ਪੰਜਾਬੀ ਦੀਆਂ 5 ਪੜਨ੍ਹਯੋਗ ਸ੍ਵੈ-ਜੀਵਨੀਆਂ (ਲੇਖ )

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੱਚੀਆਂ ਪੱਕੀਆਂ ਦੇ ਭਾਅ – ਪ੍ਰੋ. ਪ੍ਰੀਤਮ ਸਿੰਘ 
ਕੱਚੀਆਂ-ਪੱਕੀਆਂ ਦੇ ਭਾਅ – ਪ੍ਰੋ. ਪ੍ਰੀਤਮ ਸਿੰਘ ਜੀ ਦੀ ਲਿਖੀ ਹਈ ਸ੍ਵੈ-ਜੀਵਨੀ ਹੈ ਅਤੇ ਇਹ ਕਿਤਾਬ ਦੋ ਭਾਗਾਂ ਵਿੱਚ ਵੰਡੀ ਹੋਈ ਹੈ। ਇਹ ਕਿਤਾਬ ਦਾ ਪਹਿਲਾ ਭਾਗ ਸਾਲ 2001 ਵਿੱਚ ਮੁਕੰਮਲ ਹੋਇਆ ਸੀ ਅਤੇ 2002 ਵਿੱਚ ਛੱਪਿਆ ਸੀ ਅਤੇ ਦੂਜਾ ਭਾਗ ਸਾਲ 2007 ਵਿੱਚ ਮੁਕੰਮਲ ਹੋਇਆ ਸੀ ਅਤੇ ਜੂਨ ਮਹੀਂਨੇ ਸਾਲ 2008 ਵਿੱਚ ਛੱਪਿਆ ਸੀ। ਪਹਿਲੇ ਭਾਗ ਦੇ ਲਗਭਗ 174 ਪੰਨੇ ਹਨ ਅਤੇ 19 ਸਿਰਲੇਖਾਂ ਹੇਠ ਆਪਣੀ ਜ਼ਿੰਦਗੀ ਨੂੰ ਲੇਖਕ ਨੇ ਕਲਮਬੰਦ ਕੀਤਾ ਹੈ। ਦੂਜੇ ਭਾਗ ਦੇ 119 ਪੰਨੇ ਅਤੇ ਸਿਰਲੇਖ ਕੁੱਲ 19 ਹੀ ਹਨ। ਦੋਵੇਂ ਕਿਤਾਬਾਂ ‘ਸਿੰਘ ਬ੍ਰਦਰਜ਼’ ਅੰਮ੍ਰਿਤਸਰ ਵੱਲੋਂ ਛਾਪੀਆ ਗਈਆਂ ਹਨ। ਕਮਾਲ ਦੀ ਗੱਲ ਹੈ ਕਿ ਲੇਖਕ ਨੇ ਪਹਿਲੇ ਭਾਗ ਵਿੱਚ ਵਾਅਦਾ ਕੀਤਾ ਸੀ ਕਿ ਜੇ ਮੇਰਾ ਸਰੀਰ ਮੇਰੇ ਨਾਲ ਵਫ਼ਾ ਨਿਭਾਉਂਦਾ ਰਿਹਾ ਤਾਂ ਇਸ ਕਿਤਾਬ ਨੂੰ ਅੱਗੇ ਤੋਰਾਂਗਾ, ਜਿਸਦੇ ਫ਼ਲਸਰੂਪ ਦੂਜਾ ਭਾਗ ਜੂਨ 2008 ਵਿਚੱ ਛੱਪਿਆ ਸੀ ਅਤੇ ਅਕਤੂਬਰ 2008 ਵਿੱਚ ਲੇਖਕ ਦੀ ਮੌਤ ਹੋ ਗਈ ਸੀ।
ਲੇਖਕ ਕਿਤਾਬ ਦੇ ਪਹਿਲੇ ਭਾਗ ਦੀ ਭੂਮਿਕਾ ਵਿੱਚ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਲਿਖਦਾ ਹੈ ਕਿ, ‘ਕੁਦਰਤ ਜਿੰਨ੍ਹਾਂ ਨਿਆਮਤਾਂ ਦਾ ਮੇਰੇ ਉੱਤੇ ਮੀਂਹ ਵਰਸਾਇਆ ਹੈ, ਮੈਂ ਉਨ੍ਹਾਂ ਦਾ ਹੱਕਦਾਰ ਨਹੀਂ ਸੀ। ਮੇਰੇ ਉੱਤੇ ਜੋ ਵੀ ਬਖਸ਼ਿਸ਼ ਹੋਈ ਹੈ, ਉਸ ਤੋਂ ਕਿਤੇ ਘੱਟ ਹੁੰਦੀ ਤਾਂ ਵੀ ਮੇਰਾ ਘਰ ਪੂਰਾ ਹੋ ਜਾਣਾ ਸੀ। ਇਹ ਕਿਤਾਬ ਮੇਰੇ ਪਹਿਲੇ 20 ਵਰ੍ਹਿਆਂ ਵਿੱਚ ਵਾਪਰੀਆਂ ਚੋਣਵੀਆਂ ਘਟਨਾਵਾਂ ਦਾ ਸੰਕਲ ਮਾਤਰ ਹੈ। ਲੇਖਕ ਨੇ ਇਹ ਵੀ ਦਾਅਵਾ ਪੇਸ਼ ਕੀਤਾ ਹੈ ਕਿ ਮੈਂ ਜਿਹੋ ਜਿਾ ਸਾਂ ਅਤੇ ਜੋ ਨਹੀਂ ਸਾਂ, ਦੋਵੇਂ ਪੱਖ ਪੇਸ਼ ਹਨ ਅਤੇ ਕੁਝ ਵੀ ਲੁਕਾਇਆ ਛੁਪਾਇਆ ਨਹੀਂ ਗਿਆ ਅਤੇ ਜੋ ਕੁਝ ਵੀ ਲਿਖਿਆ ਹੈ ਉਸਦੀ ਮੈਂ ਸਹੁੰ ਖਾ ਸਕਦਾ ਹਾਂ। 
ਕਿਤਾਬ ਦੇ ਪਹਿਲੇ ਭਾਗ ਵਿੱਚ ਲੇਖਕ ਨੇ ਆਪਣੀ ਨਿੱਜੀ, ਪਰਵਾਰਕ ਜ਼ਿੰਦਗੀ ਬਾਰੇ ਬਹੁਤ ਹੀ ਦਰਦ ਭਰੇ ਅਹਿਸਾਸਾਂ ਦਾ ਜ਼ਿਕਰ ਕੀਤਾ ਹੈ, ਜੋ ਦਿਲ ਕੰਬਾਊ ਵੀ ਹੈ, ਪਰ ਪਾਠਕ ਨੂੰ ਉਤਸ਼ਾਹ ਵੀ ਦਿੰਦਾ ਹੈ ਕਿ ਸੰਘਰਸ਼ ਅੱਗੇ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਦੂਜੇ ਭਾਗ ਵਿੱਚ ਲੇਖਕ ਵੱਲੋਂ ਵੱਖ-ਵੱਖ ਸ਼ਹਿਰਾਂ, ਕਸਬਿਆਂ ਆਦਿ ਵਿੱਚ ਗੁਜ਼ਾਰੇ ਆਪਣੇ ਜੀਵਨ ਸਬੰਧੀ ਯਾਦਾਂ ਨੂੰ ਕਲਮੰੱਦ ਕੀਤਾ ਹੈ।
ਪ੍ਰੋ. ਪ੍ਰੀਤਮ ਸਿੰਘ ਪੰਜਾਬੀ ਹੀ ਨਹੀਂ, ਸਗੋਂ ਹਿੰਦੀ, ਉਰਦੂ, ਅੰਗਰੇਜ਼ੀ ਅਤੇ ਫ਼ਾਰਸੀ ਭਾਸ਼ਾ ਦੇ ਵੀ ਵਿਦਵਾਨ ਸਨ।

ਜੀਵਨ ਕਹਾਣੀ – ਗਿਆਨੀ ਲਾਲ ਸਿੰਘ 
ਮੇਰੀ ਜੀਵਣੀ – ਗਿਆਨੀ ਲਾਲ ਸਿੰਘ ਜੀ ਦੀ ਲਿਖੀ ਹੋਈ ਸ੍ਵੈ-ਜੀਵਨੀ ਹੈ। ਗਿਆਨੀ ਲਾਲ ਸਿੰਘ ਵਿਦਵਾਨ ਪੰਜਾਬੀ ਲੇਖਕ ਸਨ ਅਤੇ ਉਹ ਪਹਿਲਾਂ ਭਾਸ਼ਾ ਵਿਭਾਗ, ਪੰਜਾਬ ਦਾ ਡਾਇਰੈਕਟਰ ਅਤੇ ਮਗਰੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਰਹੇ ਸਨ। ਸ਼੍ਰੋਮਣੀ ਕਮੇਟੀ ਵਿੱਚ ਬਤੌਰ ਪ੍ਰਚਾਰਕ ਆਪਣਾ ਜੀਵਨ ਸ਼ੁਰੂ ਕਰਕੇ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਅਧਿਆਪਕ, ਫਿਰ ਵਾਇਸ ਪ੍ਰਿੰਸੀਪਲ ਅਤੇ ਪਿੰ੍ਰਸੀਪਲ ਦੇ ਤੌਰ ਤੇ ਸੇਵਾਵਾਂ ਦਿੱਤੀਆਂ। ਗਿਆਨੀ ਲਾਲ ਸਿੰਘ ਜੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ। ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਮੈਂਬਰ ਰਹੇ। ਆਪ ਪੰਜਾਬੀ ਯੂਨੀਵਰਸਿਟੀ ਦੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਆਨਰੇਰੀ ਪ੍ਰੋਫੈਸਰ ਅਖੀਰ ਤੱਕ ਰਹੇ।
ਜੋ 1988 ਵਿੱਚ ਛਾਪੀ ਗਈ ਸੀ। ਕਰੀਬ 172 ਪੰਨਿਆਂ ਦੀ ਇਹ ਪੁਸਤਕ ਕੇਵਲ ਲੇਖਕ ਦੀ ਜੀਵਨੀ ਤੱਕ ਹੀ ਸੀਮਿਤ ਨਹੀਂ ਰਹਿੰਦੀ, ਬਲਕਿ ਉਸ ਲੇਖਕ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਬਹੁਤ ਪਾਤਰਾਂ ਅਤੇ ਵਾਪਰਣ ਵਾਲੀਆਂ ਘਟਨਾਵਾਂ ਦਾ ਸੁਮੇਲ ਬਣ ਕੇ, ਇੱਕ ਇਤਹਿਾਸਕ ਦਸਤਾਵੇਜ਼ ਬਣ ਜਾਂਦੀ ਹੈ।
ਕਿਉਂਕਿ ਲੇਖਕ ਸਿੱਖ ਸਿਆਸਤ, ਦੇਸ ਦੀ ਵੰਡ, ਪੰਜਾਬ ਸੰਕਟ, ਭਾਸ਼ਾ ਵਿਭਾਗ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪੰਜਾਬੀ ਯੂਨੀਵਰਸਿਟੀ, ਗੁਰਮਤਿ ਕਾਲਜ, ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਅਤੇ ਸਾਹਿਤ ਅਕੈਡਮੀ ਨਾਲ ਸਿੱਧੇ ਤੌਰ ’ਤੇ ਜੁੜਿਆ ਰਿਹਾ। ਕਿਤਾਬ ਵਿੱਚ ਥਾਂ-ਪੁਰ-ਥਾਂ ਦਿੱਤੇ ਗੁਰਬਾਣੀ ਦੇ ਹਵਾਲੇ ਅਤੇ ਲੇਖਕ ਵੱਲੋਂ ਬਾਰ-ਬਾਰ ਪ੍ਰਮਾਤਮਾ ਦਾ ਕੀਤਾ ਜਾਣ ਵਾਲਾ ਸ਼ੁਕਰਨਾ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੇਖਕ ਨੇ ਹਮੇਸ਼ਾਂ ਅਕਾਲ ਪੁਰਖ ਦਾ ਓਟ ਆਸਰਾ ਲਿਆ। ਭਾਵੇਂ ਕਿ ਰਾਹ ਵਿੱਚ ਕੰਢੇ ਬੀਜਣ ਵਾਲਿਆਂ ਦਾ ਲੇਖਕ ਨੇ ਬੇਬਾਕੀ ਨਾਲ ਜ਼ਿਕਰ ਕੀਤਾ ਹੈ।
ਕਿਤਾਬ ਵਿੱਚ ਬੇਅੰਤ ਕਿੱਸੇ-ਕਹਾਣੀਆਂ, ਅਖਾਉਤਾਂ ਅਤੇ ਮੁਹਾਵਰਿਆਂ ਦੀ ਵਰਤੋਂ ਅਤੇ ਰੌਚਕ ਹੱਡ ਬੀਤੀਆਂ ਪਾਠਕ ਦੇ ਗਿਆਨ ਅਤੇ ਸੁਆਦ ਵਿੱਚ ਚੋਖਾ ਵਾਧਾ ਕਰਦੀਆਂ ਹਨ। 
ਕਿਤਾਬ ਦੀ ਭਾਸ਼ਾ ਠੇਠ ਟਕਸਾਲੀ ਅਤੇ ਰੌਚਕ ਹੋਣ ਕਰਕੇ ਪਾਠਕ ਨੂੰ ਥੱਕਣ ਨਹੀਂ ਦਿੰਦੀ। ਦਲੀਪ ਕੌਰ ਟਿਵਾਣਾ ਜੀ ਅਨੁਸਾਰ ਇਹ ਕਿਤਾਬ ਸਵੈ-ਜੀਵਨੀ ਨਾ ਹੋ ਕੇ ਸਗੋਂ ਉਸ ਸਮੇਂ ਦੇ ਪੰਜਾਬੀ ਜੀਵਨ ਦੀ ਝਲਕ ਹੈ, ਜਿਸ ਕਰਕੇ ਇਹ ਪੁਸਤਕ ਪੜ੍ਹਨ ਤੋਂ ਬਿਨ੍ਹਾਂ ਸਾਂਭਣਯੋਗ ਵੀ ਹੈ ਅਤੇ ਮੈਂ ਇਸ ਗੱਲ ਨੂੰ ਨਿੱਜੀ ਤੌਰ ’ਤੇ ਵੀ ਮੰਨਦਾ ਹਾਂ।

ਅੱਧੀ ਮਿੱਟੀ ਅੱਧਾ ਸੋਨਾ – ਸਸ ਵਣਜਾਰਾ ਬੇਦੀ 
ਤੀਜੇ ਨੰਬਰ ’ਤੇ ਗੱਲ ਕਰਦੇ ਹਾਂ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਵੱਲੋਂ 1970 ਵਿੱਚ ਲਿਖੀ ਹੋਈ ਸ੍ਵੈ-ਜੀਵਨੀ ਕਿਤਾਬ ‘ਅੱਧੀ ਮਿੱਟੀ ਅੱਧਾ ਸੋਨਾ’ ਬਾਰੇ। ਦਰਅਸਲ ਲੇਖਕ ਵਣਜਾਰਾ ਬੇਦੀ ਵੱਲੋਂ 4 ਕਿਤਾਬਾਂ ਸਵੈ-ਜੀਵਨੀ ’ਤੇ ਲਿਖੀਆਂ ਗਈਆਂ ਹਨ। ਜਿਸ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਇਸ ਵਿੱਚ ਉਹਨਾਂ ਦੇ ਪਹਿਲੇ 22 ਵਰ੍ਹਿਆਂ ਦਾ ਵਰਨਣ ਹੈ। ਵੈਸੇ ਲੇਖਕ ਦੀ ਪਹਿਲੀ ਰਚਨਾ ਕਾਵਿ ਸੰਗ੍ਰਹਿ ਸੀ ਜਿਸਦਾ ਨਾਂ ਸੀ ਖ਼ੁਸ਼ਬੂਆਂ। ਇਸ ਕਿਤਾਬ ਦਾ ਪਹਿਲਾ ਨਾਮ ;ਦੋ ਪੈਰ ਘੱਟ ਤੁਰਨਾ’ ਰੱਖਿਆ ਗਿਆ ਸੀ ਦੋ ਬਾਅਦ ਵਿੱਚ ਬਦਲ ਕੇ ‘ਅੱਧੀ ਮਿੱਟੀ ਅੱਧਾ ਸੋਨਾ’ ਰੱਖਿਆ ਗਿਆ। ਇਸ ਕਿਤਾਬ ਵਿੱਚ ਕਰੀਬ 23 ਸਿਰਲੇਖਾਂ ਹੇਠ 143 ਪੰਨਿਆਂ ’ਤੇ ਲੇਖਕ ਨੇ ਆਪਣਾ ਜੀਵਨ ਕਮਲਬੱਧ ਕੀਤਾ ਹੈ।
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਲੋਕਧਾਰਾ ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਵਾਲੇ ਅਤੇ ਅੱਠ ਭਾਗਾਂ ਵਿੱਚ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਤਿਆਰ ਕਰਨ ਲਈ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਪੰਜਾਬੀ ਲੋਕਧਾਰਾ ਸ਼ਾਸਤਰੀ ਹਨ।ਆਪ ਨੇ 1950 'ਚ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮਏ ਅਤੇ ਦਿੱਲੀ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ। 
ਜੋ ਤਰੀਕ ਵਿਆਹ ਲਈ ਮੁੱਕਰਰ ਹੋਈ ਸੀ, ਉਸ ਤਰੀਕ ਨੂੰ ਲੇਖਕ ਦੇ ਪਿਤਾ ਦੀ ਮੌਤ ਹੋ ਜਾਣਾ… ਪਿਤਾ ਦੀ ਸਰਕਾਰੀ ਨੌਕਰੀ ਕਾਰਨ ਬਦਲੀਆਂ ਹੋਣਾਂ ਅਤੇ ਕਦੇ ਕਿਤੇ ਕਦੇ ਕਿਤੇ ਸਕੂਲੀ ਵਿਦਿਆ ਨੂੰ ਜਾਰੀ ਰੱਖਣਾ… ਫਿਰ 1947 ਦੀ ਵੰਡ ਤੋਂ ਬਾਅਦ ਪਰਵਾਰ ਦਾ ਉਖੜ ਜਾਣਾ ਅਤੇ ਮੁੜ ਸਭ ਕੁਝ ਪੈਰਾਂ ਸਿਰ ਕਰਨਾ… ਵੰਡ ਤੋਂ ਪਹਿਲਾਂ ਬੈਂਕ ਚ ਨੌਕਰੀ ਕਰਨ ਵਾਲਾ ਵੰਡ ਤੋਂ ਬਾਅਦ ਕਿਵੇਂ ਗੇਟ ਕੀਪਰ ਦੀ ਨੌਕਰੀ ਕਰਨ ਲਈ ਮਜ਼ਬੂਰ ਹੋਇਆ… ਮਹਿਲਾਂ ਤੋਂ ਕਿਰਾਏ ਦੇ ਮਕਾਨਾਂ ਵਿੱਚ ਅਤੇ ਰਿਕਾਏ ਦੇ ਮਕਾਨਾਂ ਤੋਂ ਮਹੱਲਾਂ ਤੱਕ ਦਾ ਸਫ਼ਰ… ਇਹ ਸਵੈ-ਜੀਵਨੀ ਹੌਂਸਲਾ, ਵਿਸ਼ਵਾਸ ਅਤੇ ਹਿੰਮਤ ਦਿੰਦੀ ਹੋਈ ਸਾਨੂੰ ਜ਼ਿੰਦਗੀ ਵਿੱਚ ਆਸ਼ਾਵਾਦੀ ਬਣਾਉਣ ਦਾ ਮਾਰਗ ਦਰਸ਼ਂ ਵੀ ਕਰਦੀ ਹੈ।
ਮੌਤ ਦੇ ਭੈਅ ਅਤੇ ਮੌਤ ਦਾ ਸਾਹਮਣਾ… ਲੇਖਕ ਨੂੰ ਕਦੇ ਮੌਤ ਬਹੁਤ ਸੁਆਦਲੀ ਅਤੇ ਅਨੰਦਿਤ ਲੱਗਦੀ ਹੈ ਅਤੇ ਕਦੇ ਉਹ ਮੌਤ ਤੋਂ ਭੈ-ਭੀਤ ਹੋ ਜਾਂਦਾ ਹੈ… ਫਿਰ ਉਹ ਮੌਤ ਦੀ ਖੋਜ ਕਰਦਾ ਹੈ। ਕੀ ਉਹ ਸਫਲ ਹੋਇਆ ਇਹ ਕਿਤਾਬ ਪੜ੍ਹਿਆਂ ਪਤਾ ਲੱਗਦਾ ਹੈ…
ਇਸ ਕਿਤਾਬ ਨੂੰ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਵਾਰਤ ਸੀ ਸ੍ਰੇਸ਼ਟ ਪੁਸਤਕ ਦਾ ਪੁਰਸਕਾਰ ਮਿਲ ਚੁੱਕਿਆ ਹੈ ਅਤੇ ਇਹ ਗੁਰੂ ਨਾਨਕ ਦੇਵ ਯੁਨੀਵਰਸਿਟੀ ਨੇ ਐੱਮ.ਏ. ਪੰਜਾਬੀ ਦੀ ਟੈਕਸਦ ਪੁਸਤਕ ਵਜੋਂ ਵੀ ਪੜ੍ਹਾਈ ਗਈ ਹੈ।

ਨਿਆਣ-ਮੱਤੀਆਂ – ਗੁਰਦਿਆਲ ਸਿੰਘ 
ਅੱਗੇ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬੀ ਸਾਹਿਤ ਨੂੰ ਪਰਸਾ, ਮੜੀ ਦਾ ਦੀਵਾ, ਅੰਨੇ ਘੌੜੇ ਦਾ ਦਾਨ ਵਰਗੇ ਸੰਸਾਰ ਪ੍ਰਸਿੱਧ ਨਾਵਲ ਦੇਣ ਵਾਲੇ, ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ, ਅਤੇ ਭਾਰਤ ਦੇ ਸਭ ਤੋਂ ਵੱਡੇ ਸਾਹਿਤਕ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਸ੍ਰ. ਗੁਰਦਿਆਲ ਸਿੰਘ ਵੱਲੋਂ ਲਿਖੀ ਗਈ ਸ੍ਵੈ-ਜੀਵਨੀ ਪੁਸਤਕ ‘ਨਿਆਣ-ਮੱਤੀਆਂ’ ਬਾਰੇ।  ਕਰੀਬ 29 ਸਿਰਲੇਖਾਂ ਹੇਠ 173 ਪੰਨਿਆਂ ਦੀ ਇਹ ਸਵੈ-ਜੀਵਨੀ ਉਨ੍ਹਾਂ ਦੀ ਸਵੈ-ਜੀਵਨੀ ਦਾ ਪਹਿਲਾ ਭਾਗ  ਹੈ।
ਕਹਾਣੀਕਾਰ ਵੱਜੋਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕਰਨ ਵਾਲੇ ਗੁਰਦਿਆਲ ਸਿੰਘ ਜੀ ਨੇ ਸੰਸਾਰ ਭਰ ਦੇ ਪਾਠਕਾਂ ਦੇ ਹੱਥਾਂ ਵਿੱਚ ਆਪਣੇ ਨਾਯਾਬ ਨਾਵਲ ਫੜ੍ਹਾ ਦਿੱਤੇ। ਕਿਉਂਕਿ ਆਪ ਜੀ ਦੇ ਕੁਝ ਨਾਵਲ ਭਾਰਤ ਸਮੇਤ ਦੁਨੀਆਂ ਭਰ ਦੀਆਂ ਕਈ ਭਾਸ਼ਾਵਾਂ ਵਿੱਚ ਤਰਜਮਾਂ ਹੋ ਕੇ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਛਪੇ ਅਤੇ ਛੱਪ ਰਹੇ ਹਨ।
ਗੁਰਦਿਆਲ ਸਿੰਘ ਦਾ 10 ਜਨਵਰੀ 1933 ਅਤੇ ਦੇਹਾਂਤ 16 ਅਗਸਤ 2016 ਨੂੰ ਹੋਇਆ ਸੀ। ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਬਾਅਦ ਵਿੱਚ ਪੜ੍ਹਨ ਕਰਕੇ ਉਹ ਪ੍ਰਾਇਮਰੀ ਸਕੂਲ ਅਧਿਆਪਕ ਬਣੇ ਅਤੇ 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ। ਤਰਖਾਣ ਦੇ ਕੰਮ ਵਿੱਚ ਆਪਣੇ ਪਿਤਾ ਅਤੇ ਲੁਹਾਰ ਵਜੋਂ ਆਪਣੇ ਤਾਏ ਕੋਲੋਂ ਮੁਹਾਰਤ ਹਾਸਲ ਕੀਤੀ। ਛੋਟੀ ਉਮਰ ਵਿੱਚ ਹੀ ਮਾਪਿਆ ਤੋਂ ਦੂਰ ਰਹਿ ਕੇ ਕਿਰਤ ਕਰਨੀ ਪਈ।
ਕਿਤਾਬ ਵਿੱਚ 1947 ਦੀ ਵੰਡ ਵੇਲੇ ਬਣੇ ਹਾਲਾਤਾਂ ਨਾਲ ਸਬੰਧਿਤ ਅਣਲਿਖੀਆਂ, ਅਣਸੁਣੀਆਂ ਅਤੇ ਅਣਕਹੀਆਂ ਘਟਨਾਵਾਂ ਬਾਰੇ ਵੀ ਦੱਸਦੀ ਹੈ, ਜੋ ਲੇਖਕ ਨੇ ਆਪਣੀਆਂ ਅੱਖਾਂ ਸਾਹਮਣੇ ਵਰਤਦੀਆਂ ਵੇਖੀਆਂ ਸੀ… ਪੁਰਾਣੇ ਪੰਜਾਬ ਅਤੇ ਸੱਭਿਆਚਾਰ ਨਾਲ ਵੀ ਇਹ ਕਿਤਾਬ ਗੂੜ੍ਹੀ ਸਾਂਝ ਪਵਾਉਂਦੀ ਹੈ।
ਇਹ ਕਿਤਾਬ ਸਹਿਨਸ਼ੀਲ਼ ਰਹਿਣ ਅਤੇ ਉੱਦਮ ਕਰਦੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ।

ਮੇਰੀ ਦੁਨੀਆਂ – ਨਾਨਕ ਸਿੰਘ 
ਪੰਜਵੇਂ ਨੰਬਰ ’ਤੇ ਗੱਲ ਕਰਦੇ ਹਾਂ ਜੀ ਪ੍ਰਸਿੱਧ ਪੰਜਾਬੀ ਕਵੀ, ਨਾਵਲਕਾਰ ਅਤੇ ਕਹਾਣੀਕਾਰ ਵੱਲੋਂ ਲਿਖੀ ਹੋਈ ਸ੍ਵੈ-ਜੀਵਨੀ ਦੀ। ਜਿਸ ਦਾ ਨਾਂ ਹੈ ‘ਮੇਰੀ ਦੁਨੀਆਂ’। ਇਹ ਕਿਤਾਬ ਪਹਿਲੀ ਵਾਰ ਸਾਲ 1949 ਵਿੱਚ ਛੱਪੀ ਸੀ। ਇਹ ਕਿਤਾਬ ਕਰੀਬ 288 ਪੰਨਿਆਂ ਦੀ ਵੱਡ-ਆਕਾਰੀ ਕਿਤਾਬ ਹੈ।
ਇਹ ਕਿਤਾਬ 5 ਹਿੱਸਿਆਂ 1) ਬਚਪਨ ਤੋਂ ਜਵਾਨੀ ਤੱਕ 2) ਜੀਵਨ ਰਾਹਾਂ ਤੇ ਮਿਲੇ ਕੁਝ ਵਿਅਕਤੀ 3) ਸੰਨ ਸੰਤਾਲੀ ਦੇ ਅਸਰਾਂ ਹੇਠ 4) ਫੁਟਕਲ ਅਤੇ 5) ਮੇਰਾ ਘਰੋਗੀ ਜੀਵਨ ਵਿੱਚ ਵੰਡੀ ਹੋਈ ਅਤੇ ਤਕਰੀਬਨ 32 ਦੇ ਕਰੀਬ ਅਧਿਆਏ ਹਨ। ਕਿਤਾਬ ਵਿੱਚ ਨਾਨਕ ਸਿੰਘ ਜੀ ਦੇ ਜੀਵਨ ਦੇ ਵੱਖ-ਵੱਖ ਸਮੇਂ ਵਿੱਚ ਆਈ ਤਬਦੀਲੀ ਦੀਆਂ ਤਸਵੀਰਾਂ ਵੀ ਦਰਜ ਹਨ ਅਤੇ ਕੁਝ ਮਿੱਤਰਾਂ ਦੇ ਆਏ ਖ਼ਤਾਂ ਦੀਆ ਤਸਵੀਰਾਂ ਵੀ ਛਾਪੀਆਂ ਹਨ, ਜਿਨ੍ਹਾਂ ਵਿੱਚ ਬਲਰਾਜ ਸਾਹਨੀ ਦਾ ਖ਼ਤ ਅਹਿਮ ਹੈ।
ਕਹਾਣੀ ਵਾਂਗ ਪੜ੍ਹੀ ਜਾ ਸਕਣ ਵਾਲੀ ਇਸ ਸ੍ਵੈ-ਜੀਵਨੀ ਦਾ ਸੁਆਦ ਇਸ ਗੱਲੋਂ ਵੱਧ ਜਾਂਦਾ ਹੈ ਕਿ ਇਹ ਮਹਿਜ਼ ਕਹਾਣੀ ਨਹੀਂ ਹੈ, ਬਲਕਿ ਇੱਕ ਇਤਿਹਾਸ ਹੈ। ਸ੍ਰ. ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਨੂੰ ਹੋਇਆ ਸੀ ਅਤੇ ਦੇਹਾਂਤ 28 ਦਸੰਬਰ 1971 ਨੂੰ।  ਨਾਨਕ ਸਿੰਘ ਪਿਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ।ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਹ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਿਆ। ਉਸ ਨੇ ਹਲਵਾਈ ਦੀ ਦੁਕਾਨ 'ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ। ਨਾਨਕ ਸਿੰਘ ਨੇ 13 ਸਾਲ ਦੀ ਛੋਟੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੀ ਘਟਨਾ ਬਾਬਤ ਉਹਨਾਂ ਬ੍ਰਿਟਿਸ਼ ਹਕੂਮਤ ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ਖ਼ੂਨੀ ਵਿਸਾਖੀ ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ ਸੀ।
ਨਾਨਕ ਸਿੰਘ ਨੇ ਇਸ ਸ੍ਵੈ-ਜੀਵਨੀ ਵਿੱਚ ਹਰ ਸੱਚ ਬੜ ਬੇਬਾਕੀ ਅਤੇ ਦਲੇਰਾਨਾਂ ਢੰਗ ਨਾਲ ਲਿਖਿਆ ਹੈ।