ਇੱਕ ਤਕਲੀਫ (ਕਵਿਤਾ)

ਰਸ਼ਪਿੰਦਰ ਕੌਰ ਗਿੱਲ   

Email: rachhpinderkaur@gmail.com
Address:
India
ਰਸ਼ਪਿੰਦਰ ਕੌਰ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



ਤੇਰੇ ਸਿਵੇ ਬਲੇ ਦਾ ਦੁੱਖ ਮਣਾਵਾਂ

ਜਾਂ ਫਿਰ ਅੱਜ ਚੰਦਰਿਆਂ

ਤੇਰਾ ਜਨਮ ਦਿਨ ਮਣਾਵਾਂ

ਅੱਜ ਦੇ ਦਿਨ ਹੀ ਮੈਂ ਕਦੇ

ਸ਼ੁਕਰਾਨੇ ਕੀਤੇ ਸੀ ਉਸ ਰੱਬ ਦੇ ਅੱਗੇ

ਅੱਜ ਦੇ ਦਿਨ ਹੀ ਮੈਂ ਉਸ

ਰੱਬ ਅੱਗੇ ਹੀ ਦੁਹਾਈਆਂ ਪਾਵਾਂ

ਕਿੰਝ ਮੈਂ ਆਪਣਾ ਕਲੇਜਾ ਪਾੜ ਦਿਖਾਵਾਂ

ਤੇਰੀ ਯਾਦ ਵਿੱਚ ਮੈਂ ਨਿੱਤ ਰੋਵਾਂ ਤੇ ਕੁਰਲਾਵਾਂ

ਇੱਕ ਤੇਰਾ ਜਨਮ ਦਿਨ ਤੇ ਦੂਜਾ ਤੇਰਾ ਮਰਣ ਦਿਨ

ਮੈਨੂੰ ਕਮਲ਼ੀ ਨੂੰ ਸਮਝ ਨਾ ਆਵੇ

ਕਿਸ ਦਿਨ ਖੁਸ਼ੀ ਤੇ ਕਿਸ ਦਿਨ ਵੈਣ ਪਾਵਾਂ

ਤੂੰ ਤਾਂ ਟੁਰ ਗਿਆ ਕੁਝ ਸੱਧਰਾਂ ਦਿਲ ਵਿੱਚ ਹੀ ਲੈ ਕੇ

ਪਰ ਮੈਂ ਹਰ ਸਾਹ ਉਨਾਂ ਸੱਧਰਾਂ ਨਾਲ ਸੋਗ ਮਣਾਵਾਂ

ਜੇ ਮੇਰਾ ਨਹੀ ਸੀ ਤਾਂ ਮੇਰੇ ਕੋਲ ਕਿਉਂ ਸੀ

ਜੇਕਰ ਮੇਰਾ ਸੀ ਤਾਂ ਹੁਣ ਕੋਲ ਕਿਉਂ ਨਹੀਂ

ਕਿੰਝ ਖੁਦ ਨੂੰ ਸਮਝਾਵਾਂ ਤੇ ਕੀ ਸਮਝਾਵਾਂ

ਤੇਰੇ ਜਨਮ ਦਿਨ ਵਾਲੇ ਦਿਨ ਤੇਰਾ ਮਰਣਾ ਯਾਦ ਆਉਂਦਾ ਏ

ਤੇਰੇ ਮਰਣ ਦਿਨ ਵਾਲੇ ਦਿਨ ਤੇਰਾ ਜਨਮ ਯਾਦ ਆਉਦਾ ਏ

ਮੈਨੂੰ ਚੰਦਰੀ ਨੂੰ ਸਮਝ ਨਾ ਆਵੇ ਤੇਰੇ ਬਿਨ ਕਿੰਝ ਦਿਨ ਲਗਾਵਾਂ

ਦੱਸ ਵੇ ਚੰਦਰਿਆਂ ਤੇਰਾ ਕਿਹੜਾ ਦਿਨ ਮਣਾਵਾਂ

ਕਿਸ ਦਿਨ ਮੈਂ ਤੇਰੇ ਨਾਂ ਦੀ ਸੱਜ ਧੱਜ ਖੁਸ਼ੀ

ਤੇ ਕਿਸ ਦਿਨ ਤੇਰੇ ਨਾਂ ਦੇ ਵੈਣ ਪਾ ਕੁਰਲਾਵਾਂ

ਦੱਸ ਖਾਂ ਵੇ ਚੰਦਰਿਆਂ ਤੇਰਾ ਕਿਹੜਾ ਦਿਨ ਮਣਾਵਾਂ