19
ਸਰਦਾਰ ਆਪਣੀ ਬੈਠਕ 'ਚ ਬੈਠਾ ਅੰਗੜਾਈਆਂ ਲੈ ਰਿਹਾ ਸੀ । ਉਸਦੀ ਨਿਗਾਹ ਬਾਰ ਬਾਰ ਅਲਮਾਰੀ ਵੱਲ ਜਾਂਦੀ । ਉਸਦਾ ਦਿਲ ਕਰਦਾ ਕਿ ਉਠ ਕੇ ਬੋਤਲ ਚੁੱਕ ਲਵੇ ਪਰ ਬਾਹਰ ਖੜ੍ਹੀਆਂ ਧੁੱਪਾਂ ਵੱਲ ਵੇਖ ਕੇ ਉਹ ਘੁੱਟ ਵੱਟ ਜਾਂਦਾ । ਉਸਦਾ ਦਿਲ ਘੁੰਮਣ ਘੇਰੀਆਂ ਖਾ ਰਿਹਾ ਸੀ । ਜੀਤੂ ਨੂੰ ਵਾਪਸ ਆਇਆਂ ਪੰਜ ਦਿਨ ਹੋ ਗਏ ਸਨ ਪਰ ਅਜੇ ਤਕ ਨਤੀਜਾ ਕੋਈ ਸਾਹਮਣੇ ਨਹੀਂ ਸੀ ਆਇਆ । ਉਹ ਮਨ ਵਿਚ ਸੋਚ ਰਿਹਾ ਸੀ ਕਿ ਜੀਤੂ ਤਾਂ ਬੜੀਆਂ ਫੜ੍ਹਾਂ ਮਾਰਦਾ ਸੀ ਕਿ ਚੰਨੀ ਦੇ ਹੋਣ ਵਾਲੇ ਸਹੁਰਿਆਂ ਨੂੰ ਜਦ ਉਸ ਲੂਤੀ ਲਾਈ ਤਾਂ ਉਹ ਭੜਕ ਉਠੇ ਸਨ ਤੇ ਪਿੰਡ ਆਉਣ ਲਈ ਕਾਹਲੇ ਪੈ ਗਏ ਸਨ । ਪਰ ਅਜੇ ਤਕ ਨਾ ਹੀ ਚੰਨੀ ਆਈ ਤੇ ਨਾ ਹੀ ਕੋਈ ‘ਚੰਗੀ ਖਬਰ' । ਕਿਤੇ ਜੀਤੂ ਧੋਖਾ ਹੀ ਤਾਂ ਨੀਂ ਦੇ ਗਿਆ । ‘ਔਣ ਦੇ ਅੱਜ ਕਰਦੈਂ ਇਹਦੇ ਨਾਂ' ਕੁਪੱਤ । ਅਜੇ ਉਹ ਪਤਾ ਨੀਂ ਕਿੰਨਾ ਚਿਰ ਹੋਰ ਸੋਚਾਂ ਵਿਚ ਗੁਆਚਿਆ ਰਹਿੰਦਾ ਜੇ ਬਾਹਰੋਂ ਮੋਟਰ ਸਾਈਕਲ ਦੀ ਆਵਾਜ਼ ਉਸਦੀ ਸੋਚ ਲੜੀ ਨੂੰ ਨਾ ਤੋੜ ਦਿੰਦੀ । ਮੋਟਰ ਸਾਈਕਲ ਉਸਦੇ ਘਰ ਅੱਗੇ ਹੀ ਰੁਕਿਆ ਸੀ । ਉਹ ਅਜੇ ਉਠਣ ਬਾਰੇ ਸੋਚ ਹੀ ਰਿਹਾ ਸੀ ਕਿ ਥਾਣੇਦਾਰ ਮਿੱਤ ਸਿੰਘ ਅੰਦਰ ਆ ਵੜਿਆ ।
‘ਸੁਣਾ ਬਈ ਸਰਪੰਚਾ ! ਖੇਡਦੀ ਐ ਕਾਟੋ ਫੁੱਲਾਂ 'ਤੇ ?'' ਅੰਦਰ ਆਉਂਦਾ ਮਿੱਤ ਸਿੰਘ ਬੋਲਿਆ ।
‘ਬੱਲੇ ਬਈ.... ਸਰਕਾਰ ਕਿਵੇਂ ਆ ਗੀ ਅੱਜ ?”
“ਕਿਉਂ ਐਥੇ ਕਰਫਿਊ ਲੱਗਿਐ ?"
‘ਤੇਰਾ ਆਵਦਾ ਘਰ ਐ, ਜਦੋਂ ਮਰਜੀ ਆ, ਪਰ ਮੈਂ ਤਾਂ ਗੱਲ ਕਰਦਾ ਸੀ ਬਈ ਤੇਰੀ ਉਮਰ ਬਲਾ ਲੰਮੀ ਐ ।”
‘ਮੈਨੂੰ ਕਿਹੜੀ ਗੱਲੋਂ ਯਾਦ ਕਰਦਾ ਸੀ ? ਛੱਬੀ ਦਾ ਕੇਸ ਐ ਕਿ ਸੱਤ 'ਕਵੰਜਾ ਦਾ ?" ਮਿੱਤ ਸਿੰਘ ਕੁਰਸੀ 'ਤੇ ਬੈਠ ਗਿਆ ।
“ਮਾਰ ਗੋਲੀ ਤੂੰ ਕੇਸਾਂ ਨੂੰ । ਅੱਜ ਤਾਂ ਊਂ ਈ 'ਬਾਸੀਆਂ ਜੀਆਂ ਆਈ ਜਾਂਦੀਆ ਸੀ । 'ਕੱਲੇ ਦਾ ਦਿਲ ਨੀਂ ਕੀਤਾ ਦਿਨ ਖੜ੍ਹੇ, ਸੋਚਦਾ ਸੀ ਕੋਈ ਆ ਜਾਂਦਾ ਤਾਂ...।”
“ਲੈ ਕਰਤੀ ਗੱਲ... ਮੈਂ ਤਾਂ ਸਰਪੰਚਾ ਤੇਰੇ ਮੋਹ ਪਿੱਛੇ ਔਣਾ,ਨਈਂ ਦਾਰੂ ਸਹੁਰੀ ਤਾਂ ਸਾਡੇ ਪੈਰਾਂ 'ਚ ਰੁਲਦੀ ਐ ।”
‘ਇਹ ਗੱਲ ਨੀਂ ਬਾਦਸ਼ਾਹੋ ! ਮੈਂ ਤਾਂ ਆਵਦੀ ਗੱਲ ਕਰਦਾ ਸੀ।”
ਸਰਦਾਰ ਦਿਲ ਵਿਚ ਥਾਣੇਦਾਰ ਨੂੰ ਗਾਲ੍ਹਾਂ ਕੱਢ ਰਿਹਾ ਸੀ, “ਹੂੰ....ਲਗਦਾ ਕੁਛ ਮੋਹ ਦਾ । ਅੱਜ ਡੱਫਣ ਨੂੰ ਮਿਲੀ ਨੀਂ ਹੋਣੀ ਕਿਤੋਂ ਤਾਂ ਆ ਵੜਿਆ । ਨਈਂ ਮੈਂ ਭੁੱਲਿਐਂ ਤੈਨੂੰ ।” ਪਰ ਉਤੋਂ ਉਹ ਇਹ ਮਹਿਸੂਸ ਨਹੀਂ ਸੀ ਹੋਣ ਦਿੰਦਾ ।
‘ਇਉਂ ਕਰ ਆਪਾਂ ਟੂਵੈਲ ਤੇ ਚਲਦੇ ਆਂ । ਨਲੇ ਪੀਵਾਂਗੇ ਨਲੇ ਗੱਲਾਂ ਬਾਤਾਂ ਮਾਰਾਂਗੇ । ਘਰੇ ਤਾਂ ਊਂ ਈ ਮੂੰਹ ਘੁੱਟ ਕੇ ਗੱਲ ਕਰਨੀ ਪੈਂਦੀ ਐ। ਚੱਲ ਚੱਕ 'ਕੇਰਾਂ ਭਿਟਭਿਟੀਆ ਆਵਦਾ, ਮੈਂ ਬੋਤਲ ਲੈ ਚਲਦੈਂ ਏਥੋਂ ।"
‘ਚੱਲ ਜਿਵੇਂ ਤੂੰ ਆਖੇਂ । ਆਪਾਂ ਤਾਂ ਤੇਰੇ ਗੁਲਾਮ ਐਂ । ਜਿਵੇਂ ਮਰਜ਼ੀ ਐ ਵੱਢ ਟੁੱਕ ।” ਦੋਵੇਂ ਜਣੇ ਮੋਟਰ ਸਾਈਕਲ 'ਤੇ ਖੇਤਾਂ ਵੱਲ ਹੋ ਤੁਰੇ। ਖੇਤਾਂ ਦੀ ਖੁੱਲ੍ਹੀ ਹਵਾ ਨੇ ਦੋਨਾਂ ਨੂੰ ਖੁਮਾਰੀ ਚੜ੍ਹਾ ਦਿੱਤੀ । ਉਨ੍ਹਾਂ ਨੇ ਟਿਊਬਵੈਲ ਤੇ ਬੈਠ ਕੇ ਦੋ ਦੋ ਪੈਗ ਲਾਏ।ਦੂਰੋਂ ਸਰਦਾਰ ਨੂੰ ਜੀਤੂ ਆਉਂਦਾ ਨਜ਼ਰੀਂ ਆਇਆ।ਉਸਦਾ ਨਸ਼ਾ ਦੂਣਾ ਹੋ ਗਿਆ । ਜੀਤੂ ਨੂੰ ਵੀ ਘੁੱਟ ਪੀਣ ਦਾ ਚਸਕਾ ਸੀ । ਉਹ ਆਨੇ ਬਹਾਨੇ ਸ਼ਾਮ ਵੇਲੇ ਸਰਦਾਰ ਵੱਲ ਗੇੜਾ ਮਾਰਦਾ । ਕਦੇ ਮਨ ਮਿਹਰ ਪੈ ਜਾਂਦੀ ਤਾਂ ਉਸਨੂੰ ਵੀ ਘੁੱਟ ਮਿਲ ਜਾਂਦੀ।
‘ਆ ਬਈ ਜੀਤ ਸਿਆਂ ! ਵੇਲੇ ਨਾਂ' ਈ ਆਇਐਂ ।"
‘ਮੈਂ ਤਾ ਦੂਰੋਂ ਭਿਟਭਿਟੀਆ ਖੜ੍ਹਾ ਦੇਖਿਆ । ਮੈਂ ਸੋਚਿਆ ਕਿਤੇ ਓਪਰੇ ਬੰਦੇ ਨਾ ਹੋਣ ਆਪਣੇ ਟੂਵੈਲ ਤੇ, ਦੇਖ ਆਵਾਂ ਜਾ ਕੇ ।” ਜੀਤੂ ਨੇ ਸਫਾਈ ਦਿੱਤੀ ।
‘ਕਤੀੜ੍ਹ ਬਕਦੀ ਵੇਖ ਕਿਵੇਂ ਐ । ਓਪਰੇ ਬੰਦੇ.... ਉਇ ਉਹ ਤਾਂ ਸਾਡੇ ਪੱਬ ਨੀਂ ਲੱਗਣ ਦਿੰਦੇ ਤੇ ਤੇਰੇ ਸਾਨ੍ਹ 'ਚ ਕਿਥੋਂ ਐਨੀ ਹਿੰਮਤ ਆ ਗਈ ਉਨ੍ਹਾਂ ਕੋਲ ਜਾਣ ਦੀ ?' ਥਾਣੇਦਾਰ ਦੀ ਘੁਰਕੀ ਸੁਣ ਕੇ ਜੀਤੂ ਚੁੱਪ ਵੱਟ ਗਿਆ ।
“ਆਹ ਲੈ... ਲਾ ਘੁੱਟ ਤੇ ਇਕ ਕੰਮ ਕਰ ।” ਸਰਦਾਰ ਸ਼ਰਾਬ ਵਾਲਾ ਗਿਲਾਸ ਜੀਤੂ ਵੱਲ ਵਧਾਉਂਦਾ ਬੋਲਿਆ ।
‘ਲੌਣ ਨੂੰ ਕੀ ਆ ਬਾਈ ਕੰਮ ਦੱਸ ਤੂੰ ।” ਜੀਤੂ ਇਕੋ ਡੀਕ ਨਾਲ ਗਲਾਸ ਖਾਲੀ ਕਰ ਗਿਆ ।
‘ਚੰਨੀ ਕੋਲ ਜਾਹ, ਉਹਨੂੰ ਆਖੀਂ ਤੈਨੂੰ ਸੱਦਿਐ । ਮੇਰਾ ਨਾਂ ਲੈ ਦੀਂ। ਇਹ ਵੀ ਆਖਦੀਂ ਬਈ ਠਾਣੇਦਾਰ ਵੀ ਉਥੇ ਐ । ਉਹਨੇ ਆਖਿਐ ਜੇ ਨਾ ਆਈ ਤਾਂ ਤੇਰਾ ਜਲੂਸ ਕਢੂਗਾ ਸਾਰੇ ਪਿੰਡ 'ਚ ।” ਸਰਦਾਰ ਨੇ ਕੈਰੀ ਅੱਖ ਨਾਲ ਮਿਤ ਸਿੰਘ ਵੱਲ ਵੇਖਦਿਆਂ ਕਿਹਾ ।
‘ਇਹ ਚੰਨੀ ਕੌਣ ਐ ਸਰਪੰਚਾ ?” ਮਿੱਤ ਸਿੰਘ ਮੂੰਹ 'ਚੋਂ ਡਿੱਗੀ ਲਾਰ ਸਾਫ ਕਰਦਾ ਬੋਲਿਆ ।
‘ਉਹੀ ਕੁੜੀ ਐ ਜੀਦੇ ਭਰਾ ਮਰੇ ਤੋਂ ਤੈਨੂੰ.... ।” ਸਰਦਾਰ ਮਨ ਦਾ ਗੁੱਸਾ ਕੱਢ ਦੇਣਾ ਚਾਹੁੰਦਾ ਸੀ ਪਰ ਉਸਦੇ ਮੂੰਹੋਂ ‘ਦੋ ਹਜ਼ਾਰ ਦਿੱਤਾ’ ਨਾ ਨਿਕਲ ਸਕਿਆ । ਉਹ ਗੱਲ ਟਾਲ ਗਿਆ,“ਤੈਨੂੰ ਮੈਂ ਨਾਲ ਲੈ ਕੇ ਵਿਹੜੇ ਗਿਆ ਸੀ। ਅੱਗੇ ਚੰਗੀ ਭਲੀ ਸੀ, ਹੁਣ ਪਤਾ ਨੀਂ ਕਾਹਤੋਂ ਆਕੜੀ ਫਿਰਦੀ ਐ । ਜਾਹ ਤੂੰ ਭੱਜ ਜਾ ਓਇ ।” ਸਰਦਾਰ ਨੇ ਜੀਤੂ ਨੂੰ ਅੱਖਾਂ ਕੱਢੀਆਂ ਤਾਂ ਉਹ ਉਠ ਕੇ ਤੁਰ ਗਿਆ ।
‘ਠਾਣੇਦਾਰਾ ! ਇਉਂ ਨੀ ਹੋ ਸਕਦਾ ਏਨੂੰ.....।” ਸਰਦਾਰ ਦੇ ਮੂੰਹੋਂ ਗੱਲ ਨਾ ਨਿਕਲ ਸਕੀ।
“ਇਹ ਤਾਂ ਆਪਣੇ ਖੱਬੇ ਹੱਥ ਦਾ ਕੰਮ ਐ । ਹੁਕਮ ਕਰ ਲਈ ਆਪਾਂ ਕਿਸੇ ਤੋਂ ਚੁਕਵਾ ਦਿੰਨੇ ਆਂ । ਜਾਂ ਇਉਂ ਕਰ ਤੂੰ ਈ ਲੈ ਜਾ ਚੱਕ ਕੇ ਕਿਤੇ। ਬਾਕੀ ਮੈਂ ਆਪੇ ਸੰਭਾਲ ਲੂੰ, 'ਲਾਕਾ ਤਾਂ ਮੇਰਾ ਈ ਐ । ਜੇ ਕੋਈ ਬੋਲੂ, ਚੁੱਕ ਕੇ ਅੰਦਰ ਤੁੰਨ ਦਿਊਂ । ਅੱਜ ਕੱਲ ਤਾ ਜ਼ਮਾਨਤ ਵੀ ਨੀਂ ਹੋਣ ਦਈਦੀ।”
“ਕੋਈ ਨਾ, ਕਰਦੈਂ ਮੈਂ ਪਰਬੰਧ ਏਦ੍ਹੇ ਆਲਾ ।” ਸਰਦਾਰ ਕਿਸੇ ਸਕੀਮ ਦੀ ਭੰਨ ਤੋੜ ਕਰਨ ਲੱਗ ਪਿਆ ।
-0-
ਜਦ ਜੀਤੂ ਚੰਨੀ ਦੇ ਘਰ ਪਹੁੰਚਿਆ ਤਾਂ ਉਹ ਬੂਹੇ ਵਿਚ ਹੀ ਮਿਲ ਪਈ । ਜੀਤੂ ਨੂੰ ਦੇਖ ਕੇ ਉਸਦਾ ਮੱਥਾ ਠਣਕਿਆ । ਚੰਨੀ ਹੁਣ ਪ੍ਰੀਤ ਦੇ ਘਰ ਕਾਫੀ ਜਾਣ ਲੱਗ ਪਈ ਸੀ ਤੇ ਏਸ ਸਮੇਂ ਦੌਰਾਨ ਪ੍ਰੀਤ ਤੋਂ ਇਤਿਹਾਸਕ ਘਟਨਾਵਾਂ ਸੁਣ ਸੁਣ ਕੇ ਉਸ ਵਿਚ ਇਕ ਨਵਾਂ ਜੋਸ਼ ਭਰ ਗਿਆ ਸੀ।ਚੰਨੀ ਹੁਣ ਆਪਣੇ ਵਿਰਸੇ ਤੋਂ ਜੇ ਪੂਰੀ ਤਰ੍ਹਾਂ ਨਹੀਂ ਤਾਂ ਕਾਫੀ ਹੱਦ ਤੱਕ ਜਾਣੂ ਹੋ ਚੁੱਕੀ ਸੀ।ਹੁਣ ਉਸਦੇ ਚਿਹਰੇ ਤੇ ਅਜੀਬ ਜਿਹੀ ਰੌਂਅ ਦੇਖਣ ਨੂੰ ਮਿਲਦੀ ਸੀ । ਅਜੇ ਹੁਣੇ ਇਕ ਬੱਚਾ ਸੁਨੇਹਾ ਦੇ ਗਿਆ ਸੀ ਕਿ ਤਾਈ ਨੰਦ ਕੌਰ ਨੇ ਬੁਲਾਇਆ ਹੈ । ਚੰਨੀ ਓਧਰ ਹੀ ਜਾ ਰਹੀ ਸੀ ਕਿ ਜੀਤੂ ਵੱਲ ਵੇਖ ਕੇ ਰੁਕ ਗਈ ।
“ਚੰਨੋਂ ! ਭਾਈ ਸਰਪੰਚ ਨੇ ਇਕ ਸੁਨੇਹਾ ਜਿਹਾ ਦਿੱਤਾ ਸੀ ।ਟੂਵੈਲ ਤੇ ਬੈਠੇ ਐ, ਨਾਲ ਮਿਤ ਸਿੰਹੁ ਐ ਠਾਣੇਦਾਰ । ਮਿੱਤ ਸਿੰਹੁ ਕੁਛ ਔਖਾ ਭਾਰਾ ਹੁੰਦਾ ਸੀ ਆਂਹਦਾ ਸੀ ਜ਼ਰੂਰ ਆਵੇ ।” ਜੀਤੂ ਨਸ਼ੇ ਦੀ ਲੋਰ ਵਿਚ ਸੁਨੇਹਾ ਦੇ ਰਿਹਾ ਸੀ ।
‘ਹੁੰ....ਸਰਪੰਚ ਤੇ ਮਿਤ ਸਿੰਹੁ ।” ਚੰਨੀ ਦੇ ਚਿਹਰੇ ਤੇ ਗੁੱਸੇ ਭਰੀ ਮੁਸਕਰਾਹਟ ਫੈਲ ਗਈ । “ਜਾਹ ਉਨ੍ਹਾਂ ਨੂੰ ਆਖ ਦੇ ਚੰਨੀ ਕੱਲ ਨੂੰ ਲੌਢੇ ਵੇਲੇ ਆਊਗੀ । ਦੋਵੇਂ ਜਣੇ ਆਵਦੀ ਬੈਠਕ 'ਚ ਡੀਕਣ । ਅੱਜ ਮੈਂ ਚੱਲੀ ਆਂ ਕਿਤੇ।”
‘ਹੁਣ ਤਾ ਰਾਤ ਪੈਣ ਵਾਲੀ ਐ ।”
‘ਮੇਰੀਆਂ ਵੀ ਅੱਖਾਂ ਹੈਗੀਆਂ ਦੋ । ਜੋ ਕੁਛ ਤੈਨੂੰ ਕਿਹੈ ਦੱਸ ਦੇ ਜਾ ਕੇ ।” ਆਖ ਕੇ ਚੰਨੀ ਬਾਹਰ ਨਿਕਲ ਗਈ । ਕੁਛ ਹੀ ਚਿਰ ਪਿੱਛੋਂ ਉਹ ਤਾਈ ਦੇ ਘਰ ਪਹੁੰਚ ਗਈ । ਤਾਈ ਪੀੜ੍ਹੀ 'ਤੇ ਬੈਠੀ ਸੀ । ਇਕ ਓਪਰੀ ਜ਼ਨਾਨੀ ਤੇ ਤੇਜਾ ਮੰਜੇ 'ਤੇ ਬੈਠੇ ਸਨ ।
“ਲੈ ਆਹ ਆ ਗੀ ਕੁੜੀ । ਮੂੰਹ ਤੇ ਪੁੱਛ ਲੋ ਜੋ ਮਰਜ਼ੀ ।” ਨੰਦ ਕੌਰ ਗੁੱਸੇ ਵਿਚ ਲੱਗਦੀ ਸੀ ।
“ਕੀ ਗੱਲ ਐ ਤਾਈ ?"
‘ਗੱਲ ਕੀ ਹੋਣੀ ਐ ਧੀਏ ! ਇਹ ਤੇਰੀ ਸੱਸ ਐ । ਕਿਸੇ ਔਂਤਰੇ ਨੇ ਭਾਨੀ ਮਾਰੀ ਜਾ ਕੇ ਬਈ ਕੁੜੀ ਸਰਪੰਚ ਨਾਲ ਮਾੜੀ ਐ । ਦੱਸ ਦੇ ਜਿਹੜਾ ਕੁਛ ਪੁਛਦੀ ਐ…ਤੂੰ ਮੈਨੂੰ ਇਹ ਤਾਂ ਦੱਸ ਕਿਹੜਾ ਸੀ ਉਹ ਨਪੁੱਤਾ ਟੁੱਟ ਪੈਣਾ ਜੀਹਨੇ ਏਨੀ ਗੱਲ ਆਖੀ । ਚੰਦ ’ਤੇ ਥੁੱਕੀਏ ਤਾਂ ਆਵਦਾ ਈ ਮੂੰਹ ਗੰਦਾ ਹੁੰਦੈ।"
‘ਤਾਈ ! ਸ਼ਾਂਤ ਹੋ ਜਾ । ਏਨ੍ਹਾਂ ਨੂੰ ਆਖ ਦੇ ਜੇ ਸਾਕ ਨਈਂ ਮੰਜੂਰ ਤਾਂ ਨਾ ਲੈਣ । ਜੋ ਪ੍ਰਮਾਤਮਾ ਨੂੰ ਭਾਵੇ, ਉਹੀ ਹੋਊਗਾ । ਮੈਂ ਹੋਰ ਕੋਈ ਗੱਲ ਨੀਂ ਕਰਨੀ ।” ਇੰਨੀ ਗੱਲ ਆਖ ਕੇ ਚੁੰਨੀ ਬਾਹਰ ਆ ਗਈ ।
‘ਚੰਨੋਂ ! .....ਧੀਏ ! ਗੱਲ ਤਾਂ ਸੁਣ । ਜਾਹ ਵੇ ਤੇਜਿਆ ! ਦੇਖ ਕਿਤੇ ਕੁੜੀ ਕੋਈ ਕਾਰਾ ਈ ਨਾ ਕਰ ਲਵੇ ।” ਨੰਦ ਕੌਰ ਘਬਰਾ ਗਈ । ਤੇਜਾ ਉਠ ਕੇ ਚੰਨੀ ਦੇ ਮਗਰ ਆ ਗਿਆ । ਚੰਨੀ ਘਰ ਪਹੁੰਚੀ ਤਾਂ ਤੇਜਾ ਵੀ ਮਗਰੇ ਹੀ ਆ ਗਿਆ ।
“ਚੰਨੀ ! ਕੀ ਗੱਲ ਭੱਜ ਕਿਉਂ ਆਈ ਤੂੰ ?” ਤੇਜੇ ਨੇ ਉਸਦਾ ਹੱਥ ਫੜ੍ਹ ਲਿਆ । ਚੰਨੀ ਦਾ ਦਿਲ ਕੀਤਾ ਕਿ ਰੋ ਪਵੇ ਪਰ ਉਹ ਘੁੱਟ ਵੱਟ ਗਈ।
“ਤੇਜਿਆ ! ਮੈਂ ਸੋਚ ਲਿਆ ਕਿ ਮੈਂ ਹੁਣ ਵਿਆਹ ਨੀਂ ਕਰਾਉਣਾ”ਿ
“ਕਿਉਂ, ਉਹ ਬੰਦੇ ਚੰਗੇ ਨੀਂ ?”
‘ਨਈਂ ਇਹ ਗੱਲ ਨੀਂ…ਉਹ ਬਹੁਤ ਚੰਗੇ ਹੋਣਗੇ । ਮੈਨੂੰ ਉਨ੍ਹਾਂ ਦਾ ਕੀ ਪਤੈ ? ਪਰ ਮੈਂ ਹੁਣ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਕਰੂੰਗੀ। ਤੇਜਿਆ ! ਤੇਰੇ ਲਈ ਮੇਰੇ ਦਿਲ 'ਚ ਬੜੀ ਇੱਜ਼ਤ ਐ....ਪਹਿਲਾਂ ਚਾਹੇ ਜੋ ਵੀ ਸੀ, ਹੁਣ ਮੈਂ ਇੱਜ਼ਤ ਈ ਕਹੂੰਗੀ।ਮੇਰੇ ਨਾਲ ਵਾਦਾ ਕਰ ਕਿ ਜੇ ਕਦੇ ਜ਼ਿੰਦਗੀ 'ਚ ਤੇਰੀ ਲੋੜ ਪੈ ਗੀ ਤਾਂ ਮੇਰੀ ਮਦਦ ਕਰੇਂਗਾ ।”
“ਚੰਨੀ ! ਮੈਂ ਮੁਕਰਦਾ ਨੀਂ ਤੇਰੀ ਮਦਦ ਕਰਨੋਂ, ਪਰ ਅੱਜ ਤੂੰ ਐਹੋ ਜੀਆਂ ਗੱਲਾਂ ਕਿਉਂ ਕਰਦੀਂ ਐਂ ?”
‘ਬੱਸ, ਹੁਣ ਤੂੰ ਜਾਹ । ਤਾਈ ਨੂੰ ਆਖਦੀਂ ਕੋਈ ਫਿਕਰ ਨਾ ਕਰੇ ਤੇ ਨਾ ਹੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਐ ।
‘ਚੰਗਾ ਜਿਵੇਂ ਤੇਰੀ ਮਰਜ਼ੀ ।” ਆਖ ਕੇ ਤੇਜਾ ਤੁਰ ਗਿਆ । ਚੰਨੀ ਤੇਜੇ ਦੀ ਪਿੱਠ ਵੱਲ ਵੇਖਦੀ ਰਹੀ । ਉਸਦੀ ਮਸੂਮ ਜਿਹੀ ਤੋਰ ਦੇਖ ਕੇ ਚੰਨੀ ਦਾ ਦਿਲ ਘੇਰਨੀ ਖਾ ਗਿਆ । ਦੋ ਮੋਹ ਭਰੇ ਹੰਝੂ ਉਸਦੀਆਂ ਅੱਖਾਂ ਵਿਚ ਆ ਕੇ ਰੁਕ ਗਏ ।
20
‘ਭਲਵਾਨਾ ! ਤੂੰ ਅਜ ਤੜਕੇ ਦਾ ਘੂਰੀ ਜੀ ਵੱਟੀ ਕਿਉਂ ਬੈਠੈ ?” ਸੱਥ 'ਚ ਬੈਠੇ ਮਾਘੀ ਨੇ ਘੁੱਲੇ ਦਾ ਉਤਰਿਆ ਚਿਹਰਾ ਦੇਖ ਕੇ ਪੁੱਛਿਆ ।
‘ਘੂਰੀ ਕਾਹਦੀ ਵੱਟਣੀ ਐ । ਤੇਰੀਆਂ ਅੱਖਾਂ ਨੂੰ ਸੂਰਜ ਸਾਮ੍ਹਣਾ ਪੈਂਦੈ, ਪਾਸਾ ਵੱਟ ਲਾ ਮਾੜਾ ਜਿਹਾ ।”
‘ਕੋਈ ਹੋਊ ਕਬੀਲਦਾਰੀ ਦਾ ਫਿਕਰ ।” ਬੰਤੇ ਨੇ ਆਪਣਾ ਅਨੁਮਾਨ ਲਾਇਆ ।
‘ਮਖ ਕਬੀਲਦਾਰੀ 'ਚ ਭਲਵਾਨ ਗੋਡੇ ਗੋਡੇ ਡੁੱਬਿਆ ਹੋਊ।” ਬਾਬਾ ਮੋਦਨ ਨੇ ਘੁੱਲੇ ਨੂੰ ਟਕੋਰ ਕੀਤੀ ।
‘ਨਾ ਸਈ ਬਾਬਾ ! ਫੇਰ ਵੀ ਜੀਅ ਜੰਤ ਤਾਂ ਪਾਲਦੇ ਈ ਆਂ ।"
“ਜੱਟਾ ਜਾਗ ਬਈ ਹੁਣ ਜਾਗੋ ਆਈ ਐ । ਸ਼ਾਵਾ ਬਈ ਹੁਣ ਜਾਗੋ ਆਈ ਐ ।"
ਇਕੱਠੀਆਂ ਹੋਈਆਂ ਔਰਤਾਂ ਜਾਗੋ ਗਾਉਂਦੀਆਂ ਸੱਥ ਵੱਲ ਆ ਰਹੀਆਂ ਸਨ । ਸਾਰਿਆਂ ਦਾ ਧਿਆਨ ਉਨ੍ਹਾਂ ਵੱਲ ਹੋ ਗਿਆ ।
“ਆਹ ਕਿਹੜੀਅਂੈ ਬਈ 'ਕੱਠੀਆਂ ਹੋਈਆਂ ?" ਮਾਘੀ ਨੇ ਟਿਕਟਿਕੀ ਲਾ ਕੇ ਵੇਖਿਆ ।
‘ਮੇਲਣਾ ਲਗਦੀਐਂ ।" ਬੰਤੇ ਦੀ ਆਵਾਜ਼ ਸੀ। “ਨਾਨਕਾ ਮੇਲ ਐ ਵੱਢ ਖਾਣਿਆਂ ਦਾ ।"
“ਵਿਆਹ ਤਾਂ ਸਾਡੇ ਵੇਲੇ ਹੁੰਦੇ ਸੀ । ਚਾਰ ਚਾਰ ਦਿਨ ਜੰਨ ਠਹਿਰਨੀ । ਉਦੋਂ ਜਾਗੋ ਰਾਤ ਵੇਲੇ ਕੱਢਦੀਆਂ ਹੁੰਦੀਆਂ ਸੀ ਤੇ ਆਹ ਹੁਣ ਦੇਖ ਲਾ ਤਿੱਖੜ ਦੁਪਹਿਰੇ ਵਲਟੋਹੀ ਜੀ ਚੁੱਕੀ ਫਿਰਦੀਐਂ । ਤੜਕੇ ਆਈਆਂ ਹੋਣਗੀਆਂ ਤੇ ਆਥਣ ਵੇਲੇ ਘਰੋ ਘਰੀ ਤੁਰ ਪੈਣਗੀਆਂ । ਚੱਲ ਮੇਰੇ ਭਾਈ ਵਿਆਹ ਹੋ ਗਿਆ ।" ਬਾਬਾ ਮੋਦਨ ਬੋਲਿਆ । ਔਰਤਾਂ ਸੱਥ ਕੋਲ ਪਹੁੰਚੀਆਂ ਤਾਂ ਦੇਖ ਕੇ ਸਾਰੇ ਚੁੱਪ ਕਰ ਗਏ ।
‘ਨੀ ਬਿਸ਼ਨੀਏ !” ਇਕ ਔਰਤ ਬੋਲੀ
“ਕੀ ਭੂਆ ?”
“ਨੀਂ ਆਹ ਭਾਈ ਕਿਉਂ ਸੱਥਰ ਵਿਛਾਈ ਬੈਠੇ ਐ ?"
“ਭੂਆ ! ਔਹ ਬਿੱਲੀ ਮੂੰਹਾਂ ਜਿਆ ਭੈਣ ਵੇਚ ਕੇ ਆਇਐ ।” ਇਕ ਸੁਡੌਲ ਸਰੀਰ ਦੀ ਮੁਟਿਆਰ ਨੇ ਘੁੱਲੇ ਵੱਲ ਇਸ਼ਾਰਾ ਕੀਤਾ ।
“ਮੈਂ ਤਾਂ ਆਪ ਵਕਾਊ ਬੈਠੈ ਕਰ ਲੋ ਸੌਦਾ ਜੀਹਨੇ ਕਰਨੈਂ।” ਘੁੱਲਾ ਬੋਲਿਆ ।
‘ਤੇਰੇ ਅਰਗੇ ਨੂੰ ਤਾਂ ਸਾਡੀ ਗਲੀ ਦੀ ਕੁੱਤੀ ਵੀ ਨਾ ਖਰੀਦੇ ।”
‘ਚੱਲ ਛੱਡ ਭਲਵਾਨਾ ! ਕੀ ਮਿਕਣਾਂ ਏਨ੍ਹਾਂ ਨਾਂ ।" ਬਾਬਾ ਮੋਦਨ ਦੀ ਗੱਲ ਸੁਣਕੇ ਘੁੱਲਾ ਚੁੱਪ ਕਰ ਗਿਆ । ਔਰਤਾਂ ਇਕ ਦੋ ਮਖੌਲ ਹੋਰ ਕਰਕੇ ਅੱਗੇ ਲੰਘ ਗਈਆਂ ।
‘ਬਾਬਾ ! ਤੂੰ ਐਵੇਂ ਈ ਰੋਕ 'ਤਾ । ਮੇਰੇ ਨਾਂ' ਭਲਾ ਕਿਹੜੀ ਮਿਕ ਲੂ ।” ਘੁੱਲੇ ਨੇ ਫੜ੍ਹ ਮਾਰੀ ।
“ਚੱਲ ਕੀ ਲੈਣੈ ਭਲਵਾਨਾ ਮਿਕ ਕੇ । ਹੋਰ ਚਾਰ ਗੰਦੀਆਂ ਗੱਲਾਂ ਸੁਣਦੇ ।” ਮਾਘੀ ਨੇ ਸਮਝਾਇਆ । ਜਿਹੜੇ ਪਾਸਿਉਂ ਵਿਆਹ ਵਾਲੀਆਂ ਮੇਲਣਾਂ ਆਈਆਂ ਸਨ, ਉਸੇ ਪਾਸਿਉਂ ਆ ਰਹੀ ਚੰਨੀ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਗਿਆ । ਚੰਨੀ ਨੇ ਧੋਤੇ ਹੋਏ ਕੱਪੜੇ ਪਾਏ ਹੋਏ ਸਨ । ਸਿਰ ਉਤੇ ਵਾਲਾਂ ਦਾ ਜੂੜਾ ਕਰਕੇ ਉਤੇ ਪੀਲੇ ਰੰਗ ਦਾ ਪਟਕਾ ਬੰਨ੍ਹਿਆ ਹੋਇਆ ਸੀ ਤੇ ਉਸ ਉਪਰੋਂ ਚੁੰਨੀ ਲਈ ਹੋਈ ਸੀ । ਗਲ ਵਿਚ ਕਾਲਾ ਗਾਤਰਾ ਤੇ ਗਾਤਰੇ ਵਿਚ ਤਿੰਨ ਫੁਟੀ ਤਲਵਾਰ । ਉਸਦੇ ਚਿਹਰੇ ਤੇ ਅਜੀਬ ਕਿਸਮ ਦਾ ਰੁਹਬ ਝਲਕ ਰਿਹਾ ਸੀ ।
“ਇਹ ਕੀ ਸਾਂਗ ਹੋਇਆ ਬਈ ?" ਜਾਗੋ ਆਲੀਆ ਤਾਂ 'ਗਾਂਹ ਲੰਘ ਗੀਆਂ ਇਹ ਪਿਛੇ ਈ ਰਹਿ ਗੀ ।” ਮੇਲਣਾਂ ਨਾਲੋਂ ਵਿਛੜੀ ਕੁੜੀ ਸਮਝ ਕੇ ਮਾਘੀ ਬੋਲਿਆ । ਉਸਨੇ ਚੰਨੀ ਨੂੰ ਪਹਿਚਾਨਿਆ ਨਹੀਂ ਸੀ । ਮਾਘੀ ਦੀ ਗੱਲ ਸੁਣ ਕੇ ਚੰਨੀ ਰੁਕ ਗਈ । ਹੌਲੀ ਹੌਲੀ ਚਲਦੀ ਉਹ ਉਨ੍ਹਾਂ ਕੋਲ ਆ ਖੜ੍ਹੀ।
‘ਬਾਬਾ ! ਜਾਗੋ ਆਲੀਆਂ ਤਾਂ ਲੰਘ ਗਈਆਂ ਪਰ ਜਾਗੋ ਅਜੇ ਨੀਂ ਆਈ । ਤੁਸੀਂ ਸਾਰਾ ਦਿਨ ਸੱਥ 'ਚ ਬੈਠੇ ਗੱਲਾਂ ਮਾਰਦੇ ਓਂ । ਕਦੇ ਸੋਚਿਆ ਹੈ ਕਿ ਪਿੰਡ ਦੀਆਂ ਨੂੰਹਾਂ ਧੀਆਂ ਨਾਲ ਕੀ ਬੀਤਦੀ ਐ । ਥੋਡੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਐ । ਸਾਰਾ ਕੁਛ ਦੇਖਦੇ ਹੋਏ ਵੀ ਥੋਨੂੰ ਕੁਛ ਨੀਂ ਦਿਸਦਾ ।"
“ਭਾਈ ! ਮੈਂ ਤਾਂ ਸਿਆਣਿਆਂ ਨੀਂ ਸੀ ਤੈਨੂੰ।" ਮਾਘੀ ਕੱਚਾ ਜਿਹਾ ਹੋ ਗਿਆ ।
“ਤੈਨੂੰ ਲੋੜ ਵੀ ਕੀ ਐ ਸਿਆਣਨ ਦੀ ? ਥੋਡੀਆਂ ਰਗਾਂ 'ਚ ਲਹੂ ਉਬਲਦਾ ਹੋਵੇ ਤਾਂ ਤੁਸੀਂ ਸਿਆਣੇਂ । ਥੋਡੇ ਸਾਹਮਣੇ ਕੁੱਤੇ ਖੀਰਾਂ ਨੂੰ ਮੂੰਹ ਮਾਰਦੇ ਐ ਪਰ ਮਜਾਲ ਐ ਤੁਸੀਂ ਕਿਸੇ ਨੂੰ ਰੋਕਿਆ ਹੋਵੇ । ਹੈ ਕਿਸੇ 'ਚ ਹਿੰਮਤ ਰੋਕਣ ਦੀ । ਸਾਰੇ ਜਣੇ ਵੰਗਾਂ ਪਾ ਕੇ ਬੈਠਿਆ ਕਰੋ । ਅੱਜ ਤੋਂ ਮੈਂ ਬਣੂੰਗੀ ਪਹਿਰੇਦਾਰ । ਅੱਜ ਮੇਰੀ ਜਾਗ ਖੁੱਲ੍ਹਗੀ । ਪਰ ਤੁਸੀਂ ਅਜੇ ਸੁੱਤੇ ਪਏ ਓਂ । ਅੱਜ ਤੋਂ ਮੈਂ ਕਰੂੰਗੀ ਰਾਖੀ ਆਪਣੀਆਂ ਭੈਣਾਂ ਦੀ । ਅੱਜ ਤੋਂ ਮਗਰੋਂ
ਕੋਈ ਰੋਲ ਕੇ ਦਿਖਾਵੇ ਮੇਰੇ ਪਿੰਡ ਦੀ ਇੱਜ਼ਤ, ਜੇ ਟੋਟੇ ਨਾ ਕਰ ਦਿਆਂ ਤਾਂ।
" ਚੰਨੋ ! ਬੀਬਾ ਗੱਲ ਤਾਂ ਦੱਸ ਕੀ ਆ ? ਤੂੰ ਸੱਚ ਕਹਿੰਨੀ ਐਂ ਕਿ ਅਸੀਂ ਸੁੱਤੇ ਪਏ ਐਂ ਪਰ ਸਾਡੀ ਅਣਖ ਤਾਂ ਨੀਂ ਮਰੀ ।” ਬੰਤਾ ਫੌਜੀ ਬੋਲਿਆ ।
‘ਗੱਲ ਥੋਡੇ ਤੋਂ ਲੁਕੀ ਤਾਂ ਨੀਂ । ਸਰਪੰਚ ਕੀ ਕੰਜਰਖਾਨਾ ਕਰਦੈ ਪਿੰਡ 'ਚ, ਥੋਨੂੰ ਪਤਾ ਨੀਂ ਏਸ ਗੱਲ ਦਾ ? ਮੇਰੇ ਭਰਾ ਨੂੰ ਏਨ੍ਹਾਂ ਕੁੱਤਿਆਂ ਨੇ ਮਾਰਿਆ । ਮੇਰੇ ਪਿਉ ਨੂੰ ਇਨ੍ਹਾਂ ਪਾਪੀਆਂ ਮਾਰਿਆ । ਕੀ ਥੋਨੂੰ ਕੁਛ ਨੀਂ ਪਤਾ?"
“ਮੈਂ ਤਾਂ ਪਹਿਲਾਂ ਈ ਆਂਹਦਾ ਸੀ ਬਈ ਆਹ ਗੱਲ ਐ ।” ਘੁੱਲਾ ਸਫਾਈ ਦੇਣੀ ਚਾਹੁੰਦਾ ਸੀ ।
“ਤੂੰ ਵੀ ਤਾਂ ਆਂਹਦਾ ਈ ਸੀ, ਕੀਤਾ ਤਾਂ ਕੁਛ ਨੀਂ।ਜੇ ਕੀਤੀਐਂ ਤਾਂ ਗੱਲਾਂ । ਹੋਰ ਤੁਸੀਂ ਕਰ ਵੀ ਕੀ ਸਕਦੇ ਓਂ । ਅੱਜ ਗੁਰੂ ਦੀ ਸ਼ੀਹਣੀ ਚੱਲੀ ਐ ਮਦਾਨ 'ਚ, ਹੱਥ ਦੇਖਣੇ ਐ ਤਾਂ ਆ ਜੋ । ਬੰਦੇ 'ਡੀਕਦੇ ਹੋਣਗੇ ਵਿਹੜੇ ਵਾਲੀ ਚੰਨੀ ਨੂੰ ।” ਏਨੀ ਗੱਲ ਕਹਿ ਕੇ ਚੰਨੀ ਤੁਰ ਪਈ ।
‘ਫੌਜੀਆ ! ਕੁੜੀ ਕਿਤੇ ਕੋਈ ਕਾਰਾ ਈ ਨਾ ਕਰ ਬਹੇ ।" ਬਾਬਾ ਮੋਦਨ ਨੇ ਆਪਣਾ ਸ਼ੱਕ ਜਾਹਰ ਕੀਤਾ ।
“ਚਲੋ ਬਾਬਾ ! ਆਪਾਂ ਮਗਰ ਚੱਲੀਏ ।” ਸਾਰੇ ਜਣੇ ਉਠਕੇ ਤੁਰ ਪਏ । ਚੰਨੀ ਅੱਗੇ ਅੱਗੇ ਜਾ ਰਹੀ ਸੀ । ਬਾਕੀ ਬੰਦੇ ਥੋੜ੍ਹਾ ਫਾਸਲਾ ਛੱਡ ਕੇ ਪਿੱਛੇ ਜਾ ਰਹੇ ਸਨ ਪਰ ਕਿਸੇ ਨੇ ਚੰਨੀ ਨੂੰ ਰੋਕਣ ਦਾ ਹੌਸਲਾ ਨਾ ਕੀਤਾ । ਚੰਨੀ ਸਰਪੰਚ ਦੇ ਘਰ ਮੂਹਰੇ ਜਾ ਕੇ ਰੁਕ ਗਈ ।
‘ਸਰਪੰਚਾ ! ਚੰਨੀ ਆ ਗਈ । ਬਾਹਰ ਆ ਕੇ ਕਰ ਲਾ ਦੋ ਹੱਥ।" ਚੰਨੀ ਨੇ ਆਪਣੀ ਤਲਵਾਰ ਮਿਆਨ 'ਚੋਂ ਬਾਹਰ ਕੱਢ ਲਈ । ਸਰਪੰਚ ਤੇ ਮਿਤ ਸਿੰਘ ਅੰਦਰ ਬੈਠੇ ਸ਼ਰਾਬ ਪੀ ਰਹੇ ਸਨ । ਚੰਨੀ ਦੀ ਆਵਾਜ਼ ਸੁਣ ਕੇ ਜਸਵੰਤ ਸਿੰਘ ਨੂੰ ਕੁਝ ਹੈਰਾਨੀ ਹੋਈ । ਉਹ ਉਠ ਕੇ ਬਾਹਰ ਵੱਲ ਆਇਆ। ਬਾਹਰ ਖੜੀ ਚੰਨੀ ਦਾ ਰੂਪ ਦੇਖ ਕੇ ਉਸਦੇ ਚਿਹਰੇ 'ਤੇ ਦਹਿਸ਼ਤ ਦੀ ਪਰਤ ਆ ਗਈ ।
‘ਜਾਹ ਲੈ ਆ ਆਵਦੀ ਦੁਨਾਲੀ । ਅੱਜ ਦੇਖ ਈ ਲਵਾਂ, ਕਿੰਨੀ ਕੁ ਹਿੰਮਤ ਆ ਤੇਰੇ 'ਚ ।" ਚੰਨੀ ਦੀ ਗਰਜ ਸੁਣ ਕੇ ਉਸਨੂੰ ਕਾਂਬਾ ਛਿੜ ਪਿਆ। ਚੰਨੀ ਨੇ ਅਜੇ ਇਕ ਕਦਮ ਹੀ ਵਧਾਇਆ ਸੀ ਕਿ ਉਹ ਅੰਦਰ ਵੱਲ ਭਜਿਆ। ਉਸਦਾ ਦਿਲ ਐਨੇ ਜ਼ੋਰ ਨਾਲ ਧੜਕ ਰਿਹਾ ਸੀ ਕਿ ਉਸਨੂੰ ਆਪਣੀ ਛਾਤੀ ਪਾਟਦੀ ਮਹਿਸੂਸ ਹੋਈ । ਉਸਨੇ ਆਪਣੀ ਦੁਨਾਲੀ ਨੂੰ ਹੱਥ ਪਾਇਆ ਪਰ ਐਨੀ ਹਿੰਮਤ ਨਾ ਰਹੀ ਕਿ ਉਸਨੂੰ ਕਿੱਲੀ ਤੋਂ ਲਾਹ ਸਕੇ । ਉਸਨੂੰ ਦਿਲ ਦਾ ਸਖਤ ਦੌਰਾ ਪਿਆ ਤੇ ਉਹ ਦਿਲ ਨੂੰ ਹੱਥ ਨਾਲ ਘੁੱਟਦਾ ਥੱਲੇ ਡਿੱਗ ਪਿਆ।
"ਕੀ ਹੋ ਗਿਆ ਸਰਪੰਚਾ " ਥਾਣੇਦਾਰ ਮਿਤ ਸਿੰਘ ਘਬਰਾ ਕੇ ਉਠਿਆ । ਉਸਨੇ ਪਾਣੀ ਵਾਲਾ ਜੱਗ ਚੁੱਕਿਆ ਪਰ ਉਹ ਖਾਲੀ ਸੀ । ਉਹ ਪਾਣੀ ਲੈਣ ਅੰਦਰ ਵੱਲ ਭੇਜਿਆ । ਚੰਨੀ ਨੇ ਜਦ ਵੇਖਿਆ ਕਿ ਸਰਪੰਚ ਬਾਹਰ ਨਹੀਂ ਆਇਆ ਤਾਂ ਉਹ ਆਪ ਬੈਠਕ ਵਿਚ ਦਾਖਲ ਹੋਈ । ਬਾਕੀ ਸਾਰੇ ਵੀ ਅੰਦਰ ਆ ਗਏ ।
‘ਉਠ ਦੁਸਟਾ ਨੇ ਹੁਣ ਕੀ ਸੱਪ ਸੁੰਘ ਗਿਆ " ਚੰਨੀ ਨੇ ਪੈਰ ਦੀ ਠੋਕਰ ਮਾਰੀ ਪਰ ਸਰਪੰਚ ਦੇ ਪੰਖੇਰੂ ਤਾਂ ਉਡ ਚੁੱਕੇ ਸਨ । ਫੌਜੀ ਨੇ ਸਰਪੰਚ ਦੀ ਛਾਤੀ 'ਤੇ ਹੱਥ ਰੱਖ ਕੇ ਦੇਖਿਆ ।
"ਇਹ ਤਾਂ ਮਰ ਗਿਆ ।” ਫੌਜੀ ਬੋਲਿਆ ।
“.... ਮਰ ਗਿਆ । ਗਿੱਦੜ ਸ਼ੇਰ ਬਣਨ ਨੂੰ ਪੈਂਦਾ ਸੀ । ਅੱਜ ਕਿਧਰ ਗੀ ਦੁਨਾਲੀ? ਰੁਹਬ ਦਿੰਦਾ ਹੁੰਦਾ ਸੀ ਦੁਨਾਲੀ ਦਾ ।”
ਬਾਹਰ ਥਾਨੇਦਾਰ ਨੇ ਜਦ ਮਾਮਲਾ ਉਲਝਿਆ ਦੇਖਿਆ ਤਾਂ ਉਹ ਘਬਰਾ ਗਿਆ । ਉਸਨੇ ਡਿਊਡੀ 'ਚ ਖੜ੍ਹਾ ਮੋਟਰ ਸਾਈਕਲ ਸਟਾਰਟ ਕੀਤਾ ਤੇ ਚੱਲ ਪਿਆ । ਮੋਟਰ ਸਾਈਕਲ ਦੀ ਆਵਾਜ਼ ਸੁਣ ਕੇ ਚੰਨੀ ਬਾਹਰ ਵਲ ਭੱਜੀ ਪਰ ਥਾਣੇਦਾਰ ਦਾ ਮੋਟਰ ਸਾਈਕਲ ਬਾਹਰ ਨਿਕਲ ਚੁੱਕਿਆ ਸੀ ।
‘ਥਾਏਦਾਰਾ ! ਭੱਜ ਕਿਉਂ ਚਲਿਐਂ ਇਕ ਤੀਮੀਂ ਤੋਂ ਡਰ ਕੇ, ਹਿੰਮਤ ਹੈਗੀ ਤਾਂ ਖੜ੍ਹ ਜਾ।" ਚੰਨੀ ਜੋਸ਼ ਵਿਚ ਬੋਲੀ । ਉਸਦਾ ਜੋਸ਼ ਐਨਾ ਵਧ ਗਿਆ ਕਿ ਉਸਨੇ ਨੰਗੀ ਤਲਵਾਰ ਦਾ ਇਕ ਟੱਕ ਸਰਦਾਰ ਦੇ ਘਰ ਬਾਹਰਲੇ ਬੂਹੇ 'ਤੇ ਮਾਰ ਦਿੱਤਾ । ਅੰਦਰਲੇ ਬੰਦੇ ਵੀ ਮਗਰ ਆ ਗਏ । ਚੰਨੀ ਕਿਸੇ ਜੇਤੂ ਜਰਨੈਲ ਵਾਂਗ ਖੜ੍ਹੀ ਸੀ । ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਕਾਫੀ ਬੰਦ ਖੜ੍ਹੇ ਸਨ । ਸਾਰਿਆਂ ਦੇ ਚਿਹਰਿਆਂ ਵੱਲ ਦੇਖਦੀ ਚੰਨੀ ਦੇ ਚਿਹਰੇ 'ਤੇ ਮੁਸਕਰਾਹਟ ਫੈਲ ਗਈ । ਉਸਨੂੰ ਜਾਪਿਆ ਜਿਵੇਂ ਸਾਰਾ ਪਿੰਡ ਜਾਗ ਕੇ ਉਸਦੇ ਮਗਰ ਆ ਖੜ੍ਹਾ ਹੋਵੇ ।
-0-