ਪਹੁ ਫੁਟਾਲਾ - ਕਿਸ਼ਤ 9 (ਨਾਵਲ )

ਦਵਿੰਦਰ ਸਿੰਘ ਸੇਖਾ   

Email: dssekha@yahoo.com
Phone: +161 6549312
Cell: +91 9814070581
Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
Sara Knitting Works, 433/2 Hazuri Road, Ludhiana Punjab India 141008
ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


17

ਸਰਦਾਰ ਨੂੰ ਸਵੇਰ ਦੀ ਅਚਵੀ ਜਿਹੀ ਲੱਗੀ ਹੋਈ ਸੀ । ਕਦੇ ਉਹ ਉਠਦਾ ਕਦੇ ਬੈਠਦਾ, ਕਦੇ ਬਾਹਰ ਵੱਲ ਝਾਤੀ ਮਾਰਦਾ । ਚੰਨੀ ਅਜ ਸਵੇਰ ਤੋਂ ਆਈ ਨਹੀਂ ਸੀ । ਕਦੇ ਉਸਦਾ ਦਿਲ ਕਰਦਾ ਕਿ ਆਪ ਉਸਦੇ ਘਰ ਜਾ ਕੇ ਪਤਾ ਕਰ ਆਵੇ । ਪਰ ਕੋਈ ਅਣਜਾਣਿਆਂ ਕਾਰਣ ਉਸਦੇ ਪੈਰ ਰੋਕ ਲੈਂਦਾ । ਦੁਪਹਿਰ ਤੋਂ ਮਗਰੋਂ ਉਸਦੇ ਠੇਕੇ ਦਾ ਕਰਿੰਦਾ ਜੀਤੂ ਆਇਆ ਤਾਂ ਉਸਨੂੰ ਪਤਾ ਕਰਨ ਭੇਜਿਆ ।

ਜੀਤੂ ਭਾਵੇਂ ਚੰਨੀ ਦੀ ਬਰਾਦਰੀ ਦਾ ਤੇ ਵਿਹੜੇ ਦਾ ਵਸਨੀਕ ਸੀ ਪਰ ਸਰਦਾਰ ਦਾ ਪੱਕਾ ਸਵਾਮੀ ਭਗਤ ਸੀ । ਕਦੇ ਉਸਦਾ ਲੂਣ ਹਰਾਮ ਨਹੀਂ ਸੀ ਕਰਦਾ । ਸਰਦਾਰ ਦੇ ਇਸ਼ਾਰੇ 'ਤੇ ਪਹਾੜ ਧੱਕਣ ਨੂੰ ਵੀ ਤਿਆਰ ਰਹਿੰਦਾ । ਉਸਨੂੰ ਸਰਦਾਰ ਦੇ ਚਾਲ-ਚਲਣ ਦਾ ਪਤਾ ਸੀ, ਸਗੋਂ ਕਈ ਕੰਮ ਤਾਂ ਉਸਦੇ ਰਾਹੀਂ ਹੀ ਹੁੰਦੇ ਸਨ । ਜਦੋਂ ਜੀਤੂ ਚੰਨੀ ਦਾ ਪਤਾ ਕਰਕੇ ਆਇਆ ਤਾਂ ਸਰਦਾਰ ਦੀਆਂ ਅੱਖਾਂ ਜੀਤੂ ਦੇ ਮੂੰਹੋਂ ਨਿਕਲਦੀ ਗੱਲ ਬੋਚਣ ਨੂੰ ਤਿਆਰ ਸਨ ।

“ਆਹ ਲੌ ਸਰਦਾਰ ਜੀ ! ਮੂੰਹ ਮਿੱਠਾ ਕਰੋ ।” ਜੀਤੂ ਛੋਟੀ ਜਿਹੀ ਗੁੜ ਦੀ ਡਲੀ ਸਰਦਾਰ ਵੱਲ ਵਧਾਉਂਦਾ ਬੋਲਿਆ । ਦਿਲੋਂ ਉਹ ਮਸ਼ਕਰੀ ਕਰ ਰਿਹਾ ਸੀ ਪਰ ਉਪਰੋਂ ਉਹ ਗੰਭੀਰ ਸੀ ।

‘ਏਹ ਕਾਹਦਾ ਓਇ ?”

“ਚੰਨੀ ਦੇ ਵਿਆਹ ਦੀ ਖੁਸ਼ੀ ਦਾ।”

“ਕੀ ਬਕਦੈਂ ?”

“ਬਕਣਾ ਕੀ ਐ ? ਉਸਦਾ ਵਿਆਹ ਬੱਝ ਗਿਆ ਤੇ ਨੰਦ ਕੁਰ ਉਸਦੇ ਘਰ ਬੈਠੀ ਗੁੜ ਵੰਡੀ ਜਾਂਦੀ ਸੀ । ਮੈਨੂੰ ਵੀ ਦੇਤਾ ਉਹਨੇ । ਅੱਧਾ ਮੈਂ ਲੈ ਆਇਆ, ਸੋਚਿਆ ਚਲੋ ਸਰਦਾਰ ਹੋਰਾਂ ਦਾ ਮੂੰਹ ਈ ਮਿੱਠਾ ਕਰਾਵਾਂਗੇ।”

“ਸਿੱਟ ਏਹਨੂੰ ਰੂੜੀ ’ਤੇ, ਝੇਡਾਂ ਨਾ ਕਰ ਮੇਰੇ ਨਾਲ ।” ਸਰਦਾਰ ਦਾ ਦਿਲ ਲੋਟਣੀ ਖਾ ਗਿਆ ।

‘ਨਾ ਸਿੱਟਣਾ ਕਾਹਨੂੰ ਐ । ਥੋਨੂੰ ਚੰਗਾ ਨੀਂ ਲਗਦਾ ਤਾਂ ਮੈਂ ਛਕ ਲੈਂਨਾਂ ।” ਜੀਤੂ ਡਲੀ ਮੂੰਹ 'ਚ ਪਾ ਗਿਆ । ਸਰਦਾਰ ਸੋਚੀਂ ਪੈ ਗਿਆ । ਉਸਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਚੰਨੀ ਦਾ ਵਿਆਹ ਐਨੀ ਜਲਦੀ ਹੋ ਜਾਵੇਗਾ ।

‘ਤੂੰ ਉਹਨੂੰ ਆਖਿਆ ਨੀਂ ਡੰਗਰ ਵੱਛੇ ਨੂੰ ਪਾਣੀ ਤਾਂ ਪਿਆ ਜਾਂਦੀ, ਸਵੇਰ ਦੇ ਰਿੰਗੀ ਜਾਂਦੇ ਐ ।”

“ਮੈਂ ਤਾਂ ਕਿਹਾ ਸੀ ਪਰ ਉਹ ਆਂਹਦੀ ਸਰਦਾਰ ਹੁਰਾਂ ਨੂੰ ਆਖੀਂ, ਜੇਹੜਾ ਮੇਰਾ ਹਸਾਬ ਬਣਦਾ, ਭੇਜ ਦੇਣ, ਹੁਣ ਨੀਂ ਮੈਂ ਔਣਾ ।” 

“ਔਣਾ ਕਿਉਂ ਨੀਂ ? ਉਹਦੇ ਪਿਉ ਦਾ ਰਾਜ ਐ ।” ਸਰਦਾਰ ਨੇ ਗੁੱਸੇ 'ਚ ਫੁੰਕਾਰਾ ਮਾਰਿਆ ।

‘ਉਹਦਾ ਵਿਆਹ ਜਿਉਂ ਹੋਇਆ।”

“ਹੂੰ ਵਿਆਹ ।” ਸਰਦਾਰ ਕਦੇ ਮੁੱਠੀਆਂ ਖੋਲ੍ਹਦਾ ਤੇ ਕਦੇ ਬੰਦ ਕਰਦਾ । ਉਸਨੂੰ ਸਮਝ ਨਹੀਂ ਸੀ ਲਗਦੀ ਕਿ ਕੀ ਕਰੇ ਕੀ ਨਾ ਕਰੇ।  

‘ਭਲਾ ਮੰਗੀ ਕਿਥੇ ਐ ਪਤੈ ਕੁਛ ?” ਸਰਦਾਰ ਦੇ ਦਿਮਾਗ 'ਚ ਜਿਵੇਂ ਕੋਈ ਵਿਚਾਰ ਆਇਆ ਸੀ ।

“ਆਹ ਨਵੇਂ ਪਿੰਡ ਜਿਉਣ ਸਿਹੁੰ ਦੇ ਮੁੰਡੇ ਨੂੰ ਮੰਗੀ ਐ । ਬਲਾ ਸ਼ਰੀਫ ਬੰਦੇ ਐ ।”

‘ਤੂੰ ਐਂ ਕਰ....ਇਕ ਕੰਮ ਕਰੇਂਗਾ ?''

‘ਲਉ ਗੋਲੀ ਕੀਹਦੀ ਤੇ ਗਹਿਣੇ ਕੀਹਦੇ । ਹੁਕਮ ਕਰੀਦਾ ਹੁੰਦੈ।” ਜੀਤੂ ਦੀ ਗੱਲ ਸੁਣ ਕੇ ਸਰਦਾਰ ਉਠਿਆ ਤੇ ਅਲਮਾਰੀ 'ਚੋਂ ਬੋਤਲ ਤੇ ਦੋ ਗਲਾਸੀਆਂ ਕੱਢ ਲਿਆਇਆ ।

‘ਜਾਹ ਪਾਣੀ ਲਿਆ ਅੰਦਰੋਂ ਫੜ੍ਹ ਕੇ, ਓਨਾ ਚਿਰ ਮੈਂ ’ਚਾਰ ਦੀ ਫਾੜੀ ਕਢ ਲਵਾਂ ।” ਜੀਤੂ ਪਾਣੀ ਦਾ ਜੱਗ ਲੈ ਆਇਆ ਤੇ ਸਰਦਾਰ ਨੇ ਅਚਾਰ ਕਢ ਲਿਆ। ਦੋ ਗਿਲਾਸਾਂ 'ਚ ਪਾ ਕੇ ਇਕ ਆਪ ਚੁੱਕ ਲਿਆ ਤੇ ਦੂਜਾ ਜੀਤੂ ਵੱਲ ਖਿਸਕਾ ਦਿੱਤਾ ।

“ਆਹ ਲੈ ਚੱਕ ਗਿਲਾਸ ।”

‘ਐਵੇਂ ਈ ਖੇਚਲ ਕੀਤੀ ਆਹ ਤਾਂ । ਕੰਮ ਤਾਂ ਦੱਸੋ ਕੀ ਕਰਨੈ?” ਜੀਤੂ ਗਲਾਸ ਚੁੱਕਦਾ ਹੋਇਆ ਬੋਲਿਆ ।

“ਕੰਮ ਵੀ ਦੱਸ ਦਿੰਨੈਂ, ਪਹਿਲਾਂ ਮੂੰਹ ਤਾਂ ਸਲੂਣਾ ਕਰ ਲਈਏ ।" ਸਰਦਾਰ ਨੇ ਤਿੰਨ ਪੈ ਜੀਤੂ ਨੂੰ ਪਿਆਏ ਤੇ ਦੋ ਆਪ ਪੀਤੇ । ਝੱਗੇ ਦੀ ਉਪਰਲੀ ਜੇਬ 'ਤੇ ਲੱਗਿਆ ਬਸਕੂਆ ਖੋਲ੍ਹਿਆ ਤੇ ਜੇਬ 'ਚੋਂ ਰੁਮਾਲ 'ਚ ਲਪੇਟੇ ਨੋਟਾਂ ਵਿਚੋਂ ਇਕ ਸੌ ਦਾ ਨੋਟ ਕੱਢ ਕੇ ਜੀਤੂ ਵੱਲ ਵਧਾ ਦਿੱਤਾ । ਨੋਟ ਵੇਖ ਕੇ ਜੀਤੂ ਦੇ ਮੂੰਹ ਵਿਚ ਪਾਣੀ ਆ ਗਿਆ ।

“ਆਹ ਫੜ੍ਹ ਕਰਾਇਆ ਭਾੜਾ ।"

‘ਕਰਾਇਆ ਕਾਸਦਾ ?”

“ਨਵੇਂ ਪਿੰਡ ਦਾ ।”

“ਓਥੇ ਤਾਂ ਪੰਜ ਵੀ ਨੀਂ ਲੱਗਣੇ । ਚਲੋ ਤੁਸੀਂ ਆਂਹਦੇ ਓਂ ਤਾਂ ਰੱਖ ਲੈਨਾਂ, ਪਰ ਕਰਨਾ ਕੀ ਐ ਓਥੇ ਜਾ ਕੇ ?'

‘ਉਹ ਵੀ ਦੱਸਦੈਂ, ਕੰਨ ਕਰ ਉਰ੍ਹੇ ।” ਸਰਦਾਰ ਨੇ ਜੀਤੂ ਦੇ ਕੰਨ 'ਚ ਘੁਸਰ ਮੁਸਰ ਕੀਤੀ । ਸੁਣ ਕੇ ਜੀਤੂ ਨੇ ਸਿਰ ਹਿਲਾਇਆ । 

“ਤੁਸੀਂ ਫਿਕਰ ਨਾ ਕਰੋ । ਮੈਂ ਭਾਨੀ ਮਾਰੂੰ ਤੇ ਸਾਕ ਟੁੱਟਿਆ ਈ ਸਮਝੋ ।

‘ਹੌਲੀ ਬੋਲ ਕਿਤੇ ਸੁਣ ਈ ਨਾ ਲਵੇ ਕੋਈ । ਆਹ ਲੈ ਲਾ ਇਕ ਗਲਾਸੀ ਹੋਰ ।”

“ਬੱਸ ਬਥੇਰੀ ਐ...ਚੱਲ ਪਾ ਦਿਉ ਭੋਰਾ ਕੁ ।”

‘‘ਕੰਮ ਕਰਿਆ ੱਕੇਰਾਂ । ਜਿੱਦਣ ਅਗਲੇ ਨਾਂਹ ਕਰਗੇ ਓਦਣ ਈ ਨੋਟ ਇਕ ਹੋਰ ਲੈ ਜੀਂ ਹਾਥੀ ਦੇ ਕੰਨ ਅਰਗਾ ।”

“ਮਖ ਫਿਕਰ ਨਾ ਕਰੋ । ਮੈਂ ਜਾਨੈਂ ਹੁਣੇ ਈ ।” ਜੀਤੂ ਗਲਾਸ ਰੱਖ ਕੇ ਤੁਰ ਪਿਆ । ਸਰਦਾਰ ਨੇ ਇਕ ਪੈਗ ਹੋਰ ਪਾਇਆ ਤੇ ਪੀ ਕੇ ਮੁੱਛਾਂ ਨੂੰ ਵੱਟ ਦਿੱਤਾ । ਮੁਸਕਰਾਹਟ ਉਸਦੇ ਬੁੱਲ੍ਹਾਂ 'ਚੋਂ ਕਿਰ ਕਿਰ ਪੈਂਦੀ ਸੀ ਜਿਵੇਂ ਕੋਈ ਜੰਗ ਜਿੱਤੀ ਹੋਵੇ ।

“ਹੂੰ ਵਿਆਹ…ਮੈਂ ਹੋਣ ਦਿਊਂ ਤਾਂ ਈ ਕਰਾਊ ਨਾ ।” ਸਰਦਾਰ ਇਕ ਕੰਮ ਵਿਗਾੜ ਕੇ ਉਛਲ ਉਛਲ ਪੈ ਰਿਹਾ ਸੀ

ਉਧਰ ਚੰਨੀ ਸਵੇਰ ਦੀ ਸੁੰਨ ਵੱਟਾ ਬਣੀ ਬੈਠੀ ਸੀ । ਹੁਣ ਤਾਂ ਉਸਨੂੰ ਜਿਵੇਂ ਸਰਦਾਰ ਦੀ ਹਵੇਲੀ ਖਾਣ ਨੂੰ ਆਉਂਦੀ ਹੋਵੇ । ਅੱਜ ਤਕ ਤਾਂ ਉਸਨੂੰ ਪਤਾ ਹੀ ਨਹੀਂ ਸੀ ਲੱਗਿਆ ਕਿ ਉਸਦੇ ਭਰਾ ਨੂੰ ਇਸੇ ਹਵੇਲੀ ਨੇ ਨਿਗਲਿਆ ਹੈ । ਭਾਵੇਂ ਤਾਈ ਨੇ ਆ ਕੇ ਖੁਸ਼ਖਬਰੀ ਸੁਣਾਈ ਸੀ ਪਰ ਖੁਸ਼ੀ ਉਸਤੋਂ ਜਿਵੇਂ ਕੋਹਾਂ ਦੂਰ ਹੋਵੇ । ਇਹ ਖੁਸ਼ੀ ਦੀ ਗੱਲ ਸੁਣਨ ਨੂੰ ਉਸਦੇ ਕੰਨ ਕਈ ਦਿਨਾਂ ਤੋਂ ਤਾਂਘ ਰਹੇ ਸਨ ਪਰ ਹਰਦੇਵ ਨੇ ਉਸਨੂੰ ਭਰਾ ਦੀ ਮੌਤ ਬਾਰੇ ਦੱਸ ਕੇ ਜਿਵੇਂ ਗ਼ਮਾਂ ਦੇ ਡੂੰਘੇ ਸਮੁੰਦਰ ਵਿਚ ਧੱਕਾ ਦੇ ਦਿੱਤਾ ਹੋਵੇ । ਸਵੇਰ ਦਾ ਉਸਤੋਂ ਮੰਜੇ 'ਤੋਂ ਹੀ ਨਹੀਂ ਸੀ ਉਠ ਹੋਇਆ । ਅੱਖਾਂ ਜਿਵੇਂ ਪੱਥਰ ਬਣ ਗਈਆਂ ਹੋਣ । ਤਾਈ ਨੇ ਉਸਨੂੰ ਬੁੱਕਲ ਵਿਚ ਲੈ ਕੇ ਪਿਆਰ ਦਿੱਤਾ ਤੇ ਨਸ਼ੇ ਇਕ ਰੋੜੀ ਗੁੜ ਦੀ ਮੂੰਹ ਮਿੱਠਾ ਕਰਨ ਨੂੰ ਦਿੱਤੀ ਸੀ ਪਰ ਉਸਨੂੰ ਨਾ ਤਾਂ ਕੋਈ ਖੁਸ਼ੀ ਹੀ ਹੋਈ ਤੇ ਨਾ ਹੀ ਉਸਨੇ ਮੂੰਹ ਮਿੱਠਾ ਕੀਤਾ ।



18


ਕਾਲੀ ਰਾਤ ਤੇ ਸੰਨਾਟੇ ਦਾ ਪਹਿਰਾ ਸੀ । ਕਦੇ ਕਿਸੇ ਕੁੱਤੇ ਦੇ ਭੌਂਕਣ ਨਾਲ ਖਾਮੋਸ਼ ਵਾਤਾਵਰਣ 'ਚ ਹਲਚਲ ਆਉਂਦੀ ਪਰ ਅਗਲੇ ਪਲ ਫੇਰ ਸਭ ਕੁਛ ਪਹਿਲਾਂ ਵਾਂਗ ਹੀ ਹੋ ਜਾਂਦਾ । ਕਦੇ ਕੋਈ ਜੁਗਨੂੰ ਉਡਦਾ ਨਜ਼ਰੀਂ ਪੈਂਦਾ ਤੇ ਜਾਂ ਫਿਰ ਆਪਣੇ ਘਰੀਂ ਮੁੜਦੀਆਂ ਲੇਟ ਹੋਈਆਂ ਕੂੰਜਾਂ ਦੀ ਡਾਰ ਕਦੇ ਕਦਾਈਂ ਲੰਘਦੀ । ਸਾਰੇ ਪਿੰਡ ਦੇ ਵਾਸੀ ਖਾ ਪੀ ਕੇ ਆਪਣੇ ਬਿਸਤਰਿਆਂ ‘ਚ ਵੜੇ ਹੋਏ ਸਨ ।

ਚੰਨੀ ਹੀ ਇਕ ਅਜਿਹਾ ਬਦਨਸੀਬ ਜੀਅ ਸੀ ਜਿਸਨੇ ਨਾ ਤਾਂ ਕੁਝ ਖਾਧਾ ਪੀਤਾ ਹੀ ਸੀ ਤੇ ਨਾ ਹੀ ਉਸਨੂੰ ਨੀਂਦ ਆ ਰਹੀ ਸੀ । ਉਸਦਾ ਦਿਮਾਗ ਸੋਚਾਂ 'ਚ ਉਲਝਿਆ ਹੋਇਆ ਸੀ । ਕਦੇ ਕਿਸੇ ਬੁਰੇ ਖਿਆਲ ਦੇ ਆਉਣ ਨਾਲ ਉਸਦੀ ਰੂਹ ਤਕ ਕੰਬ ਜਾਂਦੀ ਪਰ ਆਉਣ ਵਾਲੇ ਚੰਗੇ ਸਮੇਂ ਬਾਰੇ ਸੋਚ ਕੇ ਉਸਨੂੰ ਕੁਝ ਧਰਵਾਸ ਮਿਲਦੀ । ਬੀਤ ਰਿਹਾ ਇਕ ਇਕ ਦਿਨ ਉਸਦੇ ਲਈ ਸਾਲ ਦੇ ਬਰਾਬਰ ਸੀ।ਇਹ ਵੀ ਅਜੀਬ ਵਰਤਾਰਾ ਹੈ ਮਨੁੱਖ ਦਾ ਸਮੇਂ ਨਾਲ ਜਾਂ ਸਮੇਂ ਦਾ ਮਨੁੱਖ ਨਾਲ।ਕਈ ਪਲ ਅਜਿਹੇ ਵੀ ਆਉਂਦੇ ਹਨ ਜਦੋਂ ਮਨੁੱਖ ਸਮੇਂ ਨੂੰ ਧੱਕੇ ਮਾਰਨਾ ਚਾਹੁੰਦਾ ਹੈ, ਪਰ ਸਮਾਂ ਤੁਰਨ ਦਾ ਨਾਂ ਨਹੀਂ ਲੈਂਦਾ ਅਤੇ ਕਈ ਵਾਰ ਮਨੁੱਖ ਚਾਹੁੰਦਾ ਹੈ ਸਮੇਂ ਨੂੰ ਫੜ੍ਹ ਲਵੇ, ਸਮਾਂ ਨਾ ਬੀਤੇ ਤਾਂ ਸਮਾਂ ਲੰਘਦੇ ਦਾ ਪਤਾ ਵੀ ਨਹੀਂ ਲਗਦਾ।ਸਮੇਂ ਦੀ ਤੋਰ ਤਾਂ ਇਕੋ ਹੀ ਹੈ ਪਰ ਕਿੰਨਾਂ ਫਰਕ ਹੈ ਮਨੁੱਖੀ ਸੁਭਾਅ ਦਾ ।
ਬਾਹਰਲੇ ਦਰਵਾਜ਼ੇ 'ਤੇ ਹੋਈ ਹਲਕੀ ਜਿਹੀ ਆਵਾਜ਼ ਸੁਣ ਕੇ ਉਸਦੇ ਕੰਨ ਖੜ੍ਹੇ ਹੋ ਗਏ । ਕਿਸੇ ਬੁਰੇ ਆਦਮੀ ਦੀ ਸੋਚ ਆਉਂਦਿਆ ਹੀ ਉਸਦਾ ਸਰੀਰ ਕੰਬ ਗਿਆ । ਦਰਵਾਜ਼ਾ ਫਿਰ ਹੌਲੀ ਜਿਹੀ ਖੜਕਿਆ ਪਰ ਚੰਨੀ ਨੇ ਉਠਣ ਦੀ ਬਜਾਇ ਸੌਣ ਦੀ ਕੋਸ਼ਿਸ਼ ਕੀਤੀ । ਪਰ ਦਿਮਾਗ ਉਸਦਾ ਅਜੇ ਵੀ ਵਰਵਾਜ਼ੇ ਵੱਲ ਸੀ । ਕਿਸੇ ਨੇ ਉਸਦਾ ਨਾਂ ਲੈ ਕੇ ਹੌਲੀ ਜਿਹੀ ਆਵਾਜ਼ ਮਾਰੀ ਤੇ ਨਾਲ ਹੀ ਦਰਵਾਜ਼ਾ ਖੜਕਾਇਆ । ਚੰਨੀ ਨਾ ਚਾਹੁੰਦਿਆਂ ਵੀ ਉਠ ਕੇ ਖੜ੍ਹੀ ਹੋਈ ।

“ਕੌਣ ਐ ?” ਚੰਨੀ ਨੇ ਦਰਵਾਜ਼ੇ ਨਾਲ ਕੰਨ ਲਾਉਂਦਿਆਂ ਕਿਹਾ ।

“ਚੰਨੀ ! ਬੂਹਾ ਖੋਲ੍ਹ, ਮੈਂ ਪ੍ਰੀਤ ਆਂ ।"

‘ਪ੍ਰੀਤ ਐਸ ਵੇਲੇ,… ਉਸਦਾ ਦਿਲ ਧੜਕ ਉਠਿਆ । ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਪ੍ਰੀਤ ਕਾਹਲੀ ਨਾਲ ਅੰਦਰ ਲੰਘ ਆਈ । ਉਸਦੇ ਮਗਰੇ ਇਕ ਆਦਮੀ ਵੀ ਅੰਦਰ ਆ ਗਿਆ । ਉਸ ਓਪਰੇ ਆਦਮੀ ਵੱਲ ਦੇਖ ਕੇ ਚੰਨੀ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ ।

ਇਹ ਮੇਰਾ ਭਰਾ ਐ । ਛੇਤੀ ਬੂਹਾ ਬੰਦ ਕਰ ਲਾ, ਫੇਰ ਦਸਦੀ ਆਂ ਸਾਰਾ ਕੁਛ ।” ਚੰਨੀ ਦੀ ਹਾਲਤ ਵੱਲ ਵੇਖ ਕੇ ਪ੍ਰੀਤ ਬੋਲੀ । ਜਦੋਂ ਤਕ ਚੰਨੀ ਨੇ ਦਰਵਾਜ਼ਾ ਬੰਦ ਕੀਤਾ, ਪ੍ਰੀਤ ਤੇ ਓਪਰਾ ਆਦਮੀ ਅੰਦਰਲੇ ਕਮਰੇ ਤਕ ਪਹੁੰਚ ਚੁੱਕੇ ਸਨ । ਚੰਨੀ ਨੇ ਆਲੇ 'ਚ ਪਿਆ ਦੀਵਾ ਜਗਾਇਆ ਤੇ ਅੰਦਰ ਲੈ ਗਈ । ਉਸਦੇ ਮਗਰ ਉਹ ਦੋਵੇਂ ਜਣੇ ਵੀ ਅੰਦਰ ਚਲੇ ਗਏ ।

“ਬਹਿ ਜੋ ।” ਚੰਨੀ ਨੇ ਮੰਜੇ ਵੱਲ ਇਸ਼ਾਰਾ ਕਰਦਿਆਂ ਕਿਹਾ ਤੇ ਦੀਵਾ ਆਲੇ 'ਚ ਰੱਖ ਦਿੱਤਾ । ਦੀਵੇ ਦੀ ਮੱਧਮ ਲੋਅ 'ਚ ਚੰਨੀ ਨੇ ਦੇਖਿਆ ਕਿ ਓਪਰਾ ਆਦਮੀ ਭਰਵੇਂ ਜੁੱਸੇ ਦਾ ਬਾਈ ਤੇਈ ਸਾਲ ਦਾ ਗੱਭਰੂ ਹੈ । ਮੱਧਮ ਰੌਸ਼ਨੀ ੱਚ ਉਸਦਾ ਗੋਰਾ ਰੰਗ ਤਾਂਬੇ ਰੰਗੀ ਭਾਹ ਮਾਰ ਰਿਹਾ ਸੀ । ਉਸਨੇ ਹਲਕੇ ਸਲੇਟੀ ਰੰਗ ਦੀ ਪੱਗ ਸਿਰ ਤੇ ਲਪੇਟੀ ਹੋਈ ਸੀ । ਉਸਦੇ ਮੂੰਹ ਤੇ ਫਬਦੀ ਹੋਈ ਛੋਟੀ ਛੋਟੀ ਘੁੰਗਰਾਲੀ ਦਾੜ੍ਹੀ ਦੇਖਣ ਵਾਲੇ ਤੇ ਸਾਊ ਪ੍ਰਭਾਵ ਪਾਉਂਦੀ । ਗਲ ਵਿਚ ਉਸਨੇ ਗਾਤਰੇ ਵਾਲੀ ਕਿਰਪਾਨ ਪਾਈ ਹੋਈ ਸੀ । ਦੇਖਣ ਨੂੰ ਲਗਦਾ ਸੀ ਕਿ ਉਹ ਕਿਸੇ ਮੁਸੀਬਤ 'ਚ ਹੈ ਪਰ ਫਿਰ ਵੀ ਉਸਦਾ ਚਿਹਰਾ ਹਸੂੰ ਹਸੂੰ ਕਰਦਾ ਲਗਦਾ ।

‘ਪ੍ਰੀਤ ! ਤੂੰ ਐਸ ਵੇਲੇ ਕਿਵੇਂ ? ”

“ਪਹਿਲਾਂ ਤੂੰ ਬਹਿ ਜਾ, ਮੈਂ ਸਾਰੀ ਗੱਲ ਦਸਦੀ ਆਂ । ਜੇ ਆਖੇਂਗੀ ਤਾਂ ਬੈਠੇ ਰਹਾਂਗੇ, ਨਹੀਂ ਤਾਂ ਉਠ ਕੇ ਤੁਰ ਜਾਵਾਂਗੇ । ਅਸੀਂ ਮੁਸੀਬਤ 'ਚ ਫਸੇ ਆਏ ਆਂ ਤੇਰੇ ਕੋਲ ।"

“ਇਉਂ ਨਾ ਆਖ ਪ੍ਰੀਤ ! ਤੂੰ ਮੁਸੀਬਤ 'ਚ ਹੋਵੇਂ ਤੇ ਮੈਂ ਤੈਨੂੰ ਘਰ ਆਈ ਨੂੰ ਧੱਕਾ ਦੇ ਦਿਊਂ । ਪਰ ਤੂੰ ਆਵਦੀ ਗੱਲ ਤਾਂ ਦੇਹ ਜਿਹੜਾ ਮੈਥੋਂ ਸਰੂ ਉਹ ਮੈਂ ਜ਼ਰੂਰ ਕਰੂੰ ।”

“ਇਹ ਮੇਰਾ ਭਰਾ ਐ, ਮੈਥੋਂ ਵੱਡਾ । ਪੁਲਸ ਇਹਨੂੰ ਫੜ੍ਹਨ ਨੂੰ ਫਿਰਦੀ ਐ । ਹੁਣੇ ਈ ਸਾਡੇ ਘਰ ਛਾਪਾ ਮਾਰਿਆ ਸੀ । ਇਹ ਤਾਂ ਆਂਹਦਾ ਸੀ ਮੇਰਾ ਫਿਕਰ ਨਾ ਕਰੋ, ਮੈਂ ਆਪੇ ਕਿਸੇ ਟੂਵੈਲ ਤੇ ਰਾਤ ਕੱਟ ਲੂੰ, ਪਰ ਮੈਂ ਈ ਆਖ ਤਾ ਬਈ ਮੇਰੀ ਸ੍ਹੇਲੀ ਐ ਚੰਨੀ । ਉਹ ਨਾਂਹ ਨੀਂ ਕਰਦੀ । ਇਕ ਦੋ ਰਾਤਾਂ ਉਸ ਕੋਲ ਕੱਟ ਲਾ, ਫੇਰ ਆਵਦਾ ਪ੍ਰਬੰਧ ਆਪੇ ਕਰ ਲੈਣਗੇ । ਅਸੀਂ ਕੋਠੇ ਟੱਪ ਕੇ ਨਿਕਲ ਆਏ ।”

‘ਜੀਅ ਸਦਕੇ ਰਹੋ ਤੁਸੀਂ ਪਰ ਪੁਲਸ ਆਲੇ ਬੀਰ ਤੋਂ ਕੀ ਭਾਲਦੇ ਐ ?" ਚੰਨੀ ਗੱਭਰੂ ਦੇ ਚਿਹਰੇ ਤੋਂ ਡਲ੍ਹਕਦੀ ਸ਼ਰੀਫੀ ਦਾ ਅੰਦਾਜ਼ਾ ਲਾਉਂਦੀ ਬੋਲੀ ।

“ਸਰਕਾਰ ਆਂਹਦੀ ਇਹ ਸਾਡੇ ਦੁਸ਼ਮਣ ਐ ।”

“ਕਿਉਂ, ਏਨ੍ਹੇ ਕੀ ਸਰਕਾਰ ਦੀ ਚਰ੍ਹੀ ਮਿੱਧੀ ਐ ?" 

‘ਕੋਈ ਵੀ ਸਰਕਾਰ ਇਹ ਨੀਂ ਚਾਹੁੰਦੀ ਕਿ ਕੋਈ ਉਸਦੇ ਗਲਤ ਕੰਮਾਂ ਨੂੰ ਗਲਤ ਆਖੇ । ਜਿਹੜਾ ਆਖ ਦੇਵੇ, ਉਹਨੂੰ ਗਦਾਰ ਤੇ ਦੇਸ਼ ਧਰੋਹੀ ਆਖਦੇ ਐ । ਦੇਸ਼ ਧਰੋਹੀ ਆਪ ਐ ਜਿਹੜੇ ਦੇਸ਼ ਨੂੰ ਲੁੱਟ ਲੁੱਟ ਖਾਈ ਜਾਂਦੇ ਐ।” 

“ਨਲੇ ਆਂਹਦੇ ਹੁਣ ਸਰਕਾਰ ਸਿੱਖਾਂ ਦੀ ਐ, ਫੇਰ ਭਲਾ ਸਿੱਖਾਂ ਦੇ ਮਗਰ ਕਿਉਂ ਪਏ ਐ ।”

‘ਭੈਣ ! ਤੂੰ ਨੀ ਸਮਝ ਸਕਦੀ ਇਨ੍ਹਾਂ ਗੱਲਾਂ ਨੂੰ ।” ਹੁਣ ਤਕ ਚੁੱਪ ਰਿਹਾ ਗੱਭਰੂ ਬੋਲਿਆ । ‘ਸਰਕਾਰ ਤਾਂ ਲੋਟੂ ਪਾਰਟੀ ਦੀ ਚਲਦੀ ਐ । ਰਾਜ ਤਾਂ ਸਰਮਾਇਦਾਰ ਕਰਦੈ । ਇਹ ਤਾਂ ਝੋਲੀ ਚੁੱਕ ਐ ਜਿਹੜੇ ਗੱਦੀਆਂ 'ਤੇ ਬੈਠੇ ਸੀ । ਏਨ੍ਹਾਂ ਨੂੰ ਤਾਂ ਕੁਰਸੀ ਨਾਲ ਪਿਆਰ ਐ । ਕੁਰਸੀ ਚਾਹੀਦੀ ਐ. ਬਦਲੇ ਵਿਚ ਭਾਵੇਂ ਅਣਖ, ਧਰਮ, ਇੱਜ਼ਤ ਸਭ ਕੁਝ ਵਿਕ ਜਾਵੇ । ਇਹੋ ਜਿਹੇ ਲੋਕ ਜਿਹੜੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਜੌਰੀਆਂ ਨੋਟਾਂ ਨਾਲ ਭਰਦੇ ਐ, ਅਸੀਂ ਉਨ੍ਹਾਂ ਦੇ ਖਿਲਾਫ ਲੜਦੇ ਆਂ । ਸਾਡੀ ਸੱਚ ਦੀ ਆਵਾਜ਼ ਸੁਣ ਕੇ ਸਰਕਾਰ ਨੂੰ ਕਾਂਬਾ ਚੜ੍ਹ ਜਾਂਦੈ ਤੇ ਉਹ ਸਾਨੂੰ ਫੜ੍ਹ ਕੇ ਜੇਲ੍ਹਾਂ 'ਚ ਸੁੱਟਦੀ ਐ ਜਾਂ ਮਾਰ ਦਿੰਦੀ ਐ ।” 

‘ਪ੍ਰੀਤ ! ਰੋਟੀ ਟੁੱਕ ਖਾ ਲਿਆ ਸੀ ਕਿ ਓਦਾਂ ਈ ਭੱਜ ਆਏ ?” ਚੰਨੀ ਨੂੰ ਜਿਵੇਂ ਅਚਾਨਕ ਖਿਆਲ ਆਇਆ । 

‘ਰੋਟੀ ਤਾਂ ਅਸੀਂ ਖਾਈ ਬੈਠੇ ਸੀ ।" 

‘ਹੁਣ ਤਾਂ ਮੰਜਾ ਚਾਹੀਦੈ । ਬਸ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਏਥੇ ਆਂ ।” ਗੱਭਰੂ ਬੋਲਿਆ ।

“ਕੋਈ ਨਾ, ਤੁਸੀਂ ਫਿਕਰ ਨਾ ਕਰੋ । ਜਿੰਨਾ ਚਿਰ ਦਿਲ ਕਰਦੈ ਰਹੋ, ਕਿਸੇ ਨੂੰ ਪਤਾ ਨੀਂ ਲਗਦਾ । ਇਹੀ ਸਮਝੋ ਕਿ ਆਪਣੇ ਘਰ ਈ ਬੈਠੇ ਆਂ । ਊਂ ਹੈ ਤਾਂ ਭਾਵੇਂ ਖੋਲਾ ਈ ।”

“ਜਿਥੇ ਬੰਦੇ ਨੂੰ ਆਸਰਾ ਮਿਲੇ, ਉਹ ਮਹਿਲ ਤੋਂ ਘੱਟ ਨੀਂ ਹੁੰਦਾ।” “ਭੈਣੇ ! ਤੂੰ ਕੱਲੀ ਈ ਰਹਿੰਨੀ ਐਂ, ਡਰ ਨੀਂ ਲਗਦਾ ?” ਗੱਭਰੂ ਨੇ ਪੁੱਛਿਆ । ਚੰਨੀ ਨੇ ਉਸਦਾ ਕੋਈ ਜਵਾਬ ਨਾ ਦਿੱਤਾ । 

“ਪ੍ਰੀਤ ! ਬੀਰ ਦਾ ਨਾਂ ਕੀ ਐ ?” ਚੰਨੀ ਬੋਲੀ

“ਮੇਰਾ ਨਾਂ ਹਰਦੀਪ ਸਿੰਘ ਐ । ਊਂ ਸਾਰੇ ਦੀਪਾ ਈ ਆਂਹਦੇ ਐ।”


ਪ੍ਰੀਤ ਦੀ ਥਾਂ ਹਰਦੀਪ ਆਪ ਈ ਬੋਲ ਪਿਆ । 

“ਲਿਆ ਬੀਰ ਮੰਜਾ ਵਛਾ ਦਿਆਂ । ਪ੍ਰੀਤ ! ਤੂੰ ਤਾਂ ਮੇਰੇ ਸੌਂ ਜਾਏਂਗੀ ਨਾ ?" ਚੰਨੀ ਉਠਦੀ ਹੋਈ ਬੋਲੀ ।

“ਆਹੋ, ਤੂੰ ਵੀ ਅੰਦਰ ਈ ਲੈ ਆ ਮੰਜਾ ।” ਹਰਦੀਪ ਉਠਿਆ ਤਾਂ ਪ੍ਰੀਤ ਵੀ ਉਠ ਕੇ ਖੜ੍ਹੀ ਹੋ ਗਈ । ਚੰਨੀ ਨੇ ਬਿਸਤਰਾ ਵਿਛਾ ਦਿੱਤਾ ਤੇ ਬਾਹਰਲਾ ਮੰਜਾ ਵੀ ਅੰਦਰ ਚੁੱਕ ਲਿਆਈ । ਚੰਨੀ ਤੇ ਪ੍ਰੀਤ ਦੋਵੇਂ ਉਸ ਮੰਜੇ ’ਤੇ ਬੈਠ ਗਈਆਂ । ਚੰਨੀ ਨੇ ਗੱਭਰੂ ਵੱਲ ਵੇਖਿਆ ਤਾਂ ਉਸਨੂੰ ਆਪਣੇ ਭਰਾ ਰੁਲਦੂ ਦਾ ਝਉਲਾ ਪਿਆ । ਇਉਂ ਪ੍ਰਤੀਤ ਹੋਇਆ ਜਿਵੇਂ ਰੁਲਦੂ ਮੁੜ ਆ ਗਿਆ ਹੋਵੇ । ਚੰਨੀ ਦੇ ਕਾਲਜੇ ਨੂੰ ਇਕ ਧੂਹ ਜਿਹੀ ਪਈ । ਉਸਦਾ ਜੀਅ ਕੀਤਾ ਕਿ ਉਠ ਕੇ ਰੁਲਦੂ ਦੇ ਗਲ ਲੱਗ ਜਾਵੇ ਪਰ ਝੱਟ ਹੀ ਰੁਲਦੂ ਦੀ ਥਾਂ ਹਰਦੀਪ ਦਾ ਚਿਹਰਾ ਆ ਗਿਆ । ਉਸਦੀਆਂ ਅੱਖਾਂ 'ਚੋਂ ਹੰਝੂ ਡਿੱਗ ਪਏ ਪਰ ਮੂੰਹ 'ਚੋਂ ਆਵਾਜ਼ ਉਸਨੇ ਨਿਕਲਣ ਨਾ ਦਿੱਤੀ । ਹਰਦੀਪ ਮੰਜੇ 'ਤੇ ਚੌਂਕੜੀ ਮਾਰ ਕੇ ਬੈਠ ਗਿਆ ।

“ਪ੍ਰੀਤ ! ਤੁਸੀਂ ਸੌਂ ਜਾਉ, ਮੈਂ ਪਾਠ ਕਰਕੇ ਦੀਵਾ ਵਡਾ ਕਰ ਦਿਊਂ ।” ਹਰਦੀਪ ਬੋਲਿਆ ।

‘ਕੋਈ ਨਾ ਵੀਰ ! ਤੂੰ ਪਾਠ ਕਰ ਲੈ, ਅਸੀਂ ਸੌ ਜਾਵਾਂਗੀਆਂ ।” ਪ੍ਰੀਤ ਦੀ ਗੱਲ ਸੁਣਕੇ ਹਰਦੀਪ ਹੱਥ ਜੋੜਕੇ ਤੇ ਅੱਖਾਂ ਬੰਦ ਕਰਕੇ ਪਾਠ ਕਰਨ ਲੱਗ ਪਿਆ । ਪ੍ਰੀਤ ਵੀ ਹੱਥ ਜੋੜ ਕੇ ਬੈਠ ਗਈ । ਚੰਨੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਰੇ । ਕਦੇ ਉਹ ਹਰਦੀਪ ਵੱਲ ਦੇਖਦੀ, ਕਦੇ ਪ੍ਰੀਤ ਵੱਲ । ਆਖਰ ਉਸਨੇ ਵੀ ਪ੍ਰੀਤ ਦੀ ਰੀਸ ਹੱਥ ਜੋੜ ਲਏ । ਉਸਦੀ ਨਿਗਾਹ ਹਰਦੀਪ ਦੇ ਫਰਕਦੇ ਬੁੱਲ੍ਹਾਂ ਵੱਲ ਲੱਗੀ ਹੋਈ ਸੀ । ਚੰਨੀ ਨੂੰ ਇਉਂ ਲੱਗਿਆ ਜਿਵੇਂ ਕਿਸੇ ਸਾਧੂ ਕਿਸੇ ਪਹੁੰਚੇ ਹੋਏ ਮਹਾਂਪੁਰਸ਼ ਦੇ ਦਰਸ਼ਨ ਕਰ ਰਹੀ ਹੋਵੇ । ਉਸਨੂੰ ਆਪਣੇ ਬੇਚੈਨ ਮਨ ਨੂੰ ਰਾਹਤ ਮਿਲਦੀ ਮਹਿਸੂਸ ਹੋ ਰਹੀ ਸੀ । ਹਰਦੀਪ ਨੇ ਰਹਿਰਾਸ ਦਾ ਪਾਠ ਮੁਕਾ ਕੇ ਅਰਦਾਸ ਕੀਤੀ ਤੇ ਅੱਖਾਂ ਖੋਲ੍ਹ ਲਈਆਂ । ਪ੍ਰੀਤ ਨੇ ਵੀ ਹੱਥ ਖੋਲ੍ਹ ਲਏ । ਚੰਨੀ ਅਜੇ ਵੀ ਹੱਥ ਜੋੜੀ ਬੈਠੀ ਸੀ । ਹਰਦੀਪ ਦੀ ਨਿਗਾਹ ਉਸ ਵੱਲ ਗਈ ਤਾਂ ਉਸਨੇ ਹੜਬੜਾ ਕੇ ਹੱਥ ਖੋਲ੍ਹ ਲਏ । ਚੰਨੀ ਦੀ ਆਤਮਾ ਨੂੰ ਅਜ ਜਿਵੇਂ ਚੈਨ ਆ ਗਿਆ ਹੋਵੇ । ਜਿਵੇਂ ਕਿਸੇ ਨੇ ਤਪਦੀ ਧਰਤੀ ਤੋਂ ਚਾਰ ਬੂੰਦਾਂ ਠੰਡੇ ਜਲ ਦੀਆਂ ਸੁੱਟ ਦਿੱਤੀਆਂ ਹੋਣ । ਉਸਦੇ ਦਿਮਾਗ 'ਚ ਇਹੀ ਵਿਚਾਰ ਆ ਰਿਹਾ ਸੀ ਕਿ ਉਹ ਵੀ ਪੜ੍ਹੀ ਹੁੰਦੀ ਤਾਂ ਉਹ ਵੀ ਪਾਠ ਕਰ ਸਕਦੀ । ਉਸਨੇ ਮਨ ਬਣਾ ਲਿਆ ਕਿ ਉਹ ਵੀ ਪ੍ਰੀਤ ਤੋਂ ਪਾਠ ਕਰਨਾ ਸਿੱਖ ਲਵੇਗੀ ।

ਹਰਦੀਪ ਮੰਜੇ 'ਤੇ ਲੰਮਾ ਪੈ ਗਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ। ਉਸਦੇ ਚਿਹਰੇ 'ਤੇ ਫਿਕਰ ਦਾ ਨਾਂ ਨਿਸ਼ਾਨ ਵੀ ਨਹੀਂ ਸੀ । ਚੰਨੀ ਤੇ ਪ੍ਰੀਤ ਵੀ ਪੈ ਗਈਆਂ । ਚੰਨੀ ਦੇ ਮਨ ਨੂੰ ਜਿਹੜੀ ਕੁਝ ਚਿਰ ਪਹਿਲਾਂ ਰਾਹਤ ਮਿਲੀ ਸੀ, ਉਹ ਜਿਵੇਂ ਉਡ ਪੁੱਡ ਗਈ ਹੋਵੇ । ਉਸਦਾ ਮਨ ਫੇਰ ਬੇਚੈਨੀ ਦੇ ਮਾਰੂਥਲ ਵਿਚ ਭਟਕਣ ਲੱਗ ਪਿਆ । ਉਹ ਪ੍ਰੀਤ ਨਾਲ ਕੋਈ ਗੱਲ ਕਰਨਾ ਚਾਹੁੰਦੀ ਸੀ ਪਰ ਜ਼ਬਾਨ 'ਤੇ ਜਿਵੇਂ ਤਾਲਾ ਵੱਜ ਗਿਆ ਹੋਵੇ । ਉਸਨੇ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕੀਤੀ ।

“ਚੰਨੀ ! ਦੀਵਾ ਵੱਡਾ (ਬੰਦ) ਕਰ ਦਿਆਂ ?” ਪ੍ਰੀਤ ਨੇ ਪੁੱਛਿਆ। 

“ਕੋਈ ਨਾ ਪ੍ਰੀਤ ! ਮੈਂ ਕਰ ਦਿੰਨੀ ਆਂ ।” ਕਹਿ ਕੇ ਚੁੰਨੀ ਉਠੀ । ਚੰਨੀ ਅਜੇ ਉਠ ਕੇ ਬੈਠੀ ਹੀ ਸੀ ਜਦ ਬਾਹਰ ਕਿਸੇ ਦੇ ਛਾਲ ਮਾਰਨ ਦੀ ਆਵਾਜ਼ ਆਈ । ਉਸਦਾ ਸਰੀਰ ਅੱਡੀ ਤੋਂ ਸਿਰ ਤੱਕ ਕੰਬ ਗਿਆ । ਉਸਦੇ ਸਰੀਰ ਵਿਚ ਉਠਣ ਦੀ ਹਿੰਮਤ ਹੀ ਨਾ ਰਹੀ।ਉਹ ਸਮਝ ਗਈ ਕਿ ਐਸ ਵੇਲੇ ਹਰਦੇਵ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ । ਆਵਾਜ਼ ਸੁਣਕੇ ਹਰਦੀਪ ਵੀ ਉਠ ਬੈਠਾ ।

“ਪ੍ਰੀਤ ! ਕਿਤੇ ਪੁਲਸ ਨੂੰ ਭਿਣਕ ਤਾਂ ਨੀਂ ਲੱਗ ਗਈ ?” ਹਰਦੀਪ ਨੇ ਆਪਣੀ ਡੱਬ 'ਚ ਹੱਥ ਮਾਰ ਕੇ ਦੇਖਿਆ ਤਾਂ ਹਥਿਆਰ ਸਹੀ ਸਲਾਮਤ ਦੇਖ ਕੇ ਹੌਂਸਲੇ ਵਿਚ ਹੋ ਗਿਆ । ਪ੍ਰੀਤ ਵੀ ਘਬਰਾ ਕੇ ਉਠ ਬੈਠੀ।

“ਹੇ ਰੱਬ ਸੱਚਿਆ ! ਇਹ ਕੀ ਹੋ ਗਿਆ ?" ਪ੍ਰੀਤ ਦੇ ਹੱਥ ਜੁੜ ਗਏ । ਚੰਨੀ ਜਿਵੇਂ ਬੇਜਾਨ ਹੋਈ ਬੈਠੀ ਸੀ । ਉਸਦਾ ਸਰੀਰ ਪਸੀਨੇ ਨਾਲ ਤਰ ਹੋ ਗਿਆ ।

“ਚੰਨੀ ! ਏਥੇ ਲੁਕਣ ਨੂੰ ਜਗ੍ਹਾ ਹੈਗੀ ਐ ਕੋਈ ?” ਪ੍ਰੀਤ ਬੋਲੀ । 

“ਡਰ ਨਾ ਪ੍ਰੀਤ ! ਤੁਸੀਂ ਆਪਣੀ ਰਖਿਆ ਕਰੋ । ਜੇ ਪੁਲਸ ਹੋਈ ਤਾਂ ਮੈਂ ਆਪੇ ਦੋ ਹੱਥ ਕਰ ਲਊਂਗਾ ।”

“ਨਈਂ ਡਰੋ ਨਾ ਤੁਸੀਂ । ਏਹ ਤਾਂ ਐਵੇਂ ਕੋਈ ਚੀਜ਼ ਡਿੱਗੀ ਹੋਊ।” ਚੰਨੀ ਦੀ ਜਿਵੇਂ ਹੋਸ਼ ਪਰਤੀ ਹੋਵੇ । ਬਾਹਰ ਹਰਦੇਵ ਨੇ ਜਦ ਅੰਦਰੋਂ ਆਵਾਜ਼ਾਂ ਸੁਣੀਆਂ ਤਾਂ ਉਸਦਾ ਸਾਹ ਫੁੱਲ ਗਿਆ । ਉਸਦੇ ਦਿਮਾਗ 'ਚ ਪਿੰਡ ਦੇ ਸਾਰੇ ਮੁੰਡਿਆਂ ਦੇ ਚਿੱਤਰ ਵਾਰੀ ਵਾਰੀ ਆਉਣ ਲੱਗੇ, ਪਰ ਕੋਈ ਵੀ ਐਨਾ ਹਿੰਮਤੀ ਨਜ਼ਰ ਨਹੀਂ ਸੀ ਆਉਂਦਾ ਜਿਹੜਾ ਐਥੇ ਆ ਸਕੇ । ਉਹ ਦਰਵਾਜ਼ੇ ਕੋਲ ਖੜ੍ਹ ਕੇ ਗੱਲਾਂ ਸੁਣਨ ਲੱਗਾ ।

“ਮੈਨੂੰ ਇਉਂ ਸ਼ੱਕ ਪਈ ਐ ਜਿਵੇਂ ਕਿਸੇ ਨੇ ਵਿਹੜੇ 'ਚ ਛਾਲ ਮਾਰੀ ਹੋਵੇ ।” ਹਰਦੀਪ ਨੇ ਦਰਵਾਜ਼ਾ ਖੋਲਿਆ ਤਾਂ ਇਕ ਆਦਮੀ ਬਾਹਰ ਵੱਲ ਭੱਜਦਾ ਨਜ਼ਰ ਆਇਆ । ਹਰਦੀਪ ਨੇ ਭੱਜ ਕੇ ਉਸਨੂੰ ਫੜ੍ਹਨਾ ਚਾਹਿਆ ਪਰ ਉਹ ਕੰਧ ਟੱਪ ਚੁੱਕਾ ਸੀ । ਹਰਦੀਪ ਨੇ ਬਾਹਰ ਜਾਣਾ ਮੁਨਾਸਿਬ ਨਾ ਸਮਝਿਆ ਤੇ ਵਾਪਸ ਆ ਗਿਆ । ਉਸਦੇ ਦਿਮਾਗ 'ਚ ਇਕ ਸ਼ੰਕਾ ਉਭਰ ਆਈ । ਉਹ ਵਾਪਸ ਆਪਣੇ ਮੰਜੇ 'ਤੇ ਆ ਬੈਠਾ ।

‘ਭੈਣ ! ਭਲਾ ਇਹ ਆਦਮੀ ਕੌਣ ਸੀ ?” ਹਰਦੀਪ ਨੇ ਪਹਿਲਾਂ ਤਾਂ ਚੁੱਪ ਰਹਿਣਾ ਠੀਕ ਸਮਝਿਆ ਪਰ ਫੇਰ ਉਹ ਆਪਣੀ ਆਦਤ ਮੁਤਾਬਕ ਆਪਣੀ ਸ਼ੰਕਾ ਨਵਿਰਤ ਕਰ ਲੈਣੀ ਚਾਹੁੰਦਾ ਸੀ । ਚੰਨੀ ਨੇ ਕੋਈ ਜਵਾਬ ਨੀਂ ਦਿੱਤਾ ।

“ਪਤਾ ਨੀਂ....ਹੋਊਗਾ ਕੋਈ ਚੋਰ ਉਚੱਕਾ ।” ਚੰਨੀ ਦੇ ਮੂੰਹੋਂ ਮਸਾਂ ਹੀ ਇਹ ਸ਼ਬਦ ਨਿਕਲੇ ।

“ਚੋਰ ਉਚੱਕਾ ! ਅੱਜ ਤੋਂ ਤੂੰ ਮੇਰੀ ਭੈਣ ਐਂ । ਤੈਨੂੰ ਕੱਲੀ ਨੂੰ ਦੇਖ ਕੇ ਕੋਈ ਦੁਖੀ ਕਰਦੈ ਤਾਂ ਮੈਨੂੰ ਦੱਸ । ਪਰ ਜੇ ਤੇਰੀ ਮਰਜ਼ੀ ਨਾਲ ...।” 

“ਨਈਂ ਨਈਂ ਬੀਰੇ ! ਅੱਗੋਂ ਨਾ ਬੋਲੀਂ ਕੁਛ । ਮੈਂ ਬਹੁਤ ਦੁਖੀ ਆਂ।” ਚੰਨੀ ਫੁੱਟ ਫੁੱਟ ਕੇ ਰੋ ਪਈ

‘ਜੇ ਇਹ ਗੱਲ ਨੀਂ ਤਾਂ ਫੇਰ ਦੱਸ ਮੈਨੂੰ ਕੌਣ ਸੀ ਉਹ ਪਾਪੀ । ਏਹੋ ਜੇ ਦੁਸ਼ਟਾਂ ਨੂੰ ਸੋਧਣ ਲਈ ਹੀ ਤਾਂ ਅਸੀਂ ਜਾਨ ਤਲੀ 'ਤੇ ਧਰੀ ਫਿਰਦੇ ਆਂ ।” ਚੰਨੀ ਦਾ ਦਿਲ ਕੀਤਾ ਕਿ ਉਹ ਸਾਰਾ ਕੁਛ ਦੱਸ ਦੇਵੇ ਪਰ ਸਰਪੰਚ ਦੀ ਦੁਨਾਲੀ ਉਸਦੀਆਂ ਅੱਖਾਂ ਸਾਹਮਣੇ ਨੱਚਣ ਲੱਗੀ।ਆਪਣੇ ਬਾਪ ਤੇ ਭਰਾ ਦੀ ਮੌਤ ਯਾਦ ਆਉਂਦਿਆਂ ਹੀ ਉਹ ਕੰਬ ਗਈ । ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ।

‘ਵੀਰ ! ਚੰਨੀ ਨੂੰ ਕੀ ਹੋ ਗਿਆ ?” ਬੇਹੋਸ਼ ਹੋ ਕੇ ਡਿੱਗੀ ਚੰਨੀ ਵੱਲ ਦੇਖ ਕੇ ਪ੍ਰੀਤ ਕੁਛ ਘਬਰਾ ਗਈ ।

“ਪ੍ਰੀਤ ! ਮੈਨੂੰ ਇਉਂ ਲਗਦੈ ਜਿਵੇਂ ਇਹਦੇ ਦਿਮਾਗ ਤੇ ਕਿਸੇ ਦਾ ਡਰ ਬੈਠਾ ਹੋਵੇ । ਤੂੰ ਬਾਹਰ ਦੇਖ ਕੇ ਜੇ ਮਾੜਾ ਮੋਟਾ ਪਾਣੀ ਪਿਆ ਹੋਵੇ ਤਾਂ..ਠਹਿਰ ਤੂੰ ਮੈਂ ਹੀ ਦੇਖਦੈਂ ।” ਹਰਦੀਪ ਨੇ ਬਾਹਰ ਪਏ ਘੜੇ ਵਿਚੋਂ ਪਾਣੀ ਲਿਆ ਕੇ ਚੰਨੀ ਦੇ ਮੂੰਹ ਤੇ ਛਿੱਟੇ ਮਾਰੇ ਜਿਸ ਨਾਲ ਉਸਦੀ ਹੋਸ਼ ਪਰਤ ਆਈ । ਉਹ ਹੜਬੜਾ ਕੇ ਉਠ ਬੈਠੀ । 

‘ਘਬਰਾ ਨਾ ਭੈਣ ! ਮੇਰੇ ਹੁੰਦਿਆਂ ਤੇਰੀ 'ਵਾ ਵੱਲ ਨੀਂ ਕੋਈ ਝਾਕ ਸਕਦਾ । ਤੂੰ ਮੈਨੂੰ ਦੱਸ ਵਿਚੋਂ ਗੱਲ ਕੀ ਐ ?”

“ਵੀਰ!ਹੁਣ ਚੰਨੀ ਨੂੰ ਆਰਾਮ ਕਰਨ ਦੇ ਸਵੇਰੇ ਉਠਕੇ ਪੁੱਛ ਲਈਂ । ਪ੍ਰੀਤ ਚੰਨੀ ਦੀ ਹਾਲਤ ਵੱਲ ਵੇਖਦੀ ਬੋਲੀ ।

‘ਪ੍ਰੀਤ ! ਪਾਪੀਆਂ ਦੇ ਪਾਪ ਵੱਲ ਵੇਖਦਿਆਂ ਮੇਰਾ ਲਹੂ ਖੋਲਣ ਲੱਗ ਜਾਂਦੈ।”

“ਬੀਰੇ ! ਅਜੇ ਤੂੰ ਆਪ ਮੁਸੀਬਤ 'ਚ ਐਂ । ਮੈਂ ਤੈਨੂੰ ਹੋਰ ਮੁਸੀਬਤ 'ਚ ਨੀਂ ਪੌਣਾ ਚਾਹੁੰਦੀ । ਪ੍ਰਮਾਤਮਾ ਪਾਪੀਆਂ ਨੂੰ ਆਪੇ ਸਜ਼ਾ ਦਿਊਗਾ ।” ਚੰਨੀ ਕੁਛ ਹਿੰਮਤ ਕਰਕੇ ਬੋਲੀ ।

“ਏਨ੍ਹਾਂ ਮੁਸੀਬਤਾਂ ਨੂੰ ਖਤਮ ਕਰਨ ਲਈ, ਏਨ੍ਹਾਂ ਨਾਲ ਟੱਕਰ ਲੈਣ ਲਈ ਹੀ ਤਾਂ ਹਥਿਆਰ ਚੁੱਕੇ ਐ । ਆਪਣੇ ਗੁਰੂ ਸਾਹਬ ਨੇ ਆਪਾਂ ਨੂੰ ਹਥਿਆਰਾਂ ਦੀ ਬਖਸ਼ਸ਼ ਹੀ ਏਸ ਵਾਸਤੇ ਕੀਤੀ ਐ ਕਿ ਮਜ਼ਲੂਮਾਂ ਦੀ ਰਾਖੀ ਕੀਤੀ ਜਾਵੇ ਤੇ ਦੁਸ਼ਟਾਂ ਦਾ ਨਾਸ ਕੀਤਾ ਜਾਵੇ । ਭੈਣ ਮੇਰੀਏ ! ਤੂੰ ਐਨਾ ਡਰ ਕੇ ਰਹਿੰਨੀ ਐਂ, ਤਾਂ ਹੀ ਤਾਂ ਪਾਪੀ ਤੈਨੂੰ ਡਰੌਂਦੇ ਐ । ਤੂੰ ਗੁਰੂ ਗੋਬਿੰਦ ਸਿੰਘ ਦੀ ਸ਼ੀਹਣੀ ਬਣ । ਕੋਈ ਤੇਰੇ ਵੱਲ ਕੈਰੀ ਅੱਖ ਨਾਲ ਦੇਖ ਵੀ ਜਾਏ ਤਾਂ ਆਖੀਂ ।” 

‘ਬੀਰੇ ! ਕੱਲੀ ਜਨਾਨੀ ਕੀ ਕਰ ਸਕਦੀ ਐ । ਤੈਨੂੰ ਪਤਾ ਨੀਂ ਇਹ ਪਾਪੀ ਲੋਕ ਕਿੰਨੇ ਜ਼ਾਲਮ ਐ।”

“ਭੋਲੀਏ ! ਸਾਨੂੰ ਏਸ ਗੱਲ ਦਾ ਦੁੱਖ ਐ ਕਿ ਸਿੱਖ ਕੌਮ ਨੂੰ ਗਦਾਰ ਲੀਡਰਾਂ ਨੇ ਮੂਧੇ ਮੂੰਹ ਮਾਰਿਐ । ਕਮੇਟੀ ਬਣੀ ਸੀ ਧਰਮ ਦੇ ਪਰਚਾਰ ਕਰਨ ਲਈ । ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਪਰ ਉਥੇ ਵੀ ਖੁਦਗਰਜ਼ ਲੋਕ ਇਕੱਠੇ ਹੋ ਗਏ । ਏਹੀ ਕਾਰਣ ਐ ਕਿ ਅਸੀਂ ਆਪਣੇ ਇਤਿਹਾਸ ਤੋਂ ਮੂੰਹ ਮੋੜੀ ਬੈਠੇ ਐਂ ਪਰ ਜੇ ਕਿਤੇ ਤੂੰ ਇਤਿਹਾਸ ਪੜ੍ਹਿਆ ਹੁੰਦਾ ਤਾਂ ਪਤਾ ਲਗਦਾ ਕਿ ਕਿਵੇਂ ਔਰਤਾਂ ਨੇ ਸਿੱਖ ਕੌਮ ਦਾ ਸਿਰ ਉਚਾ ਚੁੱਕਿਆ । ਦਲੇਰ ਕੌਰ, ਸ਼ਰਨ ਕੌਰ ਵਰਗੀਆਂ ਔਰਤਾਂ ਨੇ ਕਿਵੇਂ ਵੈਰੀਆਂ ਦੇ ਆਹੂ ਲਾਹੇ ਕਿ ਦੁਸ਼ਮਣ ਉਨ੍ਹਾਂ ਦੇ ਨਾਂ ਤੋਂ ਥਰ ਥਰ ਕੰਬਦੇ ਸੀ । ਜੇ ਅਜ ਤੂੰ ਆਪਣੇ ਇਤਿਹਾਸ ਤੋਂ ਜਾਣੂ ਹੁੰਦੀ ਤਾਂ ਤੂੰ ਵੀ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਏਸ ਦਾਤ ਤਲਵਾਰ ਨੂੰ ਆਪਣੇ ਅੰਗ ਸੰਗ ਰਖਦੀ ਤਾਂ ਕਿਸੇ ਦੀ ਕੀ ਮਜਾਲ ਸੀ ਕਿ ਤੇਰੇ ਵਿਹੜੇ ਵਿਚ ਪੈਰ ਵੀ ਪਾ ਸਕਦਾ । ਅਜੇ ਵੀ ਕੁਛ ਨੀਂ ਵਿਗੜਿਆ। ਅਜੇ ਵੀ ਤੂੰ ਉਠ, ਅਜੇ ਵੀ ਤੂੰ ਜਾਗ ! ਹੁਣ ਵੇਲਾ ਹੈ ਜਦੋਂ ਤੂੰ ਦੁਸ਼ਮਣਾਂ ਨੂੰ ਇਹ ਦੱਸ ਦੇਵੇਂ ਕਿ ਸਿੱਖ ਕੌਮ ਦੀਆ ਬਹਾਦਰ ਔਰਤਾਂ ਅਜੇ ਵੀ ਜਿਉਂਦੀਆਂ ਹਨ ।” ਹਰਦੀਪ ਬੋਲੀ ਜਾ ਰਿਹਾ ਸੀ । ਪ੍ਰੀਤ ਤੇ ਚੰਨੀ ਚੁੱਪ ਚਾਪ ਸੁਣ ਰਹੀਆਂ ਸਨ । ਚੰਨੀ ਦੇ ਮਨ ਤੇ ਹਰਦੀਪ ਦੀਆਂ ਗੱਲਾਂ ਦਾ ਡੂੰਘਾ ਅਸਰ ਹੋ ਰਿਹਾ ਸੀ । ਹੁਣ ਉਹ ਦੁਚਿੱਤੀ ਦੇ ਉਸ ਪੁਲ 'ਤੇ ਖੜ੍ਹੀ ਸੀ ਜਿਸ ਤੇ ਫੈਸਲਾ ਕਰਨਾ ਉਸ ਲਈ ਔਖਾ ਜਾਪਦਾ ਸੀ ਕਿ ਕਿਸ ਪਾਸੇ ਜਾਵੇ । ਬਸ ਦੋ ਹੀ ਕਦਮ, ਏਧਰ ਜਾਂ ਉਧਰ ।

“ਕਈ ਲੋਕ ਸਾਡੇ ਤੇ ਸਵਾਲ ਵੀ ਕਰਦੇ ਐ ਕਿ ਸਾਡੇ ਗੁਰੂਆਂ ਨੇ ਸ਼ਾਂਤੀ ਮਾਰਗ ਉਪਰ ਚੱਲਣ ਲਈ ਕਿਹਾ ਸੀ, ਫੇਰ ਅਸੀਂ ਹਥਿਆਰ ਕਿਉਂ ਚੁੱਕੀ ਫਿਰਦੇ ਆਂ ।” ਚੰਨੀ ਨੂੰ ਚੁੱਪ ਦੇਖ ਕੇ ਹਰਦੀਪ ਫੇਰ ਬੋਲਿਆ,“ਅਸੀਂ ਹਥਿਆਰਾਂ ਨਾਲ ਕਿਸੇ ਮਸੂਮ ਨੂੰ ਨਹੀਂ ਕੋਂਹਦੇ, ਅਸੀਂ ਤਾਂ ਸਿਰਫ ਪਾਪੀ ਤੇ ਅਧਰਮੀ ਲੋਕਾਂ ਦਾ ਨਾਸ ਕਰਨ ਲਈ ਹਥਿਆਰ ਦੀ ਵਰਤੋਂ ਕਰਨੀ ਐਂ । ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ,

ਚੂੰ ਕਾਰ ਅਜ ਹਮਾ ਹੀਲਤੇ ਦਰ ਗੁਜਸ਼ਤ । 
ਹਲਾਲ ਅਸਤ ਬੁਰਦਨ ਵ ਸ਼ਮਸ਼ੀਰ ਦਸਤ।
 
ਭਾਵ ਜਦੋਂ ਸੁਲਾਹ ਸਫਾਈ ਦੇ ਸਾਰੇ ਰਾਹ ਬੰਦ ਹੋ ਜਾਣ ਤਾਂ ਤਲਵਾਰ ਚੁੱਕਣੀ ਜਾਇਜ਼ ਹੈ । ਅੱਜ ਕੱਲ੍ਹ ਦਾ ਜ਼ਮਾਨਾ ਤਲਵਾਰ ਤੋਂ ਵੀ ਅੱਗੇ ਲੰਘ ਗਿਆ, ਏਸ ਲਈ ਸਾਨੂੰ ਅੱਜ ਕੱਲ ਦੇ ਹਥਿਆਰ ਵੀ ਵਰਤਣੇ ਪੈਣਗੇ । ਪਰ ਉਹਨਾਂ ਹਥਿਆਰਾਂ ਦਾ ਜਿੰਮਾਂ ਤੁਸੀਂ ਸਾਡੇ ਤੇ ਸਿੱਟ ਦਿਉ । ਉਨ੍ਹਾਂ ਦਾ ਮੁਕਾਬਲਾ ਅਸੀਂ ਆਪੇ ਕਰ ਲਵਾਂਗੇ । ਤੁਸੀਂ ਸਿਰਫ ਤਲਵਾਰ ਚੁੱਕ ਲਵੋ, ਇਹੀ ਬਹੁਤ ਐ । ਜਦੋਂ ਸ਼ੇਰ ਬੁੱਕਣਗੇ, ਉਦੋਂ ਗਿੱਦੜ ਆਪੇ ਭੱਜ ਜਾਣਗੇ । ਗੱਲ ਸਿਰਫ਼ ਸੁੱਤੇ ਸ਼ੇਰਾਂ ਨੂੰ ਜਗੌਣ ਦੀ ਐ ।” ਚੰਨੀ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਹਰਦੀਪ ਦੀ ਇਕ ਇਕ ਗੱਲ ਵਿਚ ਸਚਾਈ ਹੋਵੇ । ਉਹ ਅੱਜ ਤਕ ਐਵੇਂ ਸੁੱਤੀ ਰਹੀ । ਉਸਨੂੰ ਪਛਤਾਵਾ ਸੀ ਕਿ ਉਹ ਵੇਲੇ ਸਿਰ ਕਿਉਂ ਨਾ ਜਾਗ ਪਈ । ਹੁਣ ਉਸਦੇ ਚਿਹਰੇ ਤੇ ਡਰ ਦੀ ਝਲਕ ਖਤਮ ਹੋ ਚੁੱਕੀ ਸੀ, ਸਗੋਂ ਇਕ ਆਤਮ ਵਿਸ਼ਵਾਸ਼ ਦੀ ਲੌ ਉਸਦੇ ਚਿਹਰੇ ਤੇ ਫਿਰ ਰਹੀ ਸੀ । ਹਰਦੀਪ ਨੇ ਦੇਖਿਆ ਚੰਨੀ ਦੇ ਚਿਹਰੇ ਤੇ ਰੁਹਬ ਦੀ ਇਕ ਝਾਲ ਜਿਹੀ ਫਿਰ ਗਈ ਸੀ।

‘ਬੀਰੇ ! ਜੇ ਇਕ ਚੀਜ਼ ਮੰਗਾਂ, ਨਾਂਹ ਤਾਂ ਨੀਂ ਕਰੇਂਗਾ ?"

“ਭੈਣੇ ! ਜੇ ਮੈਂ ਤੇਰੇ ਕੰਮ ਆਵਾਂ, ਮੈਨੂੰ ਖੁਸ਼ੀ ਹੋਊਗੀ । ਤੂੰ ਦੱਸ ਤੈਨੂੰ ਕੀ ਚਾਹੀਦੈ, ਜੇ ਮੈਂ ਦੇ ਸਕਦਾ ਹੋਇਆ, ਕਦੇ ਨਾਂਹ ਨੀਂ ਕਰਦਾ।” 

“ਮੈਨੂੰ ਇਕ ਕਿਰਪਾਨ ਚਾਹੀਦੀ ਐ ।” ਚੰਨੀ ਦੀ ਗੱਲ ਸੁਣਕੇ ਹਰਦੀਪ ਦੇ ਚਿਹਰੇ 'ਤੇ ਮੁਸਕਰਾਹਟ ਫੈਲ ਗਈ ।

“ਕਿਰਪਾਨ ਤੂੰ ਜੀ ਸਦਕੇ ਲੈ ਲੀਂ, ਪਰ ਇਹਨੂੰ ਚਲਾਉਣ ਦੀ ਹਿੰਮਤ ਗੁਰੂ ਗੋਬਿੰਦ ਸਿੰਘ ਦੀ ਸਿੰਘਣੀ ਸਜ ਕੇ ਪ੍ਰਾਪਤ ਹੋਵੇਗੀ ।” 

“ਬੀਰੇ ! ਇਹ ਪੁੰਨ ਵੀ ਤੂੰ ਹੀ ਖੱਟ ।”

“ਕੋਈ ਨਾ ਭੈਣੇ ! ਹੁਣ ਤੁਸੀਂ ਵਾਹਿਗੁਰੂ ਦਾ ਨਾਂ ਲੈ ਕੇ ਸੌਂ ਜਾਵੋ । ਮੇਰਾ ਏਥੇ ਰਹਿਣਾ ਠੀਕ ਨੀਂ । ਕੀ ਪਤਾ ਪਾਪੀ ਆਦਮੀ ਕੀ ਕਰੇ ? ਸੋ ਹੁਣ ਮੈਂ ਤੜਕੇ ਈ ਏਥੋਂ ਨਿਕਲ ਜਾਵਾਂਗਾ । ਤੂੰ ਪ੍ਰੀਤ ਨੂੰ ਮਿਲਦੀ ਰਹੀਂ । ਜਦੋਂ ਮੌਕਾ ਲੱਗਿਆ, ਮੈਂ ਵੀ ਜ਼ਰੂਰ ਆਵਾਂਗਾ ।”

ਕਿੰਨੀ ਹੀ ਰਾਤ ਬੀਤ ਗਈ ਸੀ, ਉਨ੍ਹਾਂ ਨੂੰ ਗੱਲਾਂ ਕਰਦਿਆਂ । ਚੰਨੀ ਨੇ ਉਠ ਕੇ ਦੀਵਾ ਬੁਝਾਇਆ ਤੇ ਸਾਰੇ ਜਣੇ ਸੌਂ ਗਏ ।

 

...ਚਲਦਾ...