ਸਾਨੂੰ ਰੰਗ ਦਿਖਾਉਣ ਹੈ ਆਈ ਸਰਦੀ।
ਠੰਡ ਨਾਲ ਠਠਰਾਉਣ ਹੈ ਆਈ ਸਰਦੀ।
ਪੱਖੇ ਬੰਦ ਰਜਾਈ ਕੱਢ ਲਈ,
ਸਾਨੂੰ ਕੰਬਾਉਣ ਹੈ ਆਈ ਸਰਦੀ।
ਪੈਰਾਂ ਉੱਤੇ ਬੂਟ ਜੁਰਾਬਾਂ,
ਸਾਨੂੰ ਪਹਿਨਾਉਣ ਹੈ ਆਈ ਸਰਦੀ।
ਸਭਨਾ ਤਾਈਂ ਕੋਟ ਕੋਟੀਆਂ,
ਪਿੰਡੇ ਚੜ੍ਹਵਾਉਣ ਹੈ ਆਈ ਸਰਦੀ।
ਸਿਰ 'ਤੇ ਟੋਪੀ ਹੱਥੀਂ ਦਸਤਾਨੇ,
ਸਭਨੂੰ ਪਵਾਉਣ ਹੈ ਆਈ ਸਰਦੀ।
ਚਾਹ ਕੌਫੀ ਦੇ ਗਰਮ ਪਿਆਲੇ,
ਹੱਥਾਂ ਵਿੱਚ ਪਕੜਾਉਣ ਹੈ ਆਈ ਸਰਦੀ।
ਗੱਚਕ ਪੱਟੀ ਤਿਲ ਰੇਵੜੀ,
ਸਾਨੂੰ ਖੂਬ ਚਬਵਾਉਣ ਹੈ ਆਈ ਸਰਦੀ।
ਮੂੰਗਫਲੀ ਜਿਹੇ ਸੁੱਕੇ ਮੇਵਿਆਂ ਦਾ,
ਅੰਮ੍ਰਿਤ ਸਵਾਦ ਚਖਾਉਣ ਹੈ ਆਈ ਸਰਦੀ।
ਨਿੱਘੀ ਨਿੱਘੀ ਧੁੱਪ ਚੜ੍ਹੀ ਜੋ,
ਉਹੀ ਧੁੱਪ ਸਕਾਉਣ ਹੈ ਆਈ ਸਰਦੀ।
ਸੂਰਜ ਬਾਬਾ ਗਾਇਬ ਰਹਿਣਗੇ,
ਏਹੀ ਗੱਲ ਸਮਝਾਉਣ ਹੈ ਆਈ ਸਰਦੀ।
ਸੇਕਾਂਗੇ ਅਸੀਂ ਖੂਬ ਮਜੇ ਨਾਲ,
ਧੂਣੀਆਂ ਸਿਕਾਉਣ ਹੈ ਆਈ ਸਰਦੀ।
ਗਰਮ ਪਾਣੀ ਕਰੋ ਨਹਾਓ,
ਸਾਨੂੰ ਗਰਮਾਉਣ ਹੈ ਆਈ ਸਰਦੀ।
ਇਸ ਸਰਦੀ ਤੋਂ ਬਚਕੇ ਰਹਿਣਾ,
ਸਾਡੀ ਬਰਫ਼ ਜਮਾਉਣ ਹੈ ਆਈ ਸਰਦੀ।
ਗਰਮੀ ਦੀ ਹੈ ਛੋਟੀ ਭੈਣ,
ਆਪਣਾ ਕਰਮ ਕਮਾਉਣ ਹੈ ਆਈ ਸਰਦੀ।
ਵਾਰੀ ਵਾਰੀ ਆਉਂਦੀਆਂ ਹਨ ਦੋਵੇਂ,
ਆਪਣੀ ਵਾਰੀ ਪਗਾਉਣ ਹੈ ਆਈ ਸਰਦੀ।