ਪਹੁ ਫੁਟਾਲਾ - ਕਿਸ਼ਤ 7 (ਨਾਵਲ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


13

      ਮੁਸੀਬਤ ਕਦੇ ਵੀ ਇਕੱਲੀ ਨਹੀਂ ਆਉਂਦੀ, ਨਾਲ ਦੁੱਖਾਂ ਦੇ ਢੇਰ ਲੈ ਕੇ ਆਉਂਦੀ ਹੈ । ਇਹੋ ਹਾਲਤ ਚੰਨੀ ਦੀ ਹੋ ਰਹੀ ਸੀ । ਅਜੇ ਭਰਾ ਦੀ ਮੌਤ ਦਾ ਦੁੱਖ ਘਟਿਆ ਨਹੀਂ ਸੀ ਕਿ ਬਾਪੂ ਚੱਲ ਵਸਿਆ । ਭਰੀ ਦੁਨੀਆਂ ਵਿਚ ਇਕੱਲੀ ਰਹਿ ਗਈ ਚੰਨੀ । ਦਿਨ ਰਾਤ ਉਸਦੀਆਂ ਅੱਖਾਂ ਨਾ ਸੁੱਕਦੀਆਂ। ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਹੋ ਕੀ ਗਿਆ ? ਭਾਂ ਭਾਂ ਕਰਦੇ ਘਰ ਵਿਚ ਇਕੱਲੀ ਕੁੜੀ ਦਾ ਰਹਿਣਾ ਕਿੰਨਾ ਔਖਾ ਹੈ, ਇਹ ਚੰਨੀ ਹੀ ਜਾਣਦੀ ਸੀ ।

ਚੰਨੀ ਦੇ ਬਾਪੂ ਦੀ ਮੌਤ ਬਾਰੇ ਸੁਣਕੇ ਸ਼ਾਮੋ ਵੀ ਆਈ । ਪਰ ਉਹ ਕਰ ਵੀ ਕੀ ਸਕਦੀ ਸੀ, ਸਿਰਫ ਅਫਸੋਸ । ਉਹ ਉਸਨੇ ਕੀਤਾ ਤੇ ਚਲੀ ਗਈ । ਸ਼ਾਮੋ ਦੇ ਆਉਣ ਨਾਲ ਚੰਨੀ ਦੇ ਦਿਲ ਨੂੰ ਕਾਫੀ ਧਰਵਾਸ ਮਿਲਿਆ । ਉਸਦਾ ਦਿਲ ਕਰਦਾ ਸੀ ਕਿ ਸ਼ਾਮੋ ਉਸ ਕੋਲ ਹੀ ਰਹਿ ਪਵੇ । ਪਰ ਅਜਿਹਾ ਹੋ ਨਹੀਂ ਸੀ ਸਕਦਾ । ਸ਼ਾਮੋ ਵੀ ਮਜ਼ਬੂਰ ਸੀ । ਹੁਣ ਚੰਨੀ ਨੂੰ ਤਾਈ ਨੰਦ ਕੌਰ ਦਾ ਹੀ ਆਸਰਾ ਸੀ ਤੇ ਜਾਂ ਕਦੇ ਕਦਾਈਂ ਪ੍ਰੀਤ ਗੇੜਾ ਮਾਰ ਜਾਂਦੀ । ਨੰਦ ਕੌਰ ਤਾਂ ਚਾਹੁੰਦੀ ਸੀ ਜਦੋਂ ਤੱਕ ਚੰਨੀ ਦਾ ਵਿਆਹ ਨਹੀਂ ਹੋ ਜਾਂਦਾ ਉਹ ਉਸ ਕੋਲ ਹੀ ਰਹੇ ਪਰ ਚੰਨੀ ਨਾ ਮੰਨੀ।

''ਧੀਏ ! ਸੁੰਨੇ ਘਰ ੱਚ ਕੱਲੀ ਦਾ ਕਿਵੇਂ ਜੀ ਲੱਗੂ ? ਮੇਰੀ ਮੰਨੇ ਤਾਂ ਮੇਰੇ ਕੋਲ ਰਹਿ ।” ਤਾਈ ਨੰਦ ਕੌਰ ਨੇ ਕਿਹਾ ਸੀ । ‘ਊਂ ਤੂੰ ਜਵਾਂ ਈ ਫਿਕਰ ਨਾ ਕਰ । ਮੈਂ ਜਾਊਂਗੀ ਤੇਰੀ ਸਹੁਰੀਂ, ਆਖੂੰਗੀ ਉਨ੍ਹਾਂ ਨੂੰ ਹੋਰ ਮਹੀਨੇ ਤਕ ਵਿਆਹ ਕਰ ਲੈਣਗੇ । ਮੇਰਾ ਆਖਾ ਨੀਂ ਮੋੜਦੇ । ਬਥੇਰੇ ਚੰਗੇ ਐ ।”

‘ਤਾਈ ! ਮੇਰਾ ਮਨ ਨੀਂ ਮੰਨਦਾ । ਜਿੰਨਾ ਚਿਰ ਏਥੇ ਆਂ, ਓਨਾ ਚਿਰ ਤਾਂ ਦਰ ਖੁੱਲਾ ਰਵੇ । ਫੇਰ ਤਾਂ ਜਿੰਦੇ ਨੂੰ ਜੰਗ ਨੇ ਖਾਣਾ ਈ ਐ ।” ਕਹਿੰਦੀ ਚੁੰਨੀ ਦੀਆਂ ਅੱਖਾਂ ਭਰ ਆਈਆਂ ।

‘ਮੈਂ ਤਾਂ ਚੰਨੋ ਤੇਰੇ ਕਰਕੇ ਈ ਆਂਹਦੀ ਸੀ । ਜ਼ਨਾਨੀ ਤਾਂ ਆਂਹਦੇ ਮਿੱਟੀ ਦੀ ਈ ਨੀਂ ਮਾਣ ਹੁੰਦੀ ਤੇ ਤੂੰ ਤਾਂ ਹੱਡ ਚੰਮ ਦੀ ਬਣੀ ਐ । ਸੌ ਦੁੱਖ ਤਕਲੀਫ ਹੁੰਦੀ ਐ ।” 

‘ਤਾਈ ! ਜੇ ਉਨ੍ਹਾਂ ਨੇ ਕਿਤੇ ਜਵਾਬ ਦੇ ਤਾ । ਮੇਰੇ ਕੋਲ ਦਾਜ ਦੂਜ ਤਾਂ ਹੈ ਨੀਂ ਲਜਾਣ ਨੂੰ ।” 

“ਤੂੰ ਐਵੇਂ ਝੋਰਾ ਨਾ ਕਰ । ਮੈਂ ਆਪੇ ਸਮਝੂੰ ਸਾਰਾ ਕੁਛ । ਉਨ੍ਹਾਂ ਨੂੰ ਕਿਹੜਾ ਸਮਝ ਹੈ ਨੀਂ । ਨਲੇ ਮੇਰੀ ਤੂੰ ਧੀ ਤਾਂ ਹੈਂ । ਮੈਂ ਆਪੇ ਕਰਲੂੰ ਬਣਦਾ ਸਰਦਾ ।" ਤਾਈ ਨੰਦ ਕੌਰ ਦੀਆਂ ਗੱਲਾਂ ਸੁਣਕੇ ਚੰਨੀ ਦੇ ਮਨ ਨੂੰ ਕੁਛ ਧਰਵਾਸ ਮਿਲਦਾ । ਤਾਈ ਦੇ ਕਹਿਣ ਅਨੁਸਾਰ ਭਾਂਵੇਂ ਹੋਰ ਮਹੀਨੇ ਨੂੰ ਉਸਦਾ ਵਿਆਹ ਹੋ ਜਾਵੇ ਪਰ ਮਹੀਨਾ ਕੱਢਣਾ ਕਿਹੜਾ ਸੌਖਾ ਸੀ । ਖਾਣ ਪੀਣ ਨੂੰ ਕਿਥੋਂ ਆਵੇ ਅੱਗੇ ਤਾਂ ਚਾਰੂ ਕਮਾਉਂਦਾ ਸੀ । ਕਦੇ ਪੱਕੀਆਂ ਪਕਾਈਆਂ ਵੀ ਮਿਲ ਜਾਂਦੀਆਂ ਨਹੀਂ ਪਕਾਉਣ ਨੂੰ ਤਾਂ ਮਿਲਦਾ ਹੀ ਸੀ । ਪਰ ਹੁਣ ਤਾਂ ਕਰਨ ਵਾਲਾ ਵੀ ਕੋਈ ਨਹੀਂ ਸੀ।

ਚਾਰੂ ਦੇ ਮਰਨ 'ਤੇ ਆਇਆ ਸਰਦਾਰ ਉਸਨੂੰ ਧਰਵਾਸ ਤਾਂ ਬਹੁਤ ਦਿੰਦਾ ਸੀ ; ਅਖੇ 'ਚਾਰੂ ਦੇ ਮਰਨ ਨਾਲ ਮੇਰੀ ਤਾਂ ਬਾਂਹ ਟੁੱਟਗੀ । ਤੂੰ ਕੋਈ ਫਿਕਰ ਨਾ ਕਰੀਂ । ਕੱ੍ਹਲ ਤੋਂ ਆ ਜੀਂ, ਗੋਹਾ ਕੂੜਾ ਤੂੰ ਈ ਕਰਨੈਂ । ਤੇਰੇ ਈ ਹੁੰਦਿਆਂ ਅਸੀਂ ਕਿਸੇ ਹੋਰ ਨਾਂ ਗੱਲ ਨੀਂ ਕਰਨੀ ।” ਜਦੋਂ ਦਾ ਰੁਲਦੂ ਦੇ ਦਾਖਲੇ ਵਾਸਤੇ ਉਸਨੇ ਪੈਸੇ ਦਿੱਤੇ ਸਨ, ਚੰਨੀ ਦੇ ਮਨ ਵਿਚ ਉਸਦੀ ਇਜ਼ਤ ਬਣ ਗਈ ਸੀ । ਉਹ ਨਹੀਂ ਸੀ ਜਾਣਦੀ ਕਿ ਚਾਰੂ ਨੇ ਉਸ ਕੋਲ ਝੂਠ ਬੋਲਿਆ ਸੀ । ਚਾਰੂ ਦੀਆਂ ਲਹੂ ਵੇਚਣ ਦੀਆਂ ਗੱਲਾਂ ਦੀ ਤਾਂ ਉਸਨੂੰ ਸਮਝ ਹੀ ਨਹੀਂ ਸੀ ਆਈ । ਉਹ ਸਮਝਦੀ ਸੀ ਕਿ ਪੁੱਤਰ ਦੇ ਗਮ ‘ਚ ਉਹ ਅਜਿਹੀ ਬਕੜਵਾਹ ਕਰ ਰਿਹਾ ਹੈ।ਇਸ ਲਈ ਉਹ ਗੋਹਾ ਕੂੜਾ ਕਰਨ ਜਾਣ ਲੱਗ ਪਈ । ਪਹਿਲੇ ਦਿਨ ਤਾ ਸਰਦਾਰਨੀ ਬਚਿੰਤ ਕੌਰ ਨੇ ਉਸ ਨਾਲ ਬੜਾ ਮੋਹ ਕੀਤਾ । ਉਸਨੂੰ ਲੱਗਿਆ ਜਿਵੇਂ ਉਸ ਲਈ ਰੱਬ ਬਹੁੜ ਪਿਆ ਹੋਵੇ। ਬਚਿੰਤ ਕੌਰ ਨੇ ਉਸਨੂੰ ਸਾਰਾ ਕੰਮ ਆਪ ਸਮਝਾਇਆ । ਸਰਦਾਰ ਨੇ ਜਦੋਂ ਦਾ ਜਵਾਨ ਹੋਈ ਚੰਨੀਂ ਨੂੰ ਵੇਖਿਆ ਸੀ ਉਸਦੇ ਦਿਮਾਗ ਤੇ ਉਸੇ ਦੀ ਤਸਵੀਰ ਛਾਈ ਰਹਿੰਦੀ । ਚੰਨੀ ਦੇ ਨੀਲੇ ਰੰਗ ਤੇ ਉਠ ਉਠ ਪੈਂਦੇ ਨੈਣ ਨਕਸ਼ ਉਸਦੇ ਦਿਲ ਵਿਚ ਖੁੱਭ ਗਏ ਸਨ । ਉਸਨੇ ਹੋਰ ਵੀ ਕਈ ਘਾਟਾਂ ਦਾ ਪਾਣੀ ਪੀਤਾ ਸੀ ਪਰ ਇਹ ਘਾਟ ਤਾਂ ਉਸਤੋਂ ਅਜੇ ਤਕ ਲੁਕਿਆ ਹੀ ਰਿਹਾ ਸੀ। ਉਹ ਜਿਉਂ ਜਿਉਂ ਚੰਨੀਂ ਨੂੰ ਵੇਖਦਾ, ਉਸਦਾ ਦਿਲ ਤਰਲੋ-ਮੱਛੀ ਹੋਣ ਲੱਗਦਾ । ਉਸਨੂੰ ਇਉਂ ਮਹਿਸੂਸ ਹੋਣ ਲਗਦਾ ਜਿਵੇਂ ਕਿਸੇ ਪਿਆਸੇ ਆਦਮੀ ਨੂੰ ਕਿਸੇ ਦਰਖਤ ਨਾਲ ਬੰਨ੍ਹਿਆ ਹੋਵੇ ਤੇ ਖੂਹ ਬਿਲਕੁਲ ਉਸਦੇ ਪੈਰਾਂ 'ਚ ਹੋਵੇ । ਸਾਰਾ ਦਿਨ ਉਸਦਾ ਦਿਮਾਗ ਕਿਸੇ ਭੰਨ ਤੋੜ 'ਚ ਲੱਗਿਆ ਰਹਿੰਦਾ । ਉਹ ਕਈ ਤਰਕੀਬਾਂ ਬਣਾਉਂਦਾ ਪਰ ਆਪ ਹੀ ਢਾਹ ਦਿੰਦਾ । ਪਹਿਲਾਂ ਤਾਂ ਥਾਣੇਦਾਰ ਨੂੰ ਦਿੱਤਾ ਦੋ ਹਜ਼ਾਰ ਉਸਨੂੰ ਬਹੁਤ ਚੁਭਿਆ ਸੀ ਪਰ ਹੁਣ ਉਸਨੂੰ ਸੌਦਾ ਸਸਤਾ ਮਹਿਸੂਸ ਹੋ ਰਿਹਾ ਸੀ ।

ਦੋ ਦਿਨ ਵਿਚ ਹੀ ਚੰਨੀ ਦੀ ਜਕ ਖੁਲ੍ਹ ਗਈ । ਪਹਿਲਾਂ ਤਾਂ ਉਹ ਅੰਦਰ ਪੈਰ ਰਖਦੀ ਜਕਦੀ ਸੀ । ਪਰ ਹੁਣ ਉਸਦਾ ਓਪਰਾਪਣ ਜਿਹਾ ਜਾਂਦਾ ਰਿਹਾ । ਉਹ ਬੇਧੜਕ ਅੰਦਰ ਆ ਵੜਦੀ ਤੇ ਆਪਣੇ ਆਪ ਹੀ ਕੰਮ ਕਰਨ ਲੱਗ ਪੈਂਦੀ । ਇਕ ਹਫਤਾ ਬੀਤ ਗਿਆ । ਇਹ ਹਫਤਾ ਜਿਵੇਂ ਸਰਦਾਰ ਲਈ ਇਕ ਸਦੀ ਬਣ ਗਿਆ ਹੋਵੇ । ਉਸਨੇ ਚੰਨੀ ਤੱਕ ਪਹੁੰਚਣ ਲਈ ਸਕੀਮਾਂ ਦੇ ਕਈ ਪੁਲ ਬਣਾਏ ਪਰ ਕਿਸੇ ਤੇ ਵੀ ਤੁਰ ਨਾ ਸਕਿਆ । ਪਰ ਇਕ ਦਿਨ ਉਸਦੀ ਜਿਵੇਂ ਕਿਸਮਤ ਜਾਗ ਪਈ ਹੋਵੇ ।ਉਸਦੇ ਸਾਲੇ ਦੇ ਘਰ ਮੁੰਡੇ ਨੇ ਜਨਮ ਲਿਆ, ਜਿਸਨੂੰ ਦੇਖਣ ਲਈ ਉਨ੍ਹਾਂ ਨੇ ਜਾਣਾ ਸੀ । ਸਰਦਾਰ ਨੇ ਕੋਈ ਬਹਾਨਾ ਬਣਾ ਕੇ ਬਚਿੰਤ ਕੌਰ ਤੇ ਹਰਦੇਵ ਨੂੰ ਤੋਰ ਦਿੱਤਾ ਪਰ ਆਪ ਘਰ ਹੀ ਰਹਿ ਪਿਆ ।

ਚੰਨੀ ਜਦ ਦੁਪਹਿਰ ਨੂੰ ਪਸ਼ੂਆਂ ਨੂੰ ਪਾਣੀ ਪਿਲਾਉਣ ਆਈ ਤਾਂ ਘਰ ਵਿਚ ਕੋਈ ਨਜ਼ਰ ਨਾ ਆਇਆ । ਕਿਤੇ ਆਸੇ ਪਾਸੇ ਜਾਂ ਅੰਦਰ ਹੋਣਗੇ, ਸੋਚ ਕੇ ਚੰਨੀ ਇਕ ਬਾਲਟੀ 'ਚ ਪਾਣੀ ਗੇੜਨ ਲੱਗ ਪਈ । ਬਾਹਰੋਂ ਉਸਨੂੰ ਦਰਵਾਜ਼ੇ ਦੇ ਚੀਕਣ ਦੀ ਆਵਾਜ਼ ਆਈ ਪਰ ਉਸਨੇ ਕੋਈ ਧਿਆਨ ਨਾ ਦਿੱਤਾ। ਕੁਝ ਚਿਰ ਮਗਰੋਂ ਸਰਦਾਰ ਅੰਦਰ ਵੜਿਆ ਤੇ ਸਿੱਧਾ ਸਾਹਮਣੇ ਕਮਰੇ ਅੰਦਰ ਚਲਾ ਗਿਆ।ਜਾਂਦਾ ਹੋਇਆ ਉਹ ਚੰਨੀ ਨੂੰ ਵੀ ਆਵਾਜ਼ ਮਾਰ ਗਿਆ । ਚੰਨੀ ਦੇ ਮਨ ਵਿਚ ਕੋਈ ਮੈਲ ਨਹੀਂ ਸੀ ਜਿਸ ਕਾਰਣ ਉਹ ਬੇਧੜਕ ਕਮਰੇ ਦੇ ਦਰਵਾਜ਼ੇ ਮੂਹਰੇ ਜਾ ਖੜ੍ਹੀ । 

“ਕੀ ਐ ਚਾਚਾ ? ਚਾਰੂ ਦੇ ਹਾਣ ਦਾ ਹੋਣ ਕਾਰਣ ਉਹ ਉਸਨੂੰ ਚਾਚਾ ਹੀ ਕਹਿੰਦੀ ਸੀ । 

“ਅੰਦਰ ਆ ਡਰ ਨਾਂ ਇਕ ਗੱਲ ਕਰਨੀ ਸੀ।” ਚੰਨੀ ਅੰਦਰ ਚਲੀ ਗਈ ਪਰ ਉਸਦਾ ਦਿਲ ਕੁਝ ਡਰ ਜਿਹਾ ਗਿਆ ।

‘ਬਹਿ ਜਾ ਮੰਜੇ ‘ਤੇ ..... ਜਕਦੀ ਕਿਉਂ ਐ ?" ਸਰਦਾਰ ਦੀ ਗੱਲ ਸੁਣ ਕੇ ਚੰਨੀ ਜਕਦੀ ਜਕਦੀ ਮੰਜੇ ਦੀ ਬਾਹੀ ਤੇ ਬੈਠ ਗਈ । ਸਰਦਾਰ ਨੂੰ ਕੁਛ ਅਹੁੜਦਾ ਨਹੀਂ ਸੀ ਕਿ ਕੀ ਗੱਲ ਕਰੇ ? ਕੁਛ ਦੇਰ ਉਹ ਸੋਚਦਾ ਰਿਹਾ ।

“ਤੇਰਾ ਬਾਪੂ ਤਾਂ ਬੜਾ ਭਲਾਮਾਣਸ ਸੀ ।ਏਸੇ ਕਰਕੇ ਤੇਰੀ ਜਿੰਮੇਦਾਰੀ ਵੀ ਮੈਨੂੰ ਸਾਂਭਣੀ ਪਈ । ਉਹਨੇ ਮੈਥੋਂ ਦੋ ਹਜ਼ਾਰ ਰੁਪਿਆ ਲਿਆ ਸੀ, ਤੈਨੂੰ ਦੱਸ ਈ ਗਿਐ ਹੋਣੈ। " ਉਸਦੀ ਗੱਲ ਸੁਣ ਕੇ ਚੰਨੀ ਜਿਵੇਂ ਹੜਬੜਾ ਉਠੀ ।

‘ਨਈਂ ਮੈਨੂੰ ਤਾਂ ਦੱਸਿਆ ਨੀਂ । ਸਾਨੂੰ ਤਾਂ ਬਾਪੂ ਸਾਰਾ ਕੁਛ --- ਦੱਸ ਦਿੰਦਾ ਸੀ । ਕੇਰਾਂ ਅੱਸੀ ਰੁਪਏ ਲੈ ਕੇ ਗਿਆ ਸੀ ਬੀਰ ਦੇ ਦਾਖਲੇ ਆਸਤੇ। " ਚੰਨੀ ਦੀ ਗੱਲ ਸੁਣਕੇ ਸਰਦਾਰ ਜਿਵੇਂ ਉਲਝਣ ਵਿਚ ਪੈ ਗਿਆ ਹੋਵੇ । ਉਸਨੇ ਤਾਂ ਕੋਈ ਅਸੀਂ ਰੁਪਏ ਨਹੀਂ ਸੀ ਦਿੱਤੇ, ਹਾਂ ਮੰਗਦਾ ਉਹ ਜ਼ਰੂਰ ਸੀ ਚਾਲੀ ਰੁਪਏ । ਪਰ ਜੇ ਚਾਰੂ ਨੇ ਅੱਸੀ ਰੁਪਏ ਕਿਤੋਂ ਲਏ ਤੇ ਨਾਂ ਉਸਦਾ ਲਿਆ ਹੈ ਤਾਂ ਵਿਚੋਂ ਗੱਲ ਕੁਝ ਜ਼ਰੂਰ ਹੈ । ਇਸ ਨਾਲ ਉਸਦਾ ਹੌਸਲਾ ਵਧ ਗਿਆ।

“ਮੈਂ ਉਨ੍ਹਾਂ ਅੱਸੀਆਂ ਦੀ ਗੱਲ ਨੀਂ ਕਰਦਾ । ਉਹ ਤਾਂ ਕਿਸੇ ਖਾਤੇ ਈ ਨੀਂ । ਮੈਂ ਤਾਂ ਰਕਮ ਦੀ ਗੱਲ ਕਰਦੈਂ । ਜਦੋਂ ਤੇਰਾ ਭਰਾ ਮਰਿਆ ਤਾਂ ਠਾਣੇਦਾਰ ਨੇ ਕੇਸ ਬਣਾ ‘ਤਾ ਸੀ । ਮੈਂ ਦੋ ਹਜ਼ਾਰ ਦੇ ਕੇ ਉਸਦਾ ਮੱਥਾ ਡੰਮਿਆ । ਕੀ ਪਤਾ ਸੀ ਉਹ ਮੇਰਾ ਰੁਪਿਆ ਲਹੁਣ ਤੋਂ ਪਹਿਲਾਂ ਈ ਚੱਲ ਵਸੂ, ਚੱਲ ਕੋਈ ਨਾਂ, ਤੂੰ ਉਹਦਾ ਵਿਕਰ ਨਾ ਕਰੀਂ ।ਹੋਰ ਲੋੜ ਹੋਈ ਤਾਂ ਹੋਰ ਮੰਗ ਲੀਂ । ਬੱਸ ਇਕ ਗੱਲ ਮੰਨ ਲੀਂ ਮੇਰੀ, ਤੈਨੂੰ ਕਿਸੇ ਗੱਲ ਦਾ ਘਾਟਾ ਨੀਂ।" ਸਰਦਾਰ ਉਸਦਾ ਹੱਥ ਫੜ੍ਹਦਾ ਬੋਲਿਆ। ਚੰਨੀ ਦਾ ਸਰੀਰ ਕੰਬ ਗਿਆ । ਉਹ ਉਠ ਕੇ ਖੜ੍ਹੀ ਹੋ ਗਈ ।

"ਨਈਂ.....ਗਾਂਹ ਵਾਸਤੇ ਮੈਨੂੰ ਹੱਥ ਨਾ ਲਾਈ।” ਚੰਨੀ ਬਾਹਰ ਵੱਲ ਵਧਦੀ ਬੋਲੀ । ਸਰਦਾਰ ਨੇ ਉਸਨੂੰ ਧੱਕਾ ਦੇ ਕੇ ਮੰਜੇ 'ਤੇ ਸਿੱਟ ਦਿੱਤਾ ਤੇ ਕੰਧ ਨਾਲ ਲਟਕਦੀ ਦੁਨਾਲੀ ਲਾਹ ਲਈ । ਬੰਦੂਕ ਦੁਖ ਕੇ ਜਿਵੇਂ ਚੰਨੀ ਦਾ ਸਾਹ ਰੁਕ ਗਿਆ ਹੋਵੇ ।

“ਜੇ ਬਾਹਲੀ ਅੜੀ ਕੀਤੀ ਤਾਂ ਇਕ ਗੋਲੀ ਬਥੇਰੀ ਐ।” ਸਰਦਾਰ ਨੇ ਬੰਦੂਕ ਉਸ ਵੱਲ ਤਾਣ ਲਈ।

‘ਮੈਨੂੰ ਤਾਂ ਅੱਗੇ ਈ ਰੱਬ ਦੀ ਮਾਰ ਪਈ ਐ। ਮੈਨੂੰ ਹੋਰ ਦੁਖੀ ਨਾ ਕਰ।ਮੈਂ ਤੇਰੀਆਂ ਧੀਆਂ ਵਰਗੀ ਆਂ ।” ਚੰਨੀ ਨੂੰ ਬੇਵਸ ਹੋਈ ਦੇਖ ਕੇ ਸਰਦਾਰ ਨੇ ਬੰਦੂਕ ਦੂਜੇ ਮੰਜੇ ‘ਤੇ ਸੁੱਟ ਦਿੱਤੀ ।

“ਐਵੇਂ ਕਮਲੀ ਨਾ ਬਣ । ਕਿਸੇ ਨੂੰ ‘ਵਾ ਵੀ ਨੀਂ ਲੱਗਣੀ । ਬੱਸ ਤੇਰੇ ਕੋਲੋਂ ਗੱਲ ਨਾ ਨਿਕਲੇ । ਤੇਰੇ ਵਿਆਹ ਦਾ ਵੀ ਤਾਂ ਮੈਂ ਈ ਫਿਕਰ ਕਰਨੈ, ਹੋਰ ਕੌਣ ਐ ਕਰਨ ਵਾਲਾ ?” ਸਰਦਾਰ ਉਸਨੂੰ ਲਾਲਚ ਦੇ ਰਿਹਾ ਸੀ ।

“ਮੇਰਾ ਰਿਸ਼ਤਾ ਤਾਂ ਤਾਈ ਨੇ ਪੱਕਾ ਕੀਤਾ ਹੋਇਐ ।” ਚੰਨੀ ਰੋਣ ਲੱਗ ਪਈ । ਰਿਸ਼ਤੇ ਦੀ ਗੱਲ ਸੁਣਕੇ ਸਰਦਾਰ ਨੂੰ ਧੱਕਾ ਲੱਗਾ । ਹੱਥ ਆਇਆ ਸ਼ਿਕਾਰ ਉਹ ਐਨੀ ਛੇਤੀ ਜਾਣ ਨਹੀਂ ਸੀ ਦੇਣਾ ਚਾਹੁੰਦਾ ।

ਸਰਦਾਰ ਨੂੰ ਚੰਨੀ ਦੇ ਰੋਣ ਦੀ ਕੋਈ ਪਰਵਾਹ ਨਹੀਂ ਸੀ । ਉਸਦੇ ਸਾਹਮਣੇ ਆਪਣੀ ਹੈਂਕੜਬਾਜ਼ੀ ਸੀ ਜਿਸਦਾ ਉਹ ਸਿਰ ਨੀਵਾਂ ਨਹੀਂ ਸੀ ਹੋਣ ਦੇਣਾ ਚਾਹੁੰਦਾ । ਉਸਦੇ ਸਾਹਮਣੇ ਆਪਣਾ ਦੋ ਹਜ਼ਾਰ ਰੁਪਿਆ ਸੀ ਜੋ ਉਸਨੇ ਚੰਨੀ ਦੇ ਭਰਾ ਕਾਰਣ ਗੁਆਇਆ ਸੀ ।

ਤੇ ਅੱਜ ਉਸਨੇ ਆਪਣੇ ਦੋ ਹਜ਼ਾਰ 'ਚੋਂ ਕੁਛ ਰੁਪਿਆ ਵਸੂਲ ਲਿਆ ਤਾਂ ਉਸਦੇ ਚਿਹਰੇ 'ਤੇ ਰੌਣਕ ਸੀ । ਕਿਸੇ ਗਰੀਬ ਦੀ ਜ਼ਿੰਦਗੀ ਦਾ ਮੁੱਲ ਜੇ ਸਰਪੰਚ ਤੋਂ ਪੁਆਉਣਾ ਹੋਵੇ ਤਾਂ ਉਹ ਸ਼ਾਇਦ ਪੰਜ ਰੁਪਏ ਵੀ ਨਾ ਪਾਵੇ । ਸਰਪੰਚ ਆਪਣੇ ਆਪ ਨੂੰ ਸੰਵਾਰਦਾ ਮੰਜੇ ਤੋਂ ਉਠਿਆ ਥਾਂ ਇਕ ਖਚਰੀ ਜਿਹੀ ਮੁਸਕਾਨ ਉਸਦੇ ਬੁੱਲ੍ਹਾਂ 'ਤੇ ਆ ਗਈ । ਆਪਣੀਆਂ ਮੁੱਛਾਂ ਤੇ ਉਂਗਲਾਂ ਫੇਰਦਿਆਂ ਉਸਨੇ ਖੰਘੂਰਾ ਮਾਰਿਆ । “ਹੁਣ ਤੂੰ ਜਾਣੈ ਤਾਂ ਜਾਂਦੀ ਰਹਿ । ਮੈਂ ਆਪੇ ਪਿਆ ਲੂੰ ਪਾਣੀ ਮੱਝਾਂ ਨੂੰ । ਸਵੇਰੇ ਆ ਜੀਂ.....ਮੇਰੀ ਗੱਲ ਯਾਦ ਰੱਖੀਂ, ਜੇ ਕਿਸੇ ਨਾਲ ਗੱਲ ਕੀਤੀ ਜਾਂ ਸਵੇਰੇ ਨਾ ਆਈ ਤਾਂ ਬੰਦੂਕ ਦੀ ਗੋਲੀ ਕਢਦੂੰ ਵਿਚ ਦੀ ਤੇ ਤੇਰੀ ਲਾਸ਼ ਪਾ ਦਿਊਂ ਸ਼ਿਕਾਰੀ ਕੁੱਤਿਆਂ ਨੂੰ ।” ਸਰਦਾਰ ਦੀ ਗੱਲ ਸੁਣ ਕੇ ਚੰਨੀ ਦੀ ਰਹਿੰਦੀ ਹਿੰਮਤ ਵੀ ਜਿਵੇਂ ਜਵਾਬ ਦੇ ਗਈ ਹੋਵੇ । ਉਹ ਬੁਝੇ ਮਨ ਨਾਲ ਉਠੀ ਤੇ ਘਰ ਵੱਲ ਚੱਲ ਪਈ । ਘਰ ਪਹੁੰਚ ਕੇ ਉਸਨੇ ਆਪਣਾ ਰੋ ਰੋ ਕੇ ਬੁਰਾ ਹਾਲ ਕਰ ਲਿਆ ਪਰ ਦੇਖਣ ਵਾਲਾ ਕੋਈ ਨਹੀਂ ਸੀ । ਉਸਦੀ ਨਜ਼ਰ ਆਪਣੀ ਉਂਗਲੀ ‘ਚ ਪਾਈ ਮੁੰਦਰੀ ਵੱਲ ਗਈ ਤਾ ਉਹ ਗਿਲਾਨੀ ਨਾਲ ਭਰ ਗਈ । ਉਸਨੂੰ ਮਹਿਸੂਸ ਹੋਇਆ ਜਿਵੇਂ ਤੇਜਾ ਸੁੰਨੀਆਂ ਅੱਖਾਂ ਨਾਲ ਉਸ ਵੱਲ ਵੇਖ ਰਿਹਾ ਹੋਵੇ । ਉਸਨੇ ਸ਼ਰਮ ਨਾਲ ਮੂੰਹ ਦੂਜੇ ਪਾਸੇ ਕਰ ਲਿਆ । ਪਰ ਆਪਣੇ ਮਨ ਤੋਂ ਉਹ ਕਿਥੇ ਲੁਕ ਸਕਦੀ ਸੀ ।

ਯਾਦਾਂ ਦੇ ਵਹਿਣ ਸਮੁੰਦਰਾਂ ਨਾਲੋਂ ਵੀ ਡੂੰਘੇ ਹੁੰਦੇ ਹਨ । ਚੰਨੀ ਦੇ ਅਥਰੂ ਕਦੋਂ ਖੁਸ਼ਕ ਹੋ ਗਏ, ਇਸ ਬਾਰੇ ਉਸਨੂੰ ਪਤਾ ਵੀ ਨਾ ਲੱਗਿਆ ।ਉਹ ਖਿਆਲਾਂ ਵਿਚ ਡੁੱਬੀ ਕਿਤੇ ਬਚਪਨ ਵਿਚ ਫਿਰ ਰਹੀ ਸੀ ਤੇ ਆਪਣੇ ਹੋਣ ਵਾਲੇ ਸਹੁਰੇ ਘਰ । ਕਦੇ ਤੇਜਾ ਉਸ ਨਾਲ ਗੱਲ ਕਰ ਰਿਹਾ ਹੁੰਦਾ ਤੇ ਕਦੇ ਸ਼ਾਮੋ । ਪਰ ਅੱਜ ਉਹ ਉਨ੍ਹਾਂ ਦੇ ਖਿਆਲ ਤੋਂ ਵੀ ਸ਼ਰਮ ਮਹਿਸੂਸ ਕਰ ਰਹੀ ਸੀ। ਤੇਜੇ ਦਾ ਮਸੋਸਿਆ ਮੂੰਹ ਦੇਖ ਕੇ ਉਸਦਾ ਕਲੇਜਾ ਮੂੰਹ ਨੂੰ ਆਉਂਦਾ।

ਮੁੰਦਰੀ ਵੱਲ ਵੇਖਦੀ ਉਹ ਦੁਬਿਧਾ ਵਿਚ ਫਸੀ ਰਹੀ । ਕਦੇ ਉਸਦਾ ਦਿਲ ਕਰੇ ਕਿ ਮੁੰਦਰੀ ਨੂੰ ਲਾਹ ਕੇ ਸਿੱਟ ਦੇਵੇ ਤੇ ਕਦੇ ਦਿਲ ਕਰੇ ਕਿ ਇਸ ਮੁੰਦਰੀ ਨੂੰ ਚੁੰਮ ਚੁੰਮ ਕਮਲੀ ਹੋ ਜਾਵੇ । ਆਖਰ ਤੇਜੇ ਦਾ ਕੀ ਕਸੂਰ ਸੀ। ਤੇ ਉਸਨੂੰ ਇਸ ਗੱਲ ਦੀ ਸਮਝ ਨਾ ਲੱਗਦੀ ਕਿ ਕਸੂਰ ਕਿਸਦਾ ਹੈ ? ਉਸਨੇ ਭਰੇ ਮਨ ਨਾਲ ਮੁੰਦਰੀ ਨੂੰ ਲਾਹਿਆ ਤੇ ਆਲੇ 'ਚ ਰੱਖ ਦਿੱਤਾ ।




14

‘ਬਾਬਾ! ਕੀ ਗੱਲ ਅੱਜ ਕੁੱਬਾ ਜਿਆ ਹੋਇਆ ਟਾਂਡੇ ਭੰਨਾਂ ਦੀ ਬੁੜ੍ਹੀ ਆਂਗੂ।" ਘੁੱਲੇ ਭਲਵਾਨ ਨੇ ਬਾਬੇ ਮੋਦਨ ਨੂੰ ਸਵਾਲ ਕੀਤਾ ।”

‘ਨਾ ਹੋਰ ਹੁਣ ਕੀ ਸਾਡੇ 'ਤੇ ਜਵਾਨੀ ਆਉਣੀ ਐਂ ਦਿਨੋਂ ਦਿਨ ਸਰੀਰ ਨੇ ਠਾਂਹ ਨੂੰ ਈ ਜਾਣੈਂ।”

‘ਬੰਤੇ ਫੌਜੀ ਨਾਂ ਕਰ ਲਿਆ ਕਰ ਲਫਟ ਰੇਟ ।ਕੁੱਬ ਕੱਬ ਜਿਆ ਨੇੜੇ ਨੀਂ ਆਉਂਦਾ ਫੇਰ।”

‘ਇਹ ਤਾਂ ਭਲਵਾਨਾਂ ਤੂੰ ਈ ਕਰ ਸਕਦੈਂ, ਸਾਡੀ ਤਾਂ ਉਮਰ ਨੀਂ ਰਹੀ ਹੁਣ।”

‘ਫੌਜੀ ਤਾਂ ਅੱਜ ਆਕੜਿਆ ਖੜ੍ਹੈ ਮਾਹਾਂ ਦੇ ਆਟੇ ਆਂਗੂੰ ਕੱਛਾਂ 'ਚ ਹੱਥ ਦੇ ਕੇ। ਫੌਜੀਆਂ! ਤੂੰ ਆਹ ਪੂਣੀ ਜੀ ਬਣਾਈ ਫਿਰਦੈਂ 'ਖ਼ਬਾਰ ਦੀ ਸੁਣਾ ਦੇ ਕੋਈ ਖਬਰ ਸ਼ਬਰ।” ਮਾਘੀ ਨੇ ਬੰਤੇ ਨੂੰ ਚੁੱਪ ਦੇਖ ਕੇ ਕਿਹਾ ।

‘ਖਬਰਾਂ ਦਾ ਕੀ ਆ ਜਿੰਨੀਆਂ ਮਰਜ਼ੀ ਸੁਣ ਲੋ।ਦਸ ਕਿਹੋ ਜੀ ਸੁਣਾਵਾਂ? ”ਬੰਤੇ ਫੌਜੀ ਨੇ ਅਖਬਾਰ ਖੋਲ੍ਹਦਿਆਂ ਕਿਹਾ

‘ਸੁਣਾ ਦੇ ਕੋਈ ਚੱਜ ਦੀ।”

‘ਚੱਜ ਦੀ ਕਿਹੋ ਜੀ ਹੁੰਦੀ ਐ?" 

‘ਫੌਜੀਆ ਸੁਣਾ ਦੇ ਏਨੂੰ ਕੀਹਦੀ ਕੁੜੀ ਕੀਹਦੇ ਨਾਂ ਭੱਜਗੀ।” ਘੁੱਲੇ ਨੇ ਮਖੌਲ ਕੀਤਾ।

‘ਕਿਉਂ ਕਤੀੜੇ ਜਵਾ ਗੰਦੀ ਕਰਦੈਂ।” ਮਾਘੀ ਦੀਆਂ ਮੁਛਾਂ ਖੁਸ਼ੀ ਨਾਲ ਫਰਕੀਆਂ।

“ਨਾ ਹੋਰ ਤੂੰ ਕੀ ਵੜੇਵਿਆਂ ਦੇ ਭਾਅ ਪੁੱਛਣੇ ਐਂ ? ਮੈਂ ਤਾਂ ਸੱਚੀ ਗੱਲ ਮੂੰਹ ਤੇ ਮਾਰਦੈਂ, ਭਾਵੇਂ ਅਗਲੇ ਦੇ ਗੋਡੇ ਲੱਗੇ ਜਾਂ ਗਿੱਟੇ । ਤੇਰੇ ਦਿਲ ਦੀਆਂ ਤਾਂ ਮੇਰੇ ਨਹੁੰਆਂ ‘ਚ ਐ । ਜਾਂ ਖਾ ਜਾ ਸਹੁੰ ਵੱਡੇ ਮਾਅਰਾਜ ਦੀ ਬਈ ਮੇਰੇ ਚਿੱਤ ‘ਚ ਏਹੋ ਜੀ ਗੱਲ ਨੀਂ ਸੀ ।”

“ਚੱਲ ਜਾਣ ਦੇ ਭਲਵਾਨਾਂ, ਖਬਰ ਸੁਣ ਤੂੰ।”

“ਹੱਦ ਕਰਤੀ.....ਸਾਡੇ ਨਾਂ' ਕਿਹੜਾ ਮਿਕ ਜੂ?' ਭਲਵਾਨ ਤਿੜ 'ਚ ਆ ਗਿਆ ।

“ਦੋ ਕਿੱਲੋ ਲੱਡੂ ਖਾ ਕੇ ਸ਼ਰਤ ਜਿੱਤੀ ।” ਫੌਜੀ ਬੋਲਿਆ । 

“ਹੈਂ....ਉਹ ਕਿਥੇ ਬਈ ?”

ਪਟਿਆਲੇ ਦੀ ਖਬਰ ਐਂ । ਦੋ ਦੋਸਤਾਂ ਨੇ ਆਪੋ ਵਿੱਚ ਦੋ ਕਿੱਲੋ ਲੱਡੂਆਂ ਦੀ ਸ਼ਰਤ ਲਾਈ । ਇਕ ਆਂਹਦਾ ਮੈਂ ਦੋ ਕਿੱਲੋ ਖਾ ਜੂੰ, ਦੂਜਾ ਆਂਹਦਾ ਨਈਂ ਖਾਧੇ ਜਾਣੇ । ਤੇ ਉਨ੍ਹਾਂ ਦੀ ਸ਼ਰਤ ਲੱਗ ਗਈ ਕਿ ਦੋ ਕਿੱਲੋ ਲੱਡੂ ਖਾ ਗਿਆ ਤਾਂ ਲੱਡੂਆਂ ਦੇ ਪੈਸੇ ਤੇ ਨਾਲ ਪੰਜਾਹ ਰੁਪਏ ਪਹਿਲਾ ਦਿਊਗਾ ਤੇ ਜੇ ਨਾ ਖਾਧੇ ਗਏ ਤਾਂ ਇਹੀ ਰਕਮ ਦੂਜੇ ਨੂੰ ਦੇਣੀ ਪਊ । ਤੇ ਪਹਿਲੇ ਨੇ ਦੋ ਕਿੱਲੋ ਲੱਡੂ ਖਾ ਕੇ ਸ਼ਰਤ ਜਿੱਤ ਲਈ ।” ਫੌਜੀ ਨੇ ਖਬਰ ਦਾ ਸਾਰ ਪੇਸ਼ ਕੀਤਾ ।

“ਫੇਰ ਤਾਂ ਮੋਕ ਪੈਂਦੀ ਹੋਊ, ਇਹ ਵੀ ਲਿਖਿਐ ਕਿ ਨਈਂ ?”

‘ਲੈ ਮੋਕ ਕੀ ਪੈਣੀ ਐ ? ਦੋ ਸੇਰ ਤਾ ਚੂਹਾ ਖਾ ਜਾਂਦੈ ਤੇ ਉਹ ਤਾਂ ਫੇਰ ਬੰਦਾ ਸੀ ।” ਭਲਵਾਨ ਬੋਲਿਆ ।

‘ਚੂਹਾ ? .....ਉਹ ਕਿਵੇਂ ਬਈ ?” ਬਾਬਾ ਮੋਦਨ ਹੈਰਾਨ ਹੋਇਆ। ਤਿੰਨ ਚਾਰ ਬੰਦੇ ਹੋਰ ਵੀ ਆ ਜੁੜੇ ਸੱਥ 'ਚ ।

‘ਹੋਇਆ ਇਉਂ ਬਈ ਮੈਂ ਗਿਆ ਰਾਖੀ ਵਾਸਤੇ ਖੇਤਾਂ 'ਚ ਰਾਤ ਵੇਲੇ। ਚੰਦ ਚਾਨਣੀ ਰਾਤ, ਦਵਾਲੀ ਆਲਾ ਦਿਨ । ਮੈਂ ਦੋ ਸੇਰ ਲੱਡੂ ਲੈ ਗਿਆ ਨਾਲ । ਰਾਤ ਬਰਾਤੇ ਭੁੱਖ ਲੱਗ ਜਾਂਦੀ ਐ ਬੰਦੇ ਨੂੰ । ਤੇ ਲੈ ਬਈ ਫੌਜੀਆ ! ਰੱਬ ਝੂਠ ਨਾ ਬੁਲਾਏ । ਮੈਂ ਸੋਚਿਆ ਲੱਡੂ ਦਾ ਸੁਆਦ ਤਾਂ ਦੇਖ ਲਈਏ । ਮੈਂ ਅਜੇ ਬੁਰਕੀ ਨੀਂ ਸੀ ਭੰਨੀ ਜਦੋਂ ਇਕ ਚੂਹਾ ਆ ਗਿਆ ਬਾਹਰ ਖੁੱਡ 'ਚੋਂ । ਮੈਂ ਲੱਡੂ ਚਲਾਵਾਂ ਮਾਰਿਆ ਉਸਨੂੰ ਭਜੌਣ ਨੂੰ । ਮੈਂ ਜਾਣਾ ਜਾਂ ਮੇਰਾ ਵਾਗੁਰੂ, ਹੋਰ ਤੀਜਾ ਬੰਦਾ ਨਾਂ, ਬਈ ਉਹਨੇ ਮੂੰਹ ਨਾਂ' ਈ ਜੁੱਪ ਲਿਆ । ਮੈਂ ਤਾਂ ਹਰਾਨ ਹੋ ਗਿਆ । ਉਹਨੇ ਬਿੰਦ ਨਾ ਲਾਇਆ ਲੱਡੂ ਮੁਕਾ ’ਤਾ । ਮੈਂ ਇਕ ਹੋਰ ਸਿੱਟਿਆ, ਉਹਨੇ ਉਹ ਵੀ ਖਾ ਲਿਆ । ਤੇ ਬੱਸ ਫੇਰ ਬਾਬਾ ! ਚੰਦ ਚਾਨਣੀ ਰਾਤ ਤੇ ਦਵਾਲੀ ਆਲਾ ਦਿਨ । ਮੈਂ ਜਾਣਾ ਜਾਂ ਮੇਰਾ ਵਾਗਰੂ ਬਈ ਮੈਂ ਸਿਟੀ ਜਾਵਾਂ ਚੂਹਾ ਖਾਈ ਜਾਵੇ । ਚੂਹਾ ਖਾਈ ਜਾਵੇ ਤੇ ਮੈਂ ਸਿਟੀ ਜਾਵਾਂ । ਤੇ ਪਤਾ ਉਦੋਂ ਈ ਲੱਗਿਆ ਜਦੋਂ ਦੋ ਸੇਰ ਦੇ ਦੋ ਸੇਰ ਈ ਲਡੂ ਮੁੱਕਗੇ । ਇਉਂ ਤਾਂ ਹੋਈ ਮੇਰੇ ਨਾਂ ਕੇਰਾਂ।”

‘ਉਹ ਚੂਹਾ ਕਾਹਦਾ ਪ੍ਰੇਤ ਹੋਊ ਕੋਈ।” ਬਾਬੇ ਮੋਦਨ ਨੇ ਸੱਚ ਮੰਨਦਿਆਂ ਕਿਹਾ ।

‘ਸ਼ੁਕਰ ਕਰੋ ਉਹਨੇ ਭਲਵਾਨ ਨੂੰ ਛੱਡ ਤਾ।” ਫੌਜੀ ਨੇ ਟਕੋਰ ਮਾਰੀ।

‘ਲੈ ਤੂੰ ਸੱਚ ਨੀਂ ਮੰਨਦਾ? ”

“ਬਾਬਾ ! ਪਹਿਲਾਂ ਏਨੂੰ ਪੁੱਛ ਬਈ ਦਵਾਲੀ ਵਾਲੀ ਰਾਤ ਨੂੰ ਚੰਦ ਕੀਹਨੇ ਦੇਖਿਐ ?ਏਥੋਂ ਈ ਪਤਾ ਲਗਦੈ ਚੂਹੇ ਨੇ ਕੈ ਸੇਰ ਲੱਡੂ ਖਾਧੇ ਐ ।”

 ‘ਚੰਦ ਨਾ ਹੋਊ ਤਾਂ ਊਂ ਤਾਂ ਚਾਨਣ ਸੀਗਾ ਪਿੰਡ 'ਚ ਕਿੰਨੀ  ਮੰਡੀਰ ਫੁਲਝੜੀਆਂ ਚਲੌਂਦੀ ਐ।” 

“ਤੇ ਪਿੰਡ 'ਚ ਚੱਲੀਆਂ ਫੁੱਲਝੜੀਆਂ ਦਾ ਚਾਨਣ ਖੇਤਾਂ 'ਚ ਪਹੁੰਚ ਗਿਆ? ”

‘ਤੈਨੂੰ ਤਾਂ ਆਦਤ ਐ ਐਵੇਂ ਮੈਂ ਨਾ ਮਾਨੂੰ ਕਰਨ ਦੀ । ਜੀਦ੍ਹੇ ਨਾਂ ਬੀਤਦੀ ਐ ਉਹਨੂੰ ਈ ਪਤਾ ਲਗਦੈ ।” ਘੁੱਲੇ ਨੂੰ ਕੋਈ ਗੱਲ ਨਹੀਂ ਸੀ ਅਹੁੜ ਰਹੀ।

‘ਚੱਲ ਛੱਡ ਭਲਵਾਨਾਂ ! ਹੋਰ ਖਬਰ ਸੁਣ ਤੂੰ । ਚੱਲ ਸੁਣਾ ਬਈ ਕੋਈ।” ਬਾਬੇ ਮੋਦਨ ਨੇ ਕਿਹਾ ।

‘ਪੁਲਸ ਮੁਕਾਬਲੇ 'ਚ ਤਿੰਨ ਮਰੇ ।”

‘ਏਹ ਤਾ ਪੁਰਾਣੀ 'ਖਬਾਰ ਚੁੱਕੀ ਫਿਰਦੈਂ।”

 ‘ਪੁਰਾਣੀ ਕਿਉਂ, ਅੱਜ ਦੀ ਐ । ਊਂ ਏਹ ਖਬਰ ਤਾਂ ਸਮਝੋ ਰੋਜ਼ ਈ ਔਂਦੀ ਐ।"

‘ਮੈਥੋਂ ਪੁੱਛ ਲਾ ਘਾਣੀ ਵੀ ਵਿੱਚ ਉਹੋ ਈ ਹੋਊ।” ਘੁੱਲਾ ਪੱਟ 'ਤੇ ਹੱਥ ਮਾਰਦਾ ਬੋਲਿਆ ।

"ਟਰੱਕ ‘ਚ ਸਵਾਰ ਤਿੰਨ ਬੰਦਿਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਅੱਗੋਂ ਗੋਲੀ ਚਲਾ ਦਿੱਤੀ । ਜਵਾਬ 'ਚ  ਪੁਲਸ ਨੇ ਗੋਲੀ ਚਲਾਈ ਤੇ ਉਹ ਤਿੰਨੇ ਈ ਮਰਗੇ ।" 

‘ਇਹ ਕੀ ਗੱਲ ਹੋਈ ਬਈ ? ਜੇਹੜੇ ਸੜਕ ‘ਤੇ ਖੜ੍ਹੇ ਸੀ, ਉਨ੍ਹਾਂ 'ਚੋਂ ਕੋਈ ਨੀਂ ਮਰਿਆ ਤੇ ਜਿਹੜੇ ਟਰੱਕ ਦੇ ਅੰਦਰ ਸੀਗੇ, ਉਹ ਸਾਰੇ ਮਰਗੇ।”

‘ਨਾ ਪੰਗੇ ਲੈਣ ਪੁਲਸ ਨਾਂ । ਜਦੋਂ ਪੁਲਸ ਨੇ ਗੋਲੀ ਚਲਾਈ ਤਾਂ ਮਰਨਾ ਤਾਂ ਹੋਇਆ ਈ।”

‘ਤੇ ਉਨ੍ਹਾਂ ਨੇ ਕਿਹੜਾ ਟਰੱਕ ‘ਚੋਂ ਫੁੱਲ ਸਿੱਟੇ ਸੀ । ਉਨ੍ਹਾਂ ਨੇ ਵੀ ਤਾਂ ਗੋਲੀ ਈ ਚਲਾਈ ਸੀ । ਊਂ ਤਾਂ ਆਂਹਦੇ ਉਨ੍ਹਾਂ ਦਾ ਨਸ਼ਾਨਾ ਖਾਲੀ ਨੀਂ ਜਾਂਦਾ।” 

“ਬਾਬਾ ! ਏਹ ਜੇਹੜੀਆਂ ਰੋਜ਼ ਮੁਕਾਬਲੇ ਦੀਆਂ ਖਬਰਾਂ ਔਂਦੀਆਂ ਨਾ, ਏਹ ਸਾਰੀਆਂ ਝੂਠ ਐ । ਪੁਲਸ ਆਲੇ ਪਹਿਲਾਂ ਫੜ੍ਹ ਕੇ ਮਾਰ ਦਿੰਦੇ ਐ, ਫੇਰ ਮੁਕਾਬਲੇ ਦੀ ਘਾਣੀ ‘ਖਬਾਰਾਂ ‘ਚ ਛਪਾ ਦਿੰਦੇ ਐ । ਜਦੋਂ ਸਹੀ ਮੁਕਾਬਲਾ ਹੁੰਦੈ, ਉਦੋਂ ਪਤਾ ਲਗਦੈ ਮੁਕਾਬਲੇ ਦਾ । ਅੱਗੇ ਥੋਨੂੰ ਸੁਣਾਈ ਸੀ ਖਬਰ ਚੰਡੀਗੜ੍ਹ ਦੀ ਬਈ ਪੁਲਸ ਆਲਿਆਂ ਨੂੰ ਪਤਾ ਲੱਗਿਐ ਕਿ ਇਕ ਘਰ 'ਚ ਬੰਦੇ ਲੁਕੇ ਹੋਏ ਆ। ਇਕ ਠਾਣੇਦਾਰ ਨੇ ਸੋਚਿਆ ਚਲੋ ਅਜ ਮੌਕਾ ਮਿਲਿਐ ਫੀਤੀ ਲੁਔਣ ਦਾ, ਫੜ੍ਹ ਕੇ ਕਰੀਏ ਗੌਰਮਿੰਟ ਦੇ ਹਵਾਲੇ । ਤੇ ਜਦੋਂ ਗਏ ਫੜ੍ਹਨ, ਉਥੇ ਹੋ ਗਿਆ ਮੁਕਾਬਲਾ । ਅਗਲਿਆਂ ਨੇ ਦੋ ਬੰਦੇ ਭੁੰਨ ਤੇ ਪੁਲਸ ਦੇ ਤੇ ਫੇਰ ਵੀ ਹੱਥ ਨੀਂ ਆਏ । ਵਿੱਚੇ ਈ ਉਹ ਠਾਣੇਦਾਰ ਰਗੜਤਾ ਜਿਹੜਾ ਆਪਣੇ ਆਪ ਨੂੰ ਨਾਢੂ ਖਾਂ ਸਮਝਦਾ ਸੀ ।”

“ਤੂੰ ਤਾਂ ਲੁਆ ਲਾ ਫੀਤੀ ।”

“ਫੌਜੀਆ ! ਏਹ ਛੋਰ ਜੇ ਆਂਹਦੇ ਕੀ ਐ ? ਰੋਜ਼ ਈ ਮਾਰ ਦਿੰਦੇ ਐ ਕਿਤੇ ਨਾ ਕਿਤੇ ।” ਬਾਬਾ ਮੋਦਨ ਬੋਲਿਆ ।

“ਬਾਬਾ ! ਆਖਣਾ ਕੀ ਐ ? ਸਾਡੇ ਲੀਡਰਾਂ ਨੇ ਮਿੱਟੀ ਪੁੱਟ ਤੀ ਕੌਮ ਦੀ । ਗੱਦੀਆਂ ਪਿੱਛੇ ਛਿੱਤਰੋ ਛਿੱਤਰੀ ਹੋਈ ਜਾਂਦੇ ਐ ਤੇ ਗੱਭਰੂਆਂ ਅੱਲ ਕੋਈ ਧਿਆਨ ਨੀਂ ਦਿੰਦਾ । ਆਹ ਦੇਖ ਲੋ ਰੋਜ਼ ਧਾਹਾਂ ਮਾਰਕੇ ਰੋਂਦੈਂ ਬਈ ਮੈਨੂੰ ਗੱਦੀ ਦਿਉ । ਬੰਦੇ ਭਾਵੇਂ ਸਾਰੇ ਮਰ ਜਾਣ । ੱ

‘ਕੇਹੜਾ ਬਈ ?"

 ‘ਭਲਵਾਨਾ ! ਕਿਉਂ ਮੈਥੋਂ ਓਸ ਦੁਸ਼ਟ ਦਾ ਨਾਂ ਸੁਣਦੈਂ । 'ਕਾਲ ਤਖਤ ਨੇ ਉਹਨੂੰ ਪੰਥ 'ਚੋਂ ਛੇਕ ਤਾ, ਆਪਾਂ ਨਾਂ ਵੀ ਕਾਹਨੂੰ ਲਈਏ ਓਸਦਾ।” 

“ਨਾ ਤੂੰ ਕਿਹੜਾ ਤਿੰਨ ਫੁੱਟੀ ਪਾਈ ਫਿਰਦੈਂ ਜੇਹੜਾ ਓਹਦਾ ਨਾਂ ਲੈ ਕੇ ਭਿੱਟਿਆ ਜਾਏਂਗਾ । ਵੱਡਾ ਗੁਰੂ ਦਾ ਸਿੰਘ 

‘ਗੁਰੂ ਦਾ ਸਿੰਘ ਤਾਂ ਨਾਂ ਸਹੀ, ਤੇਰੇ ਆਂਗੂੰ ਮੂੰਹ ਤਾਂ ਨੀਂ ਕਤਰੀ ਫਿਰਦਾ।”

‘ਚੱਲ ਛੱਡ ਭਲਵਾਨਾ ! ਤੂੰ ਸੁਨੌਣ ਦੇ ਗਲ ਫੌਜੀ ਨੂੰ ।” ਮਾਘੀ ਗੱਲ ਨੂੰ ਟੁੱਟਣ ਨਹੀਂ ਸੀ ਦੇਣੀ ਚਾਹੁੰਦਾ ।

‘ਫੌਜੀਆ ! ਤਾਂ ਫੇਰ ਚੰਗਾ ਲੀਡਰ ਕਿਹੜਾ ਹੋਇਆ ?"

"ਬਾਬਾ ! ਰੱਬ ਦਾ ਨਾਂ ਈ ਚੰਗਾ ਐ । ਸਾਰੇ ਕੁਰਸੀਆਂ ਪਿੱਛੇ ਲੜਦੇ ਐ । ਜੀਹਨੂੰ ਕੁਰਸੀ ਮਿਲ ਜਾਂਦੀ ਐ, ਉਹ ਆਂਹਦੈ ਬੱਸ ਦੁਨੀਆਂ ਭਾਵੇਂ ਏਧਰ ਓਧਰ ਹੋ ਜਾਵੇ, ਪਰ ਮੇਰੀ ਕੁਰਸੀ ਨਾ ਖੁੱਸੇ । ਪ੍ਰਧਾਨ ਮੰਤਰੀ ਦੇ ਪੈਰ ਚੁੰਮਦੇ ਰਹੇ ਕੁਰਸੀ ਪਿਛੇ ਤੇ ਉਹਨੇ ਫੇਰ ਮੂਧੇ ਮਾਰ 'ਤੇ ।”

“ਮੈਂ ਹੋਰੂੰ ਆਂਹਨੈਂ.....ਏਹ ਪ੍ਰਧਾਨ ਮੰਤਰੀ ਦੇ ਪੈਰਾਂ ‘ਚ ਈ ਪਏ ਰਹਿਣ । ਜੀਭ ਨਾਂ ਧੋਈ ਜਾਣ ਪੈਰ ਉਹਦੇ । ਕੀ ਪਤਾ ਮਨ ਮਿਹਰ ਪੈ ਈ ਜਾਵੇ। 

“ਨਲੇ ਵੋਟਾਂ ਸਾਡੇ ਕੋਲੋਂ ਮੰਗਣ ਔਂਦੇ ਐ ਤੇ ਫੇਰ ਪ੍ਰਧਾਨ ਮੰਤਰੀ ਦੀ ਪੂਜਾ ਕਿਉਂ ਕਰਦੇ ਐ ?

" ਭਲਵਾਨਾ ! ਵੋਟਾਂ ਦਾ ਤਾਂ ਡਰਾਮਾ ਈ ਐ । ਐਵੇਂ ਨਾਂ ਦਾ ਈ ਐ ਲੋਕ ਰਾਜ । ਆਪਣੀ ਹੈ ਕੋਈ ਪੁੱਛ ਪਰਤੀਤ ਏਥੇ । ਜੀਹਨੂੰ ਦਿਲ ਕੀਤਾ ਮਾਰ ਦੇਣ ਜੀਹਨੂੰ ਦਿਲ ਕੀਤਾ ਫੜ੍ਹ ਲੈਣ । ਵਾੜ ਈ ਖੇਤ ਨੂੰ ਖਾਣ ਲੱਗ ਪਈ ।

‘ਸੋਹਣੇ ਕੇ ਮਿੰ੍ਹਦਰ ਨੂੰ ਫੇਰ ਲੈ ਗੇ ਫੜ੍ਹ ਕੇ।” ਨੌਜਵਾਨ ਮੱਖਣ ਬੋਲਿਆ।

"ਕਦੋਂ ਬਈ ?"

"ਅੱਜ ਈ ਲੈ ਕੇ ਗਏ ਐ।" ਜੀਪ ਆਈ ਸੀ।

"ਬਾਬਾ ! ਹੁਣ ਤੂੰ ਆਪ ਈ ਦੇਖ ਲਾ । ਪਹਿਲਾਂ ਪੁਲਸ ਲੈ ਗਈ ਸੀ ਫੜ੍ਹ ਕੇ ਅਖੇ ਥੋਡਾ ਮੁੰਡਾ ਸਰਕਾਰ ਦੇ ਉਲਟ ਬੋਲਦੈ । ਠਾਣੇਦਾਰ ਨੇ ਪੰਜ ਹਜ਼ਾਰ ਲਿਆ ਛੱਡਣ ਦਾ । ਦਸਾਂ ਦਿਨਾਂ ਮਗਰੋਂ ਫੇਰ ਲੈ ਗੇ, ਸੱਤ ਹਜ਼ਾਰ ਫੇਰ ਲਿਆ । ਭਲਾ ਦੱਸੋ ਜਦੋਂ ਠਾਣੇਦਾਰ ਦੀ ਜੇਬ ਚ ਪੈਸੇ ਚਲੇ ਜਾਂਦੇ ਐ, ਉਦੋਂ ਉਹਦਾ ਕਸੂਰ ਮੁਕ ਜਾਂਦੈ।ਹੁਣ ਫੇਰ ਹੱਡ ਭਾਲਦੇ ਹੋਣਗੇ । ਗਰੀਬ ਆਦਮੀ ਕਿੰਨੀ ਕੁ ਵਾਰੀ ਨੋਟ ਕੱਢ ਕੱਢ ਫੜਾਈ ਜਾਊ ? ਜੇ ਨੋਟ ਨਾ ਮਿਲੇ ਤਾ ਉਹਦੇ ਤੇ ਕੋਈ ਕੇਸ ਪਾ ਦੇਣਗੇ । ਤੂੰ ਹੁਣ ਆਪ ਈ ਦੱਸ ਬਾਬਾ ! ਬਈ ਉਹ ਬਾਹਰ ਆ ਕੇ 'ਥਿਆਰ ਨਾ ਚੱਕੂ ਤਾਂ ਹੋਰ ਕੀ ਕਰੂ ''

‘ਇਹ ਤਾਂ ਤੇਰੀ ਗੱਲ ਸੋਲਾਂ ਆਨੇ ਸਈ ਐ ।" 

‘ਡਾਕੂ ਈ ਬਣੂ ਜਿਵੇਂ ਕੱਲ੍ਹ ਲੰਬੜਾਂ ਕੇ ਮੂਰਤਾਂ ਆਲਾ ਰੇਡੂਆ ਦਿਖਾਉਂਦਾ ਸੀ।”

'ਬਈ ਕਮਾਲ ਕਰਤੀ ਬਨੌਣ ਆਲੇ ਨੇ ਆਹ ਤਾਂ ।” 

“ਹੁੰਦਾ ਤਾਂ ਰੇਡੂਆ ਈ ਐ, ਵਿਚ ਮੂਰਤਾਂ ਭਰ ਦਿੰਦੇ ਐ।” ਭਲਵਾਨ ਬੋਲਿਆ ।

“ਮੂਰਤਾਂ ਦੀ ਵੀ ਬੈਟਰੀ ਹੁੰਦੀ ਹੋਊ ।” ਮਾਘੀ ਨੇ ਹੋਰ ਜਾਣਕਾਰੀ ਲੈਣੀ ਚਾਹੀ ।

‘ਤੇ ਹੋਰ ਕਿਤੇ ਨਈਂ...ਪੂਰਾ ਵਰ੍ਹਾ ਚੱਲ ਜਾਂਦੀ ਐ । ਫੇਰ ਭਰਾ ਕੇ ਲਿਔਂਦੇ ਐ ।”

‘ਲੈ ਸੁਣ ਲੋ ਗੱਲ ।” ਫੌਜੀ ਹੱਸਿਆ ।

“ਨਾ ਮੰਨ ਤੂੰ । ਮੈਨੂੰ ਲੰਬੜ ਨੇ ਆਪ ਦੱਸਿਐ । ਆਂਹਦਾ ਸਾਲ ਮਗਰੋਂ ਕਚੈਰੀ ਧੱਕੇ ਖਾਣੇ ਪੈਣਗੇ ਬੈਟਰੀ ਭਰੌਣ ਨੂੰ।”

‘ਨਾ ਕਚੈਰੀਆਂ  ‘ਚ ਕਿਤੇ ਕਾਰਖਾਨਾ ਲੱਗਿਐ ? ਏਹ ਤਾਂ ਰੇਡੂਏ ਆਂਗੂੰ ਜਲੰਧਰੋਂ ਬੋਲਦੇ ਐ ਤੇ ਆਪਾਂ ਨੂੰ ਦਿਸਦੇ ਐ ।” 

‘ਹਾ ਹਾ ਹਾ..ਕਰ ਲੋ ਘਿਉ ਨੂੰ ਭਾਂਡਾ । ਭਲਾ ਜਲੰਧਰੋਂ ਫੋਟੂ ਐਥੇ ਉਡ ਕੇ ਆ ਜਾਂਦੀ ਐ । ਤੂੰ ਵੀ ਤਾਂ ਕਈ ਆਰੀ ਗੱਲ ਕਰਕੇ ਗੰਢੇ ਈ ਗਾਲ ਦਿੰਨੈਂ ।”

“ਜਾਹ ਪੁੱਛਿਆ ਤੂੰ ਲੰਬੜਾਂ ਦੀ ਛੋਟੀ ਨੂੰਹ ਤੋਂ ਜੇੜ੍ਹੀ ਲੈ ਕੇ ਆਈ ਐ। ਟੈਲੀਵੀਜ਼ਨ ਆਂਹਦੈ ਐ ਏਹਨੂੰ ।”

“ਮਖ ਲਾਲਾ ਸ਼ਰਤ ਤੂੰ ਮੇਰੇ ਨਾਂ ।” ਘੁੱਲਾ ਪੱਟਾਂ ਤੇ ਹੱਥ ਮਾਰਦਾ ਬੋਲਿਆ । 

‘ਚੱਲ ਨਲੇ ਮੂਰਤਾਂ ਦੇਖਾਂਗੇ ਨਚਦੀਆਂ ।”

“ਆਥਣ ਤੋਂ ਪਹਿਲਾਂ ਤਾਂ ਲੌਂਦੇ ਈ ਨੀਂ ਉਹ । ਆਂਹਦੇ ਟੇਸ਼ਨ ਨੀਂ ਖੁੱਲਿਆ ।” ਮੱਖਣ ਬੋਲਿਆ ।

‘ਲੌਣ ਨੂੰ ਕੀ ਆ ? ਕੰਨ ਜਿਆ ਈ ਮਰੋੜਨਾ ਹੁੰਦੈਂ । ਊਂ ਜਾਣ ਕੇ ਨਈਂ ਲੌਂਦੇ ਬਈ ਮੰਡੀਰ ਰੌਲਾ ਪਾਉਂਦੀ ਐ । ਕੱ੍ਹਲ ਦੇਖ ਲਾ ਸਾਰਾ ਵਿਹੜਾ, ਵਿਹੜਾ ਕੀ ਬੀਹੀ ਵੀ ਭਰੀ ਹੋਈ ਸੀ।” 

“ਊਂ ਹੈ ਤਾਂ ਇਹ ਕੁੱਤ ਖਾਨਾ ਈ । ਸਾਰਿਆਂ ਦੇ ਸਾਹਮਣੇ ਹੇਠ ਉਤੇ ਹੋਈ ਜਾਂਦੇ ਐ । ਭੋਰਾ ਨੀਂ ਸੰਗਦੇ ।”

‘ਬਾਬਾ ! ਮੂਰਤਾਂ ਹੁੰਦੀਆਂ ਉਹ ਤਾਂ । ਉਨ੍ਹਾਂ ਨੂੰ ਕਾਹਦੀ ਸੰਗ ?” 

“ਦੇਖਣ ਆਲੇ ਨੂੰ ਤਾਂ ਔਂਦੀ ਐ ਕਿ ਨਈਂ ? ਮੈਂ ਤਾਂ ਕੋਲ ਲੰਬੜ ਨੂੰ ਕਿਹਾ ਸੀ ਕੋਈ ਚੱਜ ਦਾ ਰਕਾਟ ਲਾ । ਅਗੋਂ ਸੂਈ ਕੁੱਤੀ ਆਂਗੂੰ ਪਿਆ ਅਖੇ ਮੇਰੇ ਪਿਉ ਦਾ ਰਾਜ ਐ ? ਜੇੜਾ ਕੁਛ ਚਲੌਣਗੇ ਉਹੀ ਚੱਲੂਗਾ ।”

“ਬਾਬਾ ! ਵਿਚਲੀ ਗੱਲ ਦਾ ਨੀਂ ਤੈਨੂੰ ਪਤਾ । ਉਹਦੀ ਨੂੰਹ ਕਿਸੇ ਨੂੰ ਹੱਥ ਨੀਂ ਲੌਣ ਦਿੰਦੀ । ਆਪ ਈ ਚਲੌਂਦੀ ਬਝੌਂਦੀ ਐ । ਉਹਨੇ ਤਾਂ ਕਹਿਣਾ ਸੀ ਬਈ ਜਿਹੜਾ ਕੁਛ ਚਲਾਊਗੀ, ਉਹੀ ਚੱਲੂਗਾ, ਪਰ ਨੂੰਹ ਤੋਂ ਡਰਦਾ ਕਹਿ ਨੀਂ ਸਕਿਆ।” ਘੁੱਲੇ ਨੇ ਆਪਣਾ ਦਿਮਾਗ ਵਰਤਿਆ । 

“ਹੁੰ ਏਹ ਗੱਲ ਐ । ਤਾਂ ਈ ਹੁਣ ਗੱਲ ਵੀ ਚੱਕਵੀਂ ਕਰਦੈ ।" ਮਾਘੀ ਬੋਲਿਆ ।

‘ਉਹ ਕਿਵੇਂ ਬਈ ?"

“ਕੱਲ ਮੈਂ ਪੁਛਿਆ ਲੰਬੜਾ ਏਹ ਕਬੂਤਰਾਂ ਆਲੀ ਛਤਰੀ ਜੀ ਕਾਹਤੋਂ ਲਾ ਲੀ ? ਆਂਹਦਾ ਜੇ ਥੋਡੇ ਘਰ ਆਹ ਹੋਵੇ ਜੇੜ੍ਹਾ ਹੁਣੇ ਫੌਜੀ ਨੇ ਨਾਂ ਲਿਆ ਸੀ ਤਾਂ ਥੋਨੂੰ ਪਤਾ ਲੱਗੇ । ਏਹ ਤਾਂ ਏਹਦੀਆਂ ਟੀਨਾਂ ਐ । ਜਿਵੇਂ ਛਤਰੀ ਤੇ ਕਬੂਤਰ ਬਹਿੰਦੇ ਐ, ਏਦਾਂ ਏਸ 'ਤੇ ਫੋਟੂਆਂ ਬਹਿੰਦੀਆਂ ਆ ਕੇ, ਸਾਡਾ ਰੇਡੂਆ ਉਨ੍ਹਾਂ ਨੂੰ ਬੁੱਚ ਲੈਂਦੈ।”

“ਜੇ ਆਪਾਂ ਰੋਡੂਏ ਤੇ ਈ ਲਾ ਲਈਏ ਤਾਰਾਂ ਉਹਦੀਆਂ, ਫੋਟੋ ਤਾਂ ਆ ਜੂ ਨਾਲ ਬੋਲਦਿਆਂ ਦੀ ।” ਮਾਘੀ ਨੇ ਦਲੀਲ ਦਿੱਤੀ।

“ਲੈ ਰੇਡੂਏ ਤੇ ਫੋਟੋ ਕਿਵੇਂ ਆ ਜੂ ? ਫੋਟੋ ਤਾਂ ਸ਼ੀਸ਼ੇ ਤੇ ਔਂਦੀ ਐ।” ਫੌਜੀ ਦਾ ਜਵਾਬ ਸੀ ।

“ਤੇ ਰੇਡੂਏ ਤੇ ਕਿਹੜਾ ਸੀਸਾ ਨੀਂ ਲੱਗਿਆ ਹੁੰਦਾ ਨੰਬਰਾਂ ਆਲਾ।” 

“ਆਹ ਕੇੜ੍ਹੀ ਨੰਘੀ ਐ ਬਈ ।” ਮਾਘੀ ਅੱਖਾਂ ਚੁੰਨੀਆਂ ਜਿਹੀਆਂ ਕਰਦਾ ਕੋਲ ਦੀ ਲੰਘੀ ਕੁੜੀ ਵੱਲ ਇਸ਼ਾਰਾ ਕਰਦਾ ਬੋਲਿਆ ।

“ਇਹ ਤਾ ਬਾਬਾ ਨਾਲ ਦੇ ਪਿੰਡੋਂ ਐ । ਆਪਣਾ ਚਾਰੂ ਨੀਂ ਸੀ ਹੁੰਦਾ। ਉਹਦੀ ਕੁੜੀ ਦੀ ਸ੍ਹੇਲੀ ਬਣੀ ਵੀ ਐ । ਦੂਜੇ ਤੀਜੇ ਦਿਨ ਏਧਰ ਈ ਤੁਰੀ ਰਹਿੰਦੀ ਐ ।” ਘੁੱਲੇ ਨੇ ਕਿਹਾ ।

“ਵਚਾਰੀ ਦੇਖ ਲੋ ਕਿਵੇਂ ਜ਼ਿੰਦਗੀ ਕਟਦੀ ਐ ਕੱਲਮ ਕੱਲੀ ।” 

‘ਬਾਬਾ ! ਮੈਨੂੰ ਪੁੱਛੇਂ ਤਾਂ ਰੁਲਦੂ ਨੂੰ ਮਾਰਿਆ ਈ ਸਰਪੰਚ ਦੇ ਮੁੰਡੇ ਨੇ ਐ ।” ਘੁੱਲੇ ਨੇ ਕਿਹਾ ।

“ਤੈਨੂੰ ਕਿਵੇਂ ਪਤੈ ਬਈ ।”

“ਬੱਸ ਇਹ ਨਾ ਪੁੱਛ । ਠਾਣੇਦਾਰ ਮਿੱਤ ਸਿੰਹੁ ਇਹਦਾ ਆੜੀ ਐ। ਓਦਣ ਦੇਖਿਆ ਕਿਵੇਂ ਦਾਰੂ ਪੀ ਕੇ ਆਕੜਦਾ ਸੀ । ਆਇਆ ਮੌਕਾ ਦੇਖਣ ਸੀ ਤੇ ਸਰਪੰਚ ਦੇ ਘਰੇ ਦਾਰੂ ਡੱਫਣ ਬਹਿ ਗਿਆ । ਆਪਾਂ ਸਾਰੇ ਝਾਕਦੇ ਸੀ ਕਦੋਂ ਆਵੇ ਤੇ ਕਦੋਂ ਲਾਸ਼ ਚੁੱਕੀਏ ।”

‘ਤੇ ਉਨ੍ਹਾਂ ਨੂੰ ਕੀ ਮਿਲਿਆ ਮਾਰ ਕੇ? ”

“ਤੂੰ ਨੀਂ ਸਮਝਦਾ । ਸਰਪੰਚ ਦਾ ਮੁੰਡਾ ਤੇ ਰੁਲਦੂ ਇਕੋ ਜਮਾਤ 'ਚ ਪੜ੍ਹਦੇ ਸੀ । ਰੁਲਦੂ ਤਾਂ ਲੈ ਗਿਆ ਪਹਿਲਾ ਨੰਬਰ ਤੇ ਉਹਦਾ ਮੁੰਡਾ ਹੋ ਗਿਆ ਫੇਲ੍ਹ। ਬੱਸ ਐਨੀ ਗੱਲ ਤੋਂ ਵੱਟ ਖਾ ਗਿਆ । ਆਥਣੇ ਆਵਦੇ ਟੂਵੈਲ ਤੇ ਦਾਰੂ ਪੀਂਦੇ ਰਹੇ । ਨਾਲ ਦੋ ਤਿੰਨ ਬੰਦੇ ਹੋਰ ਸੀਗੇ ਤੇ ਓਥੇ ਮਾਰ ਕੇ ਸਿੱਟ ‘ਤਾ ਏਨ੍ਹਾਂ ਨੇ । ਤੁਸੀਂ ਆਪ ਈ ਸੋਚੋ, ਜੇ ਉਹਨੇ ਮਰਨਾ ਹੁੰਦਾ ਤਾਂ ਨੇੜੇ ਤੇੜੇ ਕੋਈ ਖੂਹ ਹੈ ਨੀਂ ਸੀ । ਆਹ ਸਾਹਮਣੇ ਭੱਠੀ ਨਾਲ ਦੀ ਖੂਹੀ ‘ਚ ਅਜੇ ਵੀ ਮਰਨ ਜੋਗਾ ਪਾਣੀ ਹੈਗਾ।”

‘ਨਲੇ ਆਂਹਦੇ ਹੱਥ ਧੋਣ ਲੱਗਾ ਡਿੱਗ ਪਿਆ ।”

‘ਐਵੇਂ ਗੱਲ ਬਣਾਈ ਐ । ਬਾਕੀ ਪਿੰਡ ਆਲਿਆਂ ਨੇ ਕਦੇ ਹੱਥ ਨੀਂ ਧੋਤੇ ? ਕੋਈ ਡਿੱਗਿਐ ਕਿਤੇ ? ਨਲੇ ਹੱਥ ਧੋਣ ਨੂੰ ਖਾਲੇ 'ਚ ਪਾਣੀ ਹੈ ਨੀ ਸੀ? ”

“ਭਲਵਾਨਾ ! ਏਹੋ ਜੇ ਬੰਦੇ ਤਾਂ ਅਕਲ ਦੇ ਅੰਨ੍ਹੇ ਹੁੰਦੇ ਐ । ਭਲਾ ਜੇ ਉਹ ਮਰ ਗਿਆ ਤਾਂ ਫੇਰ ਕਿਹੜਾ ਸਰਪੰਚ ਦਾ ਮੁੰਡਾ ਜਨਰਲ ਬਣ ਗਿਆ । ਜੇ ਮਿਹਨਤ ਕਰਦਾ ਤਾਂ ਉਹ ਵੀ ਪਾਸ ਹੋ ਜਾਂਦਾ । ਹਰ ਗੱਲ ਨੂੰ ਟੈਮ ਲਗਦੈ। ਬਾਕੀ ਭਾਈ ਮੁਕੱਦਰਾਂ ਦੀ ਵੀ ਗੱਲ ਐ । ਅਖੇ; ਵਕਤ ਤੋਂ ਪਹਿਲਾਂ ਤੇ ਮੁਕੱਦਰ ਤੋਂ ਵੱਧ ਨਾ ਕਿਸੇ ਨੂੰ ਕੁਛ ਮਿਲਿਆ ਤੇ ਨਾ ਹੀ ਮਿਲੇਗਾ ।” ਬੰਤੇ ਫੌਜੀ ਨੇ ਕਿਹਾ ।

“ਲਓ ਬਈ, ਫੌਜੀ ਆ ਗਿਆ ਹੁਣ ਕਤਾਬੀ ਗੱਲਾਂ ਤੇ।ਆਪਣੀ ਤਾਂ ਦਾਲ ਨੀ ਗਲਣੀਂ ਹੁਣ, ਮੈਂ ਤਾਂ ਚੱਲਿਆਂ ।” ਭਲਵਾਨ ਉਠ ਕੇ ਖੜ੍ਹਾ ਹੋ ਗਿਆ।

“ਚਲੋ ਭਾਈ ਟੁੱਕ ਟੁੱਕ ਤਾਂ ਖਾ ਆਈਏ । ਏਥੇ ਕਿਹੜੀ ਮਾਂ ਨੇ ਘੱਲਣੀਐਂ ।” ਕਹਿੰਦਾ ਹੋਇਆ ਮਾਘੀ ਉਠਿਆ ਤੇ ਨਾਲ ਹੀ ਸਾਰੇ ਉਠਕੇ ਆਪੋ ਆਪਣੀਂ ਘਰੀਂ ਤੁਰ ਪਏ ।

 

...ਚਲਦਾ...