ਕੀਤੋਸੁ ਆਪਣਾ ਪੰਥ ਨਿਰਾਲਾ
(ਆਲੋਚਨਾਤਮਕ ਲੇਖ )
ਕਾਵਿ - ਆਵੇਸ਼ ਹੋਵੇ ਜਾਂ ਸਿਧਾਂਤਕ ਵਿਚਾਰਾਂ ਦੀ ਪ੍ਰਮਾਣਿਕਤਾ/ਪਰਿਪੱਕਤਾ, ਕਿਸੇ ਵੀ ਤਰ੍ਹਾਂ ਉਹ ਆਪਣੇ ਸਿਰਜਣ - ਪ੍ਰਕਿਰਿਆ ਦੇ
ਬੇਲੋੜੇ ਤਰੱਦਦ ਦੀ ਮੁਥਾਜ ਨਹੀਂ ਹੁੰਦੀ; ਉਹ ਇਕ ਚਸ਼ਮੇ ਦੀ ਤਰ੍ਹਾਂ ਆਪਣੇ ਬੇਰੋਕ ਵਹਾਅ/ ਵੇਗ ਨਾਲ ਆਪਣੀ ਰਚਨਾਤਮਿਕ ਪ੍ਰਤਿਭਾ ਦਾ
ਹਮੇਸ਼ਾਂ ਅਹਿਸਾਸ ਕਰਵਾਉਂਦੀ ਹੈ। ਭਾਰਤੀ ਕਾਵਿ- ਸ਼ਾਸਤਰ ਵਿੱਚ ਇਸ ਨੂੰ ਸੱਤਿਅਮ- ਸ਼ਿਵਮ- ਸੁੰਦਰਮ ਦੀ ਤ੍ਰਿਕੜੀ ਦੇ ਵਿਸ਼ੇਸ਼ ਮਾਪਦੰਡ
/ਮਾਧਿਅਮ ਰਾਹੀਂ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਸਾਹਿਤਕਾਰੀ ਦੀ ਮੂਲ ਸ਼ਰਤ ਵਜੋਂ ਜਦੋਂ ਲੇਖਕ ਦੀ ਅਜਿਹੀ ਵਿਅਕਤੀਗਤ ਭਾਵਨਾ,ਉਸ
ਦੇ ਸਵੈ- ਚਿੰਤਨ/ ਸਵੈ - ਵਿਸ਼ਲੇਸ਼ਣ/ ਆਤਮ - ਚੀਨਣ ਤੋਂ ਆਪਣਾ ਕਾਵਿ- ਸਫ਼ਰ ਤੈਅ ਕਰਦੀ ਹੋਈ ਆਪਣੇ ਪਾਠਕਾਂ ਨਾਲ ਆਪਣਾ ਰਾਬਤਾ
ਕਾਇਮ ਕਰਦੀ ਹੈ ਤਾਂ ਉਹ ਮਨੁੱਖੀ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ/ ਵੇਰਵਿਆਂ/ ਪਾਸਾਰਾਂ ਪ੍ਰਤਿ ਵੀ ਬੜੇ ਸਾਕਾਰਾਤਮਕ ਨਤੀਜਿਆਂ ਨੂੰ ਆਪਣੇ
ਦ੍ਰਿਸ਼ਟੀਕੋਣ ਦਾ ਹਿੱਸਾ ਬਣਾਉਣਾ ਵੀ ਆਪਣਾ ਨੈਤਿਕ ਫ਼ਰਜ਼ ਸਮਝਦੀ ਹੈ। ਸਾਹਿਤ / ਸਾਹਿਤਕਾਰ ਦੀ ਅਜਿਹੀ ਪ੍ਰੋੜ ਅਵਸਥਾ ਹੀ ਸਹੀ
ਮਾਅਨਿਆਂ ਵਿੱਚ ਪਾਠਕਾਂ ਦੀ ਰੂਹ ਦੀ ਖ਼ੁਰਾਕ ਬਣਨ ਦੀ ਸਮਰੱਥਾ ਰੱਖਦੀ ਹੈ। ਇਹੋ ਸਾਹਿਤਕ ਸਰੂਰ ਹੁੰਦਾ ਹੈ ਜੋ ਪਾਠਕਾਂ ਦੇ ਪੁਸਤਕ-
ਸੱਭਿਆਚਾਰ ਪ੍ਰਤਿ ਰੁਝਾਨ ਦੇ ਘਟਣ ਜਾਂ ਵਧਣ ਦਾ ਵਿਸ਼ੇਸ਼ ਨਿਰਣਾ ਬਣਦਾ ਹੈ। ਇਸ ਲਈ ਕੋਈ ਸ਼ੱਕ ਨਹੀਂ,ਉਚੇਰੇ ਸਾਹਿਤਕ ਕੱਦ ਵਾਲੀਆਂ
ਪੁਸਤਕਾਂ ਅੱਜ ਵੀ ਪਾਠਕਾਂ ਨਾਲ ਆਪਣੀ ਨੇੜੇ ਦੀ ਸਾਂਝ ਪਾਉਂਦੀਆਂ ਹਨ। ਸਵਾਲ ਤਾਂ ਇਹ ਹੈ ਕਿ ਲੇਖਕ ਦੀ ਸੰਵੇਦਨਸ਼ੀਲਤਾ ਮਨੁੱਖੀ ਜੀਵਨ ਦੇ
ਸਰੋਕਾਰਾਂ ਵਿਚੋਂ ਉਭਰਦੇ ਸਵਾਲਾਂ ਤੋਂ ਸੰਵਾਦ ਰਚਾਉਂਣ ਵੱਲ ਕਿੰਨਾ ਕੁ ਅਗਰਸਰ ਹੁੰਦੀ ਹੈ।-----
ਜਸਵਿੰਦਰ ਸਿੰਘ ਰੁਪਾਲ ਦੀ ਹਥਲੀ ਪੁਸਤਕ,' ਕੀਤੋਸੁ ਆਪਣਾ ਪੰਥ ਨਿਰਾਲਾ ' ਮੱਧਕਾਲੀ ਗੁਰਬਾਣੀ ਚਿੰਤਨ ਦੇ ਨਾਲ- ਨਾਲ
ਆਪਣੇ ਸਮਕਾਲੀ ਸਮਾਜ/ ਸੰਦਰਭ ਨੂੰ ਵੀ ਆਪਣੀ ਲੇਖਣੀ ਦਾ ਵਿਸ਼ਾ ਬਣਾਉਂਦੀ ਹੈ ਅਤੇ ਉਨ੍ਹਾਂ ਦਰਪੇਸ਼ ਮਨੁੱਖੀ ਸਮੱਸਿਆਵਾਂ ਦੇ ਸਮਾਧਾਨ
ਕਰਨ ਵੱਲ ਵੀ ਰੁਚਿਤ ਹੁੰਦੀ ਹੈ। ਲੇਖਕ ਦਾ ਇਹ ਸਾਹਿਤਕ ਉਪਰਾਲਾ ਸ਼ਲਾਘਾਯੋਗ ਹੈ ਜੋ ਪੰਜਾਬੀ ਮਾਂ- ਬੋਲੀ ਦੇ ਸਾਧਾਰਨ ਪਾਠਕਾਂ ਦੇ ਰੂਬਰੂ
ਹੁੰਦਿਆਂ ਸਮਝਗੋਚਰੇ ਵੀ ਹੈ ਅਤੇ ਆਪਣੀ ਵਿਗਿਆਨਕ ਪਹੁੰਚ ਵਿਧੀ ਵਜੋਂ ਚੇਤਨਾ ਭਰਪੂਰ ਵੀ।ਇਹ ਅਕਾਰਨ ਨਹੀਂ ਜਸਵਿੰਦਰ ਸਿੰਘ ਰੁਪਾਲ
ਹੁਰਾਂ ਦੇ ਵਸੀਹ ਪੁਸਤਕੀ- ਅਧਿਐਨ / ਅਧਿਆਪਨ ਤੇ ਅਧਿਆਤਮ ਦੀ ਮੂੰਹ ਬੋਲਦੀ ਤਸਵੀਰ ਹੈ ਤੇ ਇਨ੍ਹਾਂ ਸਾਰਿਆਂ ਮੂਲ- ਸ੍ਰੋਤਾਂ ਦੇ ਸਾਰਥਿਕ
ਨਤੀਜਿਆਂ ਦਾ ਪ੍ਰਤਿਕਰਮ/ ਪ੍ਰਤਿਪਾਦਨ ਹੈ। ਲੇਖਕ ਦੀ ਖ਼ਾਸੀਅਤ ਤਾਂ ਇਹ ਹੈ ਕਿ ਉਹ ਜਦੋਂ ਵਿਗਿਆਨ ਅਤੇ ਧਰਮ ਪ੍ਰਤਿ ਆਪਣੀ ਸੋਚ ਦੇ ਘੋੜੇ
ਦੁੜਾਉਂਦਾ ਹੈ ਤਾਂ ਵਿਚਾਰਾਂ ਦੇ ਪੇਤਲੇਪਣ ਦੇ ਪ੍ਰਗਟਾਵੇ ਵਜੋਂ ਨਹੀਂ ਸਗੋਂ ਜੀਵਨ ਦੇ ਚੱਜ- ਆਚਾਰ / ਵਿਵਹਾਰਿਕ ਪਰਿਪੇਖ ਦੀ ਕਸਵੱਟੀ ਨਾਲ ਵੀ
ਉਨ੍ਹਾਂ ਦੀ ਮੌਲਿਕਤਾ ਨੂੰ ਪਛਾਣਦਾ ਹੈ। ਉਸ ਦੇ ਪੰਜ ਕਕਾਰੀ ਹੋਣ ਦਾ ਸੰਕਲਪ ਜਾਂ ਸਿੱਖੀ ਪ੍ਰਤਿ ਸ਼ਰਧਾ ਭਾਵਨਾ ਦਾ ਲਗਾਓ ਕਿਸੇ ਉਪਭਾਵੁਕਤਾ
ਦਾ ਨਤੀਜਾ ਨਹੀਂ, ਉਸ ਦੀ ਅੰਤਰਮੁਖੀ ਬਿਰਤੀ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਹ ਗੁਰੂ ਨੂੰ ਉਲਾਂਭੇ ਦੇਣ ਦੀ ਬਜਾਏ ਖ਼ੁਦ ਨੂੰ ਭਾਵ ਮਨ ਦੀ
ਪਾਕਿ- ਪਵਿੱਤਰਤਾ ਨੂੰ ਪਹਿਲ ਦਿੰਦਾ ਹੈ। ਹਥਲੀ ਪੁਸਤਕ ਦੇ 30 ਲੇਖਾਂ ਵਿਚੋਂ ਉਸ ਦੇ ਸਵੈ- ਚਿੰਤਨ ਦੀ ਪੈਰਵਾਈ ਕਰਦਾ ਲੇਖ ,' ਮੇਰੇ ਅੰਮ੍ਰਿਤ
ਛਕਣ ਦੇ ਪ੍ਰੇਰਨਾ - ਸਰੋਤ ' ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਉਸ ਦੇ ਸਵਾਲ ਆਮ ਸਵਾਲ ਨਹੀਂ , ਇਕ ਬਹਾਨੇ ਵਜੋਂ ਉਸ ਦੇ ਸ਼ੰਕਿਆਂ ਦੀ
ਨਵਿਰਤੀ ਆਪਣੇ ਕਿੱਤੇ ਦੇ ਮਾਧਿਅਮ ਰਾਹੀਂ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਜਾਂਦੀ ਹੈ। ਉਹ ਖ਼ੁਦ ਲਿਖਦਾ ਹੈ," ਅੱਜ ਕਿੰਨੇ ਸਾਲਾਂ ਬਾਅਦ ਜਦੋਂ
ਆਪਣਾ ਵਿਸ਼ਲੇਸ਼ਣ ਕਰਦਾ ਹਾਂ ਤਾਂ ਇਕੋ ਜਵਾਬ ਸੁਝਦਾ ਹੈ ਕਿ ਅਜੇ ਤੱਕ ਪੂਰਨ ਗੁਣਵਾਨ ਨਹੀਂ ਬਣ ਸਕਿਆ, ਅਜੇ ਵਿਕਾਰਾਂ ਤੋਂ ਪੀੜਤ ਹਾਂ ,
ਤਾਂ ਇਕੋ ਕਾਰਨ ਹੈ ਕਿ ਗੁਰੂ ਨੂੰ ਪੂਰਾ ਸਮਰਪਣ ਨਹੀਂ ਦੇ ਸਕਿਆ। ਸੋਚਦਾ ਹਾਂ ਜਿਹੜਾ ਵਿਦਿਆਰਥੀ ਆਪਣੇ ਅਧਿਆਪਕ ਦਾ ਦਿੱਤਾ ਸਬਕ
ਯਾਦ ਕਰਦਾ ਹੈ ਉਹ ਸਫ਼ਲ ਕਿਵੇਂ ਨਹੀਂ ਹੋਏਗਾ??? ਪਾਤਸ਼ਾਹ ਬਖ਼ਸ਼ਿਸ਼ ਕਰਨ ਅਤੇ ਆਪਣੇ ਮਾਰਗ ਤੇ ਤੁਰਨ ਦੀ ਹਿੰਮਤ ਦੇਣ।" ( ਪੰਨਾ
178)
ਉਸ ਦੇ ਇਨ੍ਹਾਂ ਲੇਖਾਂ ਦੀ ਪ੍ਰਮਾਣਿਕਤਾ ਦੀ ਇਕ ਹੋਰ ਮਿਸਾਲ ਹੈ, ਉਸ ਦਾ ਪ੍ਰਥਮ ਲੇਖ ' ਅਖੀ ਬਾਝਹੁ ਵੇਖਣਾ ' । ਇਹ ਲੇਖ
ਉਸ ਦੇ ਸਵੈ- ਸੰਵਾਦ ਵਿਚੋਂ ਲੌਕਿਕ ਤੋਂ ਅਲੌਕਿਕ ਜਾਂ ਇਉਂ ਕਹਿ ਲਵੋ ਕਿ ਦਿਸਦੇ ਤੋਂ ਅਣਦਿਸਦੇ- ਜਗਤ ਦੀਆਂ ਬਾਤਾਂ ਪਾਉਂਦਾ ਹੈ, ਆਮ
ਪਾਠਕਾਂ ਲਈ ਵਿਸ਼ੇਸ਼ ਸੰਦੇਸ਼ ਦਾ ਵਾਹਕ ਹੈ। ਮੇਰੀ ਜਾਚੇ ਇਹ ਦੋਨੋਂ ਲੇਖ ਹੀ ਉਸ ਦੇ ਜੀਵਨ - ਸਿਧਾਂਤਾਂ/ ਜੀਵਨ - ਸ਼ੈਲੀ ਅਤੇ ਉਸ ਦੀ ਲੇਖਣੀ
ਦੀ ਵਿਲੱਖਣਤਾ/ ਪ੍ਰਮਾਣਿਕਤਾ ਦਾ ਪ੍ਰਤੱਖ ਸਬੂਤ ਹਨ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਪਾਠਕਾਂ ਦੀ ਦ੍ਰਿਸ਼ਟੀ ਵਿੱਚ ਇਹ ਦੋਨੋਂ ਲੇਖ ਉਸ ਦੀ
ਸਾਹਿਤਕਾਰੀ ਦੇ ਮਿਆਰੀ ਹੋਣ ਜਾਂ ਗ਼ੈਰ ਮਿਆਰੀ ਨ ਹੋਣ ਦਾ ਦਾਅਵਾ ਕਰ ਸਕਦੇ ਹਨ। ਇਸ ਨੂੰ ਸਾਹਿਤਕ ਜਾਂ ਆਲੋਚਨਾ ਦੀ ਭਾਸ਼ਾ ਵਿੱਚ ਉਸ
ਦਾ ਕਾਵਿ - ਸਿਧਾਂਤ ਜਾਂ ਸਾਹਿਤ ਸਿਧਾਂਤ ਦਾ ਨਾਮਕਰਨ ਵੀ ਦਿੱਤਾ ਜਾ ਸਕਦਾ ਹੈ। ਇਹ ਮੇਰਾ ਸੁਭਾਗ ਹੈ ਕਿ ਜਸਵਿੰਦਰ ਸਿੰਘ ਹੁਰਾਂ ਦੀਆਂ ਕੁੱਝ
ਕਵਿਤਾਵਾਂ/ ਗ਼ਜ਼ਲਾਂ ਦਾ ਅਧਿਐਨ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ ਹੈ।ਉਪਰੋਕਤ ਰੱਬੀ- ਸਿਧਾਂਤ ਉਸ ਦੀਆਂ ਉਨ੍ਹਾਂ ਰਚਨਾਵਾਂ ਵਿਚ ਵੀ
ਵਰਤਮਾਨ ਹੈ ਕਿਉਂਕਿ ਉਸ ਦੀ ਲੇਖਣੀ ਦਾ ਇਹੋ ਕੇਂਦਰ- ਬਿੰਦੂ ਹੈ ਜੋ ਉਸ ਦੇ ਸਾਹਿਤ- ਜਗਤ ਦੇ ਆਰ ਪਾਰ ਫ਼ੈਲਿਆ ਹੋਇਆ ਹੈ। ਮੈਨੂੰ ਇਹ
ਕਹਿਣ ਵਿਚ ਕੋਈ ਝਿਜਕ ਨਹੀਂ ਕਿ ਉਸ ਦੀ ਕਾਵਿ- ਮੈਂ/ ਕਾਵਿ - ਉਚਾਰਕ ਆਪਾ ਉਸ ਦੀ ਵਾਰਤਕ ਦੇ ਕਲਾਤਮਿਕ ਸੁਹਜ ਤੋਂ ਵੀ ਵਧੇਰੇ
ਪ੍ਰਭਾਵਸ਼ਾਲੀ ਹੈ ਕਿਉਂਕਿ ਉਸ ਦੀ ਕਾਵਿ- ਸਮਝ ਕੇਵਲ ਅਨਭੂਤੀਪਰਕ ਪਲਾਂ ਦਾ ਇਜ਼ਹਾਰ ਨਹੀਂ ਕਰਦੀ ਸਗੋਂ ਵਿਸ਼ਾ ਗਤ ਪਰਿਪੇਖ ਦੇ ਨਿਭਾਅ/
ਨਿਰਮਾਣ ਦੇ ਨਾਲ- ਨਾਲ, ਰੂਪਕ ਪਾਕੀਜ਼ਗੀ ਪੱਖੋਂ ਕਾਵਿ- ਗੁਣਾਂ ਨੂੰ ਵੀ ਓਨਾ ਹੀ ਪ੍ਰਧਾਨ ਮੰਨਦੀ ਹੈ। ਉਸ ਦੀਆਂ ਪ੍ਰਾਪਤ ਛੰਦ- ਵੰਨਗੀਆਂ ਤੇ
ਤੋਲ- ਤੁਕਾਂਤ ਦੀਆਂ ਕਾਵਿ - ਸ਼ਰਤਾਂ ਵਿਸ਼ੇਸ਼ ਤੌਰ 'ਤੇ ਮਾਨਣਯੋਗ ਵੀ ਹਨ ਅਤੇ ਸ਼ਾਇਰੀ ਨੂੰ ਸ਼ਾਇਰੀ ਹੋਣ ਦਾ ਰੁਤਬਾ ਵੀ ਪ੍ਰਦਾਨ ਕਰਦੀਆਂ
ਹਨ।ਮੂਲ ਰੂਪ ਵਿੱਚ ਉਨ੍ਹਾਂ ਦਾ ਕਵੀ ਦਰਬਾਰੀ ਕਵਿਤਾ ਵਾਲਾ ਪ੍ਰਭਾਵ ਦੇਣਾ ਇਹ ਵੀ ਸਿੱਧ ਕਰਦਾ ਹੈ ਕਿ ਉਹ ਰਚਨਾਵਾਂ ਕਾਵਿ ਮਹਿਫ਼ਿਲਾਂ ਵਿੱਚ
ਪੜ੍ਹੇ ਜਾਣ ਦੀ ਹੈਸੀਅਤ ਦਾ ਅਹਿਸਾਸ ਕਰਵਾਉਂਦੀਆਂ ਹਨ।ਉਸ ਦੀ ਸਮੁੱਚੀ ਸਿਰਜਣ ਪ੍ਰਕਿਰਿਆ ਦੀ ਪ੍ਰਮਾਣਿਕਤਾ ਅਤੇ ਪਾਠਕਾਂ ਦੀ ਵਿਸ਼ੇਸ਼
ਜਾਣਕਾਰੀ ਲਈ ਉਸ ਦੀਆਂ ਕੁਝ ਕਾਵਿ- ਸਤਰਾਂ ਦਾ ਹਵਾਲਾ ਦੇਣਾ ਵੀ ਇਥੇ ਜ਼ਰੂਰ ਸਾਰਥਿਕ ਹੋਵੇਗਾ:
---- " ਰੁਪਾਲ" ਇਹ ਸੋਚ ਨਾ ਜਲਣੀ, ਕਿਸੇ ਵੀ ਹਾਲ ਵਿੱਚ ਯਾਰੋ,
ਮੇਰੀ ਦੇਹੀ ਨੂੰ ਫ਼ੂਕਣ ਨੂੰ, ਤਾਂ ਭਾਵੇਂ ਤਿਆਰ ਇਹ ਅਗਨੀ।
( ਅਗਨੀ )
---- ਦ੍ਰਿਸ਼ਟੀ ਚੇਤੰਨ ਰੱਖਣੀ, ਮੱਠਾ ਨਾ ਜੋਸ਼ ਹੋਵੇ,
ਨੇਰ੍ਹੇ ਜੇ ਦੂਰ ਕਰਨੇ, ਜਗਦੀ ਮਿਸ਼ਾਲ ਰੱਖੋ।
( ਠੰਢੇ ਨਾ ਹੋਣ ਜਜ਼ਬੇ)
---- ਮੂੰਹ 'ਤੇ ਕਰੇ ਜੋ ਸਿਫ਼ਤ ਹੀ, ਪਰ ਵਾਰ ਕਰਦੈ ਪਿੱਠ 'ਤੇ ,
ਕੈਸਾ " ਰੁਪਾਲ" ਇਹ ਯਾਰ ਮੇਰੇ ਦਾ ਯਾਰਾਨਾ ਹੋ ਗਿਆ।
( ਕੁਝ ਆਪ ਹੀ ਬਦਲੇ ਹਾਂ )
ਉਪਰੋਕਤ ਤੋਂ ਇਲਾਵਾ ਹਥਲੀ ਪੁਸਤਕ ਦਾ ਵਿਸ਼ੇਸ਼ ਗੁਣ ਇਹ ਵੀ ਹੈ ਕਿ ਲੇਖਕ ਜਸਵਿੰਦਰ ਸਿੰਘ ਆਪਣੇ ਵਿਚਾਰਾਂ ਦੀ
ਸਪੱਸ਼ਟਤਾ ਲਈ, ਜਦੋਂ ਸੰਬੰਧਿਤ ਵਿਸ਼ੇ ਦਾ ਪਰਿਭਾਸ਼ਾਗਤ ਸਰੂਪ ਪੇਸ਼ ਕਰਦਾ ਹੈ ਤਾਂ ਵਿਸ਼ੇ ਪ੍ਰਤਿ ਉਸ ਦੀ ਪਕੜ ਅਤੇ ਉਸ ਦੀ ਮੌਲਿਕਤਾ ਹੋਰ ਵੀ
ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕਰਦੀ ਹੈ। ਵਾਰਤਕ ਦੀ ਅਜਿਹੀ ਸੰਜਮਮਈ /ਸੰਜੀਦਗੀ ਭਰਪੂਰ / ਸੰਪੇਖਤਾ ਦੇ ਗੁਣਾਂ ਵਾਲੀ ਸ਼ੈਲੀ ਗੰਭੀਰਤਾ ਤੇ
ਰੌਚਿਕਤਾ ਨੂੰ ਜਨਮ ਦਿੰਦੀ ਹੈ। ਇਹ ਮੰਨਣਾ ਪਵੇਗਾ ਕਿ ਅਜੋਕੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਆਮ ਪਾਠਕਾਂ ਦੀ ਇਹ ਲੋੜ ਵੀ ਬਣ ਗਈ ਹੈ।
ਮਿਸਾਲ ਵਜੋਂ ਉਨ੍ਹਾਂ ਪਰਿਭਾਸ਼ਾਵਾਂ ਵਿਚੋਂ ਟੂਕ ਮਾਤਰ ਕੁਝ ਕੁ ਹਵਾਲਾ ਦੇਣਾ ਕੁਥਾਂ ਨਹੀਂ ਹੋਵੇਗਾ:
---- ਧਰਮ ਇਕ ਸੁਚੱਜੀ ਜੀਵਨ ਜਾਚ ਦਾ ਨਾਂ ਹੈ,ਜੋ ਸਾਰੀ ਕਾਇਨਾਤ ਵਿੱਚ ਓਤ - ਪਰੋਤ ਬ੍ਰਹਮੰਡੀ ਏਕਤਾ ਨੂੰ ਪਹਿਚਾਣ ਕੇ ਸਾਰੀ ਮਨੁੱਖਤਾ ਨੂੰ
ਇੱਕ ਸਮਝੇ। ਗੁਰੂ ਨਾਨਕ ਚਿੰਤਨ ਦਾ ਆਧਾਰ ਹੀ ਸਮਦ੍ਰਿਸ਼ਟੀ ਹੈ। ( ਪੰਨਾ 148)
---- "ਸੰਗਤ" ਲੋਕ ਸ਼ਕਤੀ ਦਾ ਪ੍ਰਤੀਕ ਹੈ, ਜਿਹੜੀ " ਗੁਰਬਾਣੀ" ਦੇ ਗਿਆਨ ਰਾਹੀਂ ਇਨਕਲਾਬ ਲਿਆ ਸਕਣ ਦੀ ਸਮਰੱਥਾ ਰੱਖਦੀ ਹੈ। (
ਪੰਨਾ 139)
ਇਸ ਤਰ੍ਹਾਂ ਜਸਵਿੰਦਰ ਸਿੰਘ ਰੁਪਾਲ ਬਾਰੇ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਉਹ ਗੁਰਬਾਣੀ/ ਗੁਰਮਤਿ ਦਰਸ਼ਨ ਨੂੰ ਧੁਰੋਂ
ਪ੍ਰਣਾਇਆ ਮਕਬੂਲ ਲੇਖਕ ਹੈ। ਉਸ ਨੇ ਆਪਣੀ ਸਾਹਿਤਕ ਸਮਰੱਥਾ ਅਨੁਸਾਰ ਗੁਰਬਾਣੀ ਦੇ ਇਕੱਤ੍ਰੀਕਰਨ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ
ਸੰਪਾਦਨਾ, ਕੁਝ ਗੁਰੂ ਸਾਹਿਬਾਨ ਦੇ ਜੀਵਨ- ਇਤਿਹਾਸ, ਗੁਰਬਾਣੀ ਦੇ ਪ੍ਰਮੁੱਖ ਸਿਧਾਂਤਾਂ ਅਤੇ ਸਿੱਖ ਕੌਮ ਦੀ ਅਜੋਕੀ ਦਸ਼ਾ ਤੇ ਦਿਸ਼ਾ ਵਰਗੇ ਗੰਭੀਰ
ਵਿਸ਼ਿਆਂ ਨੂੰ, ਆਪਣੇ ਵਲੋਂ ਬੜੀ ਤਨਦੇਹੀ ਨਾਲ ਨਿਭਾਉਣ ਦਾ ਪੁਰਜ਼ੋਰ ਯਤਨ ਕੀਤਾ ਹੈ ਪਰੰਤੂ ' ਆਪੁ ਆਪੁਨੀ ਬੁਧਿ ਹੈ ਜੇਤੀ।। ਬਰਨਤ ਭਿੰਨ
ਭਿੰਨ ਤੁਹਿ ਤੇਤੀ।। ' ਅਨੁਸਾਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਕੁਲ ਮਿਲਾ ਕੇ ਉਸ ਦੀ ਸਿੱਖਿਆ - ਖ਼ੇਤਰ ਦੀ ਵਿਦਵਤਾ ਦੀ ਦਾਦ ਦੇਣੀ
ਬਣਦੀ ਹੈ, ਆਸ ਹੈ ਉਸ ਦੀਆਂ ਵੱਖ- ਵੱਖ ਵਿਸ਼ਿਆਂ ਵਿੱਚ ਪਾਸ ਕੀਤੀਆਂ ਡਿਗਰੀਆਂ ਹੋਰ ਵੀ ਫ਼ਲੀਭੂਤ ਹੋਣਗੀਆਂ ਅਤੇ ਸਿੱਖ ਕੌਮ ਲਈ
ਨਵੀਆਂ ਭਵਿੱਖਮੁਖੀ ਸੰਭਾਵਨਾਵਾਂ ਦੀ ਆਧਾਰਸ਼ਿਲਾ ਬਣਨਗੀਆਂ। ਮੈਂ ਕਹਿ ਦੇਵਾਂ,ਮੈਨੂੰ ਪੂਰੀ ਉਮੀਦ ਹੈ ਕਿ ਉਸ ਦੀ ਕਲਮ ਅਤੇ ਸੋਚ ਦਾ ਇਹ
ਅਨੂਠਾ ਸੰਗਮ ਅਥਵਾ ਪੱਤਰਕਾਰੀ - ਨੁਮਾ ਸਾਹਿਤਕ ਪਹੁੰਚ- ਇਤਿਹਾਸ ਤੋਂ ਇਤਿਹਾਸਕ ਚੇਤਨਾ, ਵਿਆਖਿਆਮਈ ਸ਼ਬਦ - ਸੁਹਜ ਤੋਂ ਸਿਧਾਂਤਕ
ਤੌਰ 'ਤੇ ਆਲੋਚਨਾਤਮਿਕ ਪਹੁੰਚ ਅਤੇ ਬਾਹਰਮੁਖੀ ਸਿਧਾਂਤਾਂ ਤੋਂ ਧਰਮਗਤ ਤੁਲਨਾਤਮਿਕ ਪਰਿਪੇਖ ਦੀਆਂ ਮੰਜ਼ਿਲਾਂ ਸਰ ਕਰਨ ਵੱਲ ਆਪਣੇ
ਕ੍ਰਾਂਤੀਕਾਰੀ ਕਦਮ ਜ਼ਰੂਰ ਪੁੱਟੇਗੀ ਤਾਂ ਕਿ ਆਪਣੇ ਖੋਜ ਕਾਰਜ ਵਾਲਾ ਚੰਗੇਰਾ ਪ੍ਰਭਾਵ ਪਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਸਿੱਖ
ਸੱਭਿਆਚਾਰ, ਸਿੱਖੀ ਦੀ ਇਤਿਹਾਸਕ ਚੇਤਨਾ ਤੇ ਵੱਡਮੁੱਲੀ ਵਿਰਾਸਤ ਨੂੰ ਬੜੇ ਵਿਧੀਵੱਤ ਰੂਪ ਵਿੱਚ ਸੰਭਾਲਿਆ ਜਾ ਸਕੇ। ਪੰਜਾਬ, ਪੰਜਾਬੀ ਅਤੇ
ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਲੇਖਕਾਂ/ ਸ਼ਾਇਰਾਂ ਦਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਸਰਬਸਾਂਝੀਵਾਲਤਾ ਦੇ ਗੁਰਬਾਣੀ
ਸਿਧਾਂਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਮੇਸ਼ਾਂ ਯਤਨਸ਼ੀਲ ਹੋਈਏ। ਪੁਸਤਕ ਬਾਰੇ ਇਹ ਵੀ ਕਹਿਣਾ ਬਣਦਾ ਹੈ ਕਿ ਜੇਕਰ ਇਸ ਦੇ ਸ਼ਬਦ- ਜੋੜਾਂ
ਦੀ ਲੋੜੀਂਦੀ ਸ਼ੋਧ- ਸੁਧਾਈ, ਲੇਖਾਂ ਦਾ ਢੁਕਵਾਂ ਵਰਗੀਕਰਨ ਕਰਕੇ ਉਨ੍ਹਾਂ ਨੂੰ ਵੱਖ- ਵੱਖ ਖੰਡਾਂ ਵਿਚ ਵੰਡਿਆ ਜਾਂਦਾ ਅਤੇ ਗੁਰੂ ਸਾਹਿਬਾਨ ਦੇ
ਜੀਵਨ- ਕਾਲ ਅਨੁਸਾਰ ਲੇਖਾਂ ਦੀ ਕ੍ਰਮਵਾਰਤਾ ਮਿੱਥ ਲਈ ਜਾਂਦੀ ਤਾਂ ਹੋਰ ਵੀ ਚੰਗਾ ਹੋਣਾ ਸੀ। ਮੈਨੂੰ ਇਉਂ ਵੀ ਪ੍ਰਤੀਤ ਹੁੰਦਾ ਹੈ ਕਿ ਜੇਕਰ ' ਕੀਤੋਸੁ
ਆਪਣਾ ਪੰਥ ਨਿਰਾਲਾ ' ਪੁਸਤਕ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ,ਸਿੱਖ ਸੱਭਿਆਚਾਰ/ ਸਿੱਖ ਕੌਮ ਦੇ ਨਿਆਰੇਪਣ ਨੂੰ ਭਗਤ ਬਾਣੀਕਾਰਾਂ ਦੀਆਂ
ਜੀਵਨ- ਘਟਨਾਵਾਂ ਦੇ ਸੰਦਰਭ ਵਿੱਚ ਵੀ,ਤਤਕਾਲੀਨ ਬ੍ਰਾਹਮਣਵਾਦੀ ਤੇ ਇਸਲਾਮਿਕ ਸੱਭਿਆਚਾਰ ਦੇ ਹਵਾਲੇ ਦੇ ਕੇ ਸਿੱਧ ਕੀਤਾ ਜਾਂਦਾ ਤਾਂ
ਇਤਿਹਾਸਕ ਤੌਰ 'ਤੇ ਪੁਸਤਕ ਸਿਰਲੇਖ ਨਾਲ ਹੋਰ ਵੀ ਨਿਆਂ ਹੋਣਾ ਸੀ। ਆਪਣੇ ਵਿਚਾਰਾਂ ਨੂੰ ਸਮੇਟਦਿਆਂ ਮੈਂ ਸ. ਜਸਵਿੰਦਰ ਸਿੰਘ ਰੁਪਾਲ ਜੀ ਨੂੰ
ਉਨ੍ਹਾਂ ਦੀ ਇਸ ਵੱਡਮੁੱਲੇ ਵਿਚਾਰਾਂ ਵਾਲੀ ਵੱਡਮੁੱਲੀ ਪੁਸਤਕ 'ਤੇ ਮੁਬਾਰਕਬਾਦ ਦਿੰਦਾ ਹਾਂ। ਇਹ ਮੇਰਾ ਸੁਭਾਗ ਹੈ ਕਿ ਮੈਂ ਇਕ ਸਬੱਬ ਵਜੋਂ ਇਸ
ਹਥਲੀ ਪੁਸਤਕ ਬਾਰੇ ਆਪਣੇ ਪਾਠਕਾਂ ਨਾਲ ਸਾਂਝ ਪਾ ਸਕਿਆ ਹਾਂ। ਸ਼ੁਕਰ ਗੁਜ਼ਾਰ ਹਾਂ, ਆਪਣੇ ਸਹਿਯੋਗੀ/ ਸਹਿਕਰਮੀ ਸਵ. ਪ੍ਰੋ. ਸੁਰਿੰਦਰ ਸਿੰਘ
ਗਰੇਵਾਲ ਦੀ ਧਰਮ ਪਤਨੀ ਸ਼੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਦਾ ਜਿਹਨਾਂ ਦੇ ਮਾਧਿਅਮ ਰਾਹੀਂ ਮਾਣਮੱਤੀ ਸਿੱਖ ਸ਼ਖ਼ਸੀਅਤ/ ਗੁਰਬਾਣੀ- ਪ੍ਰੇਮੀ
ਲੇਖਕ ਸ.ਜਸਵਿੰਦਰ ਸਿੰਘ ਰੁਪਾਲ ਹੁਰਾਂ ਨਾਲ ਕੈਲਗਰੀ ( ਕੈਨੇਡਾ) ਵਿਖੇ, ਪੰਜਾਬੀ ਲਿਖਾਰੀ ਸਭਾ ਦੀ ਹੋਈ ਮਹੀਨਾਵਾਰ ਮੀਟਿੰਗ ਵਿੱਚ
ਮੁਲਾਕਾਤ ਹੋ ਸਕੀ ਅਤੇ ਉਹਨਾਂ ਤੋਂ ਇਹ ਹਥਲੀ ਪੁਸਤਕ ਮਿਲਣ 'ਤੇ ਇਹ ਕੁਝ ਸ਼ਬਦ ਲਿਖ ਸਕਿਆ ਹਾਂ।