ਨਵੇਂ ਸਾਲ ਦਿਆ ਸੂਰਜਾ (ਕਵਿਤਾ)

ਬਲਵਿੰਦਰ ਸਿੰਘ ਕਾਲੀਆ   

Email: balwinder.kalia@gmail.com
Cell: +91 99140 09160
Address:
ਲੁਧਿਆਣਾ India
ਬਲਵਿੰਦਰ ਸਿੰਘ ਕਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵੇਂ ਸਾਲ ਦਿਆ ਸੂਰਜਾ, ਕੋਈ ਐਸੀ ਕਿਰਨ ਬਿਖੇਰ,
ਜਗਮਗ ਜਗਮਗ ਜੱਗ ਹੋਏ, ਮਿਟ ਜਾਵੇ ਸਭ ਨੇਰ੍ਹ, 
ਸੂਰਜਾ ਮਿਟ ਜਾਵੇ ਨੇਰ੍ਹ।

ਨਵੇਂ ਸਾਲ ਦਿਆ ਸੂਰਜਾ, ਕੋਈ ਭਰ ਦੇ ਮਨਾਂ ‘ਚ ਲੋਅ,
ਰਾਜੇ ਨੂੰ ਵੀ ਦਿੱਖ ਸਕੇ, ਪਰਜਾ ਰਹੀ ਕਿਉਂ ਰੋ,
ਸੂਰਜਾ ਪਰਜਾ ਰਹੀ ਕਿਉਂ ਰੋ।

ਨਵੇਂ ਸਾਲ ਦਿਆ ਸੂਰਜਾ ਕੋਈ ਰਹਿਮ ਦਾ ਮੀਂਹ ਵਰਸਾ,
ਕਿਹੜੀ ਗੱਲੋਂ ਕਰ ਰਹੇ, ਭਾਈਆਂ, ਭਾਈ ਤਬਾਹ?
ਸੂਰਜਾ ਭਾਈਆਂ, ਭਾਈ ਤਬਾਹ।

ਨਵੇਂ ਸਾਲ ਦਿਆ ਸੂਰਜਾ, ਕੋਈ ਰਿਸ਼ਵਤ ਨੂੰ ਬੰਨ੍ਹ ਮਾਰ,
ਪਰਜਾ ਲੁੱਟੀ ਜਾ ਰਹੀ, ਖੁਸ਼ ਨੇ ਲੰਬੜਦਾਰ,
ਸੂਰਜਾ ਖੁਸ਼ ਨੇ ਲੰਬੜਦਾਰ।

ਨਵੇਂ ਸਾਲ ਦਿਆ ਸੂਰਜਾ, ਕੋਈ ਦੇ ਆਵਿਆਂ ਨੂੰ ਸੇਕ,
ਕੱਚੇ, ਪੱਕੇ ਹੋ ਸਕਣ, ਲੱਗ ਜੇ ਰੇਖ ’ਚ ਮੇਖ।
ਸੂਰਜਾ ਲੱਗ ਜੇ ਰੇਖ ’ਚ ਮੇਖ।

ਨਵੇਂ ਸਾਲ ਦਿਆ ਸੂਰਜਾ, ਕੋਈ ਵਤਨੀਂ ਚੋਗ ਖਿਲਾਰ,
ਹਰ ਕੋਈ ਮਾਂ ਨੂੰ ਮਿਲ ਸਕੇ, ਜੋ ਬੈਠਾ ਸਾਗਰੋਂ ਪਾਰ,
ਸੂਰਜਾ ਬੈਠਾ ਸਾਗਰੋਂ ਪਾਰ।

ਨਵੇਂ ਸਾਲ ਦਿਆ ਸੂਰਜਾ, ਸਾਡੇ ਮਨ ਦੀ ਨਫ਼ਰਤ ਸਾੜ,
ਮਜ਼੍ਹਬ, ਜਾਤ ਪਿੱਛੇ ਹਟੇ, ਰੂਹਾਂ ਦਾ ਹੋਏ ਪਿਆਰ,
ਸੂਰਜਾ ਰੂਹਾਂ ਦਾ ਹੋਏ ਪਿਆਰ।

ਨਵੇਂ ਸਾਲ ਦਿਆ ਸੂਰਜਾ, ਕੋਈ ਲੀਡਰਾਂ ਨੂੰ ਮੱਤ ਦੇ,
ਪਾਵਣ ਭਰੇ ਬਜ਼ਾਰ ਨਾ, ਉਹ ਇੱਕ ਦੂਜੇ ਸਿਰ ਖੇਹ,
ਸੂਰਜਾ ਇੱਕ ਦੂਜੇ ਸਿਰ ਖੇਹ।

ਨਵੇਂ ਸਾਲ ਦਿਆ ਸੂਰਜਾ, ਹੁੰਦੀ ‘ਸੇਵਾ’ ਕੀ ਸਮਝਾ,
ਕਿਉਂ ਲੀਡਰ, ਬਾਬੇ ਏਸ ਨੂੰ ਰਹੇ ਡਾਂਗਾਂ ਨਾਲ਼ ਕਮਾ?
ਸੂਰਜਾ ਡਾਂਗਾਂ ਨਾਲ਼ ਕਮਾ।

ਨਵੇਂ ਸਾਲ ਦਿਆ ਸੂਰਜਾ, ਕੋਈ ਸਾਡੀ ਅਰਜ਼ੀ ਕੱਢ ਵਿਚਾਰ,
ਸਦੀਆਂ ਤੋਂ ਅਸੀਂ ਵਿਲਕਦੇ, ਕੋਈ ਸਾਡੀ ਕਿਉਂ ਨੀਂ ਲੈਂਦਾ ਸਾਰ,
ਸੂਰਜਾ ਕਿਉਂ ਨੀਂ ਲੈਂਦਾ ਸਾਰ।

ਨਵੇਂ ਸਾਲ ਦਿਆ ਸੂਰਜਾ, ਸਾਨੂੰ ਬਖ਼ਸ਼ੀਂ ਸਬਰ, ਵਿਸਾਹ,
ਲਾਲਚ, ਭੁੱਖਾਂ ਨਾਲ਼ ਨਾ, ਹੋ-ਜੀਏ ਕਿਤੇ ਤਬਾਹ,
ਸੂਰਜਾ ਹੋ-ਜੀਏ ਕਿਤੇ ਤਬਾਹ।

ਨਵੇਂ ਸਾਲ ਦਿਆ ਸੂਰਜਾ, ਸਾਨੂੰ ਕੁੱਲ ਜੱਗ ਦੀ ਪ੍ਰਵਾਹ,
ਵੈਰੀ ਨੂੰ ਵੀ ਬਖ਼ਸ਼ ਦੇਈਂ ਸਾਹਾਂ ਯੋਗ ਹਵਾ,
ਸੂਰਜਾ ਸਾਹਾਂ ਯੋਗ ਹਵਾ।

ਨਵੇਂ ਸਾਲ ਦਿਆ ਸੂਰਜਾ, ਸਭ ਸੁਫਨੇ ਸੱਚ ਕਰੀਂ,
ਨਾਲ਼ ਅਨਾਜ ਭੜੋਲੀਆਂ, ਨੱਕੋ ਨੱਕ ਭਰੀਂ,
ਸੂਰਜਾ ਨੱਕੋ ਨੱਕ ਭਰੀਂ।

ਨਵੇਂ ਸਾਲ ਦਿਆ ਸੂਰਜਾ, ਕਰੀਂ ਮਾਰ ਧਾੜ ਦਾ ਅੰਤ,
ਠੱਗ, ਚੋਰ, ਬਦਮਾਸ਼ ਵੀ, ਬਣ ਜਾਣ ਸੱਚੇ ਸੰਤ,
ਸੂਰਜਾ ਬਣ ਜਾਣ ਸੱਚੇ ਸੰਤ।

ਨਵੇਂ ਸਾਲ ਦਿਆ ਸੂਰਜਾ, ਤੈਨੂੰ ਲੱਖ ਲੱਖ ਨਮਸਕਾਰ,
ਬਲਵਿੰਦਰ ਦੀ ਮੰਨ ਕੇ, ਕਰ ਦੇ ਪਰਉਪਕਾਰ,
ਸੂਰਜਾ ਕਰ ਦੇ ਪਰਉਪਕਾਰ।