ਸਾਡੇ ਵਾਰਿਸ – ਗੁਰਬਖਸ਼ ਸਿੰਘ ਪ੍ਰੀਤਲੜੀ
ਸਭ ਤੋਂ ਪਹਿਲਾਂ ਜ਼ਿਕਰ ਕਰਨ ਜਾ ਰਹੇ ਹਾਂ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਲਿਖੀ ਵਾਰਤਕ ਪੁਸਤਕ ਬਾਰੇ। ਜਿਵੇਂ ਸਾਨੂੰ ਪਤਾ ਹੀ ਹੈ ਕਿ ਸ੍ਰ. ਪ੍ਰੀਤਲੜੀ ਸਾਬ੍ਹ ਪੰਜਾਬੀ ਵਾਰਤਕ ਨੂੰ ਸਿਖ਼ਰ ’ਤੇ ਲਿਜਾਣ ਅਤੇ ਸਭ ਤੋਂ ਵੱਧ ਵਾਰਤਕ ਲਿਖਣ ਵਾਲੇ ਲੇਖਕ ਮੰਨੇ ਜਾਂਦੇ ਹਨ।
ਇਸ ਪੁਸਤਕ ਦਾ ਨਾਂ ਹੈ ਸਾਡੇ ਵਾਰਸ, ਜਿਸਨੂੰ ਨਵਯੁੱਗ ਪਬਲਿਸ਼ਰਜ਼ ਵੱਲੋਂ ਛਾਪਿਆ ਗਿਆ ਹੈ। ਸੰਨ 1947 ਵਿੱਚ ਲਿਖੀ ਗਈ ਇਸ ਕਿਤਾਬ ਦੇ ਕੁੱਲ ਪੰਨੇ 136 ਹਨ ਅਤੇ ਲਗਭਗ 38 ਸਿਰਲੇਖਾਂ ਹੇਠ ਇਹ ਕਿਤਾਬ ਛਪੀ ਹੈ। ਜੋ ਐਡੀਸ਼ਨ ਮੈਂ ਪੜ੍ਹਿਆ ਹੈ ਇਹ ਸਾਲ 2012 ਵਿੱਚ ਛਪਿਆ ਸੀ।
ਇਹ ਕਿਤਾਬ ਮੈਂ ਖ਼ਾਸ ਤੌਰ ’ਤੇ ਮਾਪਿਆਂ ਨੂੰ ਸੁਝਾਵਾਂਗਾ ਕਿ ਉਹ ਜ਼ਰੂਰ ਇਹ ਕਿਤਾਬ ਪੜ੍ਹਨ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਆਪਣੇ ਬੱਚੇ-ਬੱਚੀਆਂ ਯਾਨਿਕਿ ਸਾਡੇ ਵਾਰਸਾਂ ਦੀ ਪਰਵਰਿਸ਼ ਅਤੇ ਪਾਲਣ-ਪੋਸਣ ਕਿਸ ਢੰਗ ਨਾਲ ਕਰਨਾ ਹੁੰਦਾ ਹੈ।
ਇਹ ਕਿਤਾਬ ਕੁੱਜੇ ਵਿੱਚ ਬੰਦ ਪਏ ਇੱਕ ਸਮੁੰਦਰ ਵਾਂਗ ਹੈ, ਕਿਉਂਕਿ ਹਰ ਵਿਸ਼ਾ ਛੋਟਾ ਹੋਣ ਦੇ ਬਾਵਜੂਦ ਵੱਡੀ ਸਿੱਖਿਆ ਦਿੰਦਾ ਹੈ। ਮੈਂ ਤਾਂ ਇਹ ਵੀ ਆਖਾਂਗਾ ਕਿ ਵਿਆਹ ਮੌਕੇ ਕੀਤੀਆਂ ਜਾਣ ਵਾਲੀਆਂ ਰਸਮਾਂ ਵਿੱਚ ਵਿਆਂਦੜ ਜੋੜੀ ਨੂੰ ਇਹ ਕਿਤਾਬ ਪੜ੍ਹਨੀ ਲਾਜ਼ਮੀ ਕੀਤੀ ਜਾਵੇ ਤਾਂ ਕਿ ਨਿਰੋਆ ਸਮਾਜ ਸਿਰਜਿਆ ਜਾ ਸਕੇ।
ਕਿਤਾਬ ਦੀ ੂੁਮਿਕਾ ਵਿੱਚ ਲਿਖੀ ਇੱਕ ਹੀ ਗੱਲ ਬੜੀ ਵੱਡੀ ਸਿੱਖਿਆ ਦਿੰਦੀ ਹੈ ਕਿ ਮਾਪਿਆਂ ਲਈ ਸਿਰਫ਼ ਵਾਰਸ ਮੰਗ ਛੱਡਣਾ ਹੀ ਕਾਫ਼ੀ ਨਹੀਂ, ਵਾਰਸਾਂ ਨੂੰ ਭਾਈਚਾਰੇ ਦੇ ਸੁਖਾਵੇਂ ਮੈਂ ਬਰ ਬਣਾਉਣਾ ਉਹਨਾਂ ਦਾ ਸਭ ਤੋਂ ਵੱਡਾ ਫ਼ਰਜ਼ ਹੁੰਦਾ ਹੈ।
ਅਲੋਪ ਹੋ ਰਹੇ ਚੇਟਕ – ਸੂਬਾ ਸਿੰਘ
ਦੂਜੇ ਨੰਬਰ ‘ਤੇ ਗੱਲ ਕਰਨ ਜਾ ਰਿਹਾ ਹਾਂ ਜੀ ਹਾਸਿਆਂ ਦੇ ਲੇਖਕ ਵੱਜੋਂ ਜਾਣੇ ਜਾਂਦੇ ਸ੍ਰ. ਸੂਬਾ ਸਿੰਘ ਵੱਲੋਂ ਲਿਖੀ ਹੋਈ ਵਾਰਤਕ ਕਿਤਾਬ ‘ਅਲੋਪ ਹੋ ਰਹੇ ਚੇਟਕ’ ਦੀ। ਜਿਸ ਨੂੰ ਸਾਲ 1967 ਵਿੱਚ ਲਾਹੌਰ ਬੁੱਕ ਸ਼ਾਪ ਨੇ ਆਪਣੀ ਨਵੀਂ ਸਥਾਪਿਤ ਕੀਤੀ ਗਈ ਫ਼ਰਮ ‘ਸਾਹਿਤ ਸੰਗਮ ਚੰਡੀਗੜ੍ਹ’ ਵੱਲੋਂ ਪਹਿਲੀ ਵਾਰ ਛਾਪਿਆ ਸੀ।
ਇਸ ਕਿਤਾਬ ਦੇ ਸ਼ੁਰੂ ਵਿੱਚ ਕਿਸੇ ਵੱਲੋਂ ਵੀ ਕੋਈ ਮੁੱਖ ਬੰਦ ਜਾਂ ਭੂਮਿਕਾ ਨਹੀਂ ਲਿਖੀ ਗਈ, ਕਿਉਂਕਿ ਲੇਖਕ ਨੇ ਲਿਖਵਾਈ ਹੀ ਨਹੀਂ, ਪਰ ਕਿਉਂ ਨਹੀਂ ਲਿਖਵਾਈ ਉਸ ਬਾਰੇ ਪੁਸਤਕ ਦੇ ਅਰੰਭ ਵਿੱਚ ‘ਅਰਜ਼ੋਈਆਂ ਜੋ ਕਰਨੀਆਂ ਪਈਆਂ’ ਪੜ੍ਹਨਯੋਗ ਰਚਨਾ ਹੈ।
ਇਸ ਕਿਤਾਬ ਦਾ ਜਿਹੜਾ ਐਡੀਸ਼ਨ ਮੈਂ ਪੜ੍ਹਿਆ ਹੈ ਉਹ ਸਾਲ 2011 ਵਿੱਚ ਛੱਪਿਆ ਸੀ ਅਤੇ ਕੇਵਲ 104 ਕੁ ਪੰਨਿਆ ਦੀ ਪੇਪਰਬੈਕ ਇਸ ਕਿਤਾਬ ਵਿੱਚ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ 13 ਅਲੋਪ ਹੋ ਰਹੇ ਚੇਟਕਾਂ ਦਾ ਬਾ-ਕਮਾਲ ਜ਼ਿਕਰ ਹੈ, ਕਿ ਇਹਨਾਂ ਬਾਰੇ ਪੜ੍ਹਦਿਆਂ ਪਾਠਕ ਮਨਾਂ ਦੇ ਅੰਦਰ ਉਹਨਾਂ ਸਮਿਆਂ ਨੂੰ ਜਿਊਣ ਦੀ ਰੀਝ ਪੈਦਾ ਹੋ ਜਾਂਦੀ ਹੈ। ਇਹ ਸਾਰੇ ਉਹ ਚੇਟਕ ਸਨ ਜੋ ਪੰਜਾਬੀਆਂ ਲਈ ਮਨੋਰੰਜਨ ਦਾ ਸਾਧਨ ਹੁੰਦੇ ਸਨ।
ਲੇਖਕ ਵੀ ਲਿਖਦਾ ਹੈ ਜਿਨ੍ਹਾਂ ਨੂੰ ਪੰਜਾਬ ਦੀ ਜ਼ਿੰਦਗੀ, ਉਸ ਦੇ ਲੋਕਾਂ ਦੇ ਚੇਟਕਾਂ, ਰੀਝਾਂ ਅਤੇ ਮਨ-ਪਰਚਾਵਿਆਂ ਬਾਰੇ ਜਾਣਨ ਦੀ ਭੁੱਖ ਹੈ, ਉਹ ਇਸ ਪੁਸਤਕ ਨੂੰ ਪੜ੍ਹ ਕੇ ਅਨੰਦ ਹੁਲਾਰਿਆਂ ਨਾਲ ਝੁੂਮਣ ਲੱਗ ਜਾਣਗੇ। ਜਿਹੜੇ ਲੋਕੀਂ ਅਲੋਪ ਚੇਟਕਾਂ ਨਾਲ ਸਾਂਝਾਂ ਪਾ ਕੇ ਲੰਘੇ ਹਨ, ਉਹਨਾਂ ਨੂੰ ਇਹ ਯਾਦ ਤੜਫਾਉਣਗੀਆਂ ਅਤੇ ਉਹ ਸ਼ਾਇਦ ਕੁਰਲਾਉਣ ਲੱਗ ਜਾਣ ਕਿਉਂਕਿ ਜੋ ਲੰਘ ਗਿਆ, ਉਹ ਮੁੜ ਨਹੀਂ ਆਉਣਾ। ਸਮੇਂ ਦੀ ਫਿਰਕੀ ਇੱਕ ਪਾਸੇ ਨੂੰ ਘੁੰਮਦੀ ਹੈ।
ਮੌਤ ਰਾਣੀ ਦਾ ਘੁੰਢ – ਲਾਲ ਸਿੰਘ ਕਮਲਾ ਅਕਾਲੀ
ਤੀਜੇ ਨੰ, ‘ਤੇ ਮੈਂ ਗੱਲ ਕਰਨ ਜਾ ਰਿਹਾ ਹੈ ਮੌਤ ਬਾਰੇ ਲਿਖੀ ਗਈ ਮੇਰੀ ਸਭ ਤੋਂ ਵੱਧ ਮਨ-ਪਸੰਦ ਵਾਰਤਕ ਪੁਸਤਕ ‘ਮੌਤ ਰਾਣੀ ਦਾ ਘੁੰਡ’ ਬਾਰੇ। ਇਸ ਕਿਤਾਬ ਦੇ ਲੇਖਕ ਦਾ ਨਾਮ ਹੈ ਲਾਲ ਸਿੰਘ ਕਮਲਾ ਅਕਾਲੀ। ਦਰਅਸਲ ਆਪ ਵੱਲੋਂ ਸਾਲ 1920-21 ਵਿੱਚ ਅਕਾਲੀ ਲਹਿਰ ਲਈ ਇੱਕ ਪੈਂਫਲਿਟ ਲਿਖਿਆ ਸੀ ਜਿਸ ਦਾ ਨਾਂ “ਕਮਲਾ ਅਕਾਲੀ” ਅਤੇ ਉਸ ਪੈਂਫਲਿਟ ਕਾਰਨ ਹੀ ਆਪ ਦੇ ਨਾਂ ਨਾਲ “ਕਮਲਾ ਅਕਾਲੀ” ਪ੍ਰਸਿੱਧ ਹੋ ਗਿਆ। ਪੰਜਾਬੀ ਸਾਹਿਤ ਵਿੱਚ ਜੇਕਰ ਸਫ਼ਰਨਾਮੇ ਲਿਖਣ ਦੀ ਪਿਰਤ ਪਈ ਤਾਂ ਉਹ ਪਿਰਤ ਲਾਲ ਸਿੰਘ ਹੁਰਾਂ ਵੱਲੋਂ ਪਾਈ ਗਈ।
ਹਾਸਾ, ਫ਼ਲਸਫ਼ਾ ਅਤੇ ਕਲਪਣਾ-ਉਡਾਰੀ ਆਪ ਦੀ ਵਾਰਤਕ ਦੇ ਵਿਸ਼ੇਸ਼ ਗੁਣ ਹੈ । ਆਪ ਜੀ ਲਿਖਤ ਵਿੱਚ ਆਮ ਕਰਕੇ ਕੋਈ ਸਿਧਾਂਤ ਹੁੰਦਾ ਹੈ ਜਿਸ ਨੂੰ ਸਿੱਧ ਕਰਨ ਦਾ ਜਤਨ ਕੀਤਾ ਗਿਆ ਹੁੰਦਾ ਹੈ। ਇਸ 128 ਪੰਨਿਆਂ ਦੀ ਕਿਤਾਬ ਵਿੱਚ 8 ਸਿਰਲੇਖਾਂ ਹੇਠ ਮੌਤ ਬਾਰੇ ਬਹੁਤ ਹੀ ਦਿਲਸਚਪ ਅਤੇ ਰੌਚਕ ਜਾਣਕਾਰੀ ਪੇਸ਼ ਕੀਤੀ ਗਈ ਹੈ। ਜੋ ਐਡੀਸ਼ਨ ਮੈਂ ਪੜ੍ਹਿਆ ਹੈ ਇਹ ਸਾਲ 2015 ਵਿੱਚ ਲਾਹੌਰ ਬੁੱਕ ਸ਼ਾਪ ਵੱਲੋਂ ਛਾਪਿਆ ਗਿਆ ਹੈ।
ਇਸ ਵਾਰਤਕ ਕਿਤਾਬ ਨੂੰ ਇੱਕ ਦਾਰਸ਼ਨਿਕ ਰਚਨਾ ਵੀ ਮੰਨਿਆ ਜਾ ਸਕਦਾ ਹੈ। ਇਸ ਕਿਤਾਬ ਵਿੱਚ ਮੌਤ ਦੇ ਰਹੱਸ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਜੀਵਨ ਦਾ ਅਖ਼ੀਰਲਾ ਪੜਾਅ ਮੌਤ ਹੈ ਅਤੇ ਇਸ ਪੜਾਅ ਨੂੰ ਕਿਵੇਂ ਪਾਰ ਕਰਨਾ ਹੈ ਅਤੇ ਜੇਕਰ ਸੰਸਾਰ ਵਿੱਚੋਂ ਮੌਤ ਹਟਾ ਦਿੱਤੀ ਜਾਵੇ ਤਾਂ ਸੰਸਾਰ ਕਿੰਨੀ ਭਿਆਨਕ ਸ਼ਕਲ ਅਖਤਿਆਰ ਕਰ ਜਾਵੇਗਾ। ਇੱਕ ਜਗ੍ਹਾ ਆਪ ਲਿਖਦੇ ਹਨ ਕਿ,"ਇਸ ਹੋਣੀ ਦੇ ਜਿਸ ਨੂੰ ਅਸੀਂ ਮੌਤ ਯਾ ਮਰਨਾ ਆਖਦੇ ਹਾਂ, ਵਰਤ ਜਾਣ ਪਿੱਛੋਂ ਵੀ ਅਸੀਂ ਜ਼ਰੂਰ ਹੋਵਾਂਗੇ ਕਿਉਂਕਿ ਨਾਸ਼ਵਾਨ ਕੁਝ ਨਹੀਂ.....।" ਪੁਸਤਕ ਵਿਚਲੇ ਵਿਸ਼ੇ ਮੌਤ ਦੇ ਸੰਕਲਪ ਦੇ ਆਲੇ0ਦੁਆਲੇ ਘੁਮੰਦੇ ਹੋਏ ਮੌਤ ਪ੍ਰਤੀ ਬਹੁਤ ਸਾਰੇ ਤੌਖਲਿਆਂ ਨੂੰ ਦੂਰ ਕਰਦੇ ਹਨ।
ਮੈਨੂੰ ਮੈਥੋਂ ਬਚਾਓ – ਗੁਰਨਾਮ ਸਿੰਘ ਤੀਰ
ਚੌਥੇ ਨੰਬਰ ਤੇ ਗੱਲ ਕਰਦੇ ਹਾਂ ਹੀ ਲੇਖਕ, ਪੱਤਰਕਾਰ ਅਤੇ ਵਕੀਲ ਦੇ ਨਾਲ-ਨਾਲ ਚਾਚਾ ਚੰਡੀਗੜ੍ਹੀਏ ਵਜੋਂ ਜਾਣੇ ਜਾਂਦੇ ਲੇਖਕ ਡਾ. ਗੁਰਨਾਮ ਸਿੰਘ ਤੀਰ ਵੱਲੋਂ ਲਿਖੀ ਕਿਤਾਬ ‘ਮੈਨੂੰ ਮੈਥੋਂ ਬਚਾਓ’ ਬਾਰੇ ਗੱਲ ਕਰਾਂਗੇ।
ਸਾਲ 1968 ਵਿੱਚ ਛੱਪੀ ਇਸ ਕਿਤਾਬ ਦਾ ਸਾਲ 2015 ਵਿੱਚ ਛੱਪਿਆ ਐਡੀਸ਼ਨ ਮੈਨੂੰ ਪੜ੍ਹਨ ਨੂੰ ਮਿਲਿਆ ਜਿਸ ਨੂੰ ਲਾਹੌਰ ਬੁੱਕ ਸ਼ਾਪ ਵੱਲੋਂ ਛਾਪਿਆ ਗਿਆ ਹੈ। ਲਗਭਗ 287 ਪੰਨਿਆ ਦੀ ਇਸ ਕਿਤਾਬ ਵਿੱਚ 27 ਸਿਰਲੇਖਾਂ ਹੇਠ ਕਟਾਕਸ਼ ਕਰਦੇ ਵਿਅੰਗ ਸ਼ਾਮਲ ਹਨ। ਇਹ ਕਿਤਾਬ ਆਪਣੇ ਛੱਪਣ ਤੋਂ ਲੈ ਕੇ ਹੁਣ ਤੱਕ ਵੀ ਪੰਜਾਬੀ ਪਾਠਕਾਂ ਦੀ ਇੱਕ ਪਸੰਦੀਦਾ ਪੁਸਤਕ ਹੈ। ਪੁਸਤਕ ਵਿੱਚ ਥਾਂ-ਪਰ-ਥਾਂ ਬਲੈਕ ਐਂਡ ਵਾਈਟ ਕਾਰਟੂਸਿਟ ਟਾਈਪ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ। ਇਸ ਕਿਤਾਬ ਦਾ ਮੁੱਖ ਬੰਦ ਪ੍ਰਿੰ ਕਨ੍ਹਈਆ ਲਾਲ ਕਪੂਰ ਵੱਲੋਂ ਲਿਖਿਆ ਗਿਆ ਹੈ, ਜੋ ਮੈਂ ਸਮਝਦਾ ਨਵੇਂ ਪਾਠਕ ਉਹ ਪੜ੍ਹ ਕੇ ਹੀ ਕਿਤਾਬ ਪੜ੍ਹਨੀ ਸ਼ੁਰੂ ਕਰਨੀ ਚਾਹੀਦੀ ਹੈ। ਲੇਖਕ ਨੇ ਇਹ ਕਿਤਾਬ ਸਾਇੰਸਦਾਨਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਕਦਰਦਾਨ ਅਤੇ ਪੰਜਾਬੀਅਤ ਦੇ ਆਸ਼ਕ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਪਰਤ ਕੀਤੀ ਹੈ। ਇਹ ਆਪਣੇ ਆਪ ਵਿੱਚ ਪੰਜਾਬੀ ਹਸਾਰਸ ਦੀ ਵਿਲੱਖਣ ਪੁਸਤਕ ਹੋ ਨਿਬੜਦੀ ਹੈ।
ਪਹਿਲਾ ਖ਼ਤ ਆਖ਼ਰੀ – ਬਲਜੀਤ ਸਿੰਘ
ਪੰਜਵੇਂ ਨੰਬਰ ‘ਤੇ ਗੱਲ ਕਰਦੇ ਹਾਂ ਜੀ ਆਲ ਇੰਡੀਆ ਰੇਡੀਓ ਦੇ ਪਹਿਲੇ ਸਿੱਖ ਅਨਾਉਂਸਰ ਰਹਿ ਚੁੱਕੇ ਅਤੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹੋਣ ਦੇ ਨਾਲ-ਨਾਲ ਲੇਖਕ ਵੱਜੋਂ ਆਪਣੀ ਪਹਿਵਾਣ ਬਣਾਉਣ ਵਾਲੇ ਸ੍ਰ. ਬਲਜੀਤ ਸਿੰਘ ਵੱਲੋਂ ਲਿਖੀ ਹੋਈ ਪਹਿਲੀ ਵਾਰਤਕ ਪੁਸਤਕ ਦੀ। ਜਿਸਦਾ ਨਾਂ ਹੈ ‘ਪਹਿਲਾ ਖ਼ਤ ਆਖ਼ਰੀ’ । ਇਹ ਕਿਤਾਬ ਪਹਿਲੀ ਵਾਰ ਸਾਲ 1997 ਵਿੱਚ ਛਪੀ ਸੀ ਅਤੇ ਹੁਣ ਇਸਦਾ ਨਵਾਂ ਐਡੀਸ਼ਨ ਸਾਲ 2018 ਵਿੱਚ ਵੀ ਛੱਪਿਆ ਹੈ। ਮੈਂ ਵੈਸੇ ਦੋਵੇਂ ਐਡੀਸ਼ਨ ਹੀ ਪੜ੍ਹੇ ਨੇ।
ਲੇਖਕ ਨੇ ਇਹ ਕਿਤਾਬ ਦੇ ਸਮਰਪਣ ਪੰਨੇ ਦੇ ਲਿਖਿਆ ਹੈ ਕਿ, ਆਪਣੇ ਬੀਜੀ ਬਾਪੂ ਜੀ ਦੀ ਯਾਦ ਦੇ ਅੰਗ ਸੰਗ ਰਹਿੰਦਿਆਂ ਰਚੀ ਗਈ ਇਹ ਲਿਖਤ ਮੁਹਬੱਤ ਦੀ ਉਸ ਸਿਖ਼ਰ ਦੇ ਨਾਂ, ਜਿਥੇ ਪਹੁੰਚਣਾ ਸ਼ਾਇਦ ਮਨੁੱਖੀ ਪਰਵਾਜ਼ ਦੀ ਸੀਮਾ ਵਿੱਚ ਨਹੀਂ।
104 ਪੰਨਿਆਂ ਦੀ ਇਹ ਪੁਸਤਕ ਆਰਸੀ ਪਬਲਿਸ਼ਰਜ਼ ਦਿੱਲੀ ਵੱਲੋਂ ਛਾਪੀ ਗਈ ਹੈ। ਆਪਣੇ ਮਹਿਬੂਬ ਦੇ ਨਾਂ ਲਿਖੇ ਹੋਏ ਇਸ ਲੰਮੇ ਖ਼ਤ ਦੀ ਇੱਕ ਖ਼ਾਸੀਅਤ ਹੋਰ ਹੈ ਕਿ ਇਸ ਕਿਤਾਬ ਨੂੰ ਜਿੱਥੋਂ ਮਰਜ਼ੀ ਖੋਲ੍ਹ ਕੇ ਪੜੋ ਤੁਹਾਨੂੰ ਮਜ਼ਾ ਆਵੇਗਾ ਪਰ ਜੇ ਇਸ ਨੂੰ ਬੈਠਕ ਕਰਕੇ ਪੜ੍ਹੋਗੇ ਤਾਂ ਇਸ ਕਿਤਾਬ ਦੀ ਕਹਾਣੀ ਹਰ ਪਾਠਕ ਨੂੰ ਆਪਣੀ ਕਹਾਣੀ ਮਹਿਸੂਸ ਹੋਵੇਗੀ। ਇਸ ਕਿਤਾਬ ਵਿੱਚੋਂ ਪੰਜਾਬੀ ਦੇ ਅਲੋਪ ਰਹੇ ਉਮਦਾ ਸ਼ਬਦਾਂ ਦੀ ਜਾਣਾਕਰੀ ਨਾਲ ਉਰਦੂ ਅਤੇ ਫ਼ਾਸਰੀ ਸ਼ਬਦਾਂ ਬਾਰੇ ਵੀ ਗਿਆਨ ਵਿੱਚ ਵਾਧਾ ਹੁੰਦਾ ਹੈ। ਇਸ ਕਿਤਾਬ ਉੱਤੇ ਐੱਮ.ਫਿੱਲ ਵੀ ਕੀਤੀ ਜਾ ਚੁੱਕੀ ਹੈ। ਮੈਂ ਆਪਣੀ ਲਾਇਬ੍ਰੇਰੀ ਵਿੱਚ ਇਸ ਕਿਤਾਬ ਨੂੰ ਵਾਰਤਕ ਦੀ ਬੇਹਤਰੀਨ ਪੁਸਤਕ ਵੱਜੋਂ ਸੰਭਾਲਿਆ ਹੋਇਆ ਹੈ।