ਪਹੁ ਫੁਟਾਲਾ - ਕਿਸ਼ਤ 3 (ਨਾਵਲ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


5

“ਚੰਨੀਏਂ ! ....ਕੁੜੇ ਚੰਨੋਂ ! ਕਿਥੇ ਲੁਕੀ ਐਂ ?” ਬੂਹਾ ਲੰਘਦੀ ਸ਼ਾਮੋ ਬੋਲੀ ।

“ਅੱਖਾਂ ਐ ਕਿ ਗੁਦਾਮ ? ਸਾਹਮਣੇ ਖੜ੍ਹੀ ਕੁੜੀ ਨੀਂ ਦਿਸਦੀ ਤਾਂ ਹੋਰ ਤੈਨੂੰ ਕੀ ਦਿਸੂ ?” ਚੰਨੀ ਦੇ ਮੂੰਹੋਂ ਮਿੱਠੀ ਕੁੜੱਤਣ ਟਪਕੀ । 

“ਕੁੜੀ ਕਰਕੇ ਈ ਨਹੀਂ ਨਾ ਦਿਸੀ, ਜੇ ਤੂੰ ਮੁੰਡਾ ਹੁੰਦਾ ਤਾਂ ਜ਼ਰੂਰ ਦਿਸ ਜਾਂਦਾ ।”

“ਸੌਂਕਣ ਕਰਦੀ ਵੇਖ ਕੀ ਐ । ਜਦੋਂ ਆਊ ਬਸ ਇਹੀ ਗੱਲਾਂ ।” 

“ਆਹੋ, ਬੁੱਕਲ ੱਚ ਰੋੜੀ ਭੰਨ ਲੀ ਤੂੰ ਤਾਂ । ਅਸੀਂ ਵਚਾਰੇ ਝਾਕਦੇ ਆਂ ਬਿੱਟ ਬਿੱਟ । ਰਕਾਣ ਨੂੰ ਸਾਡੀਆਂ ਤਾਂ ਗੱਲਾਂ ਵੀ ਬੁਰੀਆਂ ਲਗਦੀਆਂ ।” ਸ਼ਾਮੋਂ ਚੰਨੀ ਦੇ ਨੇੜੇ ਹੋ ਗਈ ।

“ਮੈਨੂੰ ਤਾਂ ਡਰ ਐ ਕਿਤੇ ਤੂੰ ਉਧਲ ਈ ਨਾ ਜਾਏਂ ਸੌਂਕਣੇ !" 

“ਚੰਨੀਏਂ ! ਸੱਚੀਂ ਆਪਣੀ ਸੌਂਕਣ ਬਣਾ ਲੈ ਮੈਨੂੰ ਤਾਂ । ਫੇਰ ਨੀਂ ਜਾਂਦੀ ਕਿਤੇ । ਜੇ ਗਈ ਤਾਂ ਤੈਨੂੰ ਵੀ ਨਾਲ ਲਜਾਊਂ ।" ਸ਼ਾਮੋਂ ਦੇ ਬੁੱਲ੍ਹ ਮੁਸਕਰਾ ਉਠੇ । 

“ਲਿਆਵਾਂ ਸੱਦ ਕੇ ਤੇਜੇ ਨੂੰ ?" ਸ਼ਾਮੋਂ ਦਾ ਜੋਬਨ ਅੰਗੜਾਈ ਲੈ ਗਿਆ।

“ਅੜੀਏ, ਤੂੰ ਤਾਂ ਜਮਾਂ ਈ ਲੋਈ ਲਾਹ  ‘ਤੀ । ਜੇ ਕਿਸੇ ਨੇ ਸੁਣ ਲਿਆ ਭਲਾ ਫੇਰ ?” ਤੇਜੇ ਦਾ ਨਾਂ ਸੁਣ ਕੇ ਅਲ੍ਹੜ ਚੰਨੀਂ ਸ਼ਰਮਾ ਗਈ । 

‘ਮੈਨੂੰ ਕਿਹੜਾ ਕਿਸੇ ਦਾ ਡਰ ਮਾਰੀਦੈ ।"

“ਚੰਗਾ ਅੰਦਰ ਚੱਲ ਕੇ ਬੈਠ ਮੈਂ ਵੀ ਔਣੀ ਆਂ ।” ਚੰਨੀ ਨੇ ਆਸੇ ਪਾਸੇ ਦੇਖਿਆ ਕਿਤੇ ਕਿਸੇ ਨੇ ਸੁਣ ਹੀ ਨਾ ਲਿਆ ਹੋਵੇ । ਸ਼ਾਮੋਂ ਅੰਦਰ ਚਲੀ ਗਈ। ਸ਼ਾਮੋਂ ਉਨ੍ਹਾਂ ਦੇ ਗਵਾਂਢ ਰਹਿੰਦੀ ਸੀ । ਉਹ ਪੰਜ ਭਰਾਵਾਂ ਦੀ ਇਕਲੌਤੀ ਭੈਣ ਤੇ ਚੰਨੀਂ ਦੀ ਗੂੜ੍ਹੀ ਸਹੇਲੀ ਸੀ । ਉਸਦੀ ਉਮਰ ਚੰਨੀਂ ਤੋਂ ਸਾਲ ਕੁ ਤੇ ਵੱਡੀ ਹੋਵੇਗੀ । ਉਸਦਾ ਰੰਗ ਸਾਂਵਲਾ ਤੇ ਸੁਭਾਅ ਚੰਚਲ ਸੀ । ਦੋਨੋਂ ਇਕ ਦੂਜੀ ਦੀਆਂ ਗੁੱਝੀਆਂ ਗੱਲਾਂ ਤੋਂ ਭੇਤੀ ਸਨ । ਚੰਨੀ ਅਤੇ ਤੇਜੇ ਦੇ ਬਚਪਨ ਤੋਂ ਚਲੇ ਆ ਰਹੇ ਮੇਲ ਮਿਲਾਪ-ਜੋ ਹੁਣ ਪਿਆਰ ਵਿਚ ਬਦਲ ਚੁੱਕਿਆ ਸੀ-ਤੋਂ ਵੀ ਉਹ ਬੇਖਬਰ ਨਹੀਂ ਸੀ ।

ਤੇਜਾ ਉਨ੍ਹਾਂ ਦੇ ਵਿਹੜੇ ਦਾ ਤੇ ਉਨ੍ਹਾਂ ਦੀ ਹੀ ਜਾਤ ਦਾ ਗੱਭਰੂ ਸੀ । ਸਾਰੇ ਵਿਹੜੇ ਵਿਚੋਂ ਉਹ ਇਕੱਲਾ ਹੀ ਸ਼ਹਿਰ ਦੀ ਮਿੱਲ ਵਿਚ ਕੰਮ ਕਰਨ ਜਾਂਦਾ ਸੀ । ਉਸਨੇ ਪੰਜ ਪਾਸ ਕੀਤੀਆਂ ਹੋਈਆਂ ਸਨ ।

“ਸ਼ਾਮੋਂ ! ਚਾਹ ਬਣਾਵਾਂ ?” ਚੰਨੀ ਅੰਦਰ ਆਉਂਦੀ ਬੋਲੀ । “ਨਾ ਅੜੀਏ ! ਚਾਹ ਪੀ ਕੇ ਤਾਂ ਮੂੰਹ 'ਚੋਂ ਬੋ ਔਣ ਲੱਗ ਪੈਂਦੀ ਐ। ਤੂੰ ਵੀ ਨਾ ਪੀਆ ਕਰ । ਤੇਜੇ ਨੇ ਮਿਹਣਾ ਮਾਰ ਦਿੱਤਾ ਤਾਂ ਫੇਰ ਰੋਏਂਗੀ ਮੈਨੂੰ ਦੱਸ ਕੇ।" ਸ਼ਾਮੋਂ ਸ਼ਰਾਰਤ ਨਾਲ ਅੱਖ ਮਟਕਾ ਗਈ । 

‘ਤੂੰ ਕਰ ਲਾ ਮਖੌਲ... ਤੇਰੇ ਧੀਆਂ ਪੁੱਤਾਂ ਨੇ ਤਾਂ ਮਾਸੀ ਕਿਹਾ ਕਰਨੈ ।” ਚੰਨੀ ਸ਼ਾਮੋਂ ਦੇ ਨਾਲ ਬਹਿੰਦੀ ਬੋਲੀ ।

“ਤੇ ਤੇਜੇ ਨੂੰ ਮਾਸੜ ?” ਸ਼ਾਮੋਂ ਉਸਦੀ ਗੱਲ ਦੀ ਖਿੱਲੀ ਉਡਾ ਗਈ।

‘ਕਦੇ ਚੱਜ ਦੀ ਗੱਲ ਵੀ ਕਰ ਲਿਆ ਕਰ ।” ਚੰਨੀ ਨੇ ਖੁਸ਼ੀ 'ਚ ਮਚਲਦੇ ਦਿਲ ਨਾਲ ਨਿਹੋਰਾ ਦਿੱਤਾ ।

“ਚੰਨੀਏਂ ! ਇਕ ਗੱਲ ਐ ।” ਸ਼ਾਮੋਂ ਕੁਝ ਸੰਜੀਦਾ ਹੁੰਦੀ ਬੋਲੀ ।

"ਕੀ ?"

“ਤੇਰਾ ਵਿਆਹ ਤਾਂ ਤੇਜੇ ਨਾਲ ਹੋਣਾ ਨੀਂ ।”

“ਕਿਉਂ ਅੜੀਏ ?” ਚੰਨੀਂ ਨੂੰ ਆਪਣਾ ਦਿਲ ਖੁਸਦਾ ਜਾਪਿਆ । ਦੇਖ ਨਾ, ਜਿਹੜੇ ਪਿੰਡ 'ਚ ਤੂੰ ਰਹਿੰਨੀ ਐਂ ਉਸੇ 'ਚ ਉਹ । ਜਿਹੜੇ ਗਵਾੜ 'ਚ ਤੂੰ ਰਹਿੰਨੀ ਐ ਉਸੇ 'ਚ ਉਹ । ਭਲਾ ਅੱਗੇ ਵੇਖਿਆ ਸੁਣਿਆਂ ਹੈ ਕਦੇ ?" ਸ਼ਾਮੋਂ ਦੀ ਗੱਲ ਸੁਣ ਚੰਨੀਂ ਖਾਮੋਸ਼ ਹੋ ਗਈ । ਚਿੰਤਾ ਨੇ ਉਸਦਾ ਦਿਲ ਘੇਰਨੀ 'ਚ ਪਾ ਦਿੱਤਾ । 

‘ਪਰ ਜੇ ਉਹ ਸ਼ਹਿਰ ਰਹਿਣ ਲੱਗ ਪੇ ?” ਚੰਨੀਂ ਦੀ ਸੋਚ ਦੂਰ ਤਕ ਗਈ । 

“ਜੰਮਿਆਂ ਪਲਿਆ ਤਾਂ ਏਥੇ ਈ ਐ ।” ਸ਼ਾਮੋਂ ਦੀ ਗੱਲ ਨੇ ਚੰਨੀਂ ਨੂੰ ਸੋਚੀਂ ਪਾ ਦਿੱਤਾ ।

“ਸ਼ਾਮੋਂ ! ਅੱਜ ਤੂੰ ਕਿਹੋ ਜੀਆਂ ਗੱਲਾਂ ਕਰੀ ਜਾਨੀਂ ਐਂ ?” ਨਿੰਮੋਝੂਣ ਹੋਈ ਬੈਠੀ ਚੰਨੀ ਵੱਲ ਵੇਖ ਕੇ ਸ਼ਾਮੋਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।

“ਮੈਂ ਤਾਂ ਕਮਲੀ ਆਂ..ਪਤਾ ਨੀ ਕਿਉਂ ਐਵੇਂ ਖਿਆਲ ਆ ਗਿਆ ਬੈਠੀ ਬੈਠੀ ਨੂੰ । ਚੱਲ ਛੱਡ ਇਨ੍ਹਾਂ ਗੱਲਾਂ ਨੂੰ ।” ਚੰਨੀਂ ਦੇ ਮਨ ਦਾ ਬੋਝ ਲਾਹੁਣ ਲਈ ਸ਼ਾਮੋਂ ਨੇ ਕੋਈ ਨਵੀਂ ਗੱਲ ਕਰਨੀ ਚਾਹੀ ਪਰ ਅਹੁੜੀ ਨਾ ਬਾਹਰੋਂ ਦਰਵਾਜ਼ਾ ਖੜਕਿਆ । ਦੋਨੋਂ ਕੁੜੀਆਂ ਚੌਕੰਨੀਆਂ ਹੋ ਗਈਆਂ ।

“ਇਹ ਕੌਣ ਆ ਗਿਆ ਸਾਡੇ ਰੰਗ 'ਚ ਭੰਗ ਪੌਣ ?” ਸ਼ਾਮੋਂ ਦੇ ਮੱਥੇ ਵੱਟ ਪੈ ਗਏ । ਚੰਨੀਂ ਉਠ ਕੇ ਬਾਹਰ ਆ ਗਈ । 

“ਕੌਣ ਐਂ ?” ਚੰਨੀਂ ਨੇ ਭਿੜਿਆ ਦਰਵਾਜ਼ਾ ਖੋਲ੍ਹ ਦਿੱਤਾ । 

“ਕਿਉਂ...ਅਸੀਂ ਹੁਣ ਕੌਣ ਹੋ ਗਏ ?” ਤੇਜਾ ਮੁਸਕੜੀਆਂ 'ਚ ਹੱਸਦਾ ਬੋਲਿਆ ।
 
“ਤੇਜਿਆ ! ਤੂੰ ਕਿਵੇਂ ਆਇਐਂ ?” ਚੰਨੀਂ ਆਲਾ ਦੁਆਲਾ ਦੇਖਦੀ ਬੋਲੀ।

“ਚਾਚਾ ਕਿਥੇ ਐ ?” ਚਾਰੂ ਨੂੰ ਸਾਰੇ ਚਾਚਾ ਕਹਿ ਕੇ ਹੀ ਸੱਦਦੇ ਸਨ।

“ਉਹ ਤਾਂ ਸਰਦਾਰਾਂ ਦੀ ਹਵੇਲੀ ਹੋਊਗਾ ਹੋਰ ਉਹਨੇ ਕਿਥੇ ਜਾਣੈ?...ਪਰ ਤੂੰ ਕਿਵੇਂ ਆਇਐਂ ਏਥੇ ?" ਚੰਨੀਂ ਦੀ ਆਵਾਜ਼ ਬਿਲਕੁਲ ਹੌਲੀ ਸੀ।

“ਕਿਉਂ, ਅਸੀਂ ਆਪਣੀ ਲੈਲਾ ਦੇ ਦਰਸ਼ਨ ਕਰਨ ਨੀਂ ਆ ਸਕਦੇ? ਅਖੇ; ਸੱਜਣ ਤੇਰਾ ਮੁੱਖ ਤੱਕਣਾ ਸਾਨੂੰ ਮਿਲੇ ਨਾ ਕੋਈ ਬਹਾਨਾ ਜੋਗੀ ਨੂੰ ਖੈਰ ਪਾਏਂਗੀ ਕਿ ਮੁੜ ਜਾਣ ਖਾਲੀ ਤੇਰੇ ਦਵਾਰੇ ਤੋਂ ?'' ਤੇਜਾ ਮੂੰਹ ਘੁੱਟ ਕੇ ਬੋਲਿਆ। ਉਨ੍ਹਾਂ ਦਾ ਪਿਆਰ ਸੁੱਚਾ ਸੀ ਪਰ ਤੇਜਾ ਮਖੌਲ ਕਰਨ ਲੱਗਾ ਸੁੱਚਮ ਨਹੀਂ ਸੀ ਵਰਤਦਾ।

“ਤੈਨੂੰ ਤਾਂ ਅੱਠੇ ਪਹਿਰ ਮਖੌਲ ਸੁਝਦੇ ਐ । ਅਗਲੇ ਦਾ ਭਾਵੇਂ ਦਿਲ ਖੁਸਦਾ ਹੋਵੇ ।” ਚੰਨੀਂ ਦੇ ਦਿਲ ਤੇ ਕੁਝ ਚਿਰ ਪਹਿਲਾਂ ਹੋਈਆਂ ਗੱਲਾਂ ਦਾ ਅਸਰ ਸੀ ।

“ਦਿਲ ਖੁਸਦੈ ਤਾਂ ਲੈ ਜੋਗੀ ਤੋਂ ਥਾਪੜਾ । ਰੱਬ ਤੇਰਾ ਕੰਮ ਬਣਾਵੇ …ਕਰ ਸੰਤਾਂ ਦੀ ਸੇਵਾ ।” 

“ਵੱਡਿਆ ਸੰਤਾ ਅੰਦਰ ਸ਼ਾਮੋਂ ਬੈਠੀ ਐ ।”

“ਕਿਉਂ ਕੁੜੇ ! ਸ਼ਾਮੋਂ ਥੋਡੀ ਦੋਖਣ ਐ ?" ਪਿੱਛੋਂ ਸ਼ਾਮੋਂ ਦੀ ਕੜਕਵੀਂ ਆਵਾਜ਼ ਆਈ ।

“ਸ਼ਾਮੋਂ !.......ਸ਼ਾਮੋਂ ! ਮੈਂ ਚਾਚੇ ਨੂੰ ਮਿਲਣ ਆਇਆ ਸੀ । ਚਾਚਾ ਤਾਂ ਘਰ ਨੀਂ.....ਚੰਗਾ ਮੈਂ ਚਲਦੈਂ ।” ਤੇਜੇ ਦੀ ਆਵਾਜ਼ ਲੜਖੜਾ ਗਈ ।

“ਚਾਚਾ ਨਹੀਂ ਤਾਂ ਕੀ ਹੋਇਆ ਚੰਨੀਂ ਤਾਂ ਹੈਗੀ ਐ ।” ਸ਼ਾਮੋਂ ਦੇ ਬੁਲ੍ਹ ਮੁਸਕਰਾ ਉਠੇ । “ਆ ਜਾ ਬੀਰਾ ! ਮੈਂ ਤੈਨੂੰ ਚਾਹ ਬਣਾ ਕੇ ਪਿਆਵਾਂ ।ਚੰਨੀਂ ਨੂੰ ਕੋਈ ਫਿਕਰ ਐ ਘਰ ਆਏ ਬੰਦੇ ਦਾ ।”

“ਨਹੀਂ ਮੈਂ ਫੇਰ ਆਊਂਗਾ ਚਾਚੇ ਹੁੰਦੇਂ ਤੋਂ । ਕਹਿੰਦਾ ਤੇਜਾ ਪਿਛੇ ਮੁੜ ਪਿਆ । ਉਸਦੇ ਕਾਹਲੀ ਨਾਲ ਤੁਰਦੇ ਕਦਮਾਂ ਨੂੰ ਦੇਖ ਕੇ ਸ਼ਾਮੋਂ ਹੱਸ ਪਈ ।

“ਊਂ..ਡਰਪੋਕ ਕਿਸੇ ਥਾਂ ਦਾ । ਸੌਂਕਣੋਂ ਉਹਨੂੰ ਅੰਦਰ ਤਾਂ ਲੈ ਆਉਂਦੀ।”

“ਸ਼ਾਮੋ ! ਤੈਨੂੰ ਭੋਰਾ ਭਰ ਵੀ ਸ਼ਰਮ ਹੈ ਨੀਂ ।”

“ਆਹੋ, ਤੇਰੇ ਕੋਲੋਂ ਤਾਂ ਸ਼ਰਮ ਮੁੱਲ ਮਿਲਦੀ ਹੋਣੀ ਐਂ । ਹੱਟੀ ਕਾਹਤੋਂ ਨੀ ਖੋਲ੍ਹ ਲੈਂਦੀ ਸ਼ਰਮ ਦੀ । ਅਖੇ : ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ।” ਸ਼ਾਮੋਂ ਨੱਕ ਮਰੋੜਦੀ ਬੋਲੀ ।

“ਚੰਗਾ ਚੰਗਾ...ਚੱਲ ਫੇਰ ਅੰਦਰ ।”

“ਓਸ ਧਗੜੇ ਨੂੰ ਤਾਂ ਤੋਰ ਤਾ ਏਥੋਂ । ਮੇਰਾ 'ਚਾਰ ਪਾ ਲੀਂ ਅੰਦਰ ਲਜਾ ਕੇ । ਸ਼ਾਮੋਂ ਨਖਰੇ ਨਾਲ ਬੋਲਦੀ ਅੰਦਰ ਵੱਲ ਚੱਲ ਪਈ । ਚੰਨੀਂ ਨੇ ਬਾਹਰ ਝਾਤੀ ਮਾਰੀ । ਉਸਦੀ ਨਜ਼ਰ ਨੇ ਦੂਰ ਤੱਕ ਮਾਰ ਕੀਤੀ ਪਰ ਤੇਜਾ ਨਜ਼ਰ ਨਾ ਆਇਆ । ਉਹ ਮਨ ਮਸੋਸ ਕੇ ਅੰਦਰ ਵੱਲ ਚੱਲ ਪਈ। ਅੰਦਰ ਜਾ ਕੇ ਉਸਨੇ ਆਪਣੀ ਅੱਧੋਰਾਣੀ ਚੁੰਨੀਂ ਸਿਰੋਂ ਲਾਹ ਕੇ ਮੰਜੇ 'ਤੇ ਸੁੱਟ ਦਿੱਤੀ ਤੇ ਆਪ ਧੰਮ ਕਰਕੇ ਮੰਜੇ 'ਤੇ ਬਹਿ ਗਈ । ਸ਼ਾਮੋਂ ਉਸ ਵੱਲ ਵੇਖ ਕੇ ਮੁਸਕਰਾਈ ।

“ਰੂਹ ਲੈ ਗਿਆ ਦਿਲਾਂ ਦਾ ਜਾਨੀ ਤੇ ਹੱਡ ਸਾਨੂੰ ਚੁੱਕਣੇ ਪਏ ।” ਸ਼ਾਮੋਂ ਨੇ ਉਸਨੂੰ ਜੱਫੀ 'ਚ ਲੈ ਲਿਆ ।

‘ਹੱਡ ਕਿਹੜਾ ਚੱਕੇ ਜਾਂਦੇ ਐ ਜੇ ਬਾਪੂ ਤੇ ਰੁਲਦੂ ਦਾ ਫਿਕਰ ਨਾ ਹੋਵੇ ਤਾਂ ਮੈਂ ਤੇਜੇ ਨੂੰ ਲੈ ਕੇ ਕਿਤੇ ਉਡ ਜਾਵਾਂ ।” ਚੰਨੀਂ ਦੇ ਮੂੰਹੋਂ ਉਦਾਸ ਬੋਲ ਨਿਕਲੇ । 

‘ਕਰ ਲੋ ਘਿਉ ਨੂੰ ਭਾਂਡਾ....ਰੱਬ ਈ ਬਚਾਵੇ ਏਸ ਰੋਗ ਤੋਂ । ਚੰਗੀ ਭਲੀ ਸੀਗੀ ਹੁਣੇ, ਪਤਾ ਨੀਂ ਕੀ ਗਿੱਦੜ ਸਿੰਗੀ ਦੇ ਗਿਆ ।” 

“ਵੈਰਨੇ ! ਕਿਉਂ ਫੱਟਾਂ ’ਤੇ ਨੂਣ ਪੌਣੀ ਐਂ ?” 

“ਆਪਾਂ ਤਾਂ ਜਾਨੇ ਆਂ ਤੂੰ ਆਵਦੀਆਂ ਬਣੀਆਂ ਆਪੇ ਨਬੇੜ ।” ਸ਼ਾਮੋਂ ਉਠ ਕੇ ਤੁਰ ਪਈ ।

“ਬਹਿ ਜਾ ਜਾਂਦੀ ਰਹੀਂ, ਅਜੇ ਕੀ ਐ ?"

“ਫੇਰ ਆਊਂਗੀ ।” ਜਾਂਦੀ ਹੋਈ ਸ਼ਾਮੋਂ ਕਹਿ ਗਈ ।





6

ਚਾਰੂ ਸੋਚਾਂ ਵਿਚ ਗਲਤਾਨ ਘਰ ਵੱਲ ਤੁਰਿਆ ਆ ਰਿਹਾ ਸੀ । ਉਸਦੇ ਮਨ ਵਿਚ ਅਜੀਬ ਕਿਸਮ ਦੀ ਉਥਲ ਪੁਥਲ ਹੋ ਰਹੀ ਸੀ । ਰੁਲਦੂ ਨੇ ਦਸਵੀਂ ਦੇ ਪੇਪਰਾਂ ਲਈ ਦਾਖਲਾ ਭਰਨਾ ਸੀ ਜਿਸ ਵਾਸਤੇ ਪੈਸੇ ਚਾਹੀਦੇ ਸਨ । ਚਾਰ ਦਿਨ ਹੋ ਗਏ ਸਨ ਰੁਲਦੂ ਨੂੰ ਪੈਸੇ ਮੰਗਦਿਆਂ ਪਰ ਚਾਰੂ ਕਿਸੇ ਪਾਸਿਉਂ ਕੋਈ ਸਾਧਨ ਜੁਟਾ ਨਾ ਸਕਿਆ । ਭਾਵੇਂ ਇਹ ਪੈਸੇ ਪੇਪਰਾਂ ਮਗਰੋਂ ਉਸਨੂੰ ਵਾਪਸ ਹੀ ਮਿਲ ਜਾਣੇ ਸਨ ਪਰ ਇਕ ਵਾਰ ਤਾਂ ਦਾਖਲਾ ਭੇਜਣਾ ਹੀ ਪੈਣਾ ਸੀ । ਆਖਰ ਸਰਦਾਰ ਦੀ ਮਿਹਰ ਦੀ ਲੋੜ ਸੀ । ਚਾਰੂ ਨੇ ਸਾਰੀ ਦਿਹਾੜੀ ਜਕੋ ਤਕੀ ਵਿਚ ਕੱਢ ਦਿੱਤੀ ਪਰ ਸਰਦਾਰ ਕੋਲੋਂ ਪੈਸੇ ਨਾ ਮੰਗ ਸਕਿਆ । ਪਹਿਲਾਂ ਵੀ ਉਹ ਸਰਦਾਰ ਤੋਂ ਪੈਸੇ ਲੈਂਦਾ ਸੀ ਪਰ ਪਤਾ ਨਹੀਂ ਉਸਦਾ ਮਨ ਕਿਉਂ ਕਹਿ ਰਿਹਾ ਸੀ ਜਿਵੇਂ ਇਸ ਵਾਰੀ ਸਰਦਾਰ ਨਾਂਹ ਹੀ ਕਰ ਦੇਵੇ ।

ਚਾਰੂ ਘਰ ਪਹੁੰਚਿਆ ਤਾਂ ਰੁਲਦੂ ਉਸਨੂੰ ਹੀ ਉਡੀਕ ਰਿਹਾ ਸੀ । ਰੁਲਦੂ ਦਾ ਮਨ ਅਜ ਪੜ੍ਹਾਈ ਵਿਚ ਨਹੀਂ ਸੀ ਲੱਗ ਰਿਹਾ ਸਗੋਂ ਉਸਨੂੰ ਪੈਸਿਆਂ ਦੀ ਉਡੀਕ ਸੀ । ਬਾਪੂ ਦੇ ਉਤਰੇ ਚਿਹਰੇ ਵੱਲ ਵੇਖ ਕੇ ਉਹ ਸਮਝ ਗਿਆ ਕਿ ਸਰਦਾਰ ਕੋਲੋਂ ਪੈਸੇ ਨਹੀਂ ਮਿਲੇ ।

“ਬਾਪੂ ! ਪੈਸੇ ਨੀਂ ਮਿਲੇ ?” ਰੁਲਦੂ ਚਿੰਤਾਤੁਰ ਹੋ ਉਠਿਆ । 

“ਪੁੱਤ ! ਸਰਦਾਰ ਵੱਲੋਂ ਤਾਂ ਕੋਈ ਨਾਂਹ ਨੀਂ ਪਰ...ਮੈਂ ਈ ਸੰਗ ਗਿਆ ।” ਚਾਰੂ ਮੰਜੇ 'ਤੇ ਬੈਠਦਾ ਬੋਲਿਆ । 

“ਬਾਪੂ ! ਤੂੰ ਕੁੜੀ ਤਾਂ ਨੀਂ ਸੰਗਣ ਨੂੰ । ਜੇ ਦਾਖਲਾ ਨਾ ਭਰਿਆ ਤਾਂ ਰੁਲਦੂ ਪੇਪਰ ਕਿਵੇਂ ਦਿਊ ?” ਕੋਲੋਂ ਚੰਨੀਂ ਬੋਲ ਉਠੀ । 

‘ਕਮਲੀਏ ! ਦਾਖਲਾ ਕਿਉਂ ਨਾ ਭਰਿਆ ? ਮੈਂ ਕੱਲ ਸਵੇਰੇ ਈ ਪੈਸੇ ਲਿਆ ਦਿਊਂ ।" 

“ਬਾਪੂ! ਤੂੰ ਤਾਂ ਐਂ ਕਹਿੰਨੈਂ ਜਿਵੇਂ ਰੱਖੇ ਹੋਏ ਚੱਕ ਲਿਆਵੇਂਗਾ।ਸਰਦਾਰ ਕਿਹੜਾ ਉਦੋਂ ਈ ਕਢ ਕੇ ਫੜਾ ਦਿਊ । ਅਗਲਾ ਦੋ ਚਾਰ ਦਿਨ ਐਵੇਂ ਈ ਲੰਘਾ ਦਿੰਦੈ ਦੇਣ ਲੱਗਾ ।” ਚੰਨੀਂ ਦੇ ਮੂੰਹ 'ਤੇ ਗੁੱਸੇ ਦੀ ਲਾਲੀ ਫਿਰ ਗਈ ।

“ਪਰ ਹੁਣ... ।” ਚਾਰੂ ਨੂੰ ਕੋਈ ਗੱਲ ਨਾ ਅਹੁੜੀ । 

“ਪਰ ਕੀ ਬਾਪੂ ? ਤੂੰ ਹੁਣੇ ਈ ਜਾਹ ਸਰਦਾਰ ਕੋਲ ।” ਚੰਨੀਂ ਨੇ ਇਕ ਕਿਸਮ ਦਾ ਹੁਕਮ ਕੀਤਾ ਜਿਸਨੂੰ ਟਾਲਣਾ 
ਚਾਰੂ ਨੂੰ ਔਖਾ ਪ੍ਰਤੀਤ ਹੋ ਰਿਹਾ ਸੀ । ਉਸਨੇ ਰੁਲਦੂ ਦੇ ਉਦਾਸੇ ਚਿਹਰੇ ਵੱਲ ਨਜ਼ਰ ਮਾਰੀ ਤਾਂ ਉਸਦਾ ਦਿਲ ਪਸੀਜਿਆ ਗਿਆ ।

“ਚੰਗਾ ਤੂੰ ਟੁੱਕ ਤਿਆਰ ਕਰ ਮੈਂ ਔਣੇਂ ਹੁਣੇ ।” ਕਹਿੰਦਾ ਹੋਇਆ ਚਾਰੂ ਉਠ ਕੇ ਤੁਰ ਪਿਆ । ਚਾਰੂ ਤੁਰਿਆ ਜਾ ਰਿਹਾ ਸੀ । ਉਸਦੇ ਦਿਲ ਦੀ ਧੜਕਣ ਦੁੱਗਣੀ ਹੋ ਗਈ ਸੀ । ਅਜਿਹਾ ਉਹ ਅਜ ਪਹਿਲੀ ਵਾਰ ਹੀ ਮਹਿਸੂਸ ਕਰ ਰਿਹਾ ਸੀ । ਉਸ ਵਿਚ ਹਿੰਮਤ ਨਹੀਂ ਸੀ ਪੈ ਰਹੀ ਕਿ ਸਰਦਾਰ ਕੋਲੋਂ ਪੈਸੇ ਮੰਗੇ । ਉਹ ਕਦਮਾਂ ਵਿਚ ਜਿੰਨੀਂ ਤੇਜੀ ਲਿਆਉਣ ਦੀ ਕੋਸ਼ਿਸ਼ ਕਰਦਾ, ਕਦਮ ਉਨੇ ਹੀ ਹੌਲੀ ਹੋ ਜਾਂਦੇ । ਉਹ ਆਪਣੇ ਪਤਲੇ ਪਰ ਬੋਝਲ ਬਣੇ ਹੋਏ ਸਰੀਰ ਨੂੰ ਖਿੱਚ ਧੂਹ ਕੇ ਹੀ ਹਵੇਲੀ ਤੱਕ ਪਹੁੰਚਿਆ ।

ਸਰਦਾਰ ਬੈਠਕ ਵਿਚ ਬੈਠਾ ਸ਼ਰਾਬ ਪੀ ਰਿਹਾ ਸੀ । ਬੈਠਕ ਵਿਚ ਹੀ ਹਰਦੇਵ ਆਪਣੇ ਸਾਈਕਲ ਦੀ ਸਵਾਈ ਕਰਨ ਵਿਚ ਰੁੱਝਿਆ ਹੋਇਆ ਸੀ । ਸਰਦਾਰ ਜਸਵੰਤ ਸਿੰਘ ਦੇ ਸਾਹਮਣੇ ਪਏ ਮੰਜੇ 'ਤੇ ਜੀਤੂ ਬੈਠਾ ਸੀ । ਜੀਤੂ ਸਰਦਾਰ ਦੇ ਠੇਕੇ 'ਤੇ ਨੌਕਰੀ ਕਰਦਾ ਸੀ । ਉਹ ਆਪਣੇ ਆਪ ਨੂੰ ਬਦਮਾਸ਼ ਅਖਵਾਉਂਦਾ ਪਰ ਸਰਦਾਰ ਦੇ ਸਾਹਮਣੇ ਭਿੱਜੀ ਬਿੱਲੀ ਬਣ ਜਾਂਦਾ। ਅੱਜ ਉਹ ਸਰਦਾਰ ਨੂੰ ਠੇਕੇ ਦੇ ਮੁੱਕ ਰਹੇ ਸਟਾਕ ਬਾਰੇ ਇਤਲਾਹ ਦੇਣ ਆਇਆ ਸੀ । ਚਾਰੂ ਬੈਠਕ ਦੇ ਬੂਹੇ ਦੇ ਬਾਹਰ ਖੜ੍ਹਾ ਸੋਚਦਾ ਰਿਹਾ । ਅੰਦਰ ਜਾਣ ਦੀ ਉਸ ਵਿਚ ਹਿੰਮਤ ਨਹੀਂ ਸੀ।

“ਥੋੜ੍ਹੀ ਜੀ ?” ਸਰਦਾਰ ਨੇ ਅੱਖਾਂ ਅਤੇ ਉਂਗਲਾਂ ਦੇ ਮਿਲਵੇਂ ਇਸ਼ਾਰੇ ਨਾਲ ਹਰਦੇਵ ਨੂੰ ਥੋੜ੍ਹੀ ਜਿਹੀ ਸ਼ਰਾਬ ਲੈਣ ਬਾਰੇ ਪੁੱਛਿਆ । ਦੇਵ ਮੁਸਕਰਾ ਪਿਆ ।

‘ਲੈ ਲਾ, ਲੈ ਲਾ ਭੋਰਾ ਕੁ । ਠੰਡ ਉਤਰ ਜਾਊਗੀ । ਅਖੇ ; ਪੁੱਤ ਸਰਦਾਰਾਂ ਦੇ ਖਾਣ ਬੱਕਰੇ ਤੇ ਪੀਣ ਸ਼ਰਾਬਾਂ ।” ਜੀਤੂ ਨੇ ਹਾਮੀ ਭਰਨ ਦੇ ਨਾਲ ਨਾਲ ਸਰਦਾਰ ਦੀ ਵਡਿਆਈ ਕਰਨੀ ਵੀ ਉਚਿਤ ਸਮਝੀ । ਜਸਵੰਤ ਸਿੰਘ ਨੇ ਥੋੜ੍ਹੀ ਜਿਹੀ ਸ਼ਰਾਬ ਪਾ ਕੇ ਗਲਾਸ ਦੇਵ ਵੱਲ ਵਧਾਇਆ । ਦੇਵ ਅੱਖਾਂ ਮੀਚ ਕੇ ਪੀ ਗਿਆ ਤੇ ਆ ਰਹੀਆਂ ਮੁੱਛਾਂ ਨੂੰ ਉਂਗਲ ਨਾਲ ਜੀ ਆਇਆਂ ਆਖਿਆ । ਬਾਹਰ ਖੜ੍ਹੇ ਚਾਰੂ ਨੇ ਕੁਛ ਹਿੰਮਤ ਕੀਤੀ ਤੇ ਅੰਦਰ ਵੜ ਗਿਆ।

“ਚਾਰੂ ....ਕਿਵੇਂ ਆਇਐਂ ਤੂੰ ?” ਆਚਾਰ ਦੇ ਤੇਲ ਨਾਲ ਲਿਬੜੀ ਉਂਗਲ ਚੱਟਦਾ ਸਰਦਾਰ ਬੋਲਿਆ ।

“ਇਕ ਕੰਮ ਆ ਪਿਆ ਥੋਡੇ ਤਾਈਂ । ਸਾਡੇ ਵਰਗੇ ਗਰੀਬਾਂ ਲਈ ਤਾਂ ਤੁਸੀਂ ਰੱਬ ਓਂ । ਏਸ ਲਈ ਥੋਡੇ ਕੋਲ ਈ ਔਣਾ ਹੋਇਆ ।” ਚਾਰੂ ਨੇ ਸਰਦਾਰ ਦੀ ਤਾਰੀਫ ਕਰਨੀ ਜ਼ਰੂਰੀ ਸਮਝੀ ।

“ਬਹਿ ਜਾ ।” ਸਰਦਾਰ ਦੇ ਕਹਿਣ ਤੇ ਚਾਰੂ ਜ਼ਮੀਨ 'ਤੇ ਪੈਰਾਂ ਭਾਰ ਬੈਠ ਗਿਆ । ਉਹ ਗੱਲ ਸ਼ੁਰੂ ਕਰਨ ਬਾਰੇ ਸੋਚ ਹੀ ਰਿਹਾ ਸੀ ਪਰ ਉਸਦਾ ਦਿਮਾਗ ਜਿਵੇਂ ਉਸਦਾ ਸਾਥ ਨਹੀਂ ਸੀ ਦੇ ਰਿਹਾ। 

‘ਦੱਸ ਕੀ ਗੱਲ ਐ ?” ਸਰਦਾਰ ਦੀ ਆਵਾਜ਼ ਉਸਨੂੰ ਸੋਚਾਂ ਵਿਚੋਂ ਕੱਢ ਲਿਆਈ ।

‘ਗੱਲ……ਥੋਡੇ ਲਈ ਤਾਂ ਕੁਛ ਵੀ ਨੀਂ, ਪਰ ਸਾਡੇ ਲਈ ਬਹੁਤ ਵੱਡੀ ਏ । ਤੁਸੀਂ ਜਾਣਦੇ ਈ ਓ ਬਈ ਅਸੀਂ ਥੋਡੇ ਆਸਰੇ ਈ ਪਲਦੇ ਆਂ । ਮਾੜਾ ਮੋਟਾ ਥੋਡਾ ਕੰਮ ਕਰ ਛੱਡੀਦੈ ਤੇ ਖਾ ਛੱਡੀਦੈ । ਔਖ ਸੌਖ ਵੇਲੇ ਵੀ ਤੁਸੀਂ ਈ ਬਾਂਹ ਫੜਨੀ ਹੋਈ ।” 

“ਭਲਿਆ ਲੋਕਾ ! ਗੱਲ ਤਾਂ ਦੱਸ ਕੀ ਐ ?” ਸਰਦਾਰ ਦਾ ਮਨ ਕਾਹਲਾ ਪੈ ਰਿਹਾ ਸੀ । 

“ਚਾਰੂ ਸਿੰਹਾਂ ! ਕਿਤੇ ਖੂਨ ਤਾਂ ਨੀਂ ਕਰ ਆਇਆ ?” ਜੀਤੂ ਨੀਝ ਨਾਲ ਚਾਰੂ ਵੱਲ ਵੇਖਦਾ ਹੋਇਆ ਬੋਲਿਆ ।

“ਰੱਬ ਦਾ ਨਾਂ ਲੈ ਜੀਤ ਸਿੰਆਂ ! ਅਸੀਂ ਕਿਹੜਾ ਅੱਧ ਵੰਡਣੇ ਆਂ ਖੂਨ ਕਰਕੇ ।” ਚਾਰੂ ਫੇਰ ਚੁੱਪ ਕਰ ਗਿਆ । ਕੁਛ ਦੇਰ ਸੋਚ ਕੇ ਉਹ ਫੇਰ ਬੋਲਿਆ,‘ਸਰਦਾਰ ਜੀ ! ਤੁਸੀਂ ਜਾਣਦੇ ਈ ਓਂ ਆਪਣਾ ਕਾਕਾ ਸੁਖ ਨਾ ਦੇਵ ਦਾ ਹਾਣੀ ਐ ਤੇ ਦੋਵੇਂ ਕੱਠੇ ਈ ਪੜ੍ਹਦੇ ਐ । ਉਹਨੇ ਪੇਪਰਾਂ ਵਾਸਤੇ ਦਾਖਲਾ ਭੇਜਣਾ ਸੀ। ਜੇ ਥੋਡੀ ਮਿਹਰਬਾਨੀ ਹੋ ਜਾਵੇ ਤਾਂ ਉਹ ਪੇਪਰ ਦੇ ਦਿਊਗਾ । ਥੋਡਾ 'ਸਾਨ ਸਾਰੀ ਉਮਰ ਨੀਂ ਭੁਲਦਾ । ਬੱਚੇ ਜੀਣ ਥੋਡੇ ।”ਚਾਰੂ ਨੇ ਆਖਰ ਸਾਰੀ ਗੱਲ ਕਹਿ ਹੀ ਦਿੱਤੀ । 

“ਬਾਪੂ!ਨਾ ਦਈਂ ਪੈਸੇ ਇਹਨੂੰ ।” ਲੋਰ 'ਚ ਆਇਆ ਦੇਵ ਬੋਲਿਆ।ਇਹਦਾ ਪੁੱਤ ਮੇਰੇ ਨਾਲ ਮੁਕਾਬਲਾ ਕਰਦੈ। ਅਖੇ ; ਪੱਲੇ ਨੀਂ ਧੇਲਾ ਤੇ ਕਰਦੀ ਮੇਲਾ ਮੇਲਾ । ਹੁਣ ਕਰਕੇ ਦੇਖੇ ਤਾਂ ਮੇਰਾ ਮੁਕਾਬਲਾ ।” 

“ਜਾਹ ਬਈ ਚਾਰੂਆ ! ਜੋ ਸਾਡੇ ਸ਼ੇਰ ਦੀ ਮਰਜ਼ੀ ਉਹੀ ਸਾਡੀ ਮਰਜ਼ੀ ।” ਸਰਦਾਰ ਨੇ ਪੁੱਤ ਦਾ ਮਾਣ ਰੱਖਿਆ ।

“ਇਉਂ ਨਾ ਆਖੋ ਸਰਦਾਰ ਜੀ ! ਮੇਰੀ ਝੋਲੀ ਖੈਰ ਪਾ ਦਿਉ । ਨਹੀਂ ਤਾਂ ਵਚਾਰਾ ਰੋ ਰੋ ਮਰ ਜੂ ।” ਚਾਰੂ ਨੂੰ ਆਪਣਾ ਦਿਲ ਬੈਠਦਾ ਜਾਪਿਆ।

“ਚਾਰੂ ਸਿੰਹਾਂ ! ਤੇਰੇ ਪੁੱਤ ਨੇ ਕਿਹੜਾ ਕਪਤਾਨ ਬਣ ਜਾਣੈਂ ਪੜ੍ਹ ਕੇ । ਤੂੰ ਸਰਦਾਰਾਂ ਦੀ ਸੇਵਾ ਕਰਦੈਂ ਆਵਦੇ ਪੁੱਤ ਨੂੰ ਵੀ ਇਨ੍ਹਾਂ ਦੇ ਚਰਨਾਂ 'ਚ ਭੇਜ ਦੇ।” ਜੀਤੂ ਸਰਦਾਰ ਦੇ ਹੱਕ 'ਚ ਸੀ ।

“ਸੇਵਾ ਤਾਂ ਉਹਨੇ ਕਰਨੀ ਈ ਹੋਈ ਸਰਦਾਰਾਂ ਦੀ।ਉਹਦੀ ਮਾਂ ਦੀ ਖਾਹਸ਼ ਸੀ ਕਿ ਰੁਲਦੂ ਪੜ੍ਹ ਲਿਖ ਜਾਵੇ।”

‘ਅਸੀਂ ਠੇਕਾ ਨੀਂ ਲਿਆ ਤੇਰੇ ਪੁੱਤ ਦੀ ਪੜ੍ਹਾਈ ਦਾ । ਮੈਂ ਤੇਰੀ ਮਦਦ ਕਰਾਂ ਤੇ ਤੇਰਾ ਪੁੱਤ ਮੇਰੇ ਸ਼ੇਰ ਦਾ ਮੁਕਾਬਲਾ ਕਰੇ । ਸਾਡੀ ਛੁਰੀ ਨਾਲ ਸਾਨੂੰ ਈ ਵੱਢੋਂ ?” ਸਰਦਾਰ ਦਾ ਨਸ਼ਾ ਪੂਰੇ ਜੋਬਨ 'ਤੇ ਸੀ । ਚਾਰੂ ਨੀਵੀਂ ਪਾ ਕੇ ਬੈਠਾ ਰਿਹਾ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਸਰਦਾਰ ਨੂੰ ਕਿਵੇਂ ਸਮਝਾਵੇ ।

“ਜਾਹ ਜਾਂਦਾ ਰਹਿ ਹੁਣ ਅੱਗੇ ਈ ਬਥੇਰੇ ਪੈਸੇ ਵਾਧੂ ਲਈ ਬੈਠੇ।” ਸਰਦਾਰ ਦਾ ਹੁਕਮ ਮੰਨ ਕੇ ਚਾਰੂ ਉਠ ਖੜ੍ਹਾ ਹੋਇਆ । ਖੜ੍ਹਾ ਹੋਣ ਵੇਲੇ ਉਸਨੂੰ ਕਿੰਨੀ ਤਕਲੀਫ ਹੋਈ, ਇਹ ਚਾਰੂ ਹੀ ਜਾਣਦਾ ਸੀ ।

“ਮਾਲਕ ਓ………ਜਿਵੇਂ ਤੁਹਾਡੀ ਮਰਜ਼ੀ ।" ਚਾਰੂ ਦੇ ਮੂੰਹੋਂ ਮਸਾਂ ਹੀ ਨਿਕਲਿਆ । ਉਹ ਹੌਲੀ ਹੌਲੀ ਤੁਰਦਾ ਬੈਠਕ ਤੋਂ ਬਾਹਰ ਹੋ ਗਿਆ । ਹਰਦੇਵ ਦਾ ਚਿਹਰਾ ਜਿੱਤ ਦੀ ਖੁਸ਼ੀ ਵਿਚ ਚਮਕਿਆ । ਉਸਨੇ ਕੰਸ 'ਤੇ ਪਈ ਟੇਪ ਰਿਕਾਰਡਰ ਚਾਲੂ ਕਰ ਦਿੱਤੀ ।

ਚਾਰੂ ਭਰੇ ਮਨ ਨਾਲ ਹਵੇਲੀਓਂ ਬਾਹਰ ਨਿਕਲ ਆਇਆ । ਉਸਦੀ ਇਕੋ ਇਕ ਆਸ ਦੀ ਕਿਰਨ ਪਲਕ ਝਪਕਦਿਆਂ ਹੀ ਬੁਝ ਗਈ । ਹਵੇਲੀਓਂ ਬਾਹਰ ਨਿਕਲ ਕੇ ਉਹ ਰੁਕ ਗਿਆ । ਉਸਦਾ ਮਨ ਘਰ ਜਾਣ ਨੂੰ ਨਹੀਂ ਸੀ ਕਰਦਾ । ਉਹ ਚਾਹੁੰਦਾ ਸੀ ਕਿ ਸਰਦਾਰ ਦੇ ਪੈਰ ਫੜ੍ਹ ਲਵੇ ਤੇ ਵਾਸਤੇ ਪਾਵੇ। ਪਰ ਉਸਦੇ ਪੈਰ ਜਿਵੇਂ ਜੰਮ ਗਏ ਹੋਣ । ਉਹ ਜਾਣਦਾ ਸੀ ਕਿ ਸਰਦਾਰ ਦੇ ਮੂੰਹ 'ਚੋਂ ਇਕ ਵਾਰੀ ਨਿਕਲੀ ‘ਨਾਂਹ’ ਨੂੰ ‘ਹਾਂ’ ਵਿਚ ਨਹੀਂ ਬਦਲਿਆ ਜਾ ਸਕਦਾ । ਚਾਰੂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ । ਉਸਦੇ ਘਰ ਇਕ ਧੇਲਾ ਵੀ ਨਹੀਂ ਸੀ ਅਤੇ ਨਾ ਹੀ ਕੋਈ ਐਹੋ ਜਿਹਾ ਆਦਮੀ ਨਜ਼ਰ ਆ ਰਿਹਾ ਸੀ ਜਿਸ ਕੋਲੋਂ ਮਦਦ ਮਿਲ ਸਕਦੀ । ਮਜ਼ਬੂਰੀ ਉਸਦਾ ਗਲ ਘੁੱਟੀ ਬੈਠੀ ਸੀ । ਚਾਰੂ ਨੇ ਆਪਣੀਆਂ ਅੱਖਾਂ 'ਚ ਆਏ ਹੰਝੂ ਸੋਕ ਲਏ । ਇਕ ਨਜ਼ਰ ਹਵੇਲੀ ਵੱਲ ਵੇਖਿਆ ਤੇ ਆਪਣੇ ਘਰ ਵੱਲ ਤੁਰ ਪਿਆ ।

  ਰਾਤ ਕਾਫੀ ਹੋ ਚੁੱਕੀ ਸੀ । ਚਾਰੂ ਕਿਸੇ ਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ, ਜਿਵੇਂ ਉਸਨੇ ਕੋਈ ਗੁਨਾਹ ਕੀਤਾ ਹੋਵੇ । ਘਰ ਕੋਲ ਪਹੁੰਚ ਕੇ ਉਸਦੇ ਕਦਮ ਹੌਲੀ ਹੋ ਗਏ । ਆਪਣੇ ਹੀ ਘਰ ਜਾਂਦਿਆਂ ਉਹ ਡਰ ਰਿਹਾ ਸੀ । ਜਦ ਉਹ ਘਰ ਪਹੁੰਚਿਆ ਤਾਂ ਚੰਨੀ ਰੋਟੀ ਪਕਾ ਕੇ ਵਿਹਲੀ ਹੋ ਚੁੱਕੀ ਸੀ । ਚੌਂਕੇ ’ਚ ਅਜੇ ਵੀ ਦੀਵਾ ਬਲ ਰਿਹਾ ਸੀ । ਖੜਕਾ ਸੁਣ ਕੇ ਚੰਨੀ ਤੇ ਰੁਲਦੂ ਚੌਕੰਨੇ ਹੋ ਗਏ । ਚਾਰੂ ਅੰਦਰ ਜਾ ਕੇ ਧੰਮ ਕਰਕੇ ਮੰਜੀ 'ਤੇ ਬਹਿ ਗਿਆ । ਆਪਣੀ ਪੱਗ ਲਾਹ ਕੇ ਸਿਰ੍ਹਾਣੇ ਰੱਖੀ ਤੇ ਉਸ ਉਪਰ ਸਿਰ ਰੱਖ ਕੇ ਪੈ ਗਿਆ । ਭੈਣ ਭਰਾ ਸਮਝ ਗਏ ਕਿ ਗੱਲ ਨਹੀਂ ਬਣੀ । ਰੁਲਦੂ ਦੀਆਂ ਅੱਖਾਂ ‘ਚ ਪਾਣੀ ਤੈਰ ਗਿਆ । 

“ਬਾਪੂ ! ਕੀ ਆਂਹਦਾ ਸਰਦਾਰ ?" ਰੁਲਦੂ ਬਾਪੂ ਦੇ ਮੂੰਹੋਂ ਕੁਛ ਸੁਣਨਾ ਚਾਹੁੰਦਾ ਸੀ ।

ੱਮੈਨੂੰ ਕੀ ਪਤੈ ? ਜਦੋਂ ਘਰ ਆਓ ਇਹੀ ਗੱਲ ।” ਚਾਰੂ ਨੇ ਖਿਝ ਨੇ ਨਾਲ ਭਰਿਆ ਉਤਰ ਦਿੱਤਾ ।

“ਮੇਰਾ ਦਾਖਲਾ .....।''

“ਮੈਂ ਸਿਰ ਵੱਢ ਦਿਆਂ ਆਵਦਾ ? ਮੈਨੂੰ ਨੀਂ ਤੇਰੀਆਂ ਭੜਾਈਆਂ ਦੀ ਲੋੜ । ਸੌਂ ਜਾ ਚੁੱਪ ਕਰਕੇ ।” ਚਾਰੂ ਨੂੰ ਆਪਣਾ ਸਿਰ ਘੁੰਮਦਾ ਪ੍ਰਤੀਤ ਹੋ ਰਿਹਾ ਸੀ । ਇਸ ਤੋਂ ਮਗਰੋਂ ਕੋਈ ਨਾ ਬੋਲਿਆ । ਤਿੰਨੇ ਆਪੋ ਆਪਣੇ ਮੰਜਿਆਂ 'ਤੇ ਪੈ ਕੇ ਸੌਣ ਦਾ ਯਤਨ ਕਰਨ ਲੱਗੇ ਪਰ ਨੀਂਦ ਕਿਸੇ ਦੀਆਂ ਅੱਖਾਂ ਵਿਚ ਵੀ ਨਹੀਂ ਸੀ।

ਚਾਰੂ ਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਵੱਡੀ ਜੰਗ ਹਾਰ ਕੇ ਆਇਆ ਹੋਵੇ । ਅਜ ਉਸਨੂੰ ਕਰਮੀਂ ਬਹੁਤ ਯਾਦ ਆ ਰਹੀ ਸੀ । ਉਸਦੀਆਂ ਅੱਖਾਂ 'ਚੋਂ ਹੰਝੂ ਵਗਦੇ ਰਹੇ ਪਰ ਦੇਖਣ ਵਾਲਾ ਕੋਈ ਨਹੀਂ ਸੀ । 

“ਕਰਮੀਏਂ ! ਦੱਸ ਮੈਂ ਕੀ ਕਰਾਂ ? ਮੈਨੂੰ ਕੁਛ ਨੀਂ ਸੁਝਦਾ।” ਚਾਰੂ ਦੇ ਮਨੋਂ ਆਵਾਜ਼ ਆਈ । ਉਸਨੂੰ ਮਹਿਸੂਸ ਹੋਇਆ ਜਿਵੇਂ ਕਰਮੀਂ ਬੈਠੀ ਉਸ ਨਾਲ ਗੱਲਾਂ ਕਰ ਰਹੀ ਹੋਵੇ । 

“ਮੈਨੂੰ ਤਾਂ ਪਹਿਲਾਂ ਈ ਪਤਾ ਸੀ ਤੂੰ ਸਾਰੀ ਉਮਰ ਉਸ ਹਵੇਲੀ 'ਚ ਗਾਲ ਲਵੇਂਗਾ, ਪਰ ਮੇਰੇ ਪੁੱਤ ਨੂੰ ਪੜ੍ਹਾ ਨੀਂ ਸਕਣਾ ।” ਚਾਰੂ ਨੇ ਅੱਖਾਂ ਮਲ ਕੇ ਆਸੇ ਪਾਸੇ ਦੇਖਿਆ ਪਰ ਹਨੇਰੇ ਤੋਂ ਸਿਵਾ ਕੁਝ ਨਜ਼ਰ ਨਾ ਆਇਆ। ਉਹ ਫੇਰ ਅੱਖਾਂ ਬੰਦ ਕਰਕੇ ਪੈ ਗਿਆ । ਉਹ ਦਿਨ ਉਸਦੀਆਂ ਅੱਖਾਂ ਸਾਹਮਣੇ ਸੀ ਜਦ ਕਰਮੀਂ ਦੀ ਮੌਤ ਹੋਈ ਸੀ ।

“ਮੇਰੇ ਪੁੱਤ ਨੂੰ ਗੁਲਾਮ ਨਾ ਬਣਾਈਂ ਡਿਪਟੀ ਬਣਾਈਂ ਬਹੁਤਾ ਭੜਾ ਕੇ ... ਮੇਰੇ 'ਤੇ ਖੱਫਣ ਨਾ ਪਾਈਂ.....ਮੇਰੇ ਪੁੱਤ ਨੂੰ ਜ਼ਰੂਰ ਪੜਾਈਂ....ਭਾਵੇਂ ਤੇਰਾ ਸਾਰਾ ਲਹੁ ਵਿਕ ਜੇ.....।”

“ਹੈਂ ?” ਚਾਰੂ ਤ੍ਰਭਕ ਕੇ ਉਠ ਬੈਠਾ ।

“ਬਾਪੂ ! ਕੀ ਹੋਇਆ ?” ਚੰਨੀਂ ਹੈਰਾਨ ਹੁੰਦੀ ਬੋਲੀ । ਉਸਨੇ ਉਠ ਕੇ ਦੀਵਾ ਜਗਾਇਆ ।

“ਰੁਲਦੂਆ ! ਸੌਂ ਗਿਆ ਸੀ ਪੁੱਤ ?” ਚਾਰੂ ਆਪਣੇ ਪੁੱਤਰ ਦੇ ਚਿਹਰੇ ਵੱਲ ਵੇਖਦਾ ਬੋਲਿਆ ।

‘ਰੁਲਦੂ! ਤੂੰ ਫਿਕਰ ਨਾ ਕਰ। ਮੈਂ ਪੜ੍ਹਾਊਂਗਾ ਤੈਨੂੰ। ਮੈਂ ਭੇਜੂੰ ਤੇਰਾ ਦਾਖਲਾ।" ਚਾਰੂ ਉਠ ਕੇ ਤੁਰ ਪਿਆ।

‘ਬਾਪੂ! ਤੂੰ ਐਨੀ ਰਾਤ ਕਿਧਰ ਚੱਲਿਐਂ? ਤੜਕੇ ਜਾਈਂ ਜਿਧਰ ਜਾਣੈ।" ਚੰਨੀ ਬੋਲੀ।

‘ਹੈਂ ….ਰਾਤ ਪੈ ਗੀ? ਮੈਂ ਵੀ ਕਮਲਾ ਈ ਹੋ ਗਿਆ। ਚੱਲ ਕੋਈ ਨਾ… ਭਲਕੇ ਮੈਂ ਤੈਨੂੰ ਦਾਖਲਾ ਦਿਊਂ। ਮੈਂ ਪੜ੍ਹਾਊਂਗਾ ਆਵਦੇ ਪੁੱਤ ਨੂੰ।" ਚਾਰੂ ਫਿਰ ਲੰਮਾ ਪੈ ਗਿਆ।ਉਸ ਦੇ ਉਦਾਸੇ ਹੋਏ ਚਿਹਰੇ ਤੇ ਇਕ ਹਲਕੀ ਜਿਹੀ ਖੁਸ਼ੀ ਦੀ ਰੌਂਅ ਫਿਰ ਗਈ।

 

...ਚਲਦਾ...