11
ਜਦ ਰਾਤ ਤਕ ਰੁਲਦੂ ਘਰ ਨਾ ਆਇਆ ਤਾਂ ਪਿਛਲਿਆਂ ਨੂੰ ਫਿਕਰ ਹੋਇਆ । ਚਾਰੂ ਦੀ ਤਾਂ ਅੱਜ ਅੱਡੀ ਜ਼ਮੀਨ 'ਤੇ ਨਹੀਂ ਸੀ ਲੱਗੀ ਪਰ ਹੁਣ ਉਸਦਾ ਦਿਲ ਕਾਹਲਾ ਪੈ ਰਿਹਾ ਸੀ । ਐਨੀ ਰਾਤ ਤਕ ਤਾਂ ਰੁਲਦੂ ਕਦੇ ਵੀ ਬਾਹਰ ਨਹੀਂ ਸੀ ਰਿਹਾ । ਆਖਰ ਅਜ ਗਿਆ ਤਾਂ ਗਿਆ ਕਿਥੇ ? ਚੰਨੀ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸੀ । ਜਾਣ ਲੱਗਾ ਉਹ ਕੁਛ ਕਹਿ ਕੇ ਵੀ ਨਹੀਂ ਸੀ ਗਿਆ । ਉਸਦਾ ਘਰ ਤੋਂ ਬਿਨਾਂ ਕੋਈ ਟਿਕਾਣਾ ਵੀ ਨਹੀਂ ਸੀ । ਲੱਭਣ ਜਾਂਦੇ ਤਾਂ ਜਾਂਦੇ ਕਿੱਥੇ ? ਸਾਰੀ ਰਾਤ ਬੀਤ ਗਈ ਪਰ ਨਾ ਚੰਨੀ ਨੂੰ ਨੀਂਦ ਆਈ ਨਾ ਹੀ ਚਾਰੂ ਨੂੰ ।
ਸਵੇਰੇ ਪਹੁ-ਫੁਟਾਲੇ ਹੀ ਰੁਲਦੂ ਦੀ ਸੁਨੌਣੀ ਆ ਗਈ । ਤਰਖਾਣਾਂ ਦਾ ਮੱਘਰ ਬਾਹਰ ਗਿਆ ਤਾਂ ਟਿਊਬਵੈਲ 'ਤੇ ਨਹਾਉਣ ਲੱਗੇ ਨੂੰ ਪਾਣੀ ਅੰਦਰ ਕੋਈ ਚੀਜ਼ ਨਜ਼ਰ ਆਈ । ਉਸਨੇ ਗਹੁ ਨਾਲ ਵੇਖਿਆ ਤਾਂ ਸਾਫ਼ ਪਾਣੀ ਵਿਚੋਂ ਆਦਮੀ ਦੀ ਲਾਸ਼ ਪਹਿਚਾਣਨ ਵਿਚ ਦੇਰ ਨਾ ਲੱਗੀ । ਤੇ ਫਿਰ ਇਹ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਪਿੰਡ ਵਿਚ ਫੈਲ ਗਈ ।
ਰੁਲਦੂ ਦੀ ਮੌਤ ਦੀ ਖਬਰ ਸੁਣਦਿਆਂ ਹੀ ਚੰਨੀ ਗਸ਼ ਖਾ ਗਈ । ਚਾਰੂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ । ਅਚਾਨਕ ਇਹ ਬਿਪਤਾ ਕਿਵੇਂ ਆ ਪਈ। ਕਦੇ ਸੋਚਿਆ ਤਕ ਵੀ ਨਹੀਂ ਸੀ ਕਿ ਇੱਦਾਂ ਹੋ ਜਾਵੇਗਾ । ਅਜੇ ਕੱਲ੍ਹ ਵਰਗੀ ਹੀ ਤਾਂ ਗੱਲ ਹੈ ਜਦੋਂ ਦਸਵੀਂ ਦਾ ਦਾਖਲਾ ਮੰਗਦਾ ਫਿਰਦਾ ਸੀ। ਤੇ ਅਜੇ ਉਸ ਗੱਲ ਨੂੰ ਵੀ ਕਿੰਨਾ ਕੁ ਸਮਾਂ ਬੀਤਿਆ ਸੀ ਜਦੋਂ ਚਾਰੂ ਪੁੱਤਰ ਦੇ ਦਾਖਲੇ ਲਈ ਖੂਨ ਵੇਚਣ ਸ਼ਹਿਰ ਗਿਆ ਸੀ । ਅਜੇ ਕੱਲ੍ਹ ਤਾਂ ਉਸੇ ਖੂਨ ਨੇ ਥੋੜ੍ਹੀ ਜਿਹੀ ਖੁਸ਼ੀ ਦਿੱਤੀ ਸੀ ਪਰ ਇਸ ਛੋਟੀ ਜਿਹੀ ਖੁਸ਼ੀ ਲਈ ਐਨਾ ਵੱਡਾ ਸਦਮਾ ਉਸ ਲਈ ਅਸਹਿ ਸੀ।
ਸਾਰਾ ਵਿਹੜਾ ਉਨ੍ਹਾਂ ਦੇ ਘਰ ਜਮ੍ਹਾਂ ਹੋਇਆ ਖੜ੍ਹਾ ਸੀ।ਕਿਸੇ ਨੇ ਚੰਨੀਂ ਨੂੰ ਸੰਭਾਲਿਆ ਹੋਇਆ ਸੀ ਤੇ ਕਿਸੇ ਨੇ ਚਾਰੂ ਨੂੰ । ਉਹ ਦੋਵੇਂ ਬਾਹਰ ਵੱਲ ਨੂੰ ਭੱਜਦੇ ਪਰ ਇਕੱਠੇ ਹੋਏ ਲੋਕ ਉਨ੍ਹਾਂ ਦੀ ਕੋਈ ਪੇਸ਼ ਨਾ ਜਾਣ ਦਿੰਦੇ । ਉਨ੍ਹਾਂ ਨੂੰ ਡਰ ਸੀ ਕਿ ਕਿਤੇ ਸਦਮੇ ਨੂੰ ਨਾ ਸਹਾਰਦਿਆਂ ਉਹ ਵੀ ਕੋਈ ਕਾਰਾ ਨਾ ਕਰ ਲੈਣ। ਚਾਰ ਬੰਦੇ ਰੁਲਦੂ ਦੀ ਲਾਸ਼ ਲੈਣ ਗਏ ਹੋਏ ਸਨ ।
ਜਦ ਰੁਲਦੂ ਦੀ ਲਾਸ਼ ਲਿਆ ਕੇ ਵਿਹੜੇ ਵਿਚ ਰੱਖੀ ਗਈ ਤਾਂ ਚੰਨੀ ਗਸ਼ ਖਾ ਗਈ । ਚਾਰੂ ਭੁੱਬਾਂ ਮਾਰ ਉਠਿਆ । ਉਸਦੇ ਘਰ ਦਾ ਚਰਾਗ ਬੁਝ ਗਿਆ, ਉਸਦੀਆਂ ਆਸਾਂ ਦੀ ਢੇਰੀ ਉਸਦੇ ਵਿਹੜੇ ਵਿਚ ਪਈ ਸੀ । ਉਹ ਆਪਣਾ ਆਪ ਛੁਡਾ ਕੇ ਵਿਹੜੇ 'ਚ ਖੜ੍ਹੀ ਡੇਕ ਨਾਲ ਟੱਕਰਾਂ ਮਾਰਦਾ ਲੋਕਾਂ ਲਈ ਸੰਭਾਲਣਾ ਔਖਾ ਹੋ ਰਿਹਾ ਸੀ।
“ਚਾਰੂ ਸਿੰਹਾਂ ! ਹੌਸਲਾ ਕਰ । ਡਾਢੇ ਨੂੰ ਏਵੇਂ ਈ ਭੌਂਦਾ ਸੀ ।” ਬਾਬਾ ਮੋਦਨ ਚਾਰੂ ਨੂੰ ਹੌਸਲਾ ਦੇ ਰਿਹਾ ਸੀ ।
‘ਡਾਢਾ ਵੀ ਤਾਂ ਜ਼ੁਲਮ ਕਰਦੈ ਬਾਬਾ । ਦੱਸ ਭਲਾ ਏਸ ਅਲੂੰਏਂ ਜੁਆਕ ਨੇ ਕਿਹੜਾ ਰੱਬ ਦੇ ਮਾਂਹ ਪੱਟੇ ਸੀ।”ਘੁੱਲੇ ਭਲਵਾਨ ਨੇ ਉਦਾਸੀ 'ਚ ਸਿਰ ਹਿਲਾਇਆ ।
‘ਕਦੇ ਅੱਖ ‘ਚ ਪਾਇਆ ਨੀਂ ਸੀ ਰੜਕਿਆ । ਐਨਾ ਕੂਨਾ ਮੁੰਡਾ ਸਾਰੇ ਵਿਹੜੇ 'ਚ ਨੀਂ ਦੇਖਣ ਨੂੰ... ਬਖਸ਼ ਲੀਂ ਸੱਚਿਆ ਪਾਸ਼ਾਹ।” ਮਾਘੀ ਨੇ ਉਪਰ ਵੱਲ ਅੱਖਾਂ ਕਰਦਿਆਂ ਕਿਹਾ ।
‘ਦੇਖ ਲੋ ਸਾਹਮਣੇ ਪਈ ਐ ਮਿੱਟੀ, ਫੇਰ ਵੀ ਸੱਚ ਜਿਆ ਨੀਂ ਔਂਦਾ। ਕੱਲ੍ਹ ਸਹੁਰਾ 'ਖਬਾਰ ਜੀ ਚੁੱਕੀ ਫਿਰੇ, ਅਖੇ ਬਾਬਾ ਮੈਂ ਪਹਿਲਾ ਨੰਬਰ ਲੈ ਲਿਆ। ਮੈਂ ਕਿਹਾ, ਸਾਊਆ ! ਹੁਣ ਕੋਈ ਅਫਸਰ ਉਫਸਰ ਲੱਗ ਜੇਂਗਾ ਕਿਤੇ ? ਆਂਹਦਾ ਬਾਬਾ ਅਜੇ ਤਾਂ ਮੈਂ ਹੋਰ ਪੜੂੰਗਾ ਸ਼ਹਿਰ ‘ਚ । ਕੀ ਪਤਾ ਸੀ ਹੋਣੀ ਸਿਰ 'ਤੇ ਈ ਤੁਰੀ ਫਿਰਦੀ ਐ ।" ਬਾਬਾ ਮੋਦਨ ਕਲ੍ਹ ਦੀਆਂ ਗੱਲਾਂ ਯਾਦ ਕਰ ਰਿਹਾ ਸੀ।
“ਬਾਬਾ ! ਮੈਨੂੰ ਤਾਂ ਲਗਦੈ ਜਿਵੇਂ ਏਹਨੂੰ ਕਿਸੇ ਨੇ ਮਾਰਿਆ ਹੋਵੇ । ਆਪਾਂ ਪੁਲਸ ਕੋਲ ਰਪਟ ਕਰ ਦਈਏ।"ਬੰਤੇ ਫੌਜੀ ਨੇ ਸਲਾਹ ਦਿੱਤੀ ।
‘ਫੌਜੀਆ ! ਕੀ ਲੋੜ ਐ ? ਐਵੇਂ ਪੁਲਸ ਆਲੇ ਮਿੱਟੀ ਨੂੰ ਖਰਾਬ ਕਰਨਗੇ । ਏਹਦੀ ਕਿਹੜਾ ਦੁਸ਼ਮਨੀ ਸੀ ਕਿਸੇ ਨਾਂ । ਖਬਰੇ ਕਿਵੇਂ ਭਾਣਾ ਵਾਪਰ ਗਿਆ ?” ਮਾਘੀ ਨੇ ਕਿਹਾ ।
‘ਤਿੰਨ ਫੁੱਟ ਉਚੇ ਚੁਬੱਚੇ 'ਚ ਇਹ ਤੁਰਿਆ ਜਾਂਦਾ ਤਾਂ ਡਿੱਗ ਨੀਂ ਸਕਦਾ । ਮੈਨੂੰ ਤਾਂ ਕੋਈ ਗੜਬੜ ਲਗਦੀ ਐ । ਤੁਸੀਂ ਸੰਭਾਲੋ ਏਨ੍ਹਾਂ ਨੂੰ, ਮੈਂ ਤੇ ਤੇਜਾ ਜਾਨੇਂ ਆਂ ਸ਼ਹਿਰ ।”
ਇਕ ਘੰਟੇ ਬਾਅਦ ਪੁਲਿਸ ਪਹੁੰਚ ਗਈ ਤੇ ਹੁਣ ਲਾਸ਼ ਪੁਲਿਸ ਦੇ ਕਬਜ਼ੇ ਵਿਚ ਸੀ । ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ । ਲਾਸ਼ ਲਿਆਉਣ ਵਾਲਿਆਂ ਤੋਂ ਪੁੱਛਗਿੱਛ ਕੀਤੀ । ਟਿਊਬਵੈਲ ਕੋਲ ਪਈ ਖਾਲੀ ਬੋਤਲ ਤੇ ਘੰਟੀ ਦਾ ਖੋਲ ਆਪਣੇ ਕਬਜ਼ੇ ਵਿਚ ਕਰ ਲਿਆ ।
ਥਾਣੇਦਾਰ ਸਰਪੰਚ ਦਾ ਦੋਸਤ ਸੀ । ਉਨ੍ਹਾਂ ਦਾ ਖਾਣ-ਪੀਣ ਸਾਂਝਾ ਸੀ। ਅਤੇ ਦੂਜਾ ਸਰਪੰਚ ਹੋਣ ਕਾਰਣ ਵੀ ਉਹ ਪੁਲਿਸ ਵਾਲਿਆਂ ਨਾਲ ਫਿਰ ਰਿਹਾ ਸੀ। ਪਹਿਲਾਂ ਉਹ ਚਾਰੂ ਦੇ ਘਰ ਗਿਆ ਤੇ ਉਸਨੂੰ ਦਿਲਾਸਾ ਦਿੱਤਾ । ਘਟਨਾ ਉਸਦੇ ਖੇਤਾਂ ਵਿਚ ਵਾਪਰੀ ਸੀ, ਇਸ ਲਈ ਉਹ ਡਰ ਵੀ ਰਿਹਾ ਸੀ। ਉਸਨੂੰ ਸ਼ੱਕ ਹੋ ਰਿਹਾ ਸੀ ਕਿ ਕਿਤੇ ਇਹ ਸ਼ਰਾਰਤ ਹਰਦੇਵ ਦੀ ਹੀ ਨਾ ਹੋਵੇ । ਟਿਊਬਵੈਲ ਤੇ ਮੁਆਇਨਾ ਕਰਦੇ ਥਾਣੇਦਾਰ ਨੇ ਇਕ ਸਿਪਾਹੀ ਦੀ ਉਥੇ ਡਿਊਟੀ ਲਾ ਦਿੱਤੀ ਤੇ ਦੂਜੇ ਨੂੰ ਉਹ ਚਾਰੂ ਦੇ ਘਰ ਬਿਠਾ ਆਇਆ ਸੀ। ਆਪ ਉਹ ਸਰਪੰਚ ਨਾਲ ਉਹਦੇ ਘਰ ਪਹੁੰਚ ਗਿਆ ।
‘ਮਿੱਤ ਸਿਆਂ ! ਇਹ ਸਿਰ ਖਪਾਈ ਤਾਂ ਸਾਰੀ ਉਮਰ ਨੀਂ ਮੁੱਕਣੀ । ਲੈ ਪਹਿਲਾਂ ਥਕਾਵਟ ਲਾਹ ਲੈ ਆਪਣੀ ।” ਜਸਵੰਤ ਸਿੰਘ ਨੇ ਬੋਤਲ ਮੂਹਰੇ ਰਖਦਿਆਂ ਕਿਹਾ ।
‘ਮੈਂ ਕਦੇ ਸਵੇਰੇ ਪੀਤੀ ਨੀਂ । ਲੈ ਫੜ ਗਲਾਸ ਤੂੰ ਲਾ ਰੰਗ 'ਕੱਲਾ ਈ।”
“ਸਰਦਾਰਾ ! ਏਹੋ ਜੇ ਕੰਮਾਂ ਨੂੰ ਵੇਲਾ ਨੀਂ ਵੇਖੀਦਾ । ਜੇ ਤੂੰ ਨੀਂ ਪੀਣੀ ਤਾਂ ਕੋਲ ਬਹਿ ਜਾ । ਪਾ ਕੇ ਦੇ ਦੇ ਅਸੀਂ ਤਾਂ ਯਾਰ ਦੇ ਹੱਥੋਂ ਪੀਣੀ ਐ।” ਥਾਣੇਦਾਰ ਦੀ ਗੱਲ ਸੁਣਕੇ ਸਰਦਾਰ ਨੇ ਪਾਣੀ ਮੰਗਵਾਇਆ ਤੇ ਗਲਾਸ ਭਰਕੇ ਉਸਨੂੰ ਪੇਸ਼ ਕੀਤਾ । ਅੰਦਰੋਂ ਉਸਦਾ ਮਨ ਕਾਹਲਾ ਪੈ ਰਿਹਾ ਸੀ । ਦੋ ਮਿੰਟ ਦਾ ਸਮਾਂ ਮੰਗ ਕੇ ਉਹ ਅੰਦਰ ਗਿਆ । ਹਰਦੇਵ ਅੰਦਰ ਹੀ ਡਰ ਕੇ ਲੁਕਿਆ ਬੈਠਾ ਸੀ । ਸਰਦਾਰ ਉਸਨੂੰ ਉਠਾ ਕੇ ਪਸ਼ੂਆਂ ਵਾਲੇ ਅੰਦਰ ਇਕਾਂਤ ‘ਚ ਲੈ ਗਿਆ ।
‘ਕਲ੍ਹ ਆਥਣੇ ਕਿਥੋਂ ਆਇਆ ਸੀ ?” ਸਰਦਾਰ ਨੇ ਸਵਾਲ ਕੀਤਾ ।
“ਮੈਂ.... ਮੈਂ ਤਾਂ......... ”
“ਮਿਆਂਕੀ ਕਿਉਂ ਜਾਨੈਂ ਬੱਕਰੀ ਆਂਗੂੰ ? ਮੈਨੂੰ ਸੱਚੋ ਸੱਚੀਂ ਦੱਸ ਦੇ, ਨਈਂ ਤਾਂ ਫੇਰ ਨਾ ਆਖੀਂ ਮੈਨੂੰ ਬਚਾਇਆ ਨੀਂ । ਹੁਣ ਤਾਂ ਠਾਣੇਦਾਰ ਬੈਠਾ ਐ ਘਰੇ।” ਪਿਉ ਦੀ ਗੱਲ ਸੁਣਕੇ ਹਰਦੇਵ ਘਬਰਾ ਗਿਆ ।
“ਅਸੀਂ ਤਾਂ ਊਂ ਈ ਮਖੌਲ ਕੀਤਾ ਸੀ ।”
“ਸਾਲਾ ਮਖੌਲ ਦਾ, ਹੋਰ ਕੌਣ ਸੀ ਤੇਰੇ ਨਾਲ ?"
“ਬਲਕਾਰ ਸੀਗਾ ਚੁਬਾਰੇ ਆਲਿਆਂ ਦਾ ।"
‘ਹਰਾਮਜ਼ਾਦਿਆ ਤੈਨੂੰ ਆਪਣਾ ਟੂਵੈਲ ਮਿਲਿਆ ਮਾਰਨ ਨੂੰ ? ਹੋਰ ਕੋਈ ਥਾਂ ਹੈ ਨੀਂ ਸੀ ਪਿੰਡ 'ਚ ? ਜੰਮਣ ਨੂੰ ਪਿਆ ਸੀ ।” ਸਰਦਾਰ ਕਰੋਧ ਨਾਲ ਭਰਿਆ ਉਥੋਂ ਨਿਕਲਿਆ । ਬਚਿੰਤ ਕੌਰ ਅਚੰਭੇ ਨਾਲ ਉਨ੍ਹਾਂ ਵੱਲ ਦੇਖ ਰਹੀ ਸੀ ਪਰ ਉਸਨੂੰ ਕੋਈ ਸਮਝ ਨਹੀਂ ਸੀ ਆ ਰਹੀ । ਸਰਦਾਰ ਨੇ ਪਹਿਲਾਂ ਸੋਚਿਆ ਬਲਕਾਰ ਨੂੰ ਫਸਾ ਦੇਵੇ । ਪਰ ਜੇ ਕੇਸ ਕਿਸੇ ਹੋਰ ਦੇ ਹੱਥ ਚਲਿਆ ਗਿਆ ਤਾਂ ਨਾਲ ਹਰਦੇਵ ਵੀ ਫਸ ਸਕਦਾ ਸੀ । ਇਸ ਲਈ ਉਸਨੇ ਗਲੋਂ ਬਲਾ ਲਾਹੁਣੀ ਹੀ ਠੀਕ ਸਮਝੀ । ਉਸਨੇ ਅੰਦਰੋਂ ਪੇਟੀ 'ਚੋਂ ਦੋ ਹਜ਼ਾਰ ਰੁਪਿਆ ਕਢ ਕੇ ਜੇਬ 'ਚ ਪਾ ਲਿਆ ।
‘ਮਖ ਕੀ ਕਰਨ ਲੱਗ ਪਿਆ ਸੀ ਸਰਦਾਰਾ ?" ਥਾਣੇਦਾਰ ਅੱਧੀ ਬੋਤਲ ਖਾਲੀ ਕਰੀ ਬੈਠਾ ਸੀ ।
‘ਕਰਨਾ ਕੀ ਸੀ, ਮੁੰਡੇ ਨੂੰ ਭੇਜ ਕੇ ਆਇਐਂ ਬਾਜੀਗਰਾਂ ਦਿਉਂ ਮੁਰਗਾ ਫੜ੍ਹ ਲਿਆਊਗਾ ਵਧੀਆ ਜਿਆ । ਰੋਟੀ ਤਾਂ ਚੱਜ ਨਾਂ ਖਾਈਏ । ਮਖ ਪਾ ਭੋਰਾ ਅਜੇ ਊਂਈ ਰੱਖੀ ਬੈਠੈਂ ।”
“ਸਰਦਾਰਾ ! ਤੂੰ ਦਾਰੂ ਈ ਬਲਾ ਵਧੀਆ ਰੱਖੀ ਬੈਠੈਂ । ਅੱਧੀ ਪੀ ਕੇ ਈ ਕੰਡੇ ‘ਚ ਹੋਗੇ।”
‘ਆਹ ਲੈ ਫੜ੍ਹ, ਕਦੇ ਕੰਮ ਔਣਗੇ ।” ਸਰਦਾਰ ਨੇ ਨੋਟ ਉਸ ਵੱਲ ਵਧਾਏ । “ਦੋ ਹਜ਼ਾਰ ਐ ।”
“ਇਹ ਕਾਹਦੇ ਬਈ ?”
‘ਏਸ ਕੇਸ ਨੂੰ ਛੱਡ ਪਰ੍ਹਾਂ । ਐਵੇਂ ਖੱਜਲ ਖਵਾਰ ਹੁੰਦਾ ਫਿਰੇਂਗਾ । ਆਵਦੀ ਕਾਰਵਾਈ ਪਾ ਤੇ ਬੱਸ ।”
“ਉਹ ਤਾਂ ਠੀਕ ਐ ਪਰ ਤੂੰ ਕਾਹਤੋਂ ਦਿੰਨੈਂ ?”
“ਯਾਰ ! ਆਪਣੇ ਟੂਵੈਲ ਤੇ ਗੱਲ ਹੋਈ ਆ । ਲੋਕੀਂ ਸ਼ੱਕ ਕਰਨਗੇ ਪਤਾ ਨੀਂ ਮੈਂ ਈ ਕੁਛ ਕਰਤਾ । ਨਲੇ ਉਹ ਅਪਣੇ ਮੁੰਡੇ ਦਾ ਆੜੀ ਸੀ, 'ਕੱਠੇ ਪੜ੍ਹਦੇ ਸੀ । ਕਲ੍ਹ 'ਕੱਠੇ ਖਾਂਦੇ ਪੀਂਦੇ ਰਹੇ । ਇਹ ਤਾਂ ਘਰੇ ਆ ਗਿਆ, ਮਗਰੋਂ ਪਤਾ ਨੀਂ ਉਹਨੂੰ ਕੀ ਸੁੱਝੀ, ਸਹੁਰੀ ਦਾ ਡੁੱਬ ਮਰਿਆ ।” ਥਾਣੇਦਾਰ ਨੂੰ ਗੱਲ ਸਮਝਦਿਆਂ ਦੇਰ ਨਾ ਲੱਗੀ ।
‘ਤਾਂ ਏਹ ਗੱਲ ਐ.....ਕੋਈ ਫਿਕਰ ਨਾ ਕਰ । ਸਾਡੇ ਹੁੰਦਿਆਂ ਤੇਰੀ 'ਵਾ ਵੱਲ ਨੀਂ ਝਾਕ ਸਕਦਾ ਕੋਈ । ਊਂ ਤੈਨੂੰ ਪਤਾ ਈ ਐ ਬਈ ਤਿੰਨ ਸੌ ਦੋ ਬਣਦੀ ਐਂ । ਕੋਈ ਹੋਰ ਹੁੰਦਾ ਤਾਂ ਦਸ ਪੰਦਰਾਂ ਤੋਂ ਘੱਟ ਗੱਲ ਨੀਂ ਸੀ ਬਣਨੀ, ਪਰ ਤੂੰ ਤਾਂ ਆਪਣਾ ਯਾਰ ਐਂ । ਫੇਰ ਕੇੜ੍ਹਾ ਕੰਮ ਨੀਂ ਔਣਾ ਕਦੇ ਤੂੰ। ਆਪਾਂ ਖੁਦਕੁਸ਼ੀ ਦਾ ਕੇਸ ਬਣਾ ਕੇ ਪਰ੍ਹਾਂ ਮਾਰਦੇ ਆਂ ।” ਥਾਣੇਦਾਰ ਦੀ ਗੱਲ ਸੁਣਕੇ ਸਰਦਾਰ ਅੰਦਰੋਂ ਕੁੜ੍ਹ ਗਿਆ । ਨਲੇ ਦੋ ਹਜ਼ਾਰ ਡਕਾਰ ਗਿਆ ਨਲੇ ਅਹਿਸਾਨ ਵਾਧੂ ਦਾ ।
ਥਾਣੇਦਾਰ ਰੋਟੀ ਖਾ ਕੇ ਵਿਹੜੇ ਵੱਲ ਨੂੰ ਤੁਰ ਪਿਆ । ਸਰਦਾਰ ਵੀ ਉਹਦੇ ਨਾਲ ਸੀ । ਸਾਰਾ ਇਕੱਠ ਉਨ੍ਹਾਂ ਦਾ ਹੀ ਰਾਹ ਵੇਖ ਰਿਹਾ ਸੀ । ਥਾਣੇਦਾਰ ਦੇ ਪੈਰ ਉਖੜ ਰਹੇ ਸਨ ।
“ਮਰਨ ਆਲੇ ਦਾ ਪਿਉ ਕਿਥੇ ਆ ਓਇ ?” ਥਾਣੇਦਾਰ ਦੀ ਗੱਲ ਸੁਣਕੇ ਚਾਰੂ ਅੱਖਾਂ ਪੂੰਝਦਾ ਮੂਹਰੇ ਆ ਗਿਆ ।
“ਮੈਨੂੰ ਸੱਚੋ ਸੱਚ ਦੱਸ ਕੱਲ ਤੂੰ ਮੁੰਡੇ ਨੂੰ ਕੀ ਆਖਿਆ ਸੀ ਜਿਹੜੀ ਉਹਨੇ ਖੁਦਕਸ਼ੀ ਕਰ ਲੀ ।”
‘ਖੁਦਕਸ਼ੀ ?....ਮਾਈ ਬਾਪ ! ਰੁਲਦੂ ਐਦਾਂ ਨੀਂ ਕਰ ਸਕਦਾ । ਨਲੇ ਕੱਲ ਤਾਂ ਉਹ ਖੁਸ਼ ਈ ਬਲਾ ਸੀ ਪਾਸ ਹੋਣ ਕਰਕੇ ।”
‘ਤਾਂ ਤੇਰਾ ਮਤਲਬ ਇਹਨੇ ਖੁਸ਼ੀ 'ਚ ਖੁਦਕੁਸ਼ੀ ਕਰ ਲੀ ? ਮੈਂ ਪੂਰੀ ਤਫਤੀਸ਼ ਕੀਤੀ ਐ । ਤੇਰੇ ਮੁੰਡੇ ਨੇ ਪਹਿਲਾਂ ਸ਼ਰਾਬ ਪੀਤੀ ਰੱਜ ਕੇ ਤੇ ਫੇਰ ਖੁਦਕਸ਼ੀ ਕਰ ਲੀ । ਤੂੰ ਏਨੂੰ ਮਾਰਿਆ ਕੁੱਟਿਆ ਹੋਊ । ਤੈਨੂੰ ਪਤੈ ਕਿਸੇ ਨੂੰ ਖੁਦਕਸ਼ੀ ਲਈ ਮਜਬੂਰ ਕਰਨਾ ਉਸਦਾ ਖੂਨ ਕਰਨ ਬਰੋਬਰ ਐ।” ਥਾਣੇਦਾਰ ਮਿੱਤ ਸਿੰਘ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਸਨ ਕਿ ਇਸਨੇ ਤਫਤੀਸ਼ ਆਖਰ ਕਦੋਂ ਪੂਰੀ ਕਰ ਲਈ ।
“ਇਉਂ ਨਾ ਆਖੋ ਸਰਕਾਰ ! ਕੋਈ ਆਪਣੀ ਅਲਾਦ ਨੂੰ ਭਲਾ ਮਰਨ ਲਈ ਕਿਉਂ ਮਜਬੂਰ ਕਰੂ ? ਰੁਲਦੂ ਖੁਦਕਸ਼ੀ ਨੀਂ ਕਰ ਸਕਦਾ । ਨਲੇ ਮੈਨੂੰ ਕਿਸੇ ਤੇ ਸ਼ੱਕ ਵੀ ਨੀਂ । ਪਤਾ ਨੀਂ ਇਹ ਕੀ ਭਾਣਾ ਵਰਤਿਆ । ਜੋ ਵਾਗਰੂ ਨੂੰ ਮੰਜੂਰ ਸੀ ਹੋ ਗਿਆ ।” ਚਾਰੂ ਦਾ ਰੋਣ ਨਿਕਲ ਗਿਆ ।
“ਸਾਨੂੰ ਇਹ ਖੇਖਣ ਜੇ ਦਖੌਣ ਦੀ ਲੋੜ ਨੀਂ । ਸਾਡਾ ਸਾਰੀ ਦਿਹਾੜੀ ਤੇਰੇ ਅਰਗਿਆਂ ਨਾਂ ਈ ਵਾਹ ਰਹਿੰਦੈ ।"
‘ਠਾਣੇਦਾਰ ਸਾਬ੍ਹ ! ਮੈਂ ਏਹਦੀ ਜਾਮਨੀ ਦਿੰਨੈਂ । ਏਹ ਤਾਂ ਬਲਾ ਸ਼ਰੀਫ ਐ ਵਚਾਰਾ । ਮੁੰਡਾ ਓਦੂੰ ਵੱਧ ਨੇਕ ਸੀ । ਮੈਨੂੰ ਤਾਂ ਲਗਦੈ ਮੁੰਡੇ ਨੇ ਖੁਸ਼ੀ 'ਚ ਦਾਰੂ ਵੱਧ ਪੀ ਲੀ । ਬਾਹਰ ਗਿਆ ਹੋਊ ਤੇ ਹੱਥ ਧੋਣ ਲੱਗਾ ਵਿੱਚ ਡਿੱਗ ਪਿਆ ਹੋਣਾ। ਸ਼ਰਾਬੀ ਹੋਏ ਤੋਂ ਮੁੜਕੇ ਉਠਿਆ ਨੀਂ ਗਿਆ ।” ਸਰਦਾਰ ਨੇ ਸਫਾਈ ਪੇਸ਼ ਕੀਤੀ।
“ਸਰਪੰਚਾ ! ਤੇਰੀ ਗੱਲ ਨੀਂ ਮੋੜਦੇ । ਤੇਰੇ ਕਹੇ ਤੇ ਛੱਡ ਤਾ ਏਹਨੂੰ। ਜਾਹ ਫੂਕ ਆ ਜਾ ਕੇ ਹੁਣ ਏਹਨੂੰ ਉਇ ।” ਥਾਣੇਦਾਰ ਦੀ ਗੱਲ ਸੁਣਕੇ ਚਾਰੂ ਨੇ ਮਨ ਹੀ ਮਨ ਵਿਚ ਪ੍ਰਮਾਤਮਾ ਦਾ ਸ਼ੁਕਰ ਕੀਤਾ ਕਿ ਇਕ ਹੋਰ ਬਿਪਤਾ 'ਚੋਂ ਸਰਦਾਰ ਨੇ ਬਚਾ ਦਿੱਤਾ ਸੀ । ਉਹ ਸਰਦਾਰ ਦੇ ਇਕ ਹੋਰ ਅਹਿਸਾਨ ਥੱਲੇ ਦਬ ਗਿਆ । ਅਜ ਉਸਨੇ ਹੀ ਤਾਂ ਖਲਾਸੀ ਕਰਵਾਈ ਸੀ, ਨਹੀਂ ਤਾਂ ਪਤਾ ਨੀਂ ਕੀ ਹੋ ਜਾਂਦਾ । ਥਾਣੇਦਾਰ ਮਿੱਤ ਸਿੰਘ ਆਪਣਾ ਲਾਮ ਲਸ਼ਕਰ ਲੈ ਕੇ ਵਾਪਸ ਮੁੜ ਗਿਆ।
12
ਰੁਲਦੂ ਦਾ ਸਸਕਾਰ ਕੀਤਿਆਂ ਦੋ ਮਹੀਨੇ ਬੀਤ ਚੁੱਕੇ ਸਨ ।ਉਸਦੀ ਅਣਆਈ ਮੌਤ ਦਾ ਹਰ ਕੋਈ ਅਫਸੋਸ ਕਰਨ ਆਇਆ ਸੀ । ਉਸਦੇ ਨਾਲ ਪੜ੍ਹਨ ਵਾਲੇ ਮੁੰਡੇ ਤੇ ਉਸਦੇ ਅਧਿਆਪਕ ਜਿਨ੍ਹਾਂ ਨੂੰ ਉਸ ਤੇ ਬਹੁਤ ਉਮੀਦਾਂ ਸਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਚਾਰੂ ਨੂੰ ਹੌਲ ਪੈਂਦੇ । ਉਸਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੋਵੇ । ਇਕ ਮਹੀਨਾ ਤਾਂ ਉਸਨੇ ਕਿਸੇ ਕੰਮ ਨੂੰ ਹੱਥ ਨਾ ਲਾਇਆ । ਕੰਮ ਵੀ ਕੀ ਕਰਨਾ ਸੀ ਉਸ ਤੋਂ ਤਾਂ ਹਿੱਲ ਵੀ ਨਹੀਂ ਸੀ ਹੁੰਦਾ । ਰੁਲਦੂ ਜਿਵੇਂ ਉਸਦੀ ਹਿੰਮਤ ਵੀ ਨਾਲ ਹੀ ਲੈ ਗਿਆ ।
ਉਧਰ ਸਰਦਾਰ ਨੂੰ ਦੋ ਹਜ਼ਾਰ ਦਾ ਗਮ ਸੀ । ਉਹ ਚਾਰੂ ਤੋਂ ਮਿਹਨਤ ਕਰਵਾ ਕੇ ਹੀ ਘਰ ਪੂਰਾ ਕਰਨਾ ਚਾਹੁੰਦਾ ਸੀ । ਇਸ ਲਈ ਰੋਜ਼ ਸੁਨੇਹਾ ਭੇਜਦਾ। ਆਖਰ ਚਾਰੂ ਦਾ ਕਿੰਨਾ ਕੁ ਸਮਾਂ ਵਿਹਲੇ ਦਾ ਸਰ ਸਕਦਾ ਸੀ। ਕੰਮ ਤਾਂ ਉਸਨੂੰ ਕਰਨਾ ਹੀ ਪੈਣਾ ਸੀ । ਇਕ ਦਿਨ ਸਰਦਾਰ ਆਪ ਵੀ ਆਇਆ, ਅਫਸੋਸ ਕਰਨ ਲਈ ਨਹੀਂ ਸਗੋਂ ਉਸਨੂੰ ਕੰਮ ਬਾਰੇ ਕਹਿਣ ।
‘ਚਾਰੂ ਸਿਆਂ ! ਕਿੰਨਾਂ ਕੁ ਚਿਰ ਐਂ ਢੇਰੀ ਢਾਹ ਕੇ ਬੈਠਾ ਰਹੇਂਗਾ? ਤੁਰ ਗਿਆਂ ਦੇ ਨਾਲ ਤਾਂ ਜਾਇਆ ਨੀਂ ਜਾਂਦਾ । ਉਹਦੀ ਜਿੰਨੀ ਲਿਖੀ ਸੀ, ਭੋਗ ਗਿਆ । ਤੂੰ ਹੁਣ ਆਇਆ ਕਰ ਕੰਮ ਕਰਨ । ਤੇਰੇ ਬਿਨਾਂ ਤਾਂ ਪਸ਼ੂ ਵੀ ਖਾਣਾ ਪੀਣਾ ਛੱਡੀ ਬੈਠੇ ਐ।” ਸਰਦਾਰ ਦੇ ਬੋਲ ਸਨ । ਤੇ ਜਦੋਂ ਸਰਦਾਰ ਦੀ ਨਜ਼ਰ ਚੰਨੀ 'ਤੇ ਪਈ ਤਾਂ ਉਹ ਅੱਖ ਨੀਵੀਂ ਨਾ ਕਰ ਸਕਿਆ । ਚੰਨੀ ਦੀ ਜਵਾਨੀ ਨੇ ਜਿਵੇਂ ਉਸਦੇ ਦਿਲ ਨੂੰ ਕੀਲ ਲਿਆ ਹੋਵੇ । ਉਸਨੂੰ ਆਪਣਾ ਦੋ ਹਜ਼ਾਰ ਤੁਰਦਾ ਨਜ਼ਰੀਂ ਆਇਆ ।
“ਐਂ ਕਰੀਂ, ਹੁਣ ਤੈਥੋਂ ਕੱਲੇ ਤੋਂ ਕੰਮ ਹੁੰਦਾ ਨੀਂ । ਨਾਲ ਕੁੜੀ ਨੂੰ ਲੈ ਆਇਆ ਕਰ, ਗੋਹਾ ਕੂੜਾ ਕਰ ਦਿਆ ਕਰੂ।” ਕਹਿ ਕੇ ਸਰਦਾਰ ਤੁਰ ਗਿਆ।
ਚਾਰੂ ਆਪ ਤਾਂ ਕੰਮ ਕਰਨ ਲੱਗ ਪਿਆ ਪਰ ਚੰਨੀ ਨੂੰ ਉਸਨੇ ਘਰ ਰੱਖਣਾ ਹੀ ਠੀਕ ਸਮਝਿਆ । ਨੰਦ ਕੌਰ ਨੇ ਉਨ੍ਹਾਂ ਦਾ ਪੱਕ ਠੱਕ ਕਰਵਾ ਦਿੱਤਾ ਸੀ। ਰੁਲਦੂ ਦੀ ਮੌਤ ਨਾ ਹੁੰਦੀ ਤਾਂ ਵਿਆਹ ਵੀ ਛੇਤੀ ਹੀ ਹੋ ਜਾਂਦਾ, ਪਰ ਹੁਣ ਚਾਰ ਛੇ ਮਹੀਨੇ ਅਟਕਣਾ ਹੀ ਪੈਣਾ ਸੀ ।
ਚੰਨੀ ਨੇ ਆਪਣੇ ਆਪ ਨੂੰ ਕਦੇ ਐਨੀ ਇਕੱਲੀ ਮਹਿਸੂਸ ਨਹੀਂ ਸੀ ਕੀਤਾ ਜਿੰਨੀ ਹੁਣ ਕਰ ਰਹੀ ਸੀ । ਇਕ ਤਾਂ ਉਸਦੀ ਪੱਕੀ ਸਹੇਲੀ ਸ਼ਾਮੋ ਦਾ ਵਿਆਹ ਹੋ ਚੁਕਿਆ ਸੀ ਜਿਸ ਕਾਰਣ ਉਸਦੇ ਘਰ ਆਉਣ ਜਾਣ ਵੀ ਖਤਮ ਵਰਗਾ ਹੀ ਸੀ । ਸਾਰਾ ਦਿਨ ਇਕੱਲੀ ਸੋਚਾਂ ‘ਚ ਪਈ ਰਹਿੰਦੀ । ਹੁਣ ਉਸਨੂੰ ਜ਼ਿਆਦਾ ਫਿਕਰ ਆਪਣੇ ਬਾਪੂ ਦਾ ਸੀ । ਉਸਦੇ ਦਿਮਾਗ ‘ਚ ਹਰ ਵੇਲੇ ਇਹੀ ਸੋਚ ਛਾਈ ਰਹਿੰਦੀ ‘ਹੋਰ ਛੇ ਮੀਨਿਆਂ ਨੂੰ ਮੇਰਾ ਵਿਆਹ ਹੋ ਜੂ.. ਫੇਰ ਬਾਪੂ ਕੀ ਕਰੂ ? ਕਿਵੇਂ ਰਿਹਾ ਕਰ ‘ਕੱਲਾ ਘਰ ‘ਚ ? ਊਂ ਈ ਵਚਾਰਾ ਰੋ ਰੋ ਰੋ ਮਰ ਜੂ ।” ਇਕ ਦਿਨ ਅਜਿਹੀਆਂ ਹੀ ਸੋਚਾਂ 'ਚ ਡੁੱਬੀ ਬੈਠੀ ਸੀ ਜਦ ਵਿਹੜੇ ਦਾ ਇਕ ਛੋਟਾ ਜਿਹਾ ਮੁੰਡਾ ਦੋ ਕੁੜੀਆਂ ਨੂੰ ਉਸਦੇ ਘਰ ਮੂਹਰੇ ਛੱਡ ਗਿਆ । ਕੁੜੀਆਂ ਅੰਦਰ ਵੜਨੋਂ ਝਕ ਰਹੀਆਂ ਸਨ । ਜਕੋ ਤਕੀ ‘ਚ ਦੋਨੋਂ ਇਕ ਦੂਜੀ ਵੱਲ ਵੇਖਦੀਆਂ ਉਹ ਅੰਦਰ ਵੜ ਗਈਆਂ ।
‘ਸਾਸਰੀ ‘ਕਾਲ ।” ਦੋਵਾਂ ਨੇ ਹੱਥ ਜੋੜੇ । ਚੰਨੀ ਨੂੰ ਕੁਝ ਅਚੰਭਾ ਹੋਇਆ । ਇਨ੍ਹਾਂ ਕੁੜੀਆਂ ਨੂੰ ਉਸਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ । ਆਖਰ ਇਹ ਇਥੇ ਆ ਕਿਵੇਂ ਗਈਆਂ ? ਸੁਹਣੇ ਸੁਹਣੇ ਕੱਪੜੇ ਪਾਈ ਦੋਵੇਂ ਸ਼ਹਿਰਨਾਂ ਲੱਗ ਰਹੀਆਂ ਸਨ ।
“ਮੇਰਾ ਨਾਂ ਹਰਪ੍ਰੀਤ ਐ । ਮੈਂ ਨਾਲ ਦੇ ਪਿੰਡ ਰਹਿੰਨੀ ਆਂ ।” ਇਕ ਨੇ ਆਪਣੀ ਜਾਣ ਪਹਿਚਾਣ ਕਰਾਈ ।
‘ਬਹਿ ਜੋ।” ਮੰਜੇ ਦੇ ਇਕ ਪਾਸੇ ਵੱਲ ਸਰਕਦੀ ਚੰਨੀ ਬੋਲੀ।ਦੋਵੇਂ ਬੈਠ ਗਈਆਂ ।
‘ਮੈਨੂੰ ਰੁਲਦੂ ਬਾਰੇ ਪਤਾ ਲੱਗਿਆ ਸੀ। ਅਸੀਂ ਇਕੋ ਜਮਾਤ ਵਿਚ ਪੜ੍ਹਦੇ ਸੀ ।” ਪ੍ਰੀਤ ਦੇ ਮੂੰਹੋਂ ਰੁਲਦੂ ਦਾ ਨਾਂ ਸੁਣਦਿਆਂ ਹੀ ਚੰਨੀ ਦਾ ਰੋਣ ਨਿਕਲ ਗਿਆ ।
‘ਭੈਣ ਜੀ ! ਰੋਵੋ ਨਾ । ਐਨਾ ਲੈਕ ਮੁੰਡਾ ਸੀ, ਜੇ ਕਿਤੇ ਉਹਦੀ ਉਮਰ ਲੰਮੀ ਹੁੰਦੀ ਤਾਂ ਉਸਨੇ ਬਹੁਤ ਤਰੱਕੀ ਕਰਨੀ ਸੀ । ਰੱਬ ਨੂੰ ਲੈਕ ਆਦਮੀਆਂ ਦੀ ਉਮਰ ਛੋਟੀ ਲਿਖਣ ਦੀ ਆਦਤ ਐ ।” ਕੁੜੀ ਜਦੋਂ ਬੋਲਦੀ ਤਾਂ ਐਂ ਲਗਦਾ ਜਿਵੇਂ ਮੂੰਹੋਂ ਫੁੱਲ ਝਰਦੇ ਹੋਣ । ਚੰਨੀ ਦਾ ਰੋਣ ਤਾਂ ਬੰਦ ਹੋ ਗਿਆ ਪਰ ਮੂੰਹੋਂ ਕੁਛ ਨਾ ਬੋਲੀ। ਪਰ ਉਸਨੂੰ ਆਪਣਾ ਮੂੰਹ ਬੰਦ ਰੱਖਣਾ ਵੀ ਘਰ ਆਇਆਂ ਦੀ ਬੇਇਜ਼ਤੀ ਕਰਨ ਵਾਲੀ ਗੱਲ ਸੀ । ਉਸਨੂੰ ਅਹੁੜ ਨਹੀਂ ਸੀ ਰਿਹਾ ਕਿ ਕੀ ਕਹੇ।
‘ਇਹ ਤੇਰੀ ਭੈਣ ਐ ?” ਆਖਰ ਉਹ ਬੋਲੀ ।
‘ਨਹੀਂ...ਇਹ ਮੇਰੀ ਸਹੇਲੀ ਐ ਅਵਨਾਸ਼ । ਮੇਰੇ ਨਾਲ ਪੜ੍ਹਦੀ ਐ । ਮੈਂ ਤਾਂ ਉਦੋਂ ਈ ਔਣ ਔਣ ਕਰਦੀ ਸੀ ਪਰ 'ਕੱਲੀ ਦੀ ਹਿੰਮਤ ਜੀ ਨੀਂ ਪਈ। ਅਜ ਇਹ ਕਹਿੰਦੀ ਮੈਂ ਤੇਰਾ ਪਿੰਡ ਦੇਖਣੈ, ਊਂ ਤਾਂ ਇਹ ਸ਼ਹਿਰ ਰਹਿੰਦੀ ਐ । ਮੈਂ ਏਨੂੰ ਏਧਰ ਵੀ ਲੈ ਆਈ ।”
‘ਚੰਗਾ ਕੀਤਾ ਤੁਸੀਂ ਆ ਗਈਆਂ । ਮੇਰਾ ਤਾਂ ਸਵੇਰ ਦਾ ਦਿਲ ਹੋਰੂੰ ਹੋਈ ਜਾਂਦਾ ਸੀ । ਕੋਈ ਗੱਲ ਕਰਨ ਆਲਾ ਵੀ ਨੀਂ ਮਿਲਦਾ।”
"ਐਨਾ ਦਿਲ ਹੌਲਾ ਨਾ ਕਰਿਆ ਕਰੋ । ਸਬਰ ਤਾਂ ਕਰਨਾ ਈ ਪਊ।”
‘ਸਬਰ ਕੀਤੈ ਭੈਣੇ ! ਤਾਂ ਹੀ ਤਾਂ ਸਾਹ ਵਗਦੇ ਐ । ਨਈਂ ਤਾਂ ਕਦੋਂ ਦੀ ਤੁਰ ਜਾਂਦੀ ਨਾਲ ਈ ਆਪਣੇ ਬੀਰ ਦੇ ।”
‘ਚੰਗੇ ਬੰਦੇ ਤਾਂ ਹਰੇਕ ਦੇ ਯਾਦ ਔਂਦੇ ਐ । ਥੋਡਾ ਤਾਂ ਉਹ ਫੇਰ ਸਕਾ ਸੀ, ਸਾਡਾ ਦੱਸੋ ਭਲਾ ਕੀ ਲਗਦਾ ਸੀ ? ਬੱਸ ਨਾਲ ਪੜ੍ਹਨ ਦੀ ਸਾਂਝ ਈ ਸੀ । ਸਾਨੂੰ ਵੀ ਐਂ ਲਗਦੈ ਜਿਵੇਂ ਸਾਡਾ ਸਕਾ ਭਰਾ ਤੁਰ ਗਿਆ ਹੋਵੇ। ਕੁਛ ਖੁਸਦਾ ਖੁਸਦਾ ਜਿਹਾ ਲਗਦੈ ।” ਪ੍ਰੀਤ ਨੇ ਜਵਾਬ ਦਿੱਤਾ । ਉਸਦੇ ਨਾਲ ਆਈ ਅਵਨਾਸ਼ ਦੋਨਾਂ ਦੀਆਂ ਗੱਲਾਂ ਚੁੱਪ ਚਾਪ ਸੁਣੀ ਜਾ ਰਹੀ ਸੀ ।
“ਮੈਂ ਤਾਂ ਉਹਨੂੰ ਬਥੇਰਾ ਰੋਕਦੀ ਸੀ ਬਈ ਐਨਾ ਡਮਾਕ ਨਾ ਖਰਚਿਆ ਕਰ । ਬਸ ਹਰ ਵੇਲੇ ਪੜ੍ਹਦਾ ਈ ਰਹਿੰਦਾ ਸੀ । ਦੱਸ ਭਲਾ ਕਿਸ ਕੰਮ ਆਈਆਂ ਤੇਰੀਆਂ ਪੜ੍ਹਾਈਆਂ ?'' ਚੰਨੀ ਦੀਆਂ ਅੱਖਾਂ ਫੇਰ ਭਰ ਆਈਆਂ।
‘ਭਲਾ ਗੱਲ ਕੀ ਹੋਈ ਸੀ ?"
‘ਖ਼ਬਰਾ ਕੀ ਮਨ ‘ਚ ਆਈ ਨਾ ਹੋਏ ਦੇ।ਸਰਪੰਚ ਤਾਂ ਆਂਹਦਾ ਸੀ ਸ਼ਰਾਬ ਪੀਤੀ ਸੀ ਤੇ ਪਾਣੀ 'ਚ ਡਿੱਗ ਪਿਆ । ਪਰ ਭੈਣੇ ਮੈਨੂੰ ਪਤੈ ਮੇਰਾ ਬੀਰ ਪੀਂਦਾ ਪੂੰਦਾ ਨੀਂ ਸੀ । ਨਜ਼ਰ ਈ ਖਾ ਗਈ ਉਹਨੂੰ ਤਾਂ ਕਿਸੇ ਪਾਪੀ ਦੀ।”
“ਕਿਤੇ ਕਿਸੇ ਹੋਰ ਨੇ ਈ ਨਾ ਇਹ ਕਾਰਾ ਕੀਤਾ ਹੋਵੇ।”
“ਸਾਡਾ ਤਾਂ ਕਿਸੇ ਨਾਂ ਕੋਈ ਝਗੜਾ ਬੈਰ ਵੀ ਨੀਂ । ਚਲੋ ਲੀਲੀ ਛੱਤ ਆਲਾ ਤਾਂ ਵਿੰਹਦਾ ਈ ਐ, ਜੇ ਕਿਸੇ ਨੇ ਪਾਪ ਕੀਤੈ ਤਾਂ …ਸੱਚ ਕੀ ਨਾਂ ਦੱਸਿਆ ਸੀ ਤੂੰ ਸੋਹਣਾ ਜਿਆ ?”
‘ਹਰਪ੍ਰੀਤ …ਊਂ ਸਾਰੇ ਪ੍ਰੀਤ ਈ ਆਂਹਦੇ ਐ ।”
‘ਪ੍ਰੀਤ ਅੜੀਏ ! ਮੇਰੀ ਸ੍ਹੇਲੀ ਈ ਬਣ ਜਾ । ਤੂੰ ਤਾਂ ਸੱਚੀਂ ਬਲਾ ਚੰਗੀ ਜੀ ਲੱਗੀ ਜਾਨੀਂ ਐਂ ।" ਚੰਨੀ ਨੇ ਮੋਹ ਨਾਲ ਕਿਹਾ ।
“ਲੈ ਇਹ ਵੀ ਕੋਈ ਕਹਿਣ ਆਲੀ ਗੱਲ ਐ ਮੈਂ ਤਾਂ ਪਹਿਲਾਂ ਈ ਥੋਨੂੰ ਭੈਣ ਜੀ ਕਹਿੰਨੀ ਆਂ ।”
‘ਤੈਨੂੰ ਦੇਖ ਕੇ ਤਾਂ ਐਂ ਲਗਦੈ ਜਿਵੇਂ ਮੇਰੀ ਸ੍ਹੇਲੀ ਸ਼ਾਮੋ ਈ ਹੋਵੇਂ।ਉਹਦਾ ਵਿਆਹ ਹੋ ਗਿਆ ਮ੍ਹੀਨਾ ਕੁ ਹੋਇਆ ।ਮੇਰੀ ਪੱਕੀ ਸ੍ਹੇਲੀ ਸੀ।” ਚੰਨੀ ਦੇ ਚਿਹਰੇ 'ਤੇ ਰੁਲਦੂ ਦੀ ਮੌਤ ਤੋਂ ਮਗਰੋਂ ਅੱਜ ਪਹਿਲੀ ਵਾਰ ਮੁਸਕਾਨ ਆਈ ਸੀ।
‘ਸੱਚੀਂ ਪ੍ਰੀਤ!ਤੇਰੇ ਨਾਲ ਗੱਲਾਂ ਕਰਕੇ ਤਾਂ ਮੇਰਾ ਮਨ ਹਲਕਾ ਜਿਹਾ ਹੋ ਗਿਆ।ਤੂੰ ਗੇੜਾ ਮਾਰਦੀ ਰਹੀ ਮੇਰੇ ਕੋਲ ।"
“ਮੈਨੂੰ ਤਾ ਆਪ ਥੋਡੇ ਨਾਂ ਮੋਹ ਜਿਹਾ ਹੋ ਗਿਆ । ਜਦੋਂ ਮੇਰਾ ਚਿਤ ਕਰਿਆ ਕਰੂ, ਮੈਂ ਆ ਜਾਇਆ ਕਰੂੰ । ਜਦੋਂ ਥੋਡਾ ਚਿੱਤ ਕੀਤਾ, ਤੁਸੀਂ ਆ ਗਏ।”
‘ਭੁੱਲੀਂ ਨਾ ਫੇਰ ।”
“ਨਹੀਂ ਭੁਲਦੀ । ਚੰਗਾ ਹੁਣ ਸਾਨੂੰ ਜਾਣ ਦਿਉ । ਮੈਂ ਫੇਰ ਆਊਂਗੀ ਕਿਸੇ ਦਿਨ ।” ਕਹਿਕੇ ਪ੍ਰੀਤ ਉਠੀ ਤਾਂ ਅਵਨਾਸ਼ ਵੀ ਉਠ ਖੜ੍ਹੀ । ਦੋਨੋਂ ਚਲੀਆਂ ਗਈਆਂ ਤਾਂ ਚੰਨੀ ਬਾਹਰ ਮੋੜ ਤਕ ਉਨ੍ਹਾਂ ਨੂੰ ਵੇਖਦੀ ਰਹੀ । ਪਹਿਲੀ ਹੀ ਮੁਲਾਕਾਤ ਵਿਚ ਉਹ ਦੋਵੇਂ ਸਹੇਲੀਆਂ ਬਣ ਗਈਆਂ । ਚੰਨੀਂ ਨੂੰ ਤਾਂ ਲਗਦਾ ਹੀ ਨਹੀਂ ਸੀ ਕਿ ਉਹ ਪ੍ਰੀਤ ਨੂੰ ਅੱਜ ਪਹਿਲੀ ਵਾਰ ਮਿਲੀ ਹੋਵੇ। ਅਜ ਉਸਦੇ ਚਿਹਰੇ 'ਤੇ ਰੌਣਕ ਸੀ ।
ਚੰਨੀ ਨੂੰ ਤਾਂ ਮਨ ਦਾ ਬੋਝ ਹਲਕਾ ਕਰਨ ਦਾ ਇਕ ਸਾਧਨ ਮਿਲ ਗਿਆ ਪਰ ਚਾਰੂ ਦੀ ਉਦਾਸੀ ਕਈ ਤਹਿਆਂ 'ਚ ਬਝਦੀ ਜਾ ਰਹੀ ਸੀ । ਉਸਦਾ ਕੰਮ ਕਰਨ ਨੂੰ ਵਢਿਆ ਰੂਹ ਨਹੀਂ ਸੀ ਕਰਦਾ । ਪਰ ਮਰਦਾ ਕੀ ਨਾ ਕਰਦਾ। ਸਰਦਾਰ ਨੇ ਕਈ ਵਾਰ ਕਿਹਾ ਸੀ ਕਿ ਚੰਨੀ ਨੂੰ ਵੀ ਕਹੇ ਕੰਮ ਕਰਨ ਨੂੰ ਪਰ ਚਾਰੂ ਅਜੇ ਟਾਲਦਾ ਚਲਿਆ ਆ ਰਿਹਾ ਸੀ । ਉਹ ਆਪਣੀ ਧੀ ਨੂੰ ਕੋਈ ਤਕਲੀਫ ਨਹੀਂ ਸੀ ਦੇਣੀ ਚਾਹੁੰਦਾ । ਹੋਰ ਚਾਰ ਛੇ ਮਹੀਨਿਆਂ ਦੀ ਪ੍ਰਾਹੁਣੀ ਹੈ । ਹੁਣ ਉਸ ਤੋਂ ਕੀ ਕੰਮ ਕਰਵਾਵੇ ?
ਆਥਣ ਵੇਲੇ ਚਾਰੂ ਪਸ਼ੂਆਂ ਪਿਛੋਂ ਫਹੁੜੇ ਨਾਲ ਗੋਹਾ ਹਟਾ ਰਿਹਾ ਸੀ । ਜਦ ਉਹ ਫਹੁੜਾ ਅੰਦਰ ਰੱਖਣ ਗਿਆ ਤਾਂ ਇਕ ਨੁੱਕਰੇ ਹਰਦੇਵ ਖੜ੍ਹਾ ਦਿਸਿਆ । ਉਸਦੇ ਹੱਥ ‘ਚ ਗਲਾਸ ਫੜ੍ਹਿਆ ਹੋਇਆ ਸੀ ।
“ਕੌਣ......ਦੇਵ ਐ ?” ਚਾਰੂ ਉਸਨੂੰ ਪਹਿਚਾਨਣ ਦਾ ਯਤਨ ਕਰਦਾ ਬੋਲਿਆ ।
‘ਚੁੱਪ ਰਹਿ ਉਇ ! ਆਪਣੀ ਜਵਾ ਬੰਦ ਈ ਰੱਖੀਂ । ਜੇ ਬਾਪੂ ਨੂੰ ਕੁਝ ਆਖਿਆ ਤਾਂ ਤੇਰੇ ਪੁੱਤ ਆਂਗੂੰ ਤੇਰਾ ਵੀ ਕੀਰਤਨ ਸੋਹਿਲਾ ਪੜ੍ਹ ਦਿਆਂਗੇ।” ਚਾਰੂ ਤਾਂ ਅੱਗੇ ਹੀ ਕਮਜ਼ੋਰ ਹੋ ਚੁੱਕਿਆ ਸੀ । ਸੁਣ ਕੇ ਉਸਨੂੰ ਘੇਰਨੀ ਆ ਗਈ । ਉਸਦੀਆਂ ਹਥੇਲੀਆਂ ਫਹੁੜੇ 'ਤੇ ਕੱਸੀਆਂ ਗਈਆਂ । ਦੰਦਾਂ ਦੀ ਕਚੀਚੀ ਵੱਟੀ ਗਈ । “ਤਾਂ ਰੁਲਦੂ ਮਰਿਆ ਨੀਂ ਮਾਰਿਐ ਗਿਐ ।” ਇਹ ਖਿਆਲ ਆਉਂਦਿਆਂ ਹੀ ਉਸਦਾ ਸਰੀਰ ਪਸੀਨੇ ਨਾਲ ਤਰ ਹੋ ਗਿਆ । ਉਸਦਾ ਦਿਲ ਕੀਤਾ ਕਿ ਫਹੁੜਾ ਚੁੱਕ ਕੇ ਹਰਦੇਵ ਦੇ ਮਾਰੇ ਪਰ ਹਿੰਮਤ ਜਵਾਬ ਦੇ ਗਈ । ਉਹ ਫਹੁੜਾ ਉਥੇ ਹੀ ਸਿੱਟ ਕੇ ਬਾਹਰ ਵੱਲ ਤੁਰ ਪਿਆ । ਸਰਦਾਰ ਬੈਠਕ ਵਿਚ ਬੈਠਾ ਪੀ ਰਿਹਾ ਸੀ । ਟੇਬਲ ਫ਼ੈਨ ਦੀ ਹਵਾ ਹੋਣ ਦੇ ਬਾਵਜੂਦ ਵੀ ਉਸਦੇ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਸਨ । ਚਾਰੂ ਅੰਦਰ ਵੜ ਗਿਆ ।
"ਸਰਪੰਚਾ ! ਮੇਰਾ ਲਹੂ ਡੋਲ੍ਹ ‘ਤਾ।” ਚਾਰੂ ਇਵੇਂ ਬੋਲਿਆ ਜਿਵੇਂ ਨੀਂਦ ‘ਚ ਹੋਵੇ।
“ਕੀ ਹੋ ਗਿਆ ਓ ਤੈਨੂੰ ? ”
"ਆਵਦੇ ਪੁੱਤ ਤੋਂ ਪੁੱਛ.....ਮੇਰਾ ਰੁਲਦੂ.....ਮੇਰਾ ਲਹੂ.... ਮੈਂ ।”
“ਕੀ ਬਕਦੈਂ ਉਇ ?” ਸਰਦਾਰ ਸਾਰੀ ਗੱਲ ਸਮਝ ਗਿਆ । ਉਸਨੇ ਉਠ ਕੇ ਦੁਨਾਲੀ ਲਾਹ ਲਈ ।
‘ਹੈਥੇ ਖੜ ਜਾ ਉਇ ਵਡਿਆ ਲਹੂ ਆਲਿਆ । ਮੇਰੀ ਗੱਲ ਸੁਣ ਲਾ ਕੰਨ ਖੋਲ੍ਹ ਕੇ । ਜੇ ਕਿਸੇ ਕੋਲ ਕੁਛ ਬਕਿਆ ਤਾਂ ਗੋਲੀਆਂ ਕੱਢ ਦੂੰ ਵਿਚ ਦੀ। ਠਾਣੇਦਾਰ ਨੂੰ ਆਖ ਕੇ ਰਾਤੋ ਰਾਤ ਚਕਵਾ ਦਿਊਂ ਤੈਨੂੰ । ਜੇ ਕਿਸੇ ਨਾਂ ਗੱਲ ਕੀਤੀ ਤਾਂ ਤੇਰੀ ਧੀ ਨਾਲ ਬੁਰੀ ਕਰੂੰਗਾ । ” ਚਾਰੂ ਦਾ ਜਿਵੇਂ ਰੰਗ ਉਡ ਗਿਆ ਹੋਵੇ । ਵੱਢੀਏ ਤਾਂ ਲਹੂ ਹੈ ਨੀਂ । ਉਹ ਕਾਹਲੇ ਕਦਮੀਂ ਘਰ ਵੱਲ ਚਲ ਪਿਆ। ਘਰ ਪਹੁੰਚਿਆ ਤਾਂ ਹਰ ਚੀਜ਼ ਓਪਰੀ ਨਜ਼ਰ ਆ ਰਹੀ ਸੀ । “ਡੋਲ੍ਹ ਤਾ......ਸਾਰਾ ਈ ਡੋਲ੍ਹ ਤਾ.....।”
“ਕੀ ਹੋ ਗਿਆ ਬਾਪੂ ?” ਚਾਰੂ ਵੱਲ ਵੇਖ ਕੇ ਚੰਨੀ ਨੂੰ ਜਿਵੇਂ ਹੌਲ ਪੈ ਗਿਆ ।
“ਮੇਰਾ ਲਹੂ..... ਮੈਂ ਲਹੂ ਵੇਚ ਕੇ ਭੜਾਇਆ ਤੇਰੇ ਭਰਾ ਨੂੰ ਡੋਲ੍ਹ ਤਾ ਸਾਰਾ ਈ ਪਸ਼ੂਆਂ ਦਾ ਮੂਤ ਸਮਝ ਕੇ....।"
‘ਕੀਹਨੇ ਬਾਪੂ ?"
“ਪਾਪੀਆਂ ਨੇ.....ਸਾਰਾ ਈ...ਲਹੂ....ਤੂੰ ਲੁਕ ਜਾ...ਲੁਕ ਜਾ ਧੀਏ! ਚੱਲ ਅੰਦਰ .....ਮੈਂ ਡੋਲ੍ਹ ਦਿਊਂ ਸਾਰਾ ਈ .....।" ਚਾਰੂ ਕਮਲਾ ਹੋ ਗਿਆ । ਵਿਹੜੇ ਵਾਲਿਆਂ ਨੂੰ ਵੀ ਭਿਣਕ ਲੱਗ ਗਈ ਕਿ ਚਾਰੂ ਪਾਗਲ ਹੋ ਗਿਆ । ਉਸਨੂੰ ਹਰ ਚੀਜ਼ ਵਿਚ ਲਹੂ ਨਜ਼ਰ ਆ ਰਿਹਾ ਸੀ ।
ਚੰਨੀ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਬਾਪੂ ਨੂੰ ਅਚਾਨਕ ਹੋ ਕੀ ਗਿਆ ? ਚਾਰੂ ਹਰ ਵੇਲੇ ਉਖੜਿਆ ਉਖੜਿਆ ਤਾਂ ਰਹਿੰਦਾ ਸੀ ਪਰ ਉਸਦੀ ਇਹ ਹਾਲਤ ਤਾਂ ਤਰਸਯੋਗ ਹੋ ਗਈ ਸੀ । ਆਪਣੇ ਬਾਪੂ ਦੀ ਇਹ ਹਾਲਤ ਦੇਖ ਕੇ ਚੰਨੀ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸੀ । ਤੇਜੇ ਨੂੰ ਪਤਾ ਲੱਗਿਆ ਤਾਂ ਉਹ ਵੀ ਆਇਆ । ਚਾਰੂ ਦੀ ਹਾਲਤ ਵੇਖ ਕੇ ਉਹ ਲੰਙੇ ਡਾਕਟਰ ਨੂੰ ਸੱਦ ਲਿਆਇਆ । ਪਰ ਚਾਰੂ ਤਾਂ ਕਿਸੇ ਦੇ ਹੱਥ ਹੀ ਨਹੀਂ ਸੀ ਆ ਰਿਹਾ । ਬੱਸ ਇਹੀ ਬੋਲੀ ਜਾਂਦਾ, ਹਟ ਜੋ....ਇਹ ਡੋਲ੍ਹ ਦੇਣਗੇ, ਮੈਂ ਆਪਣੇ ਪੁੱਤ ਦਾ ਦਾਖਲਾ ਭੇਜਣੈ...ਏਹ ਡੋਲ ਦੇਣਗੇ ।”
ਚਾਰੂ ਦਾ ਇਲਾਜ ਲੰਗੇ ਡਾਕਟਰ ਕੋਲ ਹੈ ਨਹੀਂ ਸੀ । ਉਹ ਸਿਰ ਫੇਰ ਕੇ ਚਲਿਆ ਗਿਆ । ਦੋ ਦਿਨ ਬੀਤ ਗਏ ਪਰ ਚਾਰੂ ਦੀ ਹਾਲਤ ਵਿਚ ਫਰਕ ਨਾ ਪਿਆ । ਜਾਂ ਤਾਂ ਉਹ ਪਿਆ ਰਹਿੰਦਾ ਤੇ ਜਾਂ ਫਿਰ ਬਕੜਵਾਹ ਕਰਦਾ ਰਹਿੰਦਾ । ਪਰ ਉਸਦੀ ਕੋਈ ਗੱਲ ਕਿਸੇ ਦੀ ਸਮਝ ਵਿਚ ਨਹੀਂ ਸੀ ਆ ਰਹੀ । ਤੀਸਰੇ ਦਿਨ ਚਾਰੂ ਨੂੰ ਬੁਖਾਰ ਹੋ ਗਿਆ । ਬੁਖਾਰ ਵੀ ਐਨਾ ਤੇਜ਼ ਕਿ ਹੱਥ ਨਾ ਲਾਇਆ ਜਾਵੇ। ਬੁਖਾਰ ਨਾਲ ਚਾਰੂ ਦੀਆਂ ਅਜਿਹੀਆਂ ਅੱਖਾਂ ਬੰਦ ਹੋਈਆਂ ਕਿ ਮੁੜ ਕੇ ਨਾ ਖੁੱਲ੍ਹ ਸਕੀਆਂ । ਤੀਸਰੇ ਦਿਨ ਉਸਦੇ ਪ੍ਰਾਣ ਪੰਖੇਰੂ ਉਡ ਗਏ ।
...ਚਲਦਾ...