ਜਿਸ ਦਾ ਇੱਥੇ ਜੀਣਾ ਹੀ ਦੁਸ਼ਵਾਰ ਹੈ,
ਨਰਕ ਉਸ ਨੂੰ ਲੱਗਦਾ ਇਹ ਸੰਸਾਰ ਹੈ।
ਉਹ ਹਰਿਕ ਦੇ ਫਿਰਦਾ ਹੈ ਗਲ਼ ਪੈਣ ਨੂੰ,
ਉਸ ਨੂੰ ਤਾਂ ਕੁਝ ਕਹਿਣਾ ਹੀ ਬੇਕਾਰ ਹੈ।
ਮਾਣ ਉਹ ਕੀ ਕਰਨ ਨਸ਼ਈ ਪੁੱਤ ਤੇ,
ਮਾਪਿਆਂ ਦੇ ਸਿਰ ਤੇ ਉਹ ਤਾਂ ਭਾਰ ਹੈ।
ਕਿਉਂ ਨਾ ਫਿਰ ਉਹ ਪਿਆਰ ਮਾਇਆ ਨੂੰ ਕਰੇ?
ਆਦਮੀ ਜਦ ਇਸ ਬਿਨਾਂ ਬੇਕਾਰ ਹੈ।
ਸਾਥ ਦੋਸਤ ਛੱਡ ਜਾਂਦੇ ਨੇ ਉਦੋਂ,
ਆਦਮੀ ਹੁੰਦਾ ਜਦੋਂ ਲਾਚਾਰ ਹੈ।
ਉਸ ਨੂੰ ਬਾਹਰ ਜਾ ਕੇ ਵੀ ਇੱਜ਼ਤ ਮਿਲੇ,
ਜਿਸ ਨੂੰ ਮਿਲਦਾ ਆਪਣੇ ਘਰ ਪਿਆਰ ਹੈ।
ਕਰਕੇ ਨਫਰਤ ਖਤਮ, ਬੈਠਾਵੇ ਕੱਠੇ,
ਬਹੁਤ ਸ਼ਕਤੀਸ਼ਾਲੀ ਹੁੰਦਾ ਪਿਆਰ ਹੈ।