9
ਚਾਰ ਮਹੀਨੇ ਬੀਤ ਚੁੱਕੇ ਸਨ ਚਾਰੂ ਨੂੰ ਖੂਨ ਦਿੱਤਿਆਂ ਪਰ ਉਸਦੀ ਕਮਜ਼ੋਰੀ ਦੂਰ ਨਾ ਹੋਈ । ਤਾਕਤ ਤਾਂ ਉਸ ਵਿਚ ਪਹਿਲਾਂ ਵੀ ਐਨੀ ਜ਼ਿਆਦਾ ਵੀ ਨਹੀਂ ਸੀ । ਖੂਨ ਦੀ ਇਕ ਬੋਤਲ ਕੀ ਗਈ, ਜਿਵੇਂ ਉਸਦੀ ਹਿੰਮਤ ਹੀ ਚਲੀ ਗਈ ਹੋਵੇ । ਉਸਨੇ ‘ਮਾਵੇ’ ਦੀ ਮਾਤਰਾ ਵਿਚ ਵੀ ਵਾਧਾ ਕੀਤਾ ਪਰ ਸਰੀਰ ਪਹਿਲਾਂ ਵਾਲੀ ਥਾਂ ਨਾ ਆਇਆ । ਸਰਦਾਰ ਤੋਂ ਝਿੜਕਾਂ ਪੈਂਦੀਆਂ, ਨਖੱਟੂ ਕਿਹਾ ਜਾਂਦਾ ਪਰ ਸੁਸਤੀ ਉਸਦੇ ਹੱਡਾਂ ਦਾ ਖੌ ਬਣਦੀ ਜਾ ਰਹੀ ਸੀ ਕੋਈ ਕੰਮ ਕਰਨ ਨੂੰ ਦਿਲ ਨਾ ਕਰਦਾ ।
ਜਦੋਂ ਦੀ ਨੰਦ ਕੌਰ ਚੰਨੀ ਦੇ ਰਿਸ਼ਤੇ ਦੀ ਗੱਲ ਚਲਾ ਰਹੀ ਸੀ, ਚਾਰੂ ਨੂੰ ਚੰਨੀ ਦਾ ਕੱਦ ਰੋਜ਼ ਲੰਬਾ ਹੁੰਦਾ ਲਗਦਾ । ਨੰਦ ਕੌਰ ਰਿਸ਼ਤਾ ਤਾਂ ਕਰਵਾ ਸਕਦੀ ਸੀ ਪਰ ਵਿਆਹ ਤਾਂ ਉਸਨੂੰ ਹੀ ਕਰਨਾ ਪੈਣਾ ਸੀ । ਸਾਰੀ ਦਿਹਾੜੀ ਚਾਰੂ ਇਹੀ ਸੋਚਦਾ ਰਹਿੰਦਾ ਕਿ ਵਿਆਹ ਲਈ ਪੈਸਾ ਕਿੱਥੋਂ ਆਊ? ਸਰਦਾਰ ਵੱਲੋਂ ਮਿਲਦੇ ਸੀਰ ਵਿੱਚੋਂ ਤਾਂ ਉਸਦੇ ਪਰਿਵਾਰ ਦਾ ਢਿੱਡ ਹੀ ਤੁਰਦਾ ਸੀ । ਕਦੇ ਕਦੇ ਤਾ ਉਹ ਸੋਚਦਾ ਕਿ ਸਰਦਾਰ ਤੋਂ ਮਦਦ ਤਾਂ ਮਿਲ ਹੀ ਜਾਊ । ਸਾਰੀ ਉਮਰ ਵੀ ਤਾਂ ਉਸਦੇ ਲੇਖੇ ਹੀ ਲਾਈ ਹੈ । ਪਰ ਜਦੋਂ ਦਾ ਸਰਦਾਰ ਨੇ ਰੁਲਦੂ ਵਾਰੀ ਜਵਾਬ ਦਿੱਤਾ ਸੀ, ਉਹ ਨਾ-ਉਮੀਦਾ ਜਿਹਾ ਹੋ ਗਿਆ ਸੀ ।
ਰੁਲਦੂ ਦੇ ਕਹਿਣ ਅਨੁਸਾਰ ਉਸਦੇ ਪੇਪਰ ਵਧੀਆ ਹੋ ਗਏ ਸਨ । ਪਿਛਲਾ ਸਾਰਾ ਮਹੀਨਾ ਨਤੀਜੇ ਦੀ ਉਡੀਕ ਵਿਚ ਦਿਨ ਗਿਣ ਗਿਣ ਬਿਤਾਇਆ ਸੀ । ਅਜ ਉਸਦਾ ਰਿਜ਼ਲਟ ਅਖਬਾਰ ਵਿਚ ਛਪਣਾ ਸੀ ਜਿਸ ਕਾਰਣ ਉਹ ਅਖਬਾਰ ਲੈਣ ਸ਼ਹਿਰ ਗਿਆ ਹੋਇਆ ਸੀ । ਚੰਨੀ ਘਰ ਬੈਠੀ ਉਸਦਾ ਇੰਤਜ਼ਾਰ ਕਰ ਰਹੀ ਸੀ । ਪੈਰਾਂ ਦਾ ਖੜਾਕ ਸੁਣਕੇ ਉਹ ਤ੍ਰਭਕੀ । ਦੇਖਿਆ ਤਾਂ ਰੁਲਦੂ ਦੀ ਥਾਂ ਤੇਜਾ ਆ ਰਿਹਾ ਸੀ । ਚੰਨੀਂ ਨੂੰ ਵੇਖ ਕੇ ਉਸਦੀਆਂ ਅੱਖਾਂ 'ਚ ਮਸ਼ਕਰੀ ਨੱਚ ਉਠੀ ।
“ਚਾਚਾ !” ਤੇਜੇ ਨੇ ਅੰਦਰ ਵੱਲ ਵੇਖਦਿਆਂ ਆਵਾਜ਼ ਮਾਰੀ ।
“ਕਿਉਂ…ਚਾਚੇ ਤੋਂ ਮੂੰਗੀ ਦਲੌਣੀ ਐਂ ?'' ਚੰਨੀ ਦੇ ਚਿਹਰੇ ਤੋਂ ਵੀ ਖੁਸ਼ੀ ਡੁੱਲ੍ਹ ਡੁੱਲ੍ਹ ਪੈ ਰਹੀ ਸੀ ।
“ਇਹ ਕੰਮ ਵੀ ਕਰਦੈ ਚਾਚਾ ?....ਸੱਦੀਂ ਕੇਰਾਂ ਚਾਚੇ ਨੂੰ ।”
“ਖੇਖਣ ਵੇਖ ਕੀ ਕਰਦੈ, ਭਲਾ ਜੇ ਉਹ ਘਰ ਹੁੰਦਾ ਤਾਂ ਬੋਲਦਾ ਨਾ।”
“ਚਾਚਾ ਹੈ ਨੀਂ ਘਰ ? ਸ਼ੁਕਰ ਐ...ਬਹਿਣ ਨੂੰ ਆਖੇਂਗੀ ਕਿ ਖੜ੍ਹਾ ਈ ਰਵਾਂ ?”
‘ਤੈਨੂੰ ਨਵਾਰੀ ਨਾ ਡਾਹ ਕੇ ਦਿਆਂ।ਐਂ ਕਰਦੈ ਜਿਵੇਂ ਵਲੈਤੋਂ ਆਇਆ ਹੁੰਦੈ।ਤੇ ਨਲੇ ਸ਼ੁਕਰ ਕਾਹਦਾ ਕਰਦੈਂ ?”
“ਸ਼ੁਕਰ ਵਾਗਰੂ ਦਾ ਕਰਦਾ ਸੀ । ਮੈਂ ਤੁਰਿਆਂ ਔਂਦਾ ਇਹੀ 'ਰਦਾਸ ਕਰਦਾ ਸੀ ਦਿਲ 'ਚ ਬਈ ਚਾਚਾ ਘਰ ਨਾ ਹੋਵੇ ਕਿਤੇ । ਰੁਲਦੂ ਦਾ ਤਾਂ ਮੈਨੂੰ ਪਤੈ ਬਈ ਸ਼ਹਿਰ ਗਿਐ । ਆਇਆ ਤਾਂ ਤੈਨੂੰ ਮਿਲਣ ਸੀ ।”
“ਕਿਉਂ, ਮੈਥੋਂ ਤੂੰ ਕੀ ਧਾਰਾਂ ਕਢੌਣੀਐਂ ?”
‘ਧਾਰਾਂ ਦਾ ਕੀ ਐ, ਧਾਰਾਂ ਚਾਹੇ ਤੂੰ ਮੈਥੋਂ ਕਢਾ ਲਾ।ਹੁਕਮ ਕਰ ਸਈ।” ਤੇਜੇ ਨੇ ਚੰਨੀ ਦਾ ਹੱਥ ਫੜ੍ਹਦਿਆਂ ਕਿਹਾ । ਕੁਆਰੇ ਪਿਆਰ ਨੇ ਜਿਵੇਂ ਦੋਹਾਂ ਨੂੰ ਸਰੂਰ ਨਾਲ ਭਰ ਦਿੱਤਾ ਹੋਵੇ । ਚੰਨੀ ਨੇ ਨਾ ਚਾਹੁੰਦਿਆ ਵੀ ਆਪਣਾ ਹੱਥ ਖਿੱਚ ਲਿਆ ।
‘ਬਹਿ ਜਾ ਅੜਿਆ! ਮੈਂ ਵੀ ਸ਼ਦੈਣ ਆਂ ਮੰਜਾ ਵੀ ਨੀਂ ਡਾਹ ਕੇ ਦਿੱਤਾ।”ਚੰਨੀਂ ਦਾ ਦਿਲ ਜਿਵੇਂ ਉਛਲ ਰਿਹਾ ਹੋਵੇ । ਪਲਾਂ ਵਿਚ ਹੀ ਉਸਨੇ ਵਿਹੜੇ 'ਚ ਖੜ੍ਹਾ ਮੰਜਾ ਆਪਣੀ ਪੀੜ੍ਹੀ ਕੋਲ ਡਾਹ ਦਿੱਤਾ ।
“ਆਹ ਹੋਈ ਨਾਂ ਗੱਲ । ਹੁਣ ਸੁਆਦ ਆਊ ਗੱਲਾਂ ਕਰਨ ਦਾ ।”
‘ਮੈਂ ਤੇਰੇ ਨਾਂ ਕੋਈ ਗੱਲ ਨੀਂ ਕਰਨੀ ।”
“ਕਿਉਂ ਹੁਣ ਕੀ ਬਿੱਲੀ ਛਿੱਕਗੀ ?”
‘ਪਹਿਲਾਂ ਇਹ ਦੱਸ, ਕੱਲ ਡਲੀਆਂ ਕਿਉਂ ਮਾਰਦਾ ਸੀ ਜਦੋਂ ਮੈਂ ਥੋਡੇ ਘਰ ਮੂਹਰੋਂ ਨੰਘੀ ਸੀ ।”
“ਊਂ ਤਾਂ ਤੂੰ ਫੇਰ ਝਾਕਦੀ ਨੀਂ ਸਾਡੇ ਅੰਨੀਂ ?”
‘ਝਾਕਣ ਨੂੰ ਕਿਤੇ ਮੇਰੀਆਂ ਅੱਖਾਂ ਦੁਖਦੀਐਂ । ਬੈਠਾ ਰਹਿ ਨੇਰ੍ਹੇ ਤਕ ਮੈਂ ਝਾਕੀ ਜਾਨੀ ਆਂ ।”
“ਇਓਂ ਨੀਂ, ਜਦੋਂ ਬਾਹਰ ਨੂੰ ਜਾਨੀਂ ਐਂ ਮੈਂ ਤਾਂ ਉਦੋਂ ਦੀ ਗੋਲ ਕਰਦੈਂ ।”
‘ਸੰਗ ਨੀਂ ਔਂਦੀ ? ਤਾਈ ਆਖੂ ਕਿੰਨੀ ਅੱਗ ਲੱਗੀ ਐ ਏਨੂੰ ਮੇਰੇ ਮੁੰਡੇ ਕੰਨੀਂ ਝਾਕਦੀ ਐ ।”
‘ਚੰਗਾ ਨਾ ਝਾਕ,ਅੱਖਾਂ ਬੰਦ ਕਰ ਤੈਨੂੰ ਇਕ ਚੀਜ਼ ਦੇਵਾਂ ।” ਤੇਜਾ ਅਪਣੇ ਗੀਝੇ ੱਚ ਹੱਥ ਪਾਉਂਦਾ ਬੋਲਿਆ ।
“ਸੱਚੀਂ ! ...... ਦਖਾ ਤਾਂ ਕੀ ਆ ?”
‘ਪਹਿਲਾਂ ਅੱਖਾਂ ਮੀਚ ।"
‘ਚੰਗਾ ਲੈ ਮੀਚ ਲੀਆਂ’
‘ਹੁਣ ਹੱਥ ਕਰ ਐਧਰ ।”
“ਊਂ ..... ਸਿੱਧਾ ਕਿਉਂ ਨੀ ਆਂਹਦਾ ਬਈ ਲੁੱਚੇ ਕੰਮ ਕਰਨੇ ਆਂ। ਚੰਨੀ ਨੇ ਮੱਥੇ ਤਿਊੜੀਆਂ ਚੜ੍ਹਾਈਆਂ ।”
“ਤੇਰੀ ਸਹੁੰ....ਮੈਂ ਤਾਂ ਛਾਪ ਪੌਣੀ ਸੀ ਤੇਰੇ ।”
“ਹੈਂ ਛਾਪ ?....ਸ਼ਹਿਰੋਂ ਲਿਆਇਆ ਸੀ ? ਚੰਗਾ ਲੈ ਪਾ ਦੇ ਆਪੇ ਈ ।” ਚੰਨੀ ਨੇ ਹੱਥ ਅੱਗੇ ਕਰ ਦਿੱਤਾ ।
“ਮੇਰਾ ਤਾਂ ਹੱਥ ਲੱਗਣੋਂ ਈ ਡਰਦੀ ਐਂ ਤੇ ਜਦੋਂ ਕਿਸੇ ਜੱਟ ਦੇ ਡਿੱਕੇ ਆ ਗੀ ਉਦੋਂ ਕੁਸਕਣਾ ਵੀ ਨੀਂ ।”
“ਕਿਉਂ ਮੈਂ ਕਿਸੇ ਜੱਟ ਦੀ ਕੀ ਸਰ੍ਹੋਂ ਮਿੱਧੀ ਐ ?"
‘ਤੈਨੂੰ ਕੀ ਪਤੈ ਤੇਰੇ ਅਰਗੀਆਂ ਨੂੰ ਤਾਂ ਜੱਟ ਮਿੰਟਾਂ ‘ਚ ਸੇਰ ਪੰਜੀਰੀ ਦੇ ਕੇ ਤੋਰ ਦਿੰਦੇ ਐ । ਬਚ ਕੇ ਰਿਹਾ ਕਰ ਜਦੋਂ ਕੱਲੀ ਖੇਤਾਂ ਕੰਨੀਂ ਜਾਵੇ।”
“ਚੱਲ ਛੱਡ ਕੋਈ ਨੀਂ ਕੁਛ ਕਹਿੰਦਾ ਮੈਨੂੰ । ਲੈ ਛਾਪ ਪਾ ਤੂੰ ਮੇਰੇ । ਪਹਿਲਾਂ ਇਹ ਤਾਂ ਦੱਸ ਅੱਜ ਤੇਰਾ ਕਿਵੇਂ ਜੀ ਕੀਤਾ ਛਾਪ ਲਿਔਣ ਨੂੰ ?"
‘ਬੇਬੇ ਤੇਰਾ ਤੋਪਾ ਜਿਆ ਭਰੌਣ ਨੂੰ ਫਿਰਦੀ ਐ । ਅਗਲੇ ਮੰਨ ਵੀ ਗਏ । ਮੈਂ ਕਿਹਾ ਚਲੋ ਕੋਈ ਨਸ਼ਾਨੀ ਈ ਦੇ ਦਿਆਂ ।” ਤੇਜੇ ਦੀ ਗੱਲ ਸੁਣ ਕੇ ਚੰਨੀ ਦੇ ਚਿਹਰੇ ੱਤੇ ਉਦਾਸੀ ਆ ਗਈ ।
‘ਮੈਨੂੰ ਜਾਦ ਵੀ ਕਰਿਆ ਕਰੇਂਗਾ ਅੜਿਆ ਕਿ ਨਈਂ? ਨਲੇ ਸੱਚ ਥੋਡੀ ਤਾਂ ਰਿਸ਼ਤੇਦਾਰੀ 'ਚੋਂ ਐ, ਮਿਲਣ ਆ ਜਿਆ ਕਰੀਂ ।" ਚੰਨੀ ਦੇ ਕਾਲਜੇ 'ਚੋਂ ਜਿਵੇਂ ਕਿਸੇ ਨੇ ਰੰਗ ਭਰ ਲਿਆ ਹੋਵੇ । ਤੇਜੇ ਨੇ ਕੋਈ ਜਵਾਬ ਨਾ ਦਿੱਤਾ ਸਗੋਂ ਉਸਦਾ ਹੱਥ ਫੜ ਕੇ ਮੁੰਦਰੀ ਪਾਉਣ ਲੱਗ ਪਿਆ । ਤੇਜੇ ਦੀਆ ਅੱਖਾਂ ਮੁੰਦਰੀ ਵੱਲ ਸਨ ਤੇ ਚੰਨੀ ਦੀਆਂ ਤੇਜੇ ਦੇ ਚਿਹਰੇ ਵੱਲ । ਉਸਦਾ ਦਿਲ ਕਰਦਾ ਸੀ ਕਿ ਤੇਜਾ ਮੁੰਦਰੀ ਪਾਉਂਦਾ ਹੀ ਰਹੇ । ਇਹ ਪਲ ਸਾਲਾਂ ਜਿੰਨਾਂ ਲੰਬਾ ਹੋ ਜਾਵੇ ਤਾਂ ਕਿ ਉਸਦਾ ਹੱਥ ਤੇਜੇ ਦੇ ਜਵਾਨ ਹੱਥ 'ਚ ਹੀ ਰਹੇ । ਪਰ ਤੇਜੇ ਨੂੰ ਮੁੰਦਰੀ ਪਾਉਣ ਲਈ ਇਕ ਮਿੰਟ ਵੀ ਨਾ ਲੱਗਿਆ ।
‘ਚੱਲ ਅੰਦਰ ਇਕ ਗੱਲ ਦੱਸਾਂ।” ਤੇਜਾ ਮਸ਼ਕਰੀ ਨਾਲ ਬੋਲਿਆ।ਚੰਨੀ ਦਾ ਸਰੀਰ ਜਿਵੇਂ ਮਿੱਟੀ ਹੋ ਗਿਆ ਹੋਵੇ। ਉਸਦਾ ਦਿਲ ਕਰਦਾ ਸੀ ਕਿ ਉਹ ਅਜ ਤੇਜੇ ਦੀ ਹਰ ਗੱਲ ਮੰਨ ਲਵੇ ਪਰ ਉਸਦੇ ਅੰਦਰ ਪਤਾ ਨਹੀਂ ਕਿਹੜੇ ਜਜ਼ਬੇ ਨੇ ਉਸਨੂੰ ਰੋਕੀ ਰੱਖਿਆ । ਉਹ ਖਿਆਲਾਂ ਵਿਚ ਐਨੀ ਮਸਤ ਸੀ ਕਿ ਉਸਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਜਵਾਬ ਦੇਵੇ ।
‘....ਮਰਗੀ ਨੀ ਮਾਂ !” ਬੇਧਿਆਨੀ ਆ ਰਹੀ ਸ਼ਾਮੋਂ ਦੇ ਮੂੰਹੋਂ ਨਿਕਲਿਆ । ਸ਼ਾਮੋਂ ਦੀ ਆਵਾਜ਼ ਸੁਣ ਕੇ ਚੰਨੀ ਹੋਸ਼ ਵਿਚ ਆਈ ।
‘ਨੀ ਕੀ ਹੋ ਗਿਆ ਤੈਨੂੰ ?” ਚੰਨੀ ਉਠਦੀ ਹੋਈ ਬੋਲੀ ।
“ਮੈਂ ਕਿਸੇ ਹੋਰ ਦੇ ਘਰ ਜਾਣਾ ਸੀ, ਭੁੱਲ ਕੇ ਐਧਰ ਆ ਗੀ ।” ਸ਼ਾਮੋਂ ਪਿੱਛੇ ਵੱਲ ਮੁੜੀ ।
“ਸ਼ਾਮੋਂ ! ਮੈਂ ਤਾਂ ਊਂਈ...ਮੈਂ ਤਾਂ ਚਾਚੇ ਨੂੰ ਮਿਲਣ ਆਇਆ ਸੀ।” ਤੇਜਾ ਘਬਰਾ ਰਿਹਾ ਸੀ ।
“ਵੇ ਵੀਰਾ ! ਮੈਂ ਤਾਂ ਤੈਨੂੰ ਕੁਛ ਨੀਂ ਕਿਹਾ, ਤੂੰ ਕਿਉਂ ਐਵੇਂ ਮੋਕ ਮਾਰੀ ਜਾਨੈਂ । ਮੈਨੂੰ ਪਤੈ ਤੂੰ ਚਾਚੇ ਨੂੰ ਮਿਲਣ ਈ ਔਣਾ ਹੁੰਨੈ ਤੇ ਮਿਲ ਚੰਨੀ ਜਾਂਦੀ ਐ ।”
“ਸੌਂਕਣ ਕਰਦੀ ਵੇਖ ਕੀ ਐ ?” ਚੰਨੀ ਨੂੰ ਕੋਈ ਗੱਲ ਨਹੀਂ ਸੀ ਅਹੁੜਦੀ । ਮੌਕਾ ਵੇਖ ਕੇ ਤੇਜੇ ਨੇ ਉਥੋਂ ਖਿਸਕਣ ਦੀ ਕੀਤੀ ।
“ਅੜੀਏ ਆਹ ਤਾਂ ਮਾੜੀ ਹੋਈ । ਸੱਚੀਂ ਦੱਸ ਰਾਤ ਨੂੰ ਮੈਨੂੰ ਗਾਲਾਂ ਤਾਂ ਨੀਂ ਕੱਢੇਗੀ ਕਿ ਸ਼ਾਮੋ ਨੇ ਐਵੇਂ ਰੰਗ ੱਚ ਭੰਗ ਪਾ ਤੀ ।”
“ਐਵੇਂ ਚਵੜ ਚਵੜ ਨਾ ਕਰ ਅੰਦਰ ਮਰ ਤੂੰ ।” ਚੰਨੀ ਉਸਨੂੰ ਅੰਦਰ ਵੱਲ ਧੱਕਦੀ ਹੋਈ ਬੋਲੀ ।
“ਹੋਰ ਤੈਨੂੰ ਖੀਰ ਪਰੋਸਾਂ ? ਕਮਜ਼ਾਤ ਨੂੰ ਅੱਗ ਵੇਖ ਕਿਵੇਂ ਲੱਗੀ ਐ ।”
“ਵੈਰਣੇ ਧੱਕੇ ਤਾਂ ਨਾ ਮਾਰ ।”
“ਅੱਖਾਂ ਓਈਓ ਰੱਖ, ਕੀ ਹੋ ਗਿਆ ਜੇ ਤੇਰੀ ਝੋਲੀ ਟੀਸੀ ਦਾ ਬੇਰ ਆ ਪਿਆ ਤਾਂ । ਓਸ ਧਗੜੇ ਪਿੱਛੇ ਆਵਦੀਆਂ ਸਹੇਲੀਆਂ ਨਾਲ ਨਾ ਵਗਾਤ ।”
‘ਮੇਰੇ ਪਿਉ ਦੀ ਰੰਨ ਕਰਦੀ ਵੇਖ ਕੀ ਐ।” ਚੰਨੀ ਨੇ ਉਸਨੂੰ ਬਾਹਾਂ 'ਚ ਘਟਦਿਆਂ ਕਿਹਾ ।
‘ਹਾਇ ਨੀ ਮਾਰਤਾ । ਅੱਜ ਝੋਟੇ ਜਿੰਨਾ ਜ਼ੋਰ ਤੇਰੇ ' ਚ ਕਿਥੋਂ ਆਇਐ ਨੀ ? ਛਡ ਮੈਨੂੰ ਕਿਤੇ ਮਾਰ ਈ ਨਾ ਦੇਈਂ, ਅਜੇ ਮੇਰੀ ਬਥੇਰੀ ਲੋੜ ਐ ।” ਸ਼ਾਮੋ ਅਪਣੇ ਆਪ ਨੂੰ ਛੁਡਾ ਕੇ ਮੰਜੇ 'ਤੇ ਬੈਠ ਗਈ ।
‘ਸ਼ਾਮੋ ਐਧਰ ਤਾਂ ਝਾਕੀ ਈ ਨੀ ਤੂੰ ।” ਚੰਨੀ ਮੁੰਦਰੀ ਵਾਲੀ ਉਂਗਲੀ ਉਸਦੇ ਸਾਹਮਣੇ ਕਰਦੀ ਹੋਈ ਬੋਲੀ।
“ਇਹ ਕਿਥੋਂ ਗਾਖੀ ਐ ਨੀ ? ਸਿਓਨੇ ਦੀ ਲਗਦੀ ਐ ।”
“ਪਤਾ ਨੀ ਕਾਹਦੀ ਐ । ਤੇਜਾ ਦੇ ਕੇ ਗਿਐ । ਆਂਹਦਾ ਸੀ ਮੇਰੀ ਨਸ਼ਾਨੀ ਐ ।”
‘ਤੇ ਤੂੰ ਕੀ ਨਸ਼ਾਨੀ ਦਿੱਤੀ ਐ ”
‘ਹਾਇ ਨੀ ਮੇਰਾ ਤਾਂ ਡਮਾਕ ਈ ਖਰਾਬ ਐ ।ਮੈਨੂੰ ਤਾਂ ਇਹ ਗੱਲ ਅਹੁੜੀ ਈ ਨੀਂ।”
‘ਚੱਲ ਕੋਈ ਗੱਲ ਨਾ, ਹੁਣ ਦੇ ਦੀਂ ਰੁਮਾਲ ਵਧੀਆ ਜਿਆ ਕਢਾਈ ਆਲਾ ।”
‘ਚੰਗਾ ਐਂ ਕਰੀਂ ਤੂੰ ਈ ਕਢ ਦੀ ਨਾਂ ਓਹਦਾ ।”
“ਕਿਓਂ ਮੈਂ ਤਾਂ ਆਵਦਾ ਕਢੂੰ । ਨਲੇ ਮੈਨੂੰ ਮਿਲ ਲਿਆ ਕਰ ਹੁਣ ਜਿੰਨਾ ਮਿਲ ਹੁੰਦੈ ।ਫੇਰ ‘ਡੀਕੀ ਜਾਇਆ ਕਰੇਂਗੀ ਸ਼ਾਮੋ ਨੂੰ ।”
“ਕਿਓਂ ਅੜੀਏ ! ਤੂੰ ਕਿਥੇ ਜਾਣੈ ?”
“ਲੈ ਤੇਰੇ ਭਾਣੇ ਮੈਂ ਸਾਰੀ ਉਮਰ ਏਥੇ ਈ ਬੈਠੀ ਰਹੂੰ । ਅਖੇ ਬੇੜੀ ਦਾ ਪੂਰ ਤੇ ਤ੍ਰਿੰਜਨ ਦੀਆਂ ਕੁੜੀਆਂ ਸਬੱਬ ਨਾ ਹੋਣ ਕੱਠੀਆਂ । ਮੇਰਾ ਵਿਆਹ ਬੰਨ੍ਹ ਤਾ ।” ਚੰਨੀ ਦੇ ਕਾਲਜੇ ੱਚ ਜਿਵੇਂ ਰੁੱਗ ਭਰਿਆ ਗਿਆ ਹੋਵੇ।
‘ਕਦੋਂ ਦਾ ?”
‘ਦਸ ਹਾੜ ਦਾ।”
“ਸ਼ਾਮੋ ਅੜੀਏ ! ਮੇਰਾ ਤਾਂ ਤੇਰੇ ਬਿਨਾਂ ਚਿੱਤ ਈ ਨੀ ਲੱਗਣਾ ।”
‘ਲੈ ਚਿੱਤ ਕਾਹਤੋਂ ਨੀ ਲੱਗਣਾ ? ਤੇਰਾ ਕੀ ਪਤਾ ਮੈਥੋਂ ਪਹਿਲਾਂ ਈ ਹੋ ਜੇ ।”
‘ਮੈਨੂੰ ਮਿਲਣ ਤਾਂ ਆਇਆ ਕਰੇਂਗੀ ਨਾਂ ?”
“ਇਹ ਤਾਂ ਫੇਰ ਅਗਲੇ ਦੇ ਵੱਸ ਐ । ਜਦੋਂ ਉਹ ਏਥੇ ਲਿਆਇਆ ਕਰੂ ਮੈਨੂੰ, ਫੇਰ ਤਾਂ ਤੈਨੂੰ ਮਿਲਿਆ ਈ ਕਰੂੰ । ਜਦੋਂ ਤੇਰਾ ਵਿਆਹ ਹੋ ਗਿਆ ਫੇਰ ਤਾਂ ਸਬੱਬੀਂ ਮੇਲੇ ਐ । ....... ਲ ਰੁਲਦੂ ਵੀ ਆ ਗਿਆ ।”
‘ਬੀਰੇ !ਪਾਸ ਹੋ ਗਿਆ?” ਚੰਨੀ ਉਸਨੂੰ ਲਾਡ ਨਾਲ ਬੀਰਾ ਹੀ ਆਖਦੀ ਸੀ।ਰੁਲਦੂ ਨੇ ਕੋਈ ਜਵਾਬ ਨੀ ਦਿੱਤਾ ।
“ਬੋਲਦਾ ਕਾਹਤੋਂ ਨੀ ? ਏਹ ਮੂੰਹ ਜਿਆ ਕਾਹਤੋਂ ਲਮਕਾਇਐ ਬੋਤੇ ਦੇ ਬੁਲ ਆਂਗੂੰ ?’
“ਰੁਲਦੂਆ ! ਦੱਸ ਤਾਂ ਸੁਈ ਪਾਸ ਹੋ ਗਿਆ ?" ਸ਼ਾਮੋ ਨੇ ਵੀ ਪੁੱਛ ਕੀਤੀ ।
“ਆਹੋ ਹੋ ਗਿਆ ।”
‘ਫੇਰ ਮੂੰਹ ਕਿਉਂ ਫਿੱਡੀ ਜੁੱਤੀ ਅਰਗਾ ਬਣਾਈ ਫਿਰਦੈਂ ?”
“ਮੇਰੀ ਫੋਟੂ ਨੀਂ ਛਪੀ ਖਬਾਰ 'ਚ ।" ਰੁਲਦੂ ਅਖਬਾਰ ਸ਼ਾਮੋ ਸਾਹਮਣੇ ਸਿਟਦਾ ਹੋਇਆ ਬੋਲਿਆ । “ਮੈਂ ਪੰਜਵੇਂ ਨੰਬਰ ਤੇ ਆਇਐਂ ਪੰਜਾਬ 'ਚੋਂ ।"
“ਆਪਣੇ ਅਰਗਿਆਂ ਨੂੰ ਪਹਿਲੇ ਨੰਬਰ ਤੇ ਕੌਣ ਲਿਆਊ ? ਪਹਿਲੇ ਨੰਬਰ ਤੇ ਤਾਂ ਸਰਦਾਰਾਂ ਦਾ ਮੁੰਡਾ ਈ ਆਇਆ ਹੋਊ । ਉਨਾਂ ਕੋਲ ਕਿੰਨਾਂ ਪੈਸਾ ਐ।" ਸ਼ਾਮੋ ਨੇ ਅਨੁਮਾਨ ਲਾਇਆ ।
“ਲੈ, ਕਰ ਲੋ ਘਿਉ ਨੂੰ ਭਾਂਡਾ । ਨੰਬਰ ਵੀ ਕਿਤੇ ਮੁੱਲ ਵਿਕਦੇ ਐ। ਉਹਦਾ ਤਾਂ ਰੋਲ ਨੰਬਰ ਵੀ ਨੀਂ ਛਪਿਆ 'ਖਬਾਰ 'ਚ । ਵੱਡਾ 'ਸ਼ਿਆਰ ਬਣਿਆ ਫਿਰਦਾ ਸੀ । ਰੁਲਦੂ ਦੇ ਚਿਹਰੇ ਤੇ ਜਿਵੇਂ ਰੌਣਕ ਆ ਗਈ ।
“ਚੱਲ ਕੋਈ ਨਾਂ, ਜ਼ਿਲੇ 'ਚੋਂ ਤਾਂ ਫਸਟ ਆ ਈ ਗਿਆ ।” ਰੁਲਦੂ ਨੇ ਸਰਦਾਰਾਂ ਦੇ ਮੁੰਡੇ ਨਾਲ ਆਪਣਾ ਮੁਕਾਬਲਾ ਕਰਦਿਆਂ ਮਾਣ ਮਹਿਸੂਸ ਕੀਤਾ । ਉਹ ਅਖਬਾਰ ਚੁੱਕ ਕੇ ਅੰਦਰ ਵੜ ਗਿਆ ਤੇ ਅਖਬਾਰ ਖੋਲ੍ਹ ਕੇ ਇਕ ਵਾਰ ਫੇਰ ਰਿਜ਼ਲਟ ਵੇਖਣ ਲੱਗ ਪਿਆ । ਪ੍ਰੀਤ ਦਾ ਰੋਲ ਨੰਬਰ ਵੀ ਮੈਰਿਟ ਵਿਚ ਅੱਠਵੇਂ ਨੰਬਰ ਤੇ ਸੀ । ਉਸਦੇ ਰੋਲ ਨੰਬਰ ਤੇ ਜਾ ਕੇ ਰੁਲਦੂ ਦੀ ਨਜ਼ਰ ਨੇ ਹਿੱਲਣਾ ਹੀ ਨਾ ਚਾਹਿਆ । ਉਸਦੇ ਦਿਮਾਗ ਦਾ ਘੋੜਾ ਪ੍ਰੀਤ ਦੇ ਪਿੰਡ ਫਿਰ ਰਿਹਾ ਸੀ ।
“ਮਿਹਨਤ ਕਿਹੜਾ ਘੱਟ ਕਰਦੀ ਸੀ ਉਹਨੇ ਪਤਾ ਨੀਂ ਰਜਲਟ ਦੇਖਿਐ ਕਿ ਨਈਂ, ਜਾ ਕੇ ਦੱਸ ਈ ਆਵਾਂ । ਨਲੇ ਬਹਾਨੇ ਨਾਂ..... ਜੇ ਕਿਤੇ ਉਹ …ਨਈਂ ……ਇਹ ਤਾਂ ਹੋ ਈ ਨੀਂ ਸਕਦਾ,ਉਹ ਐਨੀ ਸੁਹਣੀ ਨਲੇ ਜੱਟਾਂ ਦੀ ਕੁੜੀ ..... ਊਂ ਮੋਹ ਜਿਹਾ ਤਾਂ ਕਰਦੀ ਐ ।ਕੀ ਪਤਾ ਮੈਨੂੰ 'ਸ਼ਿਆਰ ਸਮਝ ਕੇ ਈ ਕਰਦੀ ਹੋਵੇ… ਊਂ ਤਾਂ ਵੀਰ ਕਹਿ ਕੇ ਸਦਦੀ ਐ … ਭਲਾ ਉਹਦੇ ਘਰ ਜਾਣ 'ਚ ਕੀ ਹਰਜ਼ ਐ ਰਜਲਟ ਦੱਸਣ ਈ ਤਾਂ ਜਾਣੈ… ਪਰ .... ਚੱਲ ਦੇਵ ਤਾਂ ਹੁਣ ਅੱਖ ਚੁੱਕਣ ਜੋਗਾ ਨੀਂ ਨਾ ਰਿਹਾ… ਸਾਲਾ ਗੀਦੀ… ਪ੍ਰੀਤ ਪਿੱਛੇ ਲੜਦਾ ਰਹਿੰਦਾ ਸੀ । ਹੁਣ ਬੈਠਿਆ ਕਰੇ ਕੱਲਾ ਜਮਾਤ 'ਚ।”
‘ਵੇ ਹੁਣ ਅੰਦਰ ਵੜ ਕੇ ਕਿਉਂ ਬਹਿ ਗਿਆ ?’ ਰੁਲਦੂ ਅਜੇ ਹੋਰ ਪਤਾ ਨੀਂ ਕਿੰਨਾਂ ਚਿਰ ਸੋਚਾਂ ਦੇ ਸਮੁੰਦਰ 'ਚ ਗੋਤੇ ਖਾਂਦਾ ਰਹਿੰਦਾ ਜੇ ਚੰਨੀ ਉਸਨੂੰ ਨਾ ਬੁਲਾਉਂਦੀ ।
“ਮੈਨੂੰ ਤਾਂ ਨੀਂਦ ਔਂਦੀ ਐ, ਥੱਕ ਗਿਆ ਸ਼ਹਿਰ ਜਾ ਕੇ ।” ਰੁਲਦੂ ਨੇ ਬਹਾਨਾ ਲਾਇਆ ।
‘ਚੰਗਾ ’ਰਾਮ ਕਰ ਲਾ ਬਿੰਦ ।” ਚੰਨੀ ਦੀ ਗੱਲ ਸੁਣ ਕੇ ਅਖਬਾਰ ਮੂੰਹ ਤੇ ਲੈ ਕੇ ਪੈ ਗਿਆ ।
10
ਜਦੋਂ ਦਾ ਜਸਵੰਤ ਸਿੰਘ ਨੂੰ ਹਰਦੇਵ ਦੇ ਫੇਲ੍ਹ ਹੋਣ ਦਾ ਪਤਾ ਲੱਗਿਆ ਓਦੋਂ ਦੀ ਹੀ ਉਸਦੇ ਸੱਤੀਂ ਕੱਪੜੀਂ ਅੱਗ ਲੱਗੀ ਸੀ । ਇਸ ਵਿਚ ਤਾਂ ਉਸਨੂੰ ਕੋਈ ਸ਼ੱਕ ਨਹੀਂ ਸੀ ਕਿ ਉਸਦਾ ਮੁੰਡਾ ਪੜ੍ਹਾਈ ਵਿਚ ਤੇਜ਼ ਨਹੀਂ ਸੀ ਪਰ ਐਨੀ ਉਮੀਦ ਵੀ ਨਹੀਂ ਸੀ ਕਿ ਉਹ ਫੇਲ੍ਹ ਹੋ ਜਾਵੇਗਾ । ਉਸਨੂੰ ਉਨ੍ਹਾਂ ਮਾਸਟਰਾਂ ਤੇ ਵੀ ਦੁੱਖ ਸੀ ਜਿਹੜੇ ਕਹਿੰਦੇ ਸੀ ਕਿ ਇਸਨੂੰ ਨਕਲ ਕਰੌਣ 'ਚ ਕੋਈ ਕਸਰ ਨਹੀਂ ਛੱਡਣਗੇ ।
ਸਰਦਾਰ ਜਸਵੰਤ ਸਿੰਘ ਇਹ ਨਹੀਂ ਸੀ ਚਾਹੁੰਦਾ ਕਿ ਉਸਦਾ ਮੁੰਡਾ ਫਸਟ ਆਵੇ । ਉਹ ਤਾਂ ਸਿਰਫ ਇਹ ਚਾਹੁੰਦਾ ਸੀ ਕਿ ਦੇਵ ਜਮਾਤਾਂ ਪਾਸ ਕਰਦਾ ਜਾਵੇ । ਉਸਨੂੰ ਤਸੀਲਦਾਰ ਨਹੀਂ ਤਾਂ ਕਾਨੂੰਗੋ ਨਹੀਂ ਤਾਂ ਪਟਵਾਰੀ ਤਾਂ ਉਹ ਲਗਵਾ ਹੀ ਸਕਦਾ ਸੀ । ਆਖਰ ਸਰਕਾਰੇ ਦਰਬਾਰੇ ਬਣੀ ਵੀ ਤਾਂ ਕਿਸੇ ਕੰਮ ਆਉਣੀ ਹੀ ਸੀ ।
ਜਸਵੰਤ ਸਿੰਘ ਦੇ ਪਿਉ ਦਾਦੇ ਨੇ ਅੰਗਰੇਜ਼ਾਂ ਨਾਲ ਕਦੇ ਵਿਗਾੜੀ ਨਹੀਂ ਸੀ । ਫੌਜ ਵਿਚ ਬੰਦੇ ਭਰਤੀ ਕਰਵਾ ਕੇ ਅਤੇ ਸਰਕਾਰੀ ਵਿਰੋਧੀਆਂ ਨੂੰ ਪਕੜਾ ਕੇ ਉਨ੍ਹਾਂ ਨੇ ਇਨਾਮ ਹਾਸਲ ਕੀਤੇ ਸਨ । ਇਹ ਅੱਜ ਦੀ ਮਾਲਕੀ ਵੀ ਉਸੇ ਦੀ ਬਦੌਲਤ ਹੀ ਸੀ । ਅੱਗੋਂ ਜਸਵੰਤ ਸਿੰਘ ਨੇ ਵੀ ਆਪਣੇ ਵਡੇਰਿਆਂ ਦੀ ਹੀ ਨਕਲ ਕੀਤੀ । ਅੰਗਰੇਜ਼ ਏਥੋਂ ਗਏ ਤਾਂ ਦੇਸ ਦੀ ਵਾਗਡੋਰ ਕਾਲੇ ਅੰਗਰੇਜ਼ਾਂ ਦੇ ਹੱਥ ਆ ਗਈ ।
ਜਸਵੰਤ ਸਿੰਘ ਵੀ ਪੱਕਾ ਕਾਂਗਰਸੀ ਸੀ । ਵੋਟਾਂ ਦੇ ਦਿਨਾਂ ਵਿਚ ਉਸਦੀ ਭੱਜ ਦੌੜ ਵੇਖਣ ਵਾਲੀ ਹੁੰਦੀ । ਇਸੇ ਸਦਕਾ ਉਸਦੀ ਪਹੁੰਚ ਸਰਕਾਰ ਤਾਈਂ ਸੀ ਅਤੇ ਸਰਕਾਰੀ ਕਰਮਚਾਰੀ ਖਾਸ ਕਰ ਪੁਲਸ ਵਾਲੇ ਪਿੰਡ ਵਿਚ ਆਉਣ ਤੋਂ ਪਹਿਲਾਂ ਉਸ ਤਾਈਂ ਹੀ ਪਹੁੰਚ ਕਰਦੇ । ਅਜ ਉਹ ਸਰਪੰਚ ਵੀ ਇਨ੍ਹਾਂ ਦੀ ਹੀ ਦੇਣ ਸੀ । ਸੋ ਐਨਾ ਕੁਛ ਹੋਣ ਦੇ ਬਾਵਜੂਦ ਉਹ ਆਪਣੇ ਮੁੰਡੇ ਦੇ ਫੇਲ੍ਹ ਹੋਣ ਦਾ ਗੁੱਸਾ ਨਾ ਕਰੇ ਤਾਂ ਕਿਉਂ ?
ਹਰਦੇਵ ਆਪਣੇ ਪਿਉ ਦੀ ਘੂਰ ਤੋਂ ਡਰਦਾ ਸਾਰਾ ਦਿਨ ਘਰ ਨਹੀਂ ਸੀ ਵੜਿਆ । ਆਖਰ ਬਾਹਰ ਵੀ ਕਿੰਨਾਂ ਕੁ ਚਿਰ ਨਿਕਲਦਾ । ਆਥਣ ਵੇਲੇ ਉਹ ਮੂੰਹ ਜਿਹਾ ਲਟਕਾਈ ਅੰਦਰ ਵੜਿਆ । ਉਸਨੇ ਟੇਢੀ ਅੱਖ ਨਾਲ਼ ਬੈਠਕ ਵੱਲ ਝਾਤੀ ਮਾਰੀ ਪਰ ਜਸਵੰਤ ਸਿੰਘ ਅੰਦਰ ਹੈ ਨਹੀਂ ਸੀ । ਉਸਦੀ ਕੁਛ ਜਾਨ ਵਿਚ ਜਾਨ ਆਈ । ਪਰ ਵਿਹੜੇ ਵਿਚ ਪੈਰ ਧਰਦਿਆਂ ਹੀ ਸਾਹਮਣੇ ਜਸਵੰਤ ਸਿੰਘ ਬੈਠਾ ਦਿਸਿਆ । ਹਰਦੇਵ ਨੂੰ ਦੇਖ ਕੇ ਉਸਦਾ ਪਾਰਾ ਹੋਰ ਉਚਾ ਹੋ ਗਿਆ ।
“ਆਹ ਆ ਗਿਆ ਤੇਰਾ ਖਸਮ ਪੂਰੀਆਂ ਪਾ ਕੇ।” ਜਸਵੰਤ ਸਿੰਘ ਆਪਣੀ ਪਤਨੀ ਵੱਲ ਵੇਖਦਾ ਹੋਇਆ ਬੋਲਿਆ ।
‘ਚਲੋ ਜਾਣ ਦਿਉ ਹੁਣ, ਜੋ ਹੋਣਾ ਸੀ ਹੋ ਗਿਆ ।” ਬਚਿੰਤ ਕੌਰ ਦਾ ਦਿਲ ਧੜਕ ਰਿਹਾ ਸੀ ।
“ਐਹੋ ਜੀ ਲਾਦ ਦੇ ਤਾਂ ਟੋਟੇ ਕਰਕੇ ਖੂਹ 'ਚ ਸਿੱਟ ਦੇਵੇ ਕੋਈ ਦੁੱਖ ਨੀਂ ।” ਜਸਵੰਤ ਸਿੰਘ ਦਾ ਦਿਲ ਕਰਦਾ ਸੀ ਕਿ ਉਸਦੀਆਂ ਲੱਤਾਂ ਤੋੜ ਦੇਵੇ ਪਰ ਪੁੱਤ ਬਰਾਬਰ ਦਾ ਹੋਇਆ ਦੇਖ ਕੇ ਉਸ ਵਿਚ ਹਿੰਮਤ ਨਾ ਪਈ । ਹਰਦੇਵ ਕੰਧੋਲੀ ਨਾਲ ਲੱਗਿਆ ਪਿਉ ਦੀਆਂ ਝਿੜਕਾਂ ਸੁਣੀ ਗਿਆ ।
‘ਹੁਣ ਮੂੰਹ ਲਟਕਾਇਐ ਜਿਵੇਂ ਮਾਂ ਮਰੀ ਹੁੰਦੀ ਐ ? ਪੁੱਠੀ ਛਾਲ ਮਾਰਦੇ ਨੂੰ ਸੰਗ ਤਾਂ ਨੀਂ ਆਈ ? ਕੁੱਤੇ ਦਿਆ ਪੁੱਤਾ ! ਕੁਛ ਪਿਉ ਦਾਦੇ ਦੀ ਇਜ਼ਤ ਦਾ ਵੀ ਖਿਆਲ ਕਰ । ਸਾਰਾ ਪਿੰਡ ਅਜ ਗੱਲਾਂ ਕਰਦਾ ਹੋਊ ਬਈ ਸਰਦਾਰਾਂ ਦਾ ਮੁੰਡਾ ਅਜ 'ਨਾਮ ਲੈ ਕੇ ਆਇਐ । ਤੇਰੇ ਨਾਲੋਂ ਤਾਂ ਮਜ਼ਬੀਆਂ ਦੀ 'ਲਾਦ ਈ ਚੰਗੀ ਐ ਜਿਹੜੇ ਭੁੱਖ ਨੰਗ ਨਾਂ ਘੁੱਲਦੇ ਐ । ਇਹ ਸਹੁਰੀ ਦਾ ਖਾਂਦਾ ਪੀਂਦਾ ਟੀਟਾਂ ਮਾਰਦੈ । ਤੇਰੇ ਅਰਗੀ 'ਲਾਦ ਨੂੰ ਤਾਂ ਉਨ੍ਹਾਂ ਅਰਗਿਆਂ ਦੇ ਘਰ ਹੀ ਜੰਮਣਾ ਚਾਹੀਦੈ ਤਾਂ ਹੀ ਸੁਰਤ ਟਿਕਾਣੇ ਆਵੇ । ਜਾਹ ਲੌਣੇ ਹੋ ਜਾ ਮੇਰੀਆਂ ਅੱਖਾਂ ਤੋਂ ਨਈਂ ਮਾਰੂ ਟੰਬਾ ਚੱਕ ਕੇ ਸਿਰ ‘ਚ ਹਰਦੇਵ ਹੌਲੀ ਹੌਲੀ ਤੁਰਦਾ ਅੰਦਰ ਚਲਾ ਗਿਆ । ਬਚਿੰਤ ਕੌਰ ਵੀ ਉਠ ਕੇ ਉਹਦੇ ਮਗਰ ਹੀ ਗਈ ।
‘ਪੁੱਤ ! ਅੱਜ ਸਵੇਰ ਦਾ ਘਰ ਨੀਂ ਆਇਆ । ਭੁੱਖ ਤੇਹ ਨੀਂ ਲੱਗੀ?” ਬਚਿੰਤ ਕੌਰ ਦਾ ਦਿਲ ਘਾਊਂ ਮਾਊਂ ਕਰ ਰਿਹਾ ਸੀ । ‘ਚਲ ਉਠ ਰੋਟੀ ਲਾਹ ਕੇ ਦੇਵਾਂ, ਖਾਹ ਦੋ ਬੁਰਕੀਆਂ । ਦੇਖ ਮੂੰਹ ਕਿਵੇਂ ਭੋਰਾ ਕੁ ਨਿਕਲਿਐ ਚਿੜੀ ਦੇ ਬੋਟ ਅਰਗਾ।”
“ਮੈਂ ਨੀਂ ਖਾਣੀ ਰੋਟੀ ਰੂਟੀ।”
“ਇਉਂ ਨਾਂ ਕਰ ਮੇਰਾ ਸ਼ੇਰ ! ਪਿਓੁ ਤਾਂ ਸੌ ਕੁਛ ਕਹਿੰਦੇ ਹੁੰਦੇ ਆ। ਗੁੱਸਾ ਨਾ ਕਰ ਐਵੇਂ । ਉਹ ਵੀ ਤਾਂ ਤੇਰੇ ਫੈਦੇ ਲਈ ਕਲਪਦੈ । ਚੰਦਰਿਆ ! ਤੂੰ ਵੀ ਤਾਂ ਉਹਦੀ ਵੱਢ ਤੀ । ਚਾਰ ਬੰਦਿਆ ‘ਚ ਖੜ੍ਹਨ ਜੋਗਾ ਨੀਂ ਛੱਡਿਆ, ਅੱਜ ਚਾਰੂ ਈ ਨੀਂ ਸੀ ਮਾਣ । ਗਿੱਠ ਗਿੱਠ ਬੁੜ੍ਹਕਦਾ ਸੀ ਧਰਤੀ ਤੋਂ । ਅਖੇ ਮੇਰਾ ਮੁੰਡਾ ਫਸਟ ਆਇਐ । ਮਾਪੇ ਤਾਂ ਧੀਆਂ ਪੁੱਤਾਂ ਸਿਰ ਤੇ ਉਡੇ ਫਿਰਦੇ ਆ।”
“ਅੱਗੇ ਬਾਪੂ ਤੋਂ ਕਸਰ ਰਹਿਗੀ ਜਿਹੜੀ ਤੂੰ ਆ ਕੇ ਲਕਚਰ ਝਾੜਨ ਲੱਗ ਪੀ ? ” ਹਰਦੇਵ ਮਾਂ ਨੂੰ ਝਈ ਲੈ ਕੇ ਪਿਆ ।
“ਚੰਗਾ ਮੈਂ ਨੀਂ ਆਂਹਦੀ ਕੁਛ।ਚੱਲ ਉਠ ਰੋਟੀ ਖਾਹ ਬਾਹਰ ਆ ਕੇ।” ਬਚਿੰਤ ਕੌਰ ਉਠ ਕੇ ਬਾਹਰ ਚਲੀ ਗਈ । ਹਰਦੇਵ ਨੇ ਬਾਹਰ ਝਾਤੀ ਮਾਰੀ ਤਾਂ ਉਸਦਾ ਬਾਪੂ ਬੈਠਕ ਵਿਚ ਜਾ ਚੁੱਕਿਆ ਸੀ । ਜਸਵੰਤ ਸਿੰਘ ਦਾ ਸਰੀਰ ਸ਼ਾਮ ਵੇਲੇ ਕੁਛ ਸੁਸਤਾ ਜਿਹਾ ਜਾਂਦਾ । ਇਸਦੇ ਇਲਾਜ ਲਈ ਉਸਨੇ ਬੈਠਕ ਵਿਚਲੀ ਅਲਮਾਰੀ ਵਿਚ ਇਕ ਕੱਚ ਦਾ ਗਿਲਾਸ ਰੱਖਿਆ ਹੋਇਆ ਸੀ । ਠੇਕੇ ਦਾ ਤਾਂ ਉਹ ਮਾਲਕ ਸੀ । ਬੱਸ ਆਚਾਰ ਦੀ ਫਾੜੀ ਜਾਂ ਕਦੇ ਦਾਲ ਸਬਜ਼ੀ ਦੀ ਕੌਲੀ ਲੈ ਕੇ ਉਹ ਬੈਠਕ ਅੰਦਰ ਬੈਠ ਜਾਂਦਾ ਤੇ ਜਦੋਂ ਸਰੀਰ ਠੀਕ ਹੋ ਜਾਂਦਾ ਤਾਂ ਰੋਟੀ ਖਾ ਕੇ ਸੌਂ ਜਾਂਦਾ।
ਹਰਦੇਵ ਹੌਲੀ ਜਿਹੀ ਉਠਿਆ ਤੇ ਬਾਹਰ ਵੱਲ ਤੁਰ ਪਿਆ ।
“ਵੇ ਕਿਥੇ ਚੱਲਿਐਂ ਹੁਣ ?” ਬਚਿੰਤ ਕੌਰ ਉਸਨੂੰ ਬਾਹਰ ਜਾਂਦਾ ਦੇਖਕੇ ਬੋਲੀ ।
“ਕਿਤੇ ਨੀਂ, ਔਣਾ ਹੁਣੇ ਈ ।” ਕਹਿੰਦਾ ਹਰਦੇਵ ਦੱਬਵੇਂ ਪੈਰੀਂ ਬਾਹਰ ਨਿਕਲ ਗਿਆ । ਉਸਦੇ ਮਨ ਨੂੰ ਇਕ ਅਜੀਬ ਜਿਹੀ ਅਚਵੀ ਲੱਗੀ ਹੋਈ ਸੀ । ਬਾਪੂ ਨੂੰ ਪੀਂਦਿਆਂ ਦੇਖ ਕੇ ਉਸਦਾ ਦਿਲ ਵੀ ਕੀਤਾ ਕਿ ਅਜ ਪੀ ਕੇ ਹੀ ਦਿਲ ਤੋਂ ਬੋਝ ਲਾਹਿਆ ਜਾਵੇ । ਪਰ ਲਿਆਵੇ ਕਿਥੋਂ ? ਠੇਕੇ ਤੇ ਗਿਆ ਤਾਂ ਘਰ ਬਾਪੂ ਨੂੰ ਪਤਾ ਲੱਗ ਜਾਣਾ ਸੀ । ਉਸਨੇ ਬਲਕਾਰ ਨੂੰ ਮਿਲਣਾ ਠੀਕ ਸਮਝਿਆ । ਉਹ ਬਲਕਾਰ ਦੇ ਘਰ ਵੱਲ ਨੂੰ ਚੱਲ ਪਿਆ । ਬਲਕਾਰ ਘਰੋਂ ਬਾਹਰ ਨਿਕਲਦਾ ਹੀ ਉਸਨੂੰ ਮਿਲ ਪਿਆ ।
“ਕਿਧਰੋਂ ਔਣੇ ਹੋਏ ਮੇਰੇ ਆਰ ਦੇ ?" ਬਲਕਾਰ ਖਚਰੀ ਜਿਹੀ ਹਾਸੀ ਹੱਸਿਆ ।
“ਤੂੰ ਕਿਥੇ ਚੱਲਿਐਂ ਪਹਿਲਾਂ ਇਹ ਦੱਸ ?”
‘ਜਾਣਾ ਕਿਥੇ ਐ ? ਹੈਥੇ ਸੱਥ ‘ਚ ਖੜ੍ਹ ਕੇ ਸੁਣਦੇ ਆਂ ਮੰਡੀਰ ਦੇ ਗਪੌੜ ।”
“ਛੱਡ ਤੂੰ ....ਚੱਲ ਆਪਾਂ ਕਿਤੇ ਬਹਿ ਕੇ ਲਾਈਏ ਛਿੱਟ ਛਿੱਟ ।”
‘ਚੱਲ ਆਪਾਂ ਤੇਰਾ ਕਿਹਾ ਕਦੋਂ ਮੋੜਦੇ ਆਂ ? ਕਿੰਨੀ ਲੈ ਕੇ ਆਇਐਂ ?"
‘ਡੁੱਬੀ ਤਾਂ ਜੇ ਸਾਹ ਨਾ ਆਇਆ । ਜੇ ਹੁੰਦੀ ਫੇਰ ਤੇਰੇ ਕੋਲ ਈ ਔਣਾ ਸੀ ? ਤੂੰ ਈ ਕਰ ਪ੍ਰਬੰਧ, ਫੇਰ ਸਮਝ ਲਾਂਗੇ ਆਪਾਂ । ਜਾਹ ਬੋਤੀ ਆਲਿਆਂ ਕਿਓਂ ਫੜ੍ਹ ਲਿਆ ਅਧੀਆ ਘਰ ਦੀ ਕੱਢੀ ਦਾ । ਮੈਂ ਚਲਦੈਂ ਟੂਵੈਲ ਤੇ ਤੂੰ ਲੈ ਕੇ ਆ ਜਾ।”
“ਚੱਲ ਤੂੰ ਮੈਂ ਵੀ ਆਇਆ ਤੇਰੇ ਮਗਰੇ ਈ ਸੈਕਲ 'ਤੇ ।” ਬਲਕਾਰ ਦੀ ਗੱਲ ਸੁਣ ਕੇ ਹਰਦੇਵ ਚੱਕਵੇਂ ਪੈਰੀਂ ਖੇਤਾਂ ਵੱਲ ਨੂੰ ਹੋ ਤੁਰਿਆ। ਪਤਾ ਨਹੀਂ ਕਿਹੜੀ ਤਾਕਤ ਉਸਨੂੰ ਉਡਾਈ ਲਿਜਾਈ ਜਾ ਰਹੀ ਸੀ । ਉਹ ਅਜੇ ਜਾ ਕੇ ਆਪਣੇ ਟਿਊਬਵੈਲ ਕੋਲ ਪਹੁੰਚਿਆ ਹੀ ਸੀ, ਜਦੋਂ ਬਲਕਾਰ ਵੀ ਪਹੁੰਚ ਗਿਆ । ਹਰਦੇਵ ਪੀਣ ਤੋਂ ਪਹਿਲਾਂ ਹੀ ਸਰੂਰ ਵਿਚ ਆ ਗਿਆ ।
“ਆੜੀ ਸਿੰਹਾਂ ! ਬੋਤਲ ਈ ਲੈ ਆਂਦੀ ਮੈਂ ਤਾਂ ।” ਬਲਕਾਰ ਸਾਈਕਲ ਖੜ੍ਹਾ ਕਰਦਾ ਬੋਲਿਆ ।
‘‘ਐਨੀ ਕੀ ਕਰਨੀ ਸੀ ?’
‘ਜਿਹੜੀ ਪੀਤੀ ਗਈ ਪੀ ਲਾਂਗੇ, ਬਾਕੀ ਫੇਰ ਕਿਸੇ ਦਿਨ ਕੰਮ ਆ ਜੂ।”
“ਚੱਲ ਲਿਆ ਉਰੇ । ਦਾਰੂ ਤਾਂ ਵਧੀਆ ਲਗਦੀ ਐ । ਤੂੰ ਐਂ ਕਰ ਦੋ ਗੰਢੇ ਪੁੱਟ ਲਾ ....ਪੀਆਂਗੇ ਕਾਹਦੇ ‘ਚ ਯਾਰ, ਗਲਾਸ ਤਾਂ ਅੰਦਰ ਐ । ਮੈਂ ਤਾਂ ਕੁੰਜੀ ਵੀ ਨੀਂ ਲਿਆਇਆ ।” ਹਰਦੇਵ ਨੇ ਆਸੇ ਪਾਸੇ ਨਜ਼ਰ ਘੁਮਾਈ ।
ਦੂਰ ਦੂਰ ਤਕ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ ।
“ਕੋਈ ਡੱਬਾ ਡੁੱਬਾ ਈ ਦੇਖ ਲਾ ਬਾਹਰ ਪਿਐ ਤਾਂ ।"
“ਬਾਹਰ ਤਾਂ ਕੁਛ ਨੀਂ ਦੀਂਹਦਾ ਮੈਨੂੰ । ਏਹ ਤਾਂ ਕੰਮ ਮਾੜਾ ਈ ਹੋ ਗਿਆ ।
‘ਮਾੜਾ ਕਿਉਂ ਹੋ ਗਿਆ ? ਬੋਤਲ ਨਾਂ ਈ ਚੱਲਣ ਦੇ ਕੰਮ ਵਾਰੀ ਵਾਰੀ ਲਾ ਲਿਆ ਕਰਾਂਗੇ । ਨਈਂ ਤਾਂ ਡੱਟ ‘ਚ ਪਾ ਕੇ ਪੀ ਲੈ।”
“ਮੈਂ ਤੈਨੂੰ ਦੱਸਾਂ ? ਤੂੰ ਟੱਲੀ ਲਾਹ ਸੈਕਲ ਦੀ । ਉਂਗਲ ਰੱਖ ਕੇ ਮੋਰੀ ਬੰਦ ਕਰ ਲਿਆ ਕਰਾਂਗੇ ।”
“ਆਹ ਹੋਈ ਨਾ ਗੱਲ । ਨਹੀਂ ਰੀਸਾਂ ਮੇਰੇ ਆਰ ਦੀਆਂ । ਕਹਿ ਕੇ ਬਲਕਾਰ ਨੇ ਸਾਈਕਲ ਦੀ ਘੰਟੀ ਘੁਮਾ ਕੇ ਖੋਲ੍ਹ ਦਿੱਤੀ । ਉਸਨੇ ਜਦ ਤਕ ਮਿੱਟੀ ਨਾਲ ਘੰਟੀ ਨੂੰ ਸਾਫ ਕੀਤਾ, ਹਰਦੇਵ ਗੰਢੇ ਪੁੱਟ ਲਿਆਇਆ । ਚੁਬੱਚੇ ‘ਚ ਖੜ੍ਹੇ ਪਾਣੀ 'ਚ ਧੋ ਕੇ ਛੰਡ ਲਏ ।
“ਐਥੇ ਬਹਿ ਕੇ ਈ ਪਾ ਲਾ ਨਲੇ ਪਾਣੀ ਆਲਾ ਡੰਗ ਸਰਜੂ ।” ਬਲਕਾਰ ਟਿਊਬਵੈਲ ਦੇ ਕੋਲ ਬਹਿੰਦਾ ਬੋਲਿਆ । ਉਨ੍ਹਾਂ ਨੇ ਅੱਧੀ ਅੱਧੀ ਕੌਲੀ ਪੀਤੀ ਤੇ ਸਰੂਰ ਆਉਣ ਦਾ ਇੰਤਜ਼ਾਰ ਕਰਨ ਲੱਗੇ ।
“ਕਾਰੀ ! ਏਸ ਕਮੀਨ ਜਾਤ ਨੂੰ ਮੈਂ ਛੱਡਣਾ ਨੀਂ । ਮੇਰੀ ਬੇਜਤੀ ਕਰਕੇ ਉਹ ਸੌਖਾ ਨੀ ਰਹੂ । ਤੂੰ ਦੇਖੀਂ ਸਈ ਮੈਂ ਉਹਨੂੰ ਐਦਾਂ ਦਾ ਸਬਕ ਸਿਖਾਊਂ ਜੇ ਸਾਰੀ ਉਮਰ ਭੁੱਲ ਗਿਆ ਤਾਂ ਕਹਿ ਦੀ । ਹਰਦੇਵ ਦਾ ਮਨ ਰੁਲਦੂ ਲਈ ਗੁੱਸੇ ਨਾਲ ਭਰਿਆ ਪਿਆ ਸੀ ।
“ਉਹ ਤਾਂ ਮੇਰੇ ਖੱਬੇ ਹੱਥ ਦੀ ਮਾਰ ਐ । ਐਵੇਂ ਗਲ ਖੂਨ ਪੈਣ ਤੋਂ ਡਰੀਦੈ । ਤੂੰ ਜਿੱਦਣ ਆਖੇਂਗਾ ਓਦਣ ਹੀ ਦਿਖਾ ਦਿਆਂਗੇ ਪੰਜੀ ਦਾ ਭੌਣ ਉਹਨੂੰ ਤਾਂ। ਚੱਲ ਪਾ ਘੁੱਟ ਘੁੱਟ ਹੋਰ ।” ਉਨ੍ਹਾਂ ਨੇ ਇਕ ਇਕ ‘ਪੈਗ’ ਹੋਰ ਲਾਇਆ।
“ਔਧਰ ਝਾਕ, ਔਹ ਕਿਤੇ ਰੁਲਦੂ ਤਾਂ ਨੀਂ ਜਾਂਦਾ ?" ਬਲਕਾਰ ਦੂਰ ਜਾ ਰਹੇ ਮਨੁੱਖੀ ਆਕਾਰ ਵੱਲ ਸੈਨਤ ਕਰਦਾ ਬੋਲਿਆ । ‘“ਓਈਓ ਐ...ਤੂੰ ਰੋਕੀਂ ਨਾ ਹੁਣ ਮੈਨੂੰ । ਬੱਸ ਦੇਖੀਂ ਜਾਈਂ ਮੈਂ ਉਹਦੀ ਬਾਬ ਕੀ ਕਰਦੈਂ ।” ਹਰਦੇਵ ਉਠਦਾ ਹੋਇਆ ਬੋਲਿਆ । ਬਲਕਾਰ ਨੇ ਉਹਦਾ ਹੱਥ ਫੜ੍ਹ ਕੇ ਫੇਰ ਬਿਠਾ ਲਿਆ ।
“ਮੈਂ ਤੈਨੂੰ ਇਕ ਸਕੀਮ ਦਸਦੈਂ । ਉਹਨੂੰ ਆਪਾਂ ਸਦਦੇ ਆਂ ਕੋਲ। ਤੂੰ ਉਹਨੂੰ ਆਖੀਂ ਮੇਰੀ ਤੇਰੇ ਨਾਲ ਆੜੀ ।"
“ਦਿਮਾਗ ਤਾਂ ਨੀਂ ਹਿੱਲ ਗਿਆ ਤੇਰਾ ?"
“ਗੱਲ ਤਾਂ ਸੁਣ ਲਾ ਪੂਰੀ । ਤੂੰ ਕਿਹੜਾ ਪੱਕੀ ਆੜੀ ਲੌਣੀ ਐਂ । ਬੱਸ ਕਹਿ ਦੀਂ ਐਵੇਂ ਮੁਚੀ । ਉਹਨੂੰ ਘੁੱਟ ਕੁ ਪਿਆ ਦਿਆਂਗੇ । ਉਹਨੇ ਤਾਂ ਘੁੱਟ ਨਾਲ ਈ. ਘੁਕਣ ਲੱਗ ਪੈਣੈ । ਤੇ ਬੱਸ ਫੇਰ ਫੜਕੇ ਵਹਿੜਕੇ ਆਂਗੂੰ ਖਸੀ ਕਰ ਦਿਆਂਗੇ। ਤੁਰਿਆ ਫਿਰੇ ਫੇਰ ।”
‘ਗੱਲ ਠੀਕ ਐ ਤੇਰੀ । ਚੰਗਾ ਮਾਰ ਫੇਰ 'ਵਾਜ।”
‘ਰੁਲਦੂਆ ਊ...।” ਬਲਕਾਰ ਨੇ ਦੋਨਾਂ ਹੱਥਾਂ ਦਾ ਗੋਲ ਘੇਰਾ ਬਣਾ ਕੇ ਮੂੰਹ ਨਾਲ ਲਾਉਂਦਿਆਂ ਆਵਾਜ਼ ਮਾਰੀ ।
‘ਓਇ ਹੋ ?” ਰੁਲਦੂ ਨੇ ਜਵਾਬ ਦਿੱਤਾ ।
‘ਉਰੇ ਆ ਊ।”
ਰੁਲਦੂ ਦਾ ਘਰ ਬੈਠੇ ਦਾ ਦਿਲ ਉਕਤਾ ਜਿਹਾ ਗਿਆ ਤਾਂ ਉਹ ਖੇਤਾਂ ਵੱਲ ਤੁਰ ਪਿਆ । ਉਸਦੀ ਕਾਰਗੁਜ਼ਾਰੀ ਦਾ ਤਾਂ ਸਾਰੇ ਪਿੰਡ ਵਿਚ ਪਤਾ ਲੱਗ ਚੁੱਕਿਆ ਸੀ । ਹਰ ਕੋਈ ਉਸਦੀ ਤਰੀਫ਼ ਕਰਦਾ । ਹੁਣ ਉਹ ਘਰ ਵੱਲ ਮੁੜ ਰਿਹਾ ਸੀ ਜਦੋਂ ਬਲਕਾਰ ਦੀ ਆਵਾਜ਼ ਸੁਣਾਈ ਦਿੱਤੀ । ਪਹਿਲਾਂ ਤਾਂ ਉਹਦਾ ਦਿਲ ਕੀਤਾ ਕਿ ਉਹ ਬਿਨਾਂ ਜਵਾਬ ਦਿੱਤਿਆਂ ਹੀ ਤੁਰ ਜਾਵੇ । ਉਸਨੇ ਦੇਖ ਲਿਆ ਸੀ ਕਿ ਹਰਦੇਵ ਤੇ ਬਲਕਾਰ ਦੋਨੋਂ ਹੀ ਹਨ, ਇਸ ਲਈ ਝਗੜਾ ਕਰਨਾ ਚਾਹੁੰਦੇ ਹੋਣਗੇ । ਪਰ ਅੱਜ ਦੀ ਪ੍ਰਾਪਤੀ ਕਾਰਣ ਉਹ ਆਪਣੇ ਆਪ ਨੂੰ ਤਕੜਾ ਮਹਿਸੂਸ ਕਰ ਰਿਹਾ ਸੀ । ਉਹ ਉਨ੍ਹਾਂ ਵੱਲ ਚੱਲ ਪਿਆ । ਮਨ ਉਸਦਾ ਦੁਚਿੱਤੀ ਵਿਚ ਹੀ ਸੀ । ਕਦੇ ਪਿਛੇ ਮੁੜਨ ਦੀ ਸੋਚਦਾ ਤੇ ਕਦੇ ਅੱਗੇ ਵਧਣ ਦੀ । ਆਖਰ ਉਹ ਉਨ੍ਹਾਂ ਤੋਂ ਤੀਹ ਚਾਲੀ ਗਜ਼ ਦੀ ਵਿੱਥ 'ਤੇ ਹੀ ਰੁਕ ਗਿਆ । ਜੇ ਭੱਜਣ ਦੀ ਲੋੜ ਪਈ ਤਾਂ ਇਥੋਂ ਸੌਖਾ ਸੀ ।
‘ਦੱਸ ਕੀ ਐ ?”
“ਆ ਜਾ ਉਰ੍ਹੇ ।”
‘ਨਈਂ ਤੂੰ ਐਥੇ ਈ ਦੱਸ ਦੇ ।”
‘ਐਵੇਂ ਕਿਉਂ ਮੋਕ ਮਾਰੀ ਜਾਨੈਂ ?ਆ ਜਾ ਤੂੰ ਅੱਜ ਤੋਂ ਆਪਾਂ ਆੜੀ ਹੋਏ ।” ਬਲਕਾਰ ਦੀ ਗੱਲ ਦਾ ਜਿਵੇਂ ਉਸਨੂੰ ਯਕੀਨ ਨਾ ਆਇਆ ਹੋਵੇ ।
“ਹੁਣ ਆਪਣੀ ਕਾਹਦੀ ਲੜਾਈ ਐ ? ਤੂੰ ਤਾਂ ਰੱਖ ਵਖਾਈ ਆਪਣੇ ਪਿੰਡ ਦੀ । ਐਵੇਂ ਅਸੀਂ ਤੇਰੇ ਮਗਰ ਪਏ ਰਹਿੰਦੇ ਸੀ । ਹਰਦੇਵ ਵੀ ਆਂਹਦਾ ਆਪਾਂ ਰੁਲਦੂ ਨੂੰ ਆੜੀ ਬਣਾ ਲੈਣਾਂ । ਸਾਡਾ ਉਹਨੇ ਕੀ ਵਿਗਾੜਿਐ ?" ਆਪਣੀ ਵਡਿਆਈ ਦੇ ਬੋਲ ਸੁਣ ਕੇ ਰੁਲਦੂ ਦਾ ਦਿਲ ਕੀਤਾ ਕਿ ਉਹ ਭੱਜ ਕੇ ਉਨ੍ਹਾਂ ਨਾਲ ਜਾ ਬੈਠੇ ਪਰ ਉਹ ਝਕ ਜਿਹਾ ਗਿਆ ।
‘ਦੇਵ ਆਪ ਤਾਂ ਆਂਹਦਾ ਨੀਂ ।”
‘ਆਖ ਦੇ ਆਰ ਜੇ ਏਦੀ ਅਜੇ ਤਸੱਲੀ ਨੀਂ ਹੋਈ ਤਾਂ ।”
“ਅੱਜ ਤੋਂ ਆਪਾਂ ਆਤੀ । ਨਸ਼ੇ ਵਧਾਈਆਂ ਤੈਨੂੰ ਫਸਟ ਔਣ ਦੀਆਂ।” ਹਰਦੇਵ ਦੀ ਗੱਲ ਸੁਣ ਕੇ ਰੁਲਦੂ ਉਨ੍ਹਾਂ ਕੋਲ ਆ ਗਿਆ । ਬਲਕਾਰ ਦੇ ਕਹਿਣ ਤੇ ਬੈਠ ਵੀ ਗਿਆ ।
“ਆਹ ਲੈ ਲਾ ਘੁੱਟ । ਬਲਕਾਰ ਬੋਤਲ ਤੇ ਘੰਟੀ ਦੀ ਕਲੀ ਅੱਗੇ ਕਰਦਾ ਬੋਲਿਆ ।
‘ਨਾ ਬਾਈ ! ਏਹ ਕੰਮ ਨੀਂ ਕੀਤਾ ਕਦੇ ।”
‘ਅਜ ਨਾਂਹ ਨਾ ਕਰੀਂ । ਤੇਰੇ ਫਸਟ ਔਣ ਦੀ ਪਾਰਟੀ ਐ । ਨਲੇ ਆਪਣੀ ਆੜੀ ਦੀ । ਭਾਵੇਂ ਇਕ ਘੁੱਟ ਈ ਲਾ ਲਾ । ਫੇਰ ਨੀਂ ਆਂਹਦੇ ਤੈਨੂੰ।”
‘ਲੈ ਲਾ ਭੋਰਾ ਜਾਰ ! ਮੇਰੇ ਕਹੇ ਦਾ ਮਾਣ ਰੱਖ ਲਾ ।” ਹਰਦੇਵ ਨੇ ਵੀ ਸਿਫਾਰਸ਼ ਕੀਤੀ
‘ਪਰ ਮੈਂ ਕਦੇ ਪੀਤੀ ਨੀਂ, ਕਿਤੇ ਚੜ੍ਹ ਈ ਨਾ ਜਾਏ ।”
‘ਕੱਖ ਨੀਂ ਹੁੰਦਾ ਅੱਜ ਪੀ ਕੇ ਦੇਖ ਲਾ।ਨਲੇ ਹੁਣ ਤੂੰ ਕਾਲਜੀਏਟ ਬਣ ਜਾਣੈ।ਅਸੀਂ ਦੋਵੇਂ ਤਾਂ ਰਹਿਗੇ ਢੋਡਰ ਈ ।”
‘ਕਾਲਜ ਆਪਣੇ ਕਰਮਾਂ ‘ਚ ਕਿਥੇ । ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ ।”
‘ਉਹਦਾ ਤੂੰ ਫਿਕਰ ਨਾ ਕਰ । ਤੂੰ ਜੱਟ ਦੀ ਯਾਰੀ ਨੂੰ ਨੀਂ ਦੇਖਿਆ। ਐਵੇਂ ਤਾਂ ਨੀਂ ਸਿਆਣੇ ਆਂਹਦੇ, ਜੱਟ ਦੀ ਯਾਰੀ ਤੇ ਤੂਤ ਦਾ ਮੋਛਾ ਕਦੇ ਵਿਚਾਲਿਓਂ ਨੀਂ ਟੁਟਦੇ । ਹਰਦੇਵ ਆਂਹਦਾ ਸੀ ਇਹਦੇ ਬਾਪੂ ਨੇ ਤੇਰਾ ਸਾਰਾ ਖਰਚਾ ਚੁੱਕ ਲੈਣੈ ਪੜ੍ਹਾਈ ਦਾ ।” ਬਲਕਾਰ ਦੀ ਗੱਲ ਸੁਣ ਕੇ ਰੁਲਦੂ ਦਾ ਅੰਦਰ ਬਾਹਰ ਖਿੜ ਗਿਆ। ਹੁਣ ਉਹ ਪੀਣ ਤੋਂ ਨਾਂਹ ਨਹੀਂ ਸੀ ਕਰ ਸਕਦਾ ਨਹੀਂ ਤਾਂ ਕੀ ਪਤਾ ਹਰਦੇਵ ਆਪਣੇ ਬਾਪੂ ਨੂੰ ਰੋਕ ਈ ਨਾ ਦੇਵੇ ।
‘ਚੰਗਾ ਪਾ ਦੇ ਭੋਰਾ ਕੁ ਜੇ ਤੁਸੀਂ ਨਈਂ ਮੰਨਦੇ ਤਾਂ ।.....ਪਰ ਮੇਰੇ ਕੋਲ ਭਾਂਡਾ ਤਾਂ ਹੈ ਨੀਂ ।”
‘ਉਇ ਇਹਨੂੰ ਪੀਣ ਵੇਲੇ ਨੀਂ ਸੁੱਚ ਭਿੱਟ ਹੁੰਦੀ ! ਲਾ ਲਾ ਤੂੰ ਏਦ੍ਹੇ 'ਚ ਈ । ਏਹਦੀ ਮੋਰੀ ਜੀ ਬੰਦ ਕਰਲਾ ਉਂਗਲ ਨਾਂ ।” ਜਿਵੇਂ ਬਲਕਾਰ ਨੇ ਕਿਹਾ, ਰੁਲਦੂ ਨੇ ਉਵੇਂ ਹੀ ਕੀਤਾ । ਪੌਣੀ ਕੁ ਕੌਲੀ ਉਸਨੇ ਸ਼ਰਾਬ ਨਾਲ ਭਰ ਦਿੱਤੀ ਤੇ ਬਾਕੀ ਆੜ ‘ਚੋਂ ਖੜ੍ਹੇ ਪਾਣੀ ਦਾ ਬੁੱਕ ਭਰਕੇ ਉਸ ਵਿਚ ਪਾ ਦਿੱਤਾ। ਰੁਲਦੂ ਅੱਖਾਂ ਮੀਚ ਕੇ ਪੀ ਗਿਆ । ਪੀ ਕੇ ਉਸਨੇ ਧੁੜਧੁੜੀ ਜਿਹੀ ਲਈ ।
‘ਲੈ ਫੜ੍ਹ ਭੋਰਾ ਕੁ ਗੰਢਾ ਖਾ ਲਾ।” ਰੁਲਦੂ ਨੇ ਬਲਕਾਰ ਹੱਥੋਂ ਪਿਆਜ਼ ਫੜ੍ਹ ਲਿਆ ।
‘ਏਹਨੂੰ ਆਂਹਦੇ ਐ ਆੜੀ, ਇਕ ਨੇ ਆਖੀ ਦੂਜੇ ਨੇ ਮੰਨੀ।”
ਸ਼ਰਾਬ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕੀਤਾ । ਤਿੰਨੋਂ ਜਣੇ ਬੈਠੇ ਪੀਂਦੇ ਰਹੇ। ਬਲਕਾਰ ਨੇ ਜ਼ੋਰ ਦੇ ਕੇ ਇਕ ਕੌਲੀ ਰੁਲਦੂ ਨੂੰ ਵੱਧ ਪਿਆ ਦਿੱਤੀ ਸੀ ਕਿਉਂ ਕਿ ਉਹ ਲੇਟ ਆਇਆ ਸੀ । ਰੁਲਦੂ ਪੂਰੀ ਤਰ੍ਹਾਂ ਲੋਰ ਵਿਚ ਆ ਗਿਆ।
‘ਲੈ ਬਾਈ ਦੇਵ! ਅੱਜ ਤੋਂ ਤੂੰ ਮੇਰਾ ਬਾਈ। ਕਾਰੀ! ਤੂੰ ਗਵਾਹ ਐਂ ਨਾ ? ....ਬਾਈ....ਤੂੰ ਬੱਸ...ਤੂੰ ਤੂੰ ਈ ਐਂ ।” ਰੁਲਦੂ ਪੂਰਾ ਸ਼ਰਾਬੀ ਹੋ ਗਿਆ। ਉਸਦੀ ਜ਼ਬਾਨ ਲੜਖੜਾ ਰਹੀ ਸੀ ।
‘ਰੁਲਦੂਆ ! ਤੂੰ ਫਿਕਰ ਨਾ ਕਰੀਂ ਡੱਕਾ ਵੀ । ਅਸੀਂ ਤੇਰੀ ਕੰਡ ਨੀਂ ਲੱਗਣ ਦੇਣੀ ।” ਬਲਕਾਰ ਬੋਲਿਆ ।
“ਕਾਰੀ ! ...ਮੈਂ ਆਖਤਾ ਅੱਜ ਤੋਂ ਤੁਸੀਂ ਦੋਵੇਂ ਮੇਰੇ ਬਾਈ....ਹਰਦੇਵ ਮੈਨੂੰ ਮਾਫ ਕਰੀਂ ਜੇ ਮੈਂ..ਜੇ ਮੈਥੋਂ ਕੋਈ ਗਲਤੀ ਹੋਈ....ਹੋਈ ਹੋਵੇ ਤਾਂ ।” ਰੁਲਦੂ ਨੇ ਹਰਦੇਵ ਦੇ ਗੋਡੇ 'ਤੇ ਸਿਰ ਰੱਖ ਦਿੱਤਾ। “ਸਿਰ ਚੁੱਕ ਜਾਰ ! ਕੈਮ ਹੋ ਕੇ ਬਹਿ, ਤੂੰ ਕੋਈ ਨੀਂ ਕੀਤੀ ਗਲਤੀ ਗੁਲਤੀ ।” ਹਰਦੇਵ ਉਸਦਾ ਸਿਰ ਉਪਰ ਚੁੱਕਦਾ ਬੋਲਿਆ ।
“ਨਈਂ...ਮੈਂ ਕਹਿਤਾ ਬਸ...ਅੱਜ ਤੋਂ ਤੂੰ ਮੇਰਾ ਬਾਈ ਆਖੇਂ ਤਾਂ....ਮੈਂ ਜਾਨ ਤੇਰੇ ਤੇ.... ਜਾਨ ਵਾਰ ਦਿਆਂ ....ਤੂੰ ਆਖ ਸਈ ਆਖਂੇ ਤਾਂ ਮੈਂ ਕਹਿ ਦੂੰ ਪਰੀਤ ਨੂੰ ਬਈ... ਤੂੰ ਮੇਰੇ ਜਾਰ ਹਰਦੇਵ.....ਬੱਸ ਤੂੰ.....ਮੇਰਾ ਬਾਈ ਕਾਰੀ ! ਤੂੰ.....ਗਵਾਹ...ਔਹ ਰੱਬ ਸੱਚਾ ਪਾਸ਼ਾ ਗਵਾਹ.....ਤੂੰ ਅੱਜ ਤੋਂ ..... ਮੇਰਾ ਬਾਈ .ਮੈਂ ਤੇਰਾ ......।"
‘ਚੰਗਾ ਲੈ ਫੜ ਆਹ ਜਿਹੜੀ ਬਚਦੀ ਐ ਭੋਰਾ, ਐਵੇਂ ਸਰਾਪ ਦਿਊ ਪਈ ।”
‘ਪਾ ਦੇ, ਪਾ ਦੇ ਆਖੇਂ ਤਾਂ……ਹੋ ਹਟ ਜੋ ਉਇ ਪਿੰਡ ਆਲਿਓ.... ਹੁਰਰ ਥੋਡੀ ਦੀ ਉਇ... ।” ਰੁਲਦੂ ਨੇ ਬਕਰਾ ਬੁਲਾਇਆ ਤੇ ਚੁਫਾਲ ਡਿੱਗ ਪਿਆ ।
“ਲੈ ਬਈ ਮਿੱਤਰਾ ! ਆਹ ਪਿਐ ਤੇਰਾ ਸ਼ਿਕਾਰ । ਜਿਵੇਂ ਮਰਜ਼ੀ ਵਢ ਟੁੱਕ । ਬਲਕਾਰ ਨੇ ਹਰਦੇਵ ਦਾ ਮੋਢਾ ਥਾਪੜਿਆ ।
“ਤੂੰ ਫੜ੍ਹ ਏਹਨੂੰ ਲੱਤਾਂ ਅੱਲੋਂ ਤੇ ਮੈਂ ਚੁੱਕਦੈ ਸਿਰ ਅੱਲੋਂ । ਚੱਲ ਦਈਏ ਦੇ ਗੋਤੇ ਪਾਣੀ ‘ਚ ।” ਦੋਵਾਂ ਨੇ ਉਸਨੂੰ ਚੁੱਕ ਲਿਆ ।
‘ਮੈਂ ਏਹਦੀਆਂ ਲੱਤਾਂ ਫੜ੍ਹ ਕੇ ਰਖਦੈਂ, ਤੂੰ ਸਿਰ ਡੁਬੋ ਪਾਣੀ ‘ਚ । ਜੇ ਪੁੱਛੂ ਕੀ ਕਰਦੇ ਐਂ ਤਾਂ ਆਖਾਂਗੇ ਤੇਰੀ ਦਾਰੂ ਲੌਹਣੇ ਆਂ ।"
‘ਏ ਆਹ ਲੈ 'ਨਾਮ ਫਸਟ ਔਣ ਦਾ।" ਹਰਦੇਵ ਨੇ ਉਸਦਾ ਲੱਤਾਂ ਤੋਂ ਉਪਰਲਾ ਧੜ ਪਾਣੀ ‘ਚ ਸਿਟਦਿਆਂ ਕਿਹਾ । ਸ਼ਰਾਬੀ ਹੋਏ ਬਲਕਾਰ ਤੋਂ ਉਸਦਾ ਭਾਰ ਸੰਭਾਲਿਆ ਨਾ ਗਿਆ ਜਿਸ ਕਾਰਣ ਉਸਦੇ ਹੱਥੋਂ ਲੱਤਾਂ ਛੱਟ ਗਈਆਂ ਤੇ ਰੁਲਦੂ ਚੁਬੱਚੇ ਵਿਚ ਡਿੱਗ ਪਿਆ । ਦੋਵਾਂ ਦੀ ਜਿਵੇਂ ਪੀਤੀ ਹੋਈ ਉਤਰ ਗਈ ਹੋਵੇ।
“ਇਹ ਕੀ ਹੋ ਗਿਆ ? ਚੱਲ ਵੜ ਵਿਚ, ਕਢੀਏ । ਕਿਤੇ ਮਰ ਈ ਨਾ ਜਾਵੇ ।” ਬਲਕਾਰ ਬੋਲਿਆ । ਦੋਹਾਂ ਨੇ ਪੈਂਟਾਂ ਲਾਹੀਆਂ ਤੇ ਚੁਬੱਚੇ ਵਿਚ ਵੜ ਗਏ। ਪਾਣੀ ਭਰਿਆ ਹੋਣ ਕਰਕੇ ਉਨ੍ਹਾਂ ਦੇ ਹੱਥ ਥੱਲੇ ਨਹੀਂ ਸਨ ਲੱਗ ਰਹੇ । ਪੈਰ ਰੁਲਦੂ ਦੀ ਦੇਹ ਨਾਲ ਛੂਹ ਰਹੇ ਸਨ । ਬਲਕਾਰ ਥੱਲੇ ਨੂੰ ਝੁਕਿਆ ਤਾਂ ਉਹਦੇ ਨੱਕ 'ਚ ਪਾਣੀ ਵੜ ਗਿਆ । ਕੁਛ ਦੇਰ ਉਹ ਖੰਘਦਾ ਰਿਹਾ ।
“ਤੈਥੋਂ ਨਿਕਲਦੈ ਤਾਂ ਕਢ ਲਾ ਮੈਥੋਂ ਤਾਂ ਨੀਂ ਮਰਿਆ ਜਾਂਦਾ ।” ਬਲਕਾਰ ਬਾਹਰ ਨਿਕਲ ਆਇਆ । “ਹੁਣ ਤਕ ਤਾਂ ਮਰ ਗਿਆ ਹੋਊ ।"
“ਹੁਣ ਕੀ ਕਰੀਏ ?” ਹਰਦੇਵ ਨੂੰ ਚਿੰਤਾ ਨੇ ਆ ਘੇਰਿਆ । ਉਸਦਾ ਸਰੀਰ ਕੰਬਣ ਲੱਗ ਪਿਆ ।
“ਕਰਨਾ ਕੀ ਐ?ਆਪਾਂ ਨੂੰ ਕਿਹੜਾ ਕਿਸੇ ਨੇ ਦੇਖਿਐ ਐਥੇ ਕੱਠੇ ਪੀਂਦਿਆਂ ਨੂੰ ।ਨਾ ਹੀ ਅਸੀਂ ਦੱਸਣੈ ਕਿਸੇ ਨੂੰ । ਸਾਨੂੰ ਕੀ ਪਤੈ ਕਿਵੇਂ ਮਰ ਗਿਆ।”
“ਇਹ ਗੱਲ ਠੀਕ ਐ ਤੇਰੀ ।" ਹਰਦੇਵ ਵੀ ਬਾਹਰ ਨਿਕਲ ਆਇਆ।
“ਤੂੰ ਮਿੰਟੋਂ ਪਹਿਲਾਂ ਪੈਂਟ ਪਾ ਲਾ ਆਪਾਂ ਤੁਰਦੇ ਹੋਈਏ । ਇਹ ਨਾ ਹੋਵੇ ਕਿਸੇ ਦੇ ਨਜ਼ਰੀਂ ਪਈਏ ।” ਬਲਕਾਰ ਤੇਜੀ ਨਾਲ ਪੈਂਟ ਪਾਉਂਦਾ ਬੋਲਿਆ । ਹਰਦੇਵ ਨੇ ਵੀ ਪੈਂਟ ਪਾ ਲਈ
“ਕਾਰੀ ! ਕਿਸੇ ਕੋਲ ਗੱਲ ਨਾ ਕਰਦੀਂ ਕਿਤੇ ।"
“ਲੈ, ਮੈਂ ਕਿਤੇ ਐਨਾ ਈ ਘੋਗੜ ਕੰਨੈ।" ਦੋਵਾਂ ਨੇ ਇਕ ਵਾਰੀ ਫੇਰ ਚੁਬੱਚੇ ਵੱਲ ਵੇਖਿਆ ਤੇ ਉਥੋਂ ਚੱਲ ਪਏ ।
...ਚਲਦਾ...