ਚਿੜੀ ਪੁਕਾਰੇ ਬੰਦੇ ਨੂੰ (ਕਵਿਤਾ)

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਾਣੀ ਪੀ ਕੇ ਮਰ ਜਾਵਾਂਗੀ

ਬਿਨ  ਪੀਤੇ ਵੀ ਸੜ੍ਹ ਜਾਵਾਂਗੀ

ਹਾਲੇ ਨਿੱਕੇ ਨਿੱਕੇ ਬੋਟ ਹੈ ਮੇਰੇ,

ਪਲ ਪਲ ਚੋਗਾ ਮੰਗਦੇ ਜਿਹੜੇ

ਚੁੰਝ ਵਿੱਚ ਪਾਣੀ ਲਿਆ ਕੇ ,

ਪਾਣੀ ਨਹੀਂ ਜਹਿਰ ਪਿਆ ਕੇ,

ਅਪਣੇ ਹੱਥੀ ਮੌਤ ਲਿਆਵਾਂਗੀ

ਮਰ ਜਾਣੀ ਮੈਂ ਮਾਂ ਕਹਾਵਾਂਗੀ

ਨਾ ਨਾ ਮੈਂ ਨਾ ਇਹ ਕਹਿਰ ਕਮਾਵਾਂ ਗੀ

ਪਾਣੀ ਪੀ ਕੇ ਮੈਂ ਮਰ ਜਾਵਾਂਗੀ

ਬਿਨ ਪੀਤੇ ਵੀ ਸੜ ਜਾਵਾਂਗੀ

ਦਸੋ ਕਿੰਝ ਮੈਂ ਘਰ ਜਾਵਾਂਗੀ

 

ਤੁਸੀਂ ਕਹੋਗੇ ਨਦੀ ਹੈ ਵਗਦੀ

ਪਰ ਮੈਂ ਪਾਣੀ ਪੀ ਨਹੀਂ ਸਕਦੀ

 ਇਸ ਵਿੱਚ ਹੈ ਜਹਿਰ ਮਿਲਾਇਆ

ਕਿਉਂ ਮਿਲਾਇਆ ਨਫਾ ਕਮਾਇਆ

 ਛੁਪ ਛੁਪ ਫੰਦੇ ਲਾਏ ਸਿਕਾਰੀ

ਲੁਟੀ  ਧਰਤ ਦੀ ਬਰਕਤ ਸਾਰੀ

ਕੀ ਕੀ  ਕਰਦੇ ਸੱਭ ਕੁੱਝ ਸੁਨਾਵਾਂ ਗੀ

ਪਾਣੀ ਪੀ ਕੇ ਮੈਂ ਮਰ ਜਾਵਾਂਗੀ

ਬਿਨ ਪੀਤੇ ਵੀ ਸੜ ਜਾਵਾਂਗੀ

ਦਸੋ ਕਿੰਝ ਮੈਂ ਘਰ ਜਾਵਾਂਗੀ

 

ਨਦੀਆਂ ਨਾਲੇ ਕੱਸੀਆਂ ਟੋਬੇ

ਸੱਭ ਹੀ ਜ਼ਹਿਰ ਬਰਾਬਰ ਹੋ ਗੇ

ਹਰ ਇੱਕ ਅੰਦਰ ਜਹਿਰ ਹੈ ਵਸਦੀ

ਜਾਨ ਲੇਵਾ ਬੀਮਾਰੀ ਲੱਗ ਗੀ

ਘਰ ਘਰ ਬੂ ਦੁਹਾਇਆ ਪਾਉਂਦੇ

ਬੇਵਸ ਹੋ ਕੇ ਜਾਨ ਗੁਆਉਂਦੇ

ਸੱਭ ਭੇਦ ਖੋਲਾਂਗੀ ਨਾ ਕੋਈ ਪਰਦੇ ਪਾਵਾਂਗੀ

ਪਾਣੀ ਪੀ ਕੇ ਮੈਂ ਮਰ ਜਾਵਾਂਗੀ

ਬਿਨ ਪੀਤੇ ਵੀ ਸੜ ਜਾਵਾਂਗੀ

ਦਸੋ ਕਿੰਝ ਮੈਂ ਘਰ ਜਾਵਾਂਗੀ

 

ਇਹ ਦੋਜ਼ਖ ਮੈਂ ਜਰ ਨਹੀਂ ਸਕਦੀ

 ਚੁੱਪ ਕਰਕੇ ਬਹਿ ਨਹੀਂ ਸਕਦੀ

 ਧਨਵਾਨਾਂ ਨਫਿਆਂ ਦੇ ਲਾਲਚ

 ਦੋਜ਼ਖ ਵਰਗੀ ਕਰਤੀ ਹਾਲਤ

 ਸੱਭ ਸਰੋਤਾਂ ਤੇ ਮਨਮਾਨੀ

ਛੱਡੇ ਨਾ ਇਹਨਾਂ ਪੋਣ ਤੇ ਪਾਣੀ

 ਜ਼ਾਲਮ ਬਿਰਤੀ ਨੂੰ ਕਿਦਾਂ ਜਰ ਜਾਵਾਂਗੀ

 ਪਾਣੀ ਪੀ ਕੇ ਮੈਂ ਮਰ ਜਾਵਾਂਗੀ

ਬਿਨ ਪੀਤੇ ਵੀ ਸੜ ਜਾਵਾਂਗੀ

ਦਸੋ ਕਿੰਝ ਮੈਂ ਘਰ ਜਾਵਾਂਗੀ

 

ਧਨਵਾਨਾਂ ਘਰ ਫਿਲਟਰ ਲਗਵਾਏ

 ਸਾਡੇ ਲਈ ਪਾਣੀ ਜਹਿਰ ਬਣਾਏ

ਜੰਗਲ ਬੇਲੇ ਬੇਕਿਰਕਾਂ ਨੇ ਖਾਏ

 ਫੁੱਲ ਬੂਟੇ ਸੱਭ ਦੇਣ ਦੁਹਾਈ

 ਪਸ਼ੂ ਪੰਛੀਆਂ ਤੇ ਬਣ ਆਈ

  ਕਿਸ ਕਿਸ ਨੂੰ ਮੈਂ ਗਲੇ ਲਗਾਵਾਂਗੀ

 ਪਾਣੀ ਪੀ ਕੇ ਮੈਂ ਮਰ ਜਾਵਾਂਗੀ

ਬਿਨ ਪੀਤੇ ਵੀ ਸੜ ਜਾਵਾਂਗੀ

ਦਸੋ ਕਿੰਝ ਮੈਂ ਘਰ ਜਾਵਾਂਗੀ

 

ਕਦੀ ਮੈਂ ਜਾਵਾਂ ਪਾਣੀ ਕੋਲੇ

ਕਦੀ ਮੈਂ ਆਵਾਂ ਤੁਹਾਡੇ ਕੋਲੇ

 ਕੀ ਸਮਝੇ ਨਾ ਤੁਸੀ ਇਸ਼ਾਰੇ

 ਪਾਣੀ ਪੀ ਪੀ ਮਰਨਗੇ ਸਾਰੇ

 ਆਉ ਕੋਈ ਬਣਤ ਬਣਾਈਏ

 ਧਰਤੀ ਸੁੰਨੀ ਹੋਣੋ ਬਚਾਈਏ

ਢੰਡੋਰਾ ਪੁਕਾਰ ਸੱਭ ਕੋਲ ਲਗਾਵਾਂ ਗੀ

 ਪਾਣੀ ਪੀ ਕੇ ਮੈਂ ਮਰ ਜਾਵਾਂਗੀ

ਬਿਨ ਪੀਤੇ ਵੀ ਸੜ ਜਾਵਾਂਗੀ

ਦਸੋ ਕਿੰਝ ਮੈਂ ਘਰ ਜਾਵਾਂਗੀ

 

ਮੈਂ ਵਿਚਾਰੀ ਬੋਲ ਨਹੀਂ ਸਕਦੀ

ਆਫਤੋਂ ਰਹਿ ਅਣਭੋਲ ਨਹੀਂ ਸਕਦੀ

ਮੇਰਿਆਂ ਸੈਂਨਤਾਂ ਹੀ ਸਮਝ ਲੈਣਾ

ਧਨਵਾਨਾਂ ਸੰਗ ਹੈ ਲੜਣਾ ਪੈਣਾ

ਨਹੀ ਤਾਂ ਸਹਿਹੇ ਸਹਿਜੇ ਮਾਰੇ ਜਾਉਗੇ

ਬੱਚੇ ਬੇਵਕਤ ਜਾਂਦੇ ਵੇਖ ਕੁਰਲਾਉਗੇ

ਬਾਸੀ ਮੈਂ ਜਿੰਨੇ ਜੋਗੀ ਹਾਂ ਲੜ ਜਾਵਾਂਗੀ

ਪਾਣੀ ਪੀ ਕੇ ਮੈਂ ਮਰ ਜਾਵਾਂਗੀ

ਬਿਨ ਪੀਤੇ ਵੀ ਸੜ ਜਾਵਾਂਗੀ

ਪਾਣੀ ਵੇਖ ਕੇ ਦੱਸ ਮੈਂ ਸਕਦੀ

ਕੀ ਬੰਦੇ ਦੀ ਮੱਤ ਹੈ ਮਰਗੀ

ਮੁਰਦੇ ਸੰਗ ਜਿਉਂ ਖੇਲਾ ਕਰਦਾ

ਮੁਰਦੇ ਦੇ ਵਿੱਚ ਰੋਸ ਨਾ ਭਰਦਾ

ਕੀ ਬੰਦੇ ਦੀ ਚੇਤਨਾ ਮਰ ਗੀ

ਐਨੀ ਭਾਰੂ ਹੋ ਗਈ ਖੁਦਗਰਜ਼ੀ

ਲਾਅਣਤ ਪਾਏਗਾ ਜਦ ਮੈਂ ਇਤਿਹਾਸ ਪੜਾਂਗੀ

ਇਸ ਕਾਂਡ ਨੂੰ ਕਿਵੇਂ ਜਰਾਂਗੀ

ਇਸ ਕਾਂਡ ਨੂੰ ਕਿਵੇਂ ਜਰਾਂਗੀ