ਉਸੇ ਵਕਤ ਹੀ ਉਸਨੂੰ ਸ਼ਗਨ ਪਾ ਕੇ ਵਿਆਹ ਦਾ ਦਿਨ ਤਹਿ ਹੋ ਗਿਆ ਸੀ। ਵਿਆਹ ਤੋਂ ਤਰੁੰਤ ਬਾਅਦ ਹੀ ਉਸਦੇ ਪਤੀ ਨੇ ਉਸਦਾ ਨਾਮ ਨਰਿੰਦਰਪਾਲ ਤੋਂ ਬਦਲ ਕੇ ਨੈਨਸੀ ਰੱਖ ਲਿਆ ਸੀ।ਇਸ ਤਰ੍ਹਾਂ ਕੁਝ ਰਿਸ਼ਤੇਦਾਰ ਉਸਨੂੰ ਨੈਨਸੀ ਆਖ ਕੇ ਬੁਲਾਉਂਦੇ ਤੇ ਕੁਝ ਅਜੇ ਨਰਿੰਦਰ ਨਾਂ ਨਾਲ ਹੀ ਬੁਲਾਉਂਦੇ ਸਨ। 
ਸਿੰਮੀ ਦੇ ਸ਼ਗਨ ਪੈਣ ਦਾ ਸਮਾਂ ਹੋ ਗਿਆ ਸੀ।ਉਸਦਾ ਸਹੁਰਾ ਪਰਿਵਾਰ ਆ ਚੁੱਕਾ ਸੀ।ਗੀਤ ਸੰਗੀਤ ਦਾ ਪੂਰਾ ਮਹੌਲ ਮਘਿਆ ਹੋਇਆ ਸੀ।ਨੈਨਸੀ ਨੇ ਸ਼ਗਨ ਵਾਲ਼ੀ ਥਾਲ਼ੀ ਤੇ ਦੋਸੜੇ ਦੀ  ਗੁਲਾਬੀ ਚੁੰਨੀ ਵੀ ਤਿਆਰ ਕਰ ਰੱਖੀ ਸੀ।ਬੱਸ ਆਪਣੀ ਸੱਸ ਮਾਂ ਦਾ ਇੰਤਜ਼ਾਰ ਕਰ ਰਹੀ ਸੀ ਕਿ ਮਾਤਾ ਜੀ ਕਦ ਉਸਨੂੰ ਸ਼ਗਨ ਪਾਉਣ ਦੇ ਲਈ ਹੁਕਮ ਕਰੇ।ਉਹ ਜਦ ਤੋਂ ਇਸ ਘਰ ਵਿਚ ਵਿਆਹੀ ਆਈ ਸੀ ਉਦੋਂ ਤੋਂ ਹੀ ਮਾਤਾ ਜੀ ਦਾ ਹੁਕਮ ਮੰਨਦੀ ਆਈ ਸੀ।ਆਪਣੀ ਸੱਸ ਦੀ ਆਗਿਆ ਮੰਨਣੀ ਉਸਦੀ ਮਜ਼ਬੂਰੀ ਦੇ ਨਾਲ਼-ਨਾਲ਼ ਹੁਣ ਉਸਦੀ ਆਦਤ ਵੀ ਬਣ ਗਈ ਸੀ।
ਉਸ ਵੱਲੋਂ ਸ਼ਗਨ ਦਾ ਸਭ ਸਮਾਨ ਭਾਂਵੇ ਤਿਆਰ ਸੀ ਪਰ ਫਿਰ ਵੀ ਉਹ ਉਸ ਥਾਲ਼ ਨੂੰ ਵਾਰ-ਵਾਰ ਵੇਖਦੀ।ਥਾਲ ਵਿੱਚ ਪਏ ਸੱਤ ਲੱਡੂ,ਖੰਭਣੀ ਤੇ ਦੋ ਸੌ-ਸੌ ਦੇ ਨੋਟ ਉਹਨੂੰ ਬੜੇ ਹੀ ਖੂਬਸੂਰਤ ਲੱਗ ਰਹੇ ਸਨ।ਸ਼ਗਨਾਂ ਵਾਲ਼ੀ ਗੁਲਾਬੀ ਚੁੰਨੀ ਜਿਸ ਨੂੰ ਪਤਲੀ ਕਿਨਾਰੀ ਵਾਲ਼ਾ ਗੋਟਾ ਲੱਗਿਆ ਹੋਇਆ ਸੀ ਉਹ ਵੀ ਥਾਲ਼ੀ ਉੱਪਰ ਹੀ ਤਹਿ ਲਾ ਕੇ ਰੱਖੀ ਹੋਈ ਸੀ। ਉਸਨੂੰ ਉਹ ਵਾਰ-ਵਾਰ ਖੋਲ ਕੇ ਵੇਖਦੀ।ਉਸ ਚੁੰਨੀ ਦਾ ਗੁਲਾਬੀ ਰੰਗ ਉਸਦੇ ਚਿਹਰੇ ਨੂੰ ਵੀ ਗੁਲਾਬੀ ਕਰ ਰਿਹਾ ਸੀ।ਬੱਸ ਉਸਨੂੰ ਇੰਤਜ਼ਾਰ ਸੀ  ਉਸ ਸਮੇਂ ਦਾ ਕਿ ਕਦ ਉਹ ਉਸ ਚੁੰਨੀ ਨੂੰ ਆਪਣੇ ਸਿਰ ਤੇ ਲਵੇ ਤੇ ਆਪਣੀ ਧੀ ਦਾ ਸ਼ਗਨ ਕਰੇ।ਉਸਦੇ ਪੈਰ ਅੱਜ ਜ਼ਮੀਨ ਤੇ ਨਹੀਂ ਸੀ ਲੱਗ ਰਹੇ।ਮੁੱਦਤਾਂ ਬਾਅਦ ਉਸਦੇ ਘਰ ਦੀਆਂ ਬਰੂਹਾਂ ਤੇ ਇਸ ਖੁਸ਼ੀ ਨੇ ਦਸਤਕ ਦਿੱਤੀ ਸੀ।ਅੱਜ ਦੇ ਇਕ-ਇਕ ਪਲ ਨੂੰ ਉਹ ਮਾਨਣਾ ਚਾਹੁੰਦੀ ਸੀ।
ਦੂਜੇ ਪਾਸੇ ਉਹ ਆਪਣੀ ਧੀ ਸਿੰਮੀ ਵਾਰੇ ਸੋਚ ਕੇ ੳੇੁਦਾਸ ਹੋ ਜਾਂਦੀ ਕਿ ਸਿੰਮੀ ਹੁਣ ਉਸ ਤੋਂ ਦੂਰ ਚਲੀ ਜਾਵੇਗੀ।ਸਿੰਮੀ ਤੇ ਨਿੰਮੀ ਉਸਦੀ ਪਿਛਲੇ ਬਾਈ ਸਾਲਾਂ ਤੋਂ ਜ਼ਿੰਦਗੀ ਬਣੀਆਂ ਹੋਈਆਂ ਸਨ।ਸਿੰਮੀ ਉੱਦੋਂ ਡੇਢ ਸਾਲ ਦੀ ਸੀ ਤੇ ਨਿੰਮੀ ਸਿਰਫ ਛੇ ਮਹੀਨਿਆਂ ਦੀ ,ਜਦ ਉਸਦੇ ਪਤੀ ਦੀ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ ।ਉਸ ਤੋਂ ਬਾਅਦ ਉਸਨੇ ਉਹਨਾਂ ਦੋਹਾਂ ਧੀਆਂ ਦੇ ਆਸਰੇ ਹੀ ਜ਼ਿੰਦਗੀ ਗੁਜ਼ਾਰੀ ਸੀ।ਭਰ ਜਵਾਨ ਹੋਣ ਕਰਕੇ ਰਿਸ਼ਤੇ ਤਾਂ ਭਾਂਵੇ ਉਸਨੂੰ ਬਹੁਤ ਆਏ ਸਨ ਪਰ ਦੋ ਫੁੱਲਾਂ ਵਰਗੀਆਂ ਧੀਆਂ ਨੂੰ ਲੈ ਕੇ ਉਹ ਕਿੱਥੇ ਜਾਂਦੀ।ਅਖਵਾਰਾਂ ਤੇ ਮੈਗਜ਼ੀਨਾਂ ਵਿਚ ਜਦ ਉਹ ਇਹ ਖਬਰਾਂ ਪੜ੍ਹਦੀ ਕਿ “ਫਲਾਂ ਥਾਂ ਤੇ ਮਤਰੇਏ ਬਾਪ ਨੇ ਧੀਆਂ ਨਾਲ਼ ਕੀਤਾ ਜਬਰ-ਜਿਨਾਹ , ਮਤਰੇਏ ਬਾਪ ਨੇ ਕੀਤਾ ਧੀਆਂ ਨਾਲ਼ ਮੂੰਹ ਕਾਲ਼ਾ” ਤਾਂ ਉਸਦਾ ਦਿਲ ਦਹਿਲ ਜਾਂਦਾ।ਇਹਨਾਂ ਗੱਲਾਂ ਤੋਂ ਡਰਦੀ ਨੇ ਅੜਬ ਸਹੁਰਿਆਂ ਦੇ ਪਰਿਵਾਰ ਵਿਚ ਹੀ ਆਪਣੇ ਦਿਨ ਕੱਢਣੇ ਬੇਹਤਰ ਸਮਝਿਆ।
ਕਿਸ ਤਰ੍ਹਾਂ ਉਸਨੇ ਏਨੇ ਔਖੇ ਦਿਨ ਕੱਢੇ ਸਨ ਉਸਨੂੰ ਅੱਜ ਵਾਰ-ਵਾਰ ਉਹ ਸਮਾਂ ਯਾਦ ਆ ਰਿਹਾ ਸੀ ਤੇ ਉਸਦਾ ਧਿਆਨ ਵੀ ਅੱਜ ਪਤਾ ਨਹੀਂ ਕਿਉਂ ਆਪਣੇ ਪਿਛੋਕੜ ਵੱਲ ਨੂੰ ਵਾਰ-ਵਾਰ ਜਾਂਦਾ ਸੀ।ਕਦੇ ਉਹ ਕਮਰੇ ਅੰਦਰ ਜਾ ਕੰਧ ਤੇ ਲੱਗੀ ਆਪਣੇ ਪਤੀ ਦੀ ਫੋਟੋ ਨੂੰ ਚੋਰੀ-ਚੋਰੀ ਵੇਖਦੀ ਤੇ ਮਨ ਵਿਚ ਉਸਨੂੰ ਪੱਛਦੀ,“ ਕਿਉਂ ਸਰਦਾਰ ਜੀ ਹੋ ਰਹੀ ਹਾਂ ਇਹਮਤਿਹਾਨ ਵਿਚੋਂ ਪਾਸ? ਆਖਰ ਆ ਹੀ ਗਿਆ ਖੁਸ਼ੀਆਂ ਦਾ ਦਿਨ ਆਪਣੀ ਜ਼ਿੰਦਗੀ ਵਿਚ।” ਤੇ ਕਦੇ ਰਸੋਈ ਵਿਚ ਆ ਕੰਮ ਵਿਚ ਹੱਥ ਵਟਾਉਂਦੀ।
“ਕੁੜੇ ਨੈਨਾ ਲਿਆ ਪੁੱਤ ਸ਼ਗਨਾਂ ਵਾਲ਼ਾ ਥਾਲ਼, ਕਰੀਏ ਧੀ ਦੇ ਸ਼ਗਨ।”
 ਜਦ ਉਸਦੀ ਸੱਸ ਕਦੇ ਖੁਸ਼ੀ ਦੇ ਮੂਡ ਵਿਚ ਹੁੰਦੀ ਉਦੋਂ ਉਸਨੂੰ ਨੈਨਸੀ ਨਹੀਂ ਨੈਨਾਂ ਆਖ ਕੇ ਬੁਲਾਉਂਦੀ। 
ਰਸੋਈ ਵਿਚ ਕੰਮ ਕਰਦੀ ਨੈਨਸੀ ਦੇ ਕੰਨੀ ਸੱਸ ਦੀ ਆਵਾਜ਼ ਪਈ।ਉਹ ਫਟਾ-ਫਟ ਕੰਮ ਛੱਡ ਸ਼ਗਨਾਂ ਵਾਲ਼ਾ ਥਾਲ਼ ਚੁੱਕ ਲਿਆਈ ।
“ਆਹ ਲੌ ਮਾਤਾ ਜੀ।”
ਉਹ ਥਾਲ ਨੂੰ ਸੱਸ ਦੇ ਅੱਗੇ ਕਰਦਿਆਂ ਹੋਇਆਂ ਬੋਲੀ।
ਉਸਨੇ ਗੁਲਾਬੀ ਚੁੰਨੀ ਥਾਲ਼ ਤੋਂ ਚੁੱਕ ਲਈ ਤੇ ਫਟਾ-ਫਟ ਉਸਦੀ ਤਹਿ ਨੂੰ ਖੋਲ੍ਹਣਾ ਸ਼ੁਰੂ ਕੀਤਾ।
“ਇਹ ਚੁੰਨੀ ਮਿੰਦੀ ਨੂੰ ਫੜ੍ਹਾ ਦੇ”। ਉਸਦੀ ਸੱਸ ਨੇ ਮਿੰਦੀ ਵੱਲ ਨੂੰ ਇਸ਼ਾਰਾ ਕਰਦਿਆਂ ਹੋਇਆਂ ਉਸਨੂੰ ਕਿਹਾ।
ਸੱਸ ਦੀ ਗੱਲ ਸੁਣ ਉਹ ਥਾਂਏ ਹੀ ਰੁਕ ਗਈ ਤੇ ਸੱਸ ਦੇ ਮੂੰਹ ਵੱਲ ਤੱਕਣ ਲੱਗੀ।
“ਮਿੰਦੀ ! ਕਿਉਂ…?
ਉਸਦੇ ਮੂੰਹੋਂ ਆਪਣੇ ਆਪ ਹੀ ਨਿਕਲ਼ਿਆ।
“ਹਾਂ ਮਿੰਦੀ… ਉਹੀ ਕਰੇਗੀ ਸ਼ਗਨ…ਤੂੰ ਨਹੀਂ।”
ਸੱਸ ਮਾਂ ਥਾਲ਼ੀ ਵਿਚਲੀਆਂ ਚੀਜ਼ਾਂ ਨੂੰ ਧਿਆਨ ਨਾਲ਼ ਵੇਖਦੀ ਹੋਈ ਬੋਲੀ।
“ਪਰ ਮਾਤਾ ਜੀ…!”
“ਪਰ ਕੀ…।” ਮਾਤਾ ਨੇ ਥਾਲ਼ੀ ਵੱਲੋਂ ਆਪਣਾ ਧਿਆਨ ਹਟਾ ਤੇ ਮੱਥੇ ਤੇ ਤਿਊੜੀਆਂ ਪਾ ਉਸਨੂੰ ਘੂਰਦਿਆਂ ਹੋਇਆਂ ਕਿਹਾ।
“ਮਾਤਾ ਜੀ…ਮਾਂ ਤਾਂ ਮੈਂ ਹਾਂ…ਸਿੰਮੀ ਦੀ…ਮਿੰਦੀ ਭੈਣ ਨਹੀਂ।” ਉਸਨੇ ਸੱਸ ਵੱਲ ਨੂੰ ਵੇਖਦਿਆਂ ਹੋਇਆਂ ਬੜੇ ਮਾਣ ਨਾਲ਼ ਕਿਹਾ।
“ਮਾਂ ਤਾਂ ਤੂੰ ਹੀ ਰਹਿਣਾ…ਪਰ ਇਹ ਸ਼ਗਨ ਤੂੰ ਨਹੀ ਕਰ ਸਕਦੀ।”
“ਕਿਉਂ ਨਹੀਂ ਕਰ ਸਕਦੀ ?”
“ ਮੈਂ ਆਖਿਆ, ਨਹੀਂ ਕਰ ਸਕਦੀ।”
“ਕਿਉਂ…ਕਿਉਂ ਨਹੀਂ ਕਰ ਸਕਦੀ।ਜਦ ਮੈਂ ਹੋਰ ਆਪਣੀਆਂ ਸਾਰੀਆਂ ਜ਼ਿੰਮੇਂਵਾਰੀਆਂ ਪੂਰੀਆਂ ਕੀਤੀਆਂ ਹਨ ਸ਼ਗਨ ਕਰਨ ਵਿਚ ਕੀ ਹੈ?” ਉਹ ਟਣਕਵੀਂ ਆਵਾਜ਼ ਵਿਚ ਬੋਲੀ।
“ਤੇਰੀ ਮੱਤ ਨੂੰ ਕੀ ਹੋ ਗਿਆ…ਹਰ ਗੱਲ ਜੱਗੋਂ ਤੇਰਵੀਂ ਕਰਦੀ ਹੈਂ।” ਸੱਸ ਨੇ ਫਿਰ ਉਸਨੂੰ ਘੂਰਦਿਆਂ ਹੋਇਆਂ ਕਿਹਾ।
ਇਸ ਤਰ੍ਹਾਂ ਦੀ ਘੂਰ ਤਾਂ ਉਸਨੂੰ ਹੁਣ ਜ਼ਿੰਦਗੀ ਵਿਚ ਬਹੁਤ ਵਾਰੀ ਮਿਲ਼ਦੀ ਸੀ।ਜਿਸ ਦਿਨ ਤੋਂ ਉਸਨੇ ਕੁਝ ਚੰਗੀਆਂ ਕਿਤਾਬਾਂ ਨੂੰ ਪੜ੍ਹਨਾਂ ਤੇ ਚੰਗੇ ਨਾਟਕ ਵੇਖਣੇ ਸ਼ੁਰੂ ਕੀਤੇ ਸਨ। ਉਸ ਦਿਨ ਤੋਂ ਹੀ ਉਹ ਕੁਝ ਸੁਆਲ ਕਰਨ ਲੱਗੀ ਸੀ।ਜੋ ਕੇ ਉਸਦੇ ਪੇਕਿਆਂ ਤੇ ਸਹੁਰਿਆਂ ਵਿਚੋਂ ਕਿਸੇ ਨੂੰ ਵੀ ਪਸੰਦ ਨਹੀਂ ਸਨ।
ਉਸਦੇ ਮੂੰਹੋਂ ਕਿਉਂ ਸ਼ਬਦ ਨਿਕਲਣ ਤੇ ਉਸਦੀ ਸੱਸ ਮਾਂ ਦੇ ਤੇਵਰ ਇਕਦਮ ਬਦਲ ਗਏ ਤੇ ਉਹ ਨੈਨਸੀ ਨੂੰ ਬਾਹੋਂ ਫੜ੍ਹ ਅੰਦਰ ਨੂੰ ਲੈ ਗਈ ਤੇ ਉਸਨੂੰ ਸਮਝਾਉਂਦਿਆਂ ਹੋਇਆਂ ਆਖਣ ਲੱਗੀ,“ਵੇਖ,ਮੇਰੀ ਗੱਲ ਸੁਣ ਲੈ ਕੰਨ ਖੋਲ ਕੇ… ਇਹ ਸ਼ਗਨਾਂ ਦਾ ਕੰਮ ਹੈ…ਇਹੋ ਜਿਹੇ ਦਿਨ ਵਾਰ-ਵਾਰ ਨਹੀਂ ਆਉਂਦੇ।ਮਾਂਵਾ ਤਾਂ ਧੀਆਂ-ਪੁੱਤਾਂ ਦੀ ਹਮੇਸ਼ਾਂ ਸੁੱਖ ਹੀ ਮੰਗਦੀਆਂ ਨੇ…।ਤੂੰ ਇਹ ਸ਼ਗਨ ਮਿੰਦੀ ਨੂੰ ਕਰਨ ਦੇ…ਸੁਹਾਗਣਾ ਹੱਥੋਂ ਹੀ ਸ਼ਗਨ ਸੋਭਦੇ ਨੇ…।”
“ਨਹੀਂ ਮੈਂ ਆਪਣੀ ਧੀ ਦੇ ਸ਼ਗਨ ਖੁਦ ਕਰਾਂਗੀ।” ਨੈਨਸੀ ਨੇ ਸੱਸ ਦੀ ਜਿੱਦ ਅੱਗੇ ਅੜਦਿਆਂ ਹੋਇਆਂ ਉੱਚੀ ਆਵਾਜ਼ ਵਿਚ ਕਿਹਾ।
ਨੂੰਹ ਸੱਸ ਵਿਚ ਹੋ ਰਹੀ ਤਕਰਾਰ ਨੂੰ ਸੁਣ ਨੈਨਸੀ ਦੀ ਮਾਂ ਵੀ ਉਸ ਕੋਲ਼ ਆ ਗਈ।ਉਹ ਵੀ ਉਸਨੂੰ ਸਮਝਾਉਣ ਲੱਗੀ ਤੇ ਆਖਣ ਲੱਗੀ,“ ਧੀਏ ਜਿੱਦ ਨਾ ਕਰ …ਸਿਆਣਿਆਂ ਦੀ ਗੱਲ ਮੰਨੀਦੀ ਹੈ।”
“ਪਰ ਮਾਂ… ਮੈਂ ਆਪਣੀ ਧੀ ਦਾ ਸ਼ਗਨ  ਕਿਉਂ ਨਹੀਂ ਕਰ ਸਕਦੀ? ਮੈਨੂੰ ਕੀ ਹੋਇਆ।ਮੈਨੂੰ ਚੰਗੀ ਤਰ੍ਹਾਂ ਵੇਖ…ਮੇਰੇ ਵਿਚ ਕੋਈ ਕਮੀ ਲੱਗਦੀ ਹੈ ਤੈਨੂੰ।”
“ਕਮੀ ਤੇਰੇ ਚ’ ਨਹੀਂ…ਕਮੀ ਤੇਰੇ ਲੇਖਾਂ ਚ’ ਹੈ ਧੀਏ।”
ਮਾਂ ਨੇ ਦੁੱਖ ਭਰੀ ਆਵਾਜ਼ ਵਿਚ ਇਕ ਲੰਮਾ ਹੌਕਾ ਲੈ ਕੇ ਆਖਿਆ।
“ਇਸ ਵਿਚ ਦੱਸੋ ਤਾਂ ਮੇਰੇ ਲੇਖਾਂ ਦਾ ਕੀ ਕਸੂਰ ਹੈ?”
ਉਸਨੇ ਫਿਰ ਦੋਹਾਂ ਮਾਵਾਂ ਕੋਲ਼ੋਂ ਆਪਣੇ ਸੁਆਲ ਦਾ ਜੁਆਬ ਮੰਗਿਆ।
 ਕੁਝ ਸਮੇਂ ਸਭ ਪਾਸੇ ਚੁੱਪ ਪਸਰ ਗਈ।
“ਤੂੰ ਸ਼ਗਨ ਨਹੀਂ ਕਰ ਸਕਦੀ।ਤੈਨੂੰ ਉਵੇਂ ਹੀ ਕਰਨਾ ਪੈਣਾ ਜਿਵੇਂ ਮੈਂ ਆਹਨੀ ਆਂ।ਜੇ ਅਗਾਂਹ ਦੀ ਸੁੱਖ ਮੰਗਦੀ ਹੈਂ ਤਾਂ… ਮੈਨੂੰ ਪਤਾ ਮੈਂ ਕਿਵੇਂ ਆਪਣਾ ਗਾਡਰ ਵਰਗਾ  ਹੱਥੀਂ ਤੋਰਿਆ।” ਸੱਸ ਦੇ ਬੋਲ ਕੁਝ ਮਿੰਟਾਂ ਦੀ ਚੁੱਪ ਤੋਂ ਬਾਅਦ ਹੁਣ ਅੱਗੇ ਨਾਲੋਂ ਭਾਰੇ ਹੋ ਗਏ ਸਨ।
ਏਨਾਂ ਆਖ ਮਾਤਾ ਆਪਣੀਆਂ ਅੱਖਾਂ ਨੂੰ ਪੂੰਝਦੀ ਹੋਈ ਬਾਹਰ ਨੂੰ ਚਲੀ ਗਈ ਤੇ ਉਹ ਉੱਥੇ ਹੀ ਪੱਥਰ ਦਾ ਬੁੱਤ ਬਣ ਖੜ੍ਹੀ ਰਹੀ।ਉਸਦੇ ਮੂੰਹੋਂ ਇਕ ਵੀ ਸ਼ਬਦ ਨਾ ਨਿਕਲ਼ਿਆ।ਉਸ ਤੋਂ ਸ਼ਗਨਾਂ ਵਾਲ਼ੀ ਥਾਲ਼ੀ ਤੇ ਗੁਲਾਬੀ ਚੁੰਨੀ ਫੜ੍ਹ ਉਸਦੀ ਮਾਂ ਨੇ ਉਸਦੀ ਜਠਾਣੀ ਮਿੰਦੀ ਨੂੰ ਫੜ੍ਹਾ ਦਿੱਤੀ।ਜੋ ਉੱਥੇ ਹੀ ਆ ਖੜ੍ਹੀ ਸੀ।
ਮਿੰਦੀ ਉਹ ਔਰਤ ਸੀ ਜੋ ਰਿਸ਼ਤੇ ਵਜੋਂ ਤਾਂ ਉਸ ਦੀ ਜੇਠਾਣੀ ਲੱਗਦੀ ਸੀ ਪਰ ਸੀ ਉਸਦੀ ਸਭ ਤੋਂ ਵੱਡੀ ਦੁਸ਼ਮਣ।ਉਸਨੇ ਸਾਰੀ ਜ਼ਿੰਦਗੀ  ਉਸ ਦੇ ਸਾਹ ਰੋਕੀ ਰੱਖੇ ਸਨ ਤੇ ਉਸਦਾ ਜੀਣਾ ਦੁੱਭਰ ਕੀਤਾ ਹੋਇਆ ਸੀ ਕਿਉਂਕਿ ਉਹ ਇਕੱਲੀ ਸੀ ਉਸਦੇ ਸਿਰ ਤੇ ਉਸਦਾ ਪਤੀ ਨਹੀਂ ਸੀ।ਅੱਜ ਉਹ ਉਸਦੀ ਧੀ ਦੇ ਸ਼ਗਨ ਕਰ ਰਹੀ ਸੀ ਕਿਉਂਕਿ ਉਹ ਸੁਹਾਗਣ ਸੀ ਤੇ ਉਸਦਾ ਪਤੀ ਜਿਉਂਦਾ ਸੀ।
ਮਿੰਦੀ ਦੇ ਸਿਰ ਤੇ ਸ਼ਗਨਾਂ ਦੀ ਚੁੰਨੀ ਲਈ ਵੇਖ ਨੈਨਸੀ ਦਾ ਪਾਰਾ ਉੱਪਰ ਨੂੰ ਹੀ ਚੜਦਾ ਜਾ ਰਿਹਾ ਸੀ।ਉਸਦਾ ਮਨ ਕਰ ਰਿਹਾ ਸੀ ਕਿ ਜੇਕਰ ਉਸਦਾ ਵੱਸ ਚੱਲੇ ਤਾਂ ਉਹ ਮਿੰਦੀ ਨੂੰ ਬਾਂਹ ਤੋਂ ਫੜ੍ਹ ਕੇ ਘਰੋਂ ਬਾਹਰ ਕੱਢ ਦੇਵੇ ਤੇ ਉਸਦੇ ਸਿਰ ਤੋਂ ਚੁੰਨੀ ਲਾਹ ਕੇ ਆਪ ਲੈ ਲਵੇ।ਪਰ ਉਹ ਮਜ਼ਬੂਰ ਸੀ ਕਿਉਂਕਿ ਉਹ ਘਰ ਇਕੱਲੀ ਉਸਦਾ ਹੀ ਨਹੀਂ ਸੀ ਬਲਕਿ ਮਿੰਦੀ ਦਾ ਵੀ ਸੀ। ਇੱਥੋਂ ਤੱਕ ਕੇ ਮਿੰਦੀ ਤਾਂ ਇਸ ਘਰ ਨੂੰ ਪੂਰਾ ਆਪਣਾ ਘਰ ਹੀ ਸਮਝਦੀ ਸੀ ਕਿਉਂਕਿ ਉਸਦੇ ਦੋ ਮੁੰਡੇ ਹੀ ਸਨ ਤੇ ਉਸ ਦੀਆਂ ਦੋ ਕੁੜੀਆਂ।ਅੱਜ ਸਿੰਮੀ ਨੇ ਵਿਆਹੀ ਜਾਣਾ  ਤੇ ਕੱਲ ਨੂੰ ਨਿੰਮੀ ਵਿਆਹੀ ਜਾਵੇਗੀ ਤੇ ਫਿਰ ਸਭ ਕੁਝ ਉਸਦੇ ਮੁੰਡਿਆਂ ਦੇ ਕੋਲ਼ ਹੀ ਰਹਿ ਜਾਵੇਗਾ।ਇਸ ਗੱਲ ਤੇ ਉਹਨਾਂ ਦੇ ਘਰ ਪਹਿਲਾਂ ਵੀ ਕਈ ਵਾਰ ਲੜਾਈ ਹੋ ਚੁੱਕੀ ਸੀ।
ਨੈਨਸੀ ਦਾ ਉਸ ਘਰ ਵਿਚ ਉੱਕਾ ਹੀ ਦਿਲ ਨਹੀਂ ਸੀ ਲੱਗਦਾ।ਮਜ਼ਬੂਰਨ ਉਸਨੂੰ ਉੱਥੇ ਰਹਿਣਾ ਪੈ ਰਿਹਾ ਸੀ।ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਦੇ ਮਾਂ-ਪਿਓ ਤੇ ਸੱਸ-ਸਹੁਰੇ ਨੇ ਉਸਦੇ ਸਿਰ ਤੇ ਆਪਣੀ ਇੱਜ਼ਤ ਦਾ ਟੋਕਰਾ ਰੱਖ ਦਿੱਤਾ ਸੀ।ਉਸਦੇ ਅਜੇ ਵਿਆਹ ਨੂੰ ਤਿੰਨ ਸਾਲ ਹੋਏ ਸਨ ਜਦੋਂ ਉਸਦੇ ਪਤੀ ਦੀ  ਮੌਤ ਹੋ ਗਈ ਸੀ।ਉਹ ਅਜੇ ਬਾਈ ਸਾਲਾਂ ਦੀ ਹੀ ਸੀ।ਜਦੋਂ ਉਹ ਵਿਧਵਾ ਹੋ ਗਈ ਸੀ ਤੇ ਉਦੋਂ ਤੋਂ ਹੀ ਉਸਦੇ ਮਾਪਿਆਂ ਤੇ ਸਹੁਰਿਆਂ ਨੇ ਉਸਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ।ਤੂੰ ਇਹ ਨਹੀਂ ਕਰਨਾ, ਤੂੰ ਔਹ ਨਹੀਂ ਕਰਨਾ, ਤੂੰ ਇੱਥੇ ਨਹੀਂ ਜਾਣਾ, ਤੂੰ ਉੱਥੇ ਨਹੀਂ ਜਾਣਾ।ਉਸਤੇ ਬਹੁਤ ਸਾਰੀਆਂ ਰੋਕਾਂ ਲਗਾ ਦਿੱਤੀਆਂ ਗਈਆਂ ਸਨ।ਉਸਨੂੰ ਮਾਪਿਆਂ ਤੇ ਸਹੁਰਿਆਂ ਦੇ ਅਧੀਨ ਹੋ ਕੇ ਰਹਿਣਾ ਪੈ ਰਿਹਾ ਸੀ।
ਬੀ ਏ ਬੀ ਐੱਡ ਨੈਨਸੀ ਨੂੰ ਪਤੀ ਦੀ ਮੌਤ ਤੋਂ ਬਾਅਦ ਸਮਾਜ ਨੇ ਕੋਰੀ ਅਨ੍ਹਪੜ ਬਣਾ ਦਿੱਤਾ ਸੀ।ਉਸਦੇ ਕੱਪੜਿਆਂ ਵਿਚੋਂ ਲਾਲ-ਗੁਲਾਬੀ ਰੰਗ ਦੇ ਕੱਪੜੇ ਚੁੱਕ ਦਿੱਤੇ ਗਏ ਸਨ।ਅਨੇਕਾਂ ਹੋਰ ਰੰਗ ਉਸਦੀ ਜ਼ਿੰਦਗੀ ਵਿਚੋਂ ਮਨਫੀ ਕਰ ਦਿੱਤੇ ਗਏ ਸਨ।ਇੱਥੋਂ ਤੱਕ ਉਸਨੂੰ ਹਾਰ-ਸ਼ਿੰਗਾਰ ਲਗਾਉਣ ਤੋਂ ਵਿਵਰਜਿਤ ਕਰ ਦਿੱਤਾ ਗਿਆ ਸੀ।ਉਸ ਲਈ ਉੱਚੀਆਂ ਕੰਧਾਂ ਨੂੰ ਹੋਰ ਉੱਚਿਆ ਕਰ ਦਿੱਤਾ ਗਿਆ ਜਿੱਥੇ ਉਸਦਾ ਕਈ ਵਾਰੀ ਸਾਹ ਘੁੱਟਣ ਲੱਗਦਾ ਸੀ।ਉਹ ਕੁਝ ਬੋਲਣਾ ਚਹੁੰਦੀ ਸੀ ਪਰ ਹਰ ਵਾਰ ਉਸਨੂੰ ਚੱਪ ਕਰਵਾ ਦਿੱਤਾ ਜਾਂਦਾ।
ਜਿੱਥੇ ਕਿਸੇ ਵੀ ਰਿਸ਼ਤੇਦਾਰੀ ਵਿਚ ਵਿਆਹ ਸ਼ਾਦੀ ਹੋਣਾ ਉੱਥੇ ਉਹ ਨਹੀਂ ਉਸਦੀ ਜੇਠਾਣੀ ਮਿੰਦੀ ਜਾਇਆ ਕਰਦੀ ਸੀ।ਭਾਂਵੇ ਉਹ ਮਿੰਦੀ ਨਾਲੋਂ ਕਿਤੇ ਵੱਧ ਸੂਝਵਾਨ,ਸਿਆਣੀ ਤੇ ਪੜ੍ਹੀ ਲਿਖੀ ਕੁੜੀ ਸੀ ਜਿਸਨੂੰ ਬੋਲਣ ਦਾ ਏਨਾਂ ਵਧੀਆ ਸਲੀਕਾ ਸੀ ਕਿ ਹਰ ਕੋਈ ਉਸ ਨਾਲ਼ ਗੱਲਬਾਤ ਕਰਨੀ ਪਸੰਦ ਕਰਦਾ ਸੀ।ਪਰ ਉਸ ਨੂੰ ਹਰ ਸਮੇਂ ਲੋਕਾਂ ਤੋਂ ਬਚਾ ਕੇ ਰੱਖਿਆ ਜਾਂਦਾ ।ਉਸਦੇ ਪਤੀ ਦੀ ਮੌਤ ਦਾ ਦੋਸ਼ੀ ਉਸਨੂੰ ਹੀ ਸਮਝਿਆ ਜਾਂਦਾ।ਅਸਲ ਜ਼ਿੰਦਗੀ ਨੇ ਉਸ ਤੋਂ ਅਜਿਹੇ ਇਹਮਤਿਹਾਨ ਲੈ ਲਏ ਸਨ ਜੋ ਕਦੇ ਕਿਸੇ ਯੂਨੀਵਰਸਿਟੀ ਨੇ ਵੀ ਕਿਸੇ ਤੋਂ ਨਹੀਂ ਸਨ ਲਏ।
ਉਂਝ ਤਾਂ ਭਾਂਵੇ ਉਸਦੇ ਪਤੀ ਦੀ ਮੌਤ ਹੋਈ ਨੂੰ ਕਈ ਸਾਲ ਹੋ ਗਏ ਸਨ ਤੇ ਇਸ ਸਮੇਂ ਦਰਮਿਆਨ ਉਸ ਦੀਆਂ ਭਾਵਨਾਂਵਾ ਨੂੰ ਬਹੁਤ ਵਾਰ ਜਲੀਲ ਕੀਤਾ ਗਿਆ ਸੀ।ਉਸਦੇ ਕੋਮਲ ਮਨ ਤੇ ਬਹੁਤ ਸਾਰੀਆਂ ਠੇਸਾਂ ਲੱਗੀਆਂ ਸਨ ਪਰ ਅੱਜ ਵਾਲ਼ੀ ਘਟਨਾ ਨੇ ਉਸਨੂੰ ਹਿਲਾ ਕੇ ਰੱਖ ਦਿੱਤਾ ਸੀ।ਉਸਦੀ ਧੀ ਦਾ ਵਿਆਹ ਹੋਵੇ ਤੇ ਉਸ ਦੇ ਹੁੰਦਿਆਂ ਹੋਇਆਂ ਕੋਈ ਹੋਰ ਸ਼ਗਨ ਕਰੇ। ਇਹ ਉਸ ਤੋਂ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਸੀ ਹੋ ਰਿਹਾ।ਉਸ ਨੂੰ ਜਾਪ ਰਿਹਾ ਸੀ ਕਿ ਜਿਵੇਂ ਉਹ ਜਿਉਂਦੀ ਹੀ ਮਾਰੀ ਜਾ ਰਹੀ ਹੋਵੇ।
ਇਸ ਸਮੇਂ ਉਸਨੇ ਆਪਣੀ ਚੇਤਨਾ ਨੂੰ ਹਲੂਣਿਆ।ਉਸ ਤੋਂ ਹੋਰ ਜਲੀਲ ਨਹੀਂ ਸੀ ਹੋਇਆ ਜਾ ਰਿਹਾ।ਉਹ ਬਹੁਤ ਪਰੇਸ਼ਾਨ ਹੋ ਚੁੱਕੀ ਸੀ।ਬਹੁਤ ਸਾਰੇ ਸੁਆਲ ਉਸਦੇ ਜਿਹਨ ਵਿਚ ਪੈਦਾ ਹੋ ਚੁੱਕੇ ਸਨ।ਉਹ ਆਪਣੇ ਆਪ ਨਾਲ਼ ਸੁਆਲ ਜੁਆਬ ਕਰਨ ਲੱਗੀ।
 “ਮੈਂ ਆਪਣੀ ਧੀ ਦੇ ਸ਼ਗਨ ਕਿਉਂ ਨਹੀਂ ਕਰ ਸਕਦੀ?
ਸੁਹਾਗਣ,ਰੰਡੀ,ਵਿਧਵਾ,ਕਲਹਿਣੀ,ਬਾਂਝ ਕੀ ਇਹ ਸਾਰੇ ਸ਼ਬਦ ਔਰਤ ਲਈ ਹੀ ਬਣੇ ਹਨ? ਜੇਕਰ ਔਰਤ ਲਈ ਹੀ ਹਨ ਤਾਂ ਕਿਉਂ …ਮਰਦ ਲਈ ਇਹ ਸ਼ਬਦ ਕਿਉਂ ਨਹੀਂ ਵਰਤੇ ਜਾਂਦੇ।
ਕੀ ਮਰਦ ਤੋਂ ਬਿਨਾਂ ਔਰਤ ਦਾ ਆਪਣਾ ਕੋਈ ਵਜ਼ੂਦ ਨਹੀਂ ਹੈ?
ਕੀ ਔਰਤ ਦੀ ਜ਼ਿੰਦਗੀ ਵਿਚ ਮਰਦ ਦਾ ਹੋਣਾ ਜ਼ਰੂਰੀ ਹੈ?
ਕੀ ਔਰਤ ਮਰਦ ਤੋਂ ਬਗੈਰ ਇਕੱਲਿਆਂ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ?
ਔਰਤ ਔਰਤ ਦੀ ਦੁਸ਼ਮਣ ਕਿਉਂ ਹੈ?”
ਸਾਡੀਆਂ ਸਮਾਜਿਕ ਤਰੁੱਟੀਆਂ ਉਸਨੂੰ ਵਾਰ-ਵਾਰ ਪ੍ਰੇਸ਼ਾਨ ਕਰ ਰਹੀਆਂ ਸਨ।ਆਪਣੀ ਅੰਦਰਲੀ ਆਵਾਜ਼ ਨਾਲ਼ ਉਹ ਆਪੇ ਹੀ ਤ੍ਰਭਕ ਗਈ ਸੀ।ਜ਼ਿੰਦਗੀ ਵਿਚ ਭਾਂਵੇ ਉਸਨੇ ਬਹੁਤ ਦੁੱਖ ਵੇਖੇ ਸਨ ਪਰ ਕਦੇ ਉਹ ਏਨਾਂ ਡਰੀ ਨਹੀਂ ਸੀ।ਅੱਜ ਅੰਦਰਲੇ ਵਿਚਾਰਾਂ ਨੇ ਉਸਦੇ ਅੰਦਰ ਖੌਰੂ ਪਾ ਰੱਖਿਆ ਸੀ।ਵਾਰ-ਵਾਰ ਉਸਨੂੰ ਔਰਤ ਹੋਣਾ ਇਕ ਸ਼ਰਾਪ ਲੱਗਦਾ ਸੀ।ਕਦੇ ਉਹ ਉਹਨਾਂ ਔਰਤਾਂ ਵਾਰੇ ਸੋਚਦੀ ਜੋ ਅਜਿਹੀ ਜ਼ਿੰਦਗੀ ਨੂੰ ਛੱਡ ਅੱਗੇ ਲੰਘ ਜਾਇਆ ਕਰਦੀਆਂ।ਕਦੇ ਵੀ ਉਸ ਨਾਲ਼ ਅਜਿਹਾ  ਨਹੀਂ  ਸੀ ਹੋਇਆ ਕਿ ਉਹ ਆਪਣੇ ਆਪ ਨਾਲ਼ ਸੁਆਲ-ਜੁਆਬ ਕਰੇ।ਅੱਜ ਪਹਿਲੀ ਵਾਰੀ ਅਣਗਿਣਤ ਸੁਆਲਾਂ ਨੇ ਉਸਨੂੰ ਘੇਰ ਲਿਆ ਸੀ।
“ ਸਮਾਜ ਵਿਚ ਇਕੱਲੀ ਔਰਤ ਦੀ ਕੋਈ ਅੀਹਮੀਅਤ ਨਹੀਂ ਹੈ।ਇੱਥੋਂ ਤੱਕ ਕੇ ਇਕੱਲੀ ਮਾਂ ਦੀ ਵੀ ਆਪਣੇ ਆਪ ਵਿਚ ਕੋਈ ਅਹਿਮੀਅਤ ਨਹੀਂ ਹੈ।ਉਸਦੇ ਨਾਲ਼ ਵੀ ਬੱਚੇ ਦਾ ਪਿਓ ਹਰ ਸਮੇਂ ਹੋਣਾ ਜ਼ਰੂਰੀ ਹੈ ਤਾਂ ਕੇ ਉਹ ਆਪਣੇ ਬੱਚੇ ਦੇ ਸ਼ਗਨ ਕਰ ਸਕੇ।ਕੋਈ ਕਾਰ-ਵਿਹਾਰ ਕਰ ਸਕੇ।”
ਫਿਰ ਉਹ ਆਪਣੇ ਅੰਦਰ ਉੱਠੇ ਸੁਆਲਾਂ ਦੇ ਜੁਆਬ ਵੀ ਆਪਣੇ ਆਪ ਦਿੰਦੀ ਹੈ।
“ ਨਹੀਂ-ਨਹੀਂ ਇਹ ਨਹੀਂ ਹੋ ਸਕਦਾ।ਕੋਈ ਵੀ ਇਕੱਠਾ ਜੰਮਦਾ ਨਹੀਂ ਹੈ ਤੇ ਕੋਈ ਵੀ ਇਕੱਠਾ ਮਰਦਾ ਨਹੀਂ ਹੈ।ਇੱਥੋਂ ਤੱਕ ਕੇ ਜੁੜਵਾਂ ਬੱਚੇ ਵੀ ਕੁਝ ਸਮੇਂ ਦੇ ਵਕਫੇ ਨਾਲ਼ ਪੈਦਾ ਹੁੰਦੇ ਹਨ ਭਾਂਵੇ ਇਹ ਵਕਫਾ ਕੁਝ ਮਿੰਟਾਂ ਦਾ ਹੀ ਕਿਉਂ ਨਾ ਹੋਵੇ।ਇਸੇ ਤਰ੍ਹਾਂ ਪਤੀ-ਪਤਨੀ ਹਨ ਦੋਹਾਂ ਵਿਚੋਂ ਇਕ ਨੇ ਹੀ ਪਹਿਲਾਂ ਜਾਣਾ ਹੈ। ਮੌਤ ਇਕ ਕੁਦਰਤੀ ਵਰਤਾਰਾ ਹੈ ਫਿਰ ਵੀ ਅਸੀਂ ਇਸਨੂੰ ਸਵੀਕਾਰ ਕਿਉਂ ਨਹੀਂ ਕਰਦੇ।ਕਿਉਂ ਅਸੀਂ ਇਕ ਦੂਜੇ ਨੂੰ ਇਕ ਦੂਜੇ ਦੀ ਮੌਤ ਦਾ ਕਾਰਨ ਮੰਨਦੇ ਹਾਂ।ਕੌਣ ਚਾਹੁੰਦਾ ਹੈ ਕਿ ਉਸਦਾ ਪਿਆਰਾ ਉਸ ਤੋਂ ਦੂਰ ਜਾਵੇ।ਕੌਣ ਚਾਹੁੰਦਾ ਹੈ ਕਿ ਬੱਚਿਆਂ ਤੋਂ ਉਸਦਾ ਮਾਪਾ ਦੂਰ ਜਾਵੇ।ਪਰ ਇੱਥੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਸਭ ਕੁਦਰਤ ਦੇ ਹੱਥ ਵੱਸ ਹੈ।”
ਨੈਨਸੀ ਆਪਣੇ ਆਪ ਵਿਚ ਏਨੀ ਖੁੱਭੀ ਹੋਈ ਸੀ ਕਿ ਉਸਨੂੰ ਪਤਾ ਵੀ ਨਹੀਂ ਚੱਲਿਆ ਕਿ ਕਦ ਸ਼ਗਨ ਪਾਉਣ ਦੀ ਰਸਮ ਸ਼ੁਰੂ ਹੋ ਗਈ।ਉਸਨੇ ਆਪਣੇ ਆਪ ਚੋਂ ਬਾਹਰ ਆ ਆਪਣੀ ਸੱਸ ਤੇ ਆਪਣੀ ਜਠਾਣੀ ਵੱਲ ਨੂੰ ਤੱਕਿਆ ਉਹ ਦੋਵੇਂ ਜਾਣੀਆਂ ਬਹੁਤ ਖੁਸ਼ ਸਨ।ਮਿੰਦੀ ਗੁਲਾਬੀ ਚੁੰਨੀ ਲੈ ਕੇ ਬੈਠੀ ਸੀ ਤੇ ਆਪਣੇ ਆਪ ਨੂੰ ਇੰਝ ਸਮਝ ਰਹੀ ਸੀ ਜਿਸ ਤਰ੍ਹਾਂ ਉਸਨੇ ਦੁਨੀਆ ਜਿੱਤ ਲਈ ਹੋਵੇ।
ਉਸਨੂੰ ਗੁਲਾਬੀ ਚੁੰਨੀ ਲੈ ਸਜੀ ਹੋਈ ਵੇਖ ਉਸ ਦੇ ਅੰਦਰੋਂ ਫਿਰ ਕੁਝ ਉੱਬਾਲ਼ ਉੱਠੇ ।ਉਹ ਆਪਣੇ ਅੰਦਰ ਹੀ ਬੋਲਣ ਲੱਗੀ,“ਸਾਨੂੰ ਬਦਲਣਾ ਪਵੇਗਾ।ਜ਼ਰੂਰ ਬਦਲਣਾ ਪਵੇਗਾ।ਨਹੀਂ-ਨਹੀਂ ਇਹ ਨਹੀਂ ਹੋ ਸਕਦਾ।ਇਹ ਸਰਾਸਰ ਗਲ਼ਤ ਹੈ।”
 ਉਸਨੇ ਆਪਣੀ ਸੱਸ ਤੇ ਮਾਂ ਦੇ ਚਿਹਰੇ ਵੱਲ ਨੂੰ ਤੱਕਿਆ।ਉਸਨੂੰ ਜਾਪਿਆ ਜਿਵੇਂ ਉਹ ਦੋਨੋਂ ਉਸਨੂੰ ਘੂਰ ਰਹੀਆਂ ਹੋਣ।ਉਹ ਉੱਥੋਂ ਉੱਠ ਆਪਣੇ ਕਮਰੇ ਵਿਚ ਆ ਗਈ ਤੇ ਆਪਣੇ ਪਤੀ ਦੀ ਤਸਵੀਰ ਅੱਗੇ ਖੜ੍ਹ ਆਪਣਾ ਮਨ ਖਰਾਬ ਕਰਨ ਲੱਗੀ।
ਜਿਉਂ ਹੀ ਮਿੰਦੀ ਸਿੰਮੀ ਨੂੰ ਸ਼ਗਨ ਪਾਉਣ ਲੱਗੀ ਤਾਂ ਉਸਦੀ ਧੀ ਸਿੰਮੀ ਇਕਦਮ ਉੱਚੀ ਆਵਾਜ਼ ਵਿਚ ਬੋਲੀ,“ ਵੇਅਰ ਇਜ਼ ਮਾਮ?”
ਸਿੰਮੀ ਦੀ ਆਵਾਜ਼ ਉਸਦੇ ਕੰਨਾਂ ਤੱਕ ਪਹੁੰਚੀ।ਆਵਾਜ਼ ਸੁਣ ਉਹ ਝੱਟ ਦੇਣੈ ਬਾਹਰ ਆਈ।
“ਮੈਂ ਇੱਥੇ ਹੀ ਹਾਂ ਬੇਟਾ।”
“ਤੁਸੀਂ ਅੱਗੇ ਆਉ ਮਾਮ…ਪਹਿਲਾ ਸ਼ਗਨ ਤੁਸੀਂ ਕਰੋ।” ਸਿੰਮੀ ਨੇ ਚਮਕਦੀਆਂ ਅੱਖਾਂ ਤੇ ਮੁਸਕਰਾਉਂਦੇ ਚਿਹਰੇ ਰਾਹੀਂ ਉਸਨੂੰ ਕਿਹਾ।
ਵੱਡੀ ਭੈਣ ਸਿੰਮੀ ਦੇ ਮੂੰਹੋਂ ਇਹ ਗੱਲ ਸੁਣ ਛੋਟੀ ਧੀ ਨਿੰਮੀ ਨੇ ਆਪਣੀ ਤਾਈ ਮਿੰਦੀ ਤੋਂ ਗੁਲਾਬੀ ਚੁੰਨੀ ਲਾਹ ਆਪਣੀ ਮਾਂ ਦੇ ਸਿਰ ਤੇ ਦੇ ਦਿੱਤੀ।